ਆਖਿਰ ਇਹ ਅੱਗ ਕਦ ਬੁਝੇਗੀ! 96 ਦਿਨਾਂ ਤੋਂ ‘ਹਿੰਸਾ ਦਾ ਸ਼ਿਕਾਰ ਮਣੀਪੁਰ’

08/08/2023 2:17:14 AM

ਮਣੀਪੁਰ ਦੇ ‘ਮੈਤੇਈ’ ਭਾਈਚਾਰੇ ਨੂੰ ਜਨਜਾਤੀ ਦੇ ਤੌਰ ’ਤੇ ਮਾਨਤਾ ਦੇਣ ਵਿਰੁੱਧ ‘ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ ਮਣੀਪੁਰ’ ਵੱਲੋਂ 3 ਮਈ ਨੂੰ ‘ਆਦਿਵਾਸੀ ਏਕਤਾ ਮਾਰਚ ਕੱਢਣ ਦੌਰਾਨ ਭੜਕੀ ਹਿੰਸਾ 96 ਦਿਨਾਂ ਬਾਅਦ ਵੀ ਜਾਰੀ ਹੈ ਅਤੇ ਇਸ ਦੌਰਾਨ ਘੱਟ ਤੋਂ ਘੱਟ 160 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।

* 1 ਅਗਸਤ ਨੂੰ ਸੁਪਰੀਮ ਕੋਰਟ ਨੇ ਮਣੀਪੁਰ ’ਚ ਸੂਬਾ ਪੁਲਸ ਵੱਲੋਂ ਹਿੰਸਾ ਦੇ ਮਾਮਲਿਆਂ ਦੀ ਜਾਂਚ ਨੂੰ ਸੁਸਤ ਅਤੇ ਬਹੁਤ ਹੀ ਲੱਚਰ ਕਰਾਰ ਦਿੰਦਿਆਂ ਕਿਹਾ ਕਿ ‘ਉੱਥੇ ਕਾਨੂੰਨ ਵਿਵਸਥਾ ਅਤੇ ਸੰਵਿਧਾਨਿਕ ਮਸ਼ੀਨਰੀ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ।’

* 1 ਅਗਸਤ ਨੂੰ ਹੀ ਰਾਜਧਾਨੀ ਇੰਫਾਲ ’ਚ ਲੱਗੀ ਭਿਆਨਕ ਅੱਗ ਦੇ ਸਿੱਟੇ ਵਜੋਂ 17 ਮਕਾਨ ਸੜ ਕੇ ਸੁਆਹ ਹੋ ਗਏ, ਜਿਨ੍ਹਾਂ ਲਈ ਸਥਾਨਕ ਲੋਕਾਂ ਨੇ ‘ਕੁਕੀ’ ਭਾਈਚਾਰੇ ਦੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ।

* 2 ਅਗਸਤ ਨੂੰ ਵਿਰੋਧੀ ਧਿਰ ਗੱਠਜੋੜ ‘ਇੰਡੀਅਨ ਨੈਸ਼ਨਲ ਡਿਵੈੱਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ’ਚ ਸ਼ਾਮਲ ਪਾਰਟੀਆਂ ਨੇ ਮਣੀਪੁਰ ਦੇ ਦੌਰੇ ਪਿੱਛੋਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰ ਕੇ ਕਿਹਾ ਕਿ ਸੂਬੇ ’ਚ ਸ਼ਾਂਤੀ ਬਹਾਲੀ ਲਈ ਪ੍ਰਧਾਨ ਮੰਤਰੀ ਨੂੰ ਮਣੀਪੁਰ ਦਾ ਦੌਰਾ ਕਰਨਾ ਚਾਹੀਦਾ ਹੈ।

* 3 ਅਗਸਤ ਨੂੰ ਬਿਸ਼ਨੂੰਪੁਰ ਜ਼ਿਲੇ ਦੇ ਕਾਂਗਵਾਈ ਅਤੇ ‘ਫੋਊਗਾਕਚਾਊ’ ਇਲਾਕਿਆਂ ’ਚ ਝੜਪਾਂ ਪਿੱਛੋਂ ਫੌਜ ਅਤੇ ‘ਰੈਪਿਡ ਐਕਸ਼ਨ ਫੋਰਸ’ ਦੇ ਜਵਾਨਾਂ ਨੇ ਹੁੱਲੜਬਾਜ਼ਾਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਨਾਲ 17 ਲੋਕ ਜ਼ਖ਼ਮੀ ਹੋ ਗਏ ਅਤੇ ਇੰਫਾਲ ਪੂਰਬ ਅਤੇ ਪੱਛਮ ਦੇ ਇਲਾਕਿਆਂ ’ਚ ਕਰਫਿਊ ’ਚ ਦਿੱਤੀ ਗਈ ਢਿੱਲ ਵਾਪਸ ਲੈ ਲਈ ਗਈ।

* 4 ਅਗਸਤ ਨੂੰ ਮਣੀਪੁਰ ’ਚ ਭੀੜ ਨੇ ਬਿਸ਼ਨੂੰਪੁਰ ਜ਼ਿਲੇ ਦੇ ‘ਨਾਰਾਨਸੀਨਾ’ ਸਥਿਤ ‘ਸੈਕੰਡ ਇੰਡੀਆ ਰਿਜ਼ਰਵ ਬਟਾਲੀਅਨ’ ਦੇ ਹੈੱਡਕੁਆਰਟਰ ’ਚ ਦਾਖ਼ਲ ਹੋ ਕੇ ਵੱਖ-ਵੱਖ ਬੰਦੂਕਾਂ ਦੀਆਂ 19,000 ਤੋਂ ਵੱਧ ਗੋਲ਼ੀਆਂ, ਏ. ਕੇ. ਸੀਰੀਜ਼ ਦੀ ਇਕ ਅਸਾਲਟ ਰਾਈਫਲ, 3 ‘ਘਾਤਕ’ ਰਾਈਫਲਾਂ, 195 ਸੈਲਫ-ਲੋਡਿੰਗ ਰਾਈਫਲਾਂ, 5 ਐੱਮ. ਪੀ.-4 ਬੰਦੂਕਾਂ, 16.9 ਐੱਮ. ਐੱਮ. ਦੀ ਪਿਸਤੌਲ, 25 ਬੁਲੇਟ ਪਰੂਫ ਜੈਕੇਟਾਂ, 21 ਕਾਰਬਾਈਨਾਂ, 124 ਹੱਥ-ਗੋਲਿਆਂ ਸਮੇਤ ਹੋਰ ਹਥਿਆਰ ਲੁੱਟ ਲਏ।

* 4 ਅਗਸਤ ਨੂੰ ਹੀ ਰਾਤ ਨੂੰ ਬਿਸ਼ਨੂੰਪੁਰ ਜ਼ਿਲੇ ਦੇ ‘ਕਵਾਕਟਾ’ ਇਲਾਕੇ ’ਚ ਅੱਤਵਾਦੀਆਂ ਨੇ ‘ਮੈਤੇਈ’ ਭਾਈਚਾਰੇ ਨਾਲ ਸਬੰਧਤ ਪਿਤਾ-ਪੁੱਤਰ ਸਮੇਤ ਤਿੰਨ ਲੋਕਾਂ ਦੀ ਰਾਤ ਨੂੰ ਸੁੱਤਿਆਂ ਦੀ  ਹੱਤਿਆ ਕਰਨ ਤੋਂ ਇਲਾਵਾ ‘ਕੁਕੀ’ ਭਾਈਚਾਰੇ ਦੇ ਘਰਾਂ ’ਚ ਅੱਗ ਲਾ ਦਿੱਤੀ।

* 5 ਅਗਸਤ ਨੂੰ ਪੂਰਬੀ ਇੰਫਾਲ ਦੇ ‘ਚੇਕੋਣ’ ਇਲਾਕੇ ’ਚ ਇਕ ਵੱਡੀ ਕਾਰੋਬਾਰੀ ਸੰਸਥਾ ਨੂੰ ਅੱਗ ਲਾ ਦਿੱਤੀ ਗਈ, ਜੋ ਆਲੇ-ਦੁਆਲੇ ਦੇ ਤਿੰਨ ਘਰਾਂ ’ਚ ਫੈਲ ਗਈ।

* 6 ਅਗਸਤ ਨੂੰ ਮਣੀਪੁਰ ਪੱਛਮੀ ਜ਼ਿਲੇ ’ਚ ਗੁੱਸੇ ’ਚ ਆਈ ਭੀੜ ਨੇ 15 ਮਕਾਨਾਂ ਨੂੰ ਅੱਗ ਲਾ ਦਿੱਤੀ। ਸੜਕਾਂ ’ਤੇ ਭੀੜ ਨੂੰ ਖਿੰਡਾਉਣ ਲਈ ਸੁਰੱਖਿਆ ਬਲਾਂ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ ਅਤੇ ਗੋਲ਼ੀ ਲੱਗਣ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ।

ਸੂਬੇ ’ਚ ਸੱਤਾਧਾਰੀ ਭਾਜਪਾ ਸਰਕਾਰ ਦੀ ਗੱਠਜੋੜ ਸਹਿਯੋਗੀ ਪਾਰਟੀ ‘ਕੁਕੀ ਪੀਪਲਜ਼ ਅਲਾਇੰਸ’ ਨੇ ਸੂਬੇ ਦੀ ਬੀਰੇਨ ਸਿੰਘ ਸਰਕਾਰ ਤੋਂ ਹਮਾਇਤ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸੂਬੇ ’ਚ ਜਾਰੀ ਹਿੰਸਾ ਵਿਰੁੱਧ ਸਾਰੀਆਂ ਪਾਰਟੀਆਂ ਨਾਲ ਸਬੰਧਤ ਜ਼ਿਆਦਾਤਰ ਕੁਕੀ ਵਿਧਾਇਕਾਂ ਵੱਲੋਂ 21 ਅਗਸਤ ਨੂੰ ਬੁਲਾਏ ਜਾਣ ਵਾਲੇ ਵਿਧਾਨ ਸਭਾ ਸੈਸ਼ਨ ਦਾ ਬਾਈਕਾਟ ਕਰਨ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ।

ਸੂਬੇ ’ਚ ਸ਼ਾਂਤੀ ਬਹਾਲੀ ਦਾ ਰਾਹ ਲਗਾਤਾਰ ਔਖਾ ਹੁੰਦਾ ਜਾ ਰਿਹਾ ਹੈ। ਇੰਫਾਲ ਨੂੰ ਜਾਣ ਵਾਲੇ ਸਾਰੇ ਰਾਹ ‘ਮੈਤੇਈ’ ਔਰਤਾਂ ਦੇ ਸੰਗਠਨ ‘ਮੇਇਰਾ ਪਾਇਬੀ’ ਨੇ ਰੋਕ ਦਿੱਤੇ ਹਨ ਅਤੇ ਔਰਤਾਂ ਇਥੇ ਆਉਣ ਵਾਲੇ ਫੌਜ ਅਤੇ ਕੇਂਦਰੀ ਬਲਾਂ ਦੇ ਵਾਹਨ ਘੇਰ ਕੇ ਫੌਜੀਆਂ ਦੇ ਆਈ. ਕਾਰਡਾਂ ਦੀ ਜਾਂਚ ਕਰ ਰਹੀਆਂ ਹਨ।

ਇਸ ਸੂਬੇ ’ਚ ਹਰ 80 ਲੋਕਾਂ ’ਤੇ ਇਕ ਸੁਰੱਖਿਆ ਮੁਲਾਜ਼ਮ ਤਾਇਨਾਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਇਥੇ ਅਸਮ ਰਾਈਫਲਜ਼, ਬੀ. ਐੱਸ. ਐੱਫ., ਸੀ. ਆਰ. ਪੀ. ਐੱਫ., ਐੱਸ. ਐੱਸ. ਬੀ. ਅਤੇ ਆਈ. ਟੀ. ਬੀ. ਪੀ. ਦੇ 40,000 ਤੋਂ ਵੱਧ ਜਵਾਨ ਅਤੇ ਅਧਿਕਾਰੀ ਤਾਇਨਾਤ ਕੀਤੇ ਜਾਣ ਦੇ ਬਾਵਜੂਦ ਹਿੰਸਾ ਨਹੀਂ ਰੁਕ ਰਹੀ, ਜਦਕਿ ਕੇਂਦਰੀ ਸੁਰੱਖਿਆ ਬਲਾਂ  ਦੀਆਂ 10 ਨਵੀਆਂ ਕੰਪਨੀਆਂ ਵੀ ਇੱਥੇ ਭੇਜੀਆਂ ਗਈਆਂ ਹਨ।

ਹਾਲਾਂਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਫੌਜ ਹਰ ਐਮਰਜੈਂਸੀ ਨਾਲ ਨਜਿੱਠਣ ’ਚ ਸਮਰੱਥ ਹੈ ਅਤੇ ਚੀਨ ਅਤੇ ਪਾਕਿਸਤਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਭਾਰਤ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਪਰ ਮਣੀਪੁਰ ਵਰਗੇ ਛੋਟੇ ਸੂਬੇ ’ਚ ਸਥਿਤੀ ’ਤੇ ਕਾਬੂ ਪਾਉਣ ’ਚ ਅਜੇ ਤੱਕ ਸੁਰੱਖਿਆ ਬਲ ਅਸਫ਼ਲ ਸਿੱਧ ਹੋਏ ਹਨ।

ਇਸ ਦਰਮਿਆਨ ਸੁਪਰੀਮ ਕੋਰਟ ਨੇ ਪ੍ਰਭਾਵਿਤ ਲੋਕਾਂ ਦੇ ਰਾਹਤ ਅਤੇ ਮੁੜ ਵਸੇਬਾ ਕਾਰਜਾਂ ਦੀ ਨਿਗਰਾਨੀ ਲਈ ਵੱਖ-ਵੱਖ ਹਾਈ ਕੋਰਟਾਂ ਦੀਆਂ ਤਿੰਨ ਸਾਬਕਾ ਜੱਜਾਂ ਦੀ ਇਕ ਕਮੇਟੀ ਗਠਿਤ ਕਰਨ ਤੋਂ ਇਲਾਵਾ ਹਿੰਸਾ ਦੇ ਸਾਰੇ ਮਾਮਲਿਆਂ ਦੀ ਜਾਂਚ ਸੀ. ਬੀ. ਆਈ. ਨੂੰ ਤਬਦੀਲ ਕਰ ਦਿੱਤੀ ਹੈ, ਜਦਕਿ ਐੱਸ. ਆਈ. ਟੀ. 42 ਅਜਿਹੇ ਮਾਮਲਿਆਂ ਨੂੰ ਵੇਖੇਗੀ, ਜੋ ਸੀ. ਬੀ. ਆਈ. ਨੂੰ ਤਬਦੀਲ ਨਹੀਂ ਕੀਤੇ ਗਏ ਹਨ।

ਰਣਨੀਤਕ ਤੌਰ ’ਤੇ ਸੰਵੇਦਨਸ਼ੀਲ ਦੇਸ਼ ਦੇ ਇਸ ਮਹੱਤਵਪੂਰਨ ਸੂਬੇ ’ਚ ਹਿੰਸਾ ਲਗਾਤਾਰ ਜਾਰੀ ਰਹਿਣਾ ਚਿੰਤਾਜਨਕ ਹੈ। ਇਸ ਨਾਲ ਸੂਬੇ ਦੇ ਨਾਲ-ਨਾਲ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਹੋਣ ਤੋਂ ਇਲਾਵਾ ਸਮਾਜ ’ਚ ਤਣਾਅ ਅਤੇ ਦੁਰਭਾਵਨਾ ਪੈਦਾ ਹੋ ਰਹੀ ਹੈ, ਜਿਸ ਦੇ ਦੂਜੇ ਸੂਬਿਆਂ ’ਚ ਵੀ ਫੈਲਣ ਦਾ ਖ਼ਤਰਾ ਹੈ।
 –ਵਿਜੇ ਕੁਮਾਰ


Manoj

Content Editor

Related News