‘ਉੱਤਰ ਪ੍ਰਦੇਸ਼’ ਬਣਿਆ ‘ਅਪਰਾਧ ਪ੍ਰਦੇਸ਼’ ‘ਹੱਤਿਆਵਾਂ, ਜਬਰ-ਜ਼ਨਾਹ, ਅਗਵਾ ਜ਼ੋਰਾਂ ’ਤੇ’

02/19/2021 4:03:34 AM

ਦੇਸ਼ ’ਚ ਹਰ ਖੇਤਰ ’ਚ ਜੁਰਮ ਵਧ ਰਹੇ ਹਨ ਅਤੇ ਇਨ੍ਹਾਂ ’ਚ ਉੱਤਰ ਪ੍ਰਦੇਸ਼ ਸਭ ਤੋਂ ਅੱਗੇ ਹੈ। ‘ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ’ ਦੇ ਅਨੁਸਾਰ 2018 ’ਚ ਦੇਸ਼ ’ਚ ਸਭ ਤੋਂ ਵੱਧ 11.5 ਫੀਸਦੀ ਅਪਰਾਧ ਉੱਤਰ ਪ੍ਰਦੇਸ਼ ’ਚ ਹੋਏ ਅਤੇ ਇਹ ਅੰਕੜਾ 2017 ਦੀ ਤੁਲਨਾ ’ਚ 1.3 ਫੀਸਦੀ ਵੱਧ ਸੀ।

ਜਬਰ-ਜ਼ਨਾਹ, ਹੱਤਿਆ, ਦਲਿਤਾਂ, ਔਰਤਾਂ ਅਤੇ ਬੱਚਿਆਂ ਦੇ ਵਿਰੁੱਧ ਅਪਰਾਧਾਂ ਦੇ ਨਾਲ-ਨਾਲ ਆਰਥਿਕ ਤੇ ਸਾਈਬਰ ਅਪਰਾਧਾਂ ਦੇ ਮਾਮਲਿਆਂ ’ਚ ਵੀ ਉੱਤਰ ਪ੍ਰਦੇਸ਼ ਚੋਟੀ ’ਤੇ ਹੈ। ‘ਬਸਪਾ’ ਸੁਪਰੀਮੋ ਮਾਇਆਵਤੀ ਦੇ ਅਨੁਸਾਰ ਸੂਬੇ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਅਤੇ ਇਸ ਸਾਲ ਹੋਣ ਵਾਲੀਆਂ ਪੰਚਾਇਤ ਚੋਣਾਂ ਤੋਂ ਪਹਿਲਾਂ ਹੱਤਿਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਜਿਸ ਦੀ ਗੰਭੀਰ ਸਥਿਤੀ ਨਵੇਂ ਸਾਲ ’ਚ ਸਾਹਮਣੇ ਆਈਆਂ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 22 ਜਨਵਰੀ ਨੂੰ ਬਲੀਆ ਜ਼ਿਲੇ ’ਚ ‘ਸਹਤਵਾਰ’ ਥਾਣਾ ਇਲਾਕੇ ਦੇ ਮੰਦਰ ਦੇ ਨੇੜੇ ਅਣਪਛਾਤੇ ਬਦਮਾਸ਼ਾਂ ਨੇ ਲੱਲਨ ਪਾਂਡੇ ਨਾਂ ਦੇ ਵਿਅਕਤੀ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ।

* 29 ਜਨਵਰੀ ਨੂੰ ਮਿਰਜ਼ਾਪੁਰ ਦੇ ‘ਸਾਰੀਪੁਰ’ ਪਿੰਡ ’ਚ ਇਕ ਵਿਅਕਤੀ ਨੇ ਰਾਤ ਨੂੰ ਸੌਂ ਰਹੀ ਆਪਣੀ ਪਤਨੀ ਸਿਤਾਰਾ ਦੇਵੀ ਨੂੰ ਚਾਕੂ ਨਾਲ ਧੌਣ ਵੱਢ ਕੇ ਮਾਰ ਦਿੱਤਾ।

* 6 ਫਰਵਰੀ ਨੂੰ ਬਦਾਯੂੰ ਜ਼ਿਲੇ ਦੇ ਗ੍ਰਾਮ ‘ਮੋਹਦੀ ਨਗਰ ਢਕ ਨਗਲਾ’ ਵਿਚ ਇਕ ਮੰਦਰ ਦੇ ਮਹੰਤ ‘ਸਖੀ ਬਾਬਾ’ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ।

* 9 ਫਰਵਰੀ ਨੂੰ ਬਰੇਲੀ ’ਚ ਨਵਾਬਗੰਜ ਦੀ ਮੁਟਿਆਰ ਨੂੰ ਵਿਆਹ ਦਾ ਝਾਂਸਾ ਦੇ ਕੇ ਇਕ ਨੌਜਵਾਨ ਆਪਣੇ ਨਾਲ ਲੈ ਗਿਆ ਅਤੇ ਅਗਲੇ ਦਿਨ ਸਵੇਰੇ ਉਸ ਨੂੰ ਕਿਸੇ ਦੂਸਰੇ ਨੌਜਵਾਨ ਦੇ ਨਾਲ ਫੋਨ ’ਤੇ ਗੱਲਬਾਤ ਕਰਦੇ ਦੇਖਿਆ ਤਾਂ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ।

* 9 ਫਰਵਰੀ ਨੂੰ ਹੀ ਕਾਸਗੰਜ ਜ਼ਿਲੇ ’ਚ ਨਾਜਾਇਜ਼ ਸ਼ਰਾਬ ਦੀ ਸੂਚਨਾ ’ਤੇ ਕਾਰਵਾਈ ਕਰਨ ਪਹੁੰਚੇ ਥਾਣੇਦਾਰ ਅਸ਼ੋਕ ਕੁਮਾਰ ਅਤੇ ਸਿਪਾਹੀ ਦੇਵੇਂਦਰ ਨੂੰ ਘੇਰ ਕੇ ਸ਼ਰਾਬ ਮਾਫੀਆ ਦੇ ਮੈਂਬਰਾਂ ਨੇ ਬੁਰੀ ਤਰ੍ਹਾਂ ਕੁੱਟ ਦਿੱਤਾ ਜਿਸ ਨਾਲ ਸਿਪਾਹੀ ਦੇਵੇਂਦਰ ਦੀ ਮੌਤ ਅਤੇ ਥਾਣੇਦਾਰ ਅਸ਼ੋਕ ਕੁਮਾਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

* 12 ਫਰਵਰੀ ਨੂੰ ਪ੍ਰਯਾਗਰਾਜ ਦੇ ‘ਧੂਮਨਗੰਜ’ ਇਲਾਕੇ ’ਚ ਅਣਪਛਾਤੇ ਹਤਿਆਰਿਆਂ ਨੇ ਆਸ਼ੂਤੋਸ਼ ਕੁਮਾਰ ਸਿੰਘ ਨਾਂ ਦੇ ਫੌਜੀ ਦੀ ਇੱਟ-ਪੱਥਰ ਨਾਲ ਦਰੜ ਕੇ ਹੱਤਿਆ ਕਰ ਦਿੱਤੀ।

* 15 ਫਰਵਰੀ ਨੂੰ ਪ੍ਰਯਾਗਰਾਜ ਦੇ ਹੀ ‘ਜਾਰਜ ਟੋਨ’ ’ਚ ਬੇਖੌਫ ਬਦਮਾਸ਼ਾਂ ਦੀ ਤਾਬੜਤੋੜ ਫਾਇਰਿੰਗ ਨਾਲ ਸ਼ੋਬਿਤ ਕੇਸਰਵਾਨੀ ਨਾਂ ਦੇ ਇਕ ਦੁਕਾਨਦਾਰ ਦੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਜ਼ਖਮੀ ਹੋ ਗਿਆ।

* 15 ਫਰਵਰੀ ਨੂੰ ਹੀ ਮਥੁਰਾ ਦੇ ਜ਼ਿਲਾ ਰਿਫਾਇਨਰੀ ਇਲਾਕੇ ’ਚ ਇਕ ਵਿਅਕਤੀ ਨੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਆਪਣੀ 11 ਸਾਲਾ ਧੀ ਨਾਲ ਜਬਰ-ਜ਼ਨਾਹ ਕਰ ਦਿੱਤਾ।

* 16 ਫਰਵਰੀ ਨੂੰ ਆਜ਼ਮਗੜ੍ਹ ਦੇ ‘ਮੇਹ ਨਗਰ’ ਵਿਚ ਬਸਪਾ ਦੇ ਸਥਾਨਕ ਨੇਤਾ ਕਲਾਮੁਦੀਨ ਖਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।

* 16 ਫਰਵਰੀ ਵਾਲੇ ਦਿਨ ਹੀ ਸੰਤ ਕਬੀਰ ਨਗਰ ’ਚ ਆਪਣੀ ਧੀ ਦੇ ਪ੍ਰੇਮ ਸਬੰਧਾਂ ਤੋਂ ਨਾਰਾਜ਼ ਮਾਪਿਆਂ ਨੇ ਇਕ ਕਾਂਟ੍ਰੈਕਟ ਕਿੱਲਰ ਕੋਲੋਂ ਉਸ ਨੂੰ ਜ਼ਿੰਦਾ ਸੜਵਾ ਦਿੱਤਾ।

* 16 ਫਰਵਰੀ ਨੂੰ ਹੀ ਮੁਰਾਦਾਬਾਦ ’ਚ ‘ਮਝੋਲਾ’ ਦੇ ਖਾਲੀ ਪਲਾਟ ’ਚ ਇਕ ਮੁਟਿਆਰ ਦੀ ਲਾਸ਼ ਬਰਾਮਦ ਹੋਈ ਜਿਸ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ।

* 17 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਉੱਨਾਵ ’ਚ ‘ਬਬੂਰਹਾ’ ਪਿੰਡ ਦੇ ਖੇਤ ’ਚ 3 ਭੈਣਾਂ ਸ਼ੱਕੀ ਹਾਲਤ ’ਚ ਦੁਪੱਟੇ ਨਾਲ ਬੰਨ੍ਹੀਆਂ ਪਈਆਂ ਮਿਲੀਆਂ। ਇਨ੍ਹਾਂ ’ਚੋਂ 2 ਭੈਣਾਂ ਦੀ ਮੌਤ ਹੋ ਗਈ ਜਦਕਿ ਤੀਸਰੀ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਹੈ।

* 17 ਫਰਵਰੀ ਵਾਲੇ ਦਿਨ ਹੀ ‘ਓਰੈਆ’ ਜ਼ਿਲੇ ਦੇ ਸਦਰ ਇਲਾਕੇ ’ਚ ਇਕ ਨੌਜਵਾਨ ਪੌੜੀ ਲਗਾ ਕੇ ਇਕ ਮਕਾਨ ’ਚ ਦਾਖਲ ਹੋਇਆ ਅਤੇ ਉਥੇ ਮੌਜੂਦ ਨਾਬਾਲਗ ਨਾਲ ਜਬਰ-ਜ਼ਨਾਹ ਕਰਕੇ ਫਰਾਰ ਹੋ ਗਿਆ।

* 17 ਫਰਵਰੀ ਨੂੰ ਹੀ ਹਮੀਰਪੁਰ ਦੇ ਥਾਣਾ ‘ਸੋਰਿਖ’ ਵਿਚ ਇਕ ਨੌਜਵਾਨ ਵਲੋਂ ਇਕ ਲੜਕੀ ਨਾਲ ਦਰਿੰਦਗੀ ਦਾ ਲੜਕੀ ਦੇ ਮਾਪਿਆਂ ਵਲੋਂ ਵਿਰੋਧ ਕਰਨ ’ਤੇ ਨੌਜਵਾਨ ਦੇ ਸਾਥੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਜਿਸ ਨਾਲ 5 ਵਿਅਕਤੀ ਜ਼ਖਮੀ ਹੋ ਗਏ।

* 17 ਫਰਵਰੀ ਨੂੰ ਹੀ ਇਕ ਹੋਰ ਘਟਨਾ ’ਚ ਅਮਰੋਹਾ ਜ਼ਿਲੇ ਦੇ ‘ਨੌਗਾਵਾਂ ਸਾਦਾਤ’ ਥਾਣੇ ਦੇ ਪਿੰਡ ‘ਭੀਲਨਾ’ ਵਿਚ ਅਗਵਾਕਾਰਾਂ ਨੇ 30 ਲੱਖ ਰੁਪਏ ਦੀ ਫਿਰੌਤੀ ਲਈ ਅਗਵਾ ਕੀਤੇ 6 ਸਾਲਾ ਬੱਚੇ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਇਕ ਧਾਰਮਿਕ ਅਸਥਾਨ ਦੀ ਛੱਤ ’ਤੇ ਸੁੱਟ ਦਿੱਤੀ।

* 17 ਫਰਵਰੀ ਨੂੰ ਹੀ ਪੀਲੀਭੀਤ ’ਚ ਦੁਆਰਿਕਾ ਪ੍ਰਸਾਦ ਨਾਂ ਦੇ ਇਕ ਦਬੰਗ ਨੂੰ ਗਾਲੀ-ਗਲੋਚ ਕਰਨ ਤੋਂ ਰੋਕਣ ’ਤੇ ਉਸ ਨੇ ਰਾਜੂ ਨਾਂ ਦੇ ਮਜ਼ਦੂਰ ਦੀ ਡੰਡੇ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।

* 18 ਫਰਵਰੀ ਨੂੰ ਬਦਾਯੂੰ ਦੇ ਥਾਣਾ ‘ਫੈਜ਼ਗੰਜ ਬੇਹਟਾ’ ਇਲਾਕੇ ਦੇ ਪਿੰਡ ’ਚ ਇਕ ਵਿਅਕਤੀ ਨੇ ਫੌਹੜੇ ਨਾਲ ਆਪਣੀ ਪਤਨੀ ਦੀ ਧੌਣ ਵੱਢ ਕੇ ਉਸ ਨੂੰ ਮਾਰ ਦਿੱਤਾ।

* 18 ਫਰਵਰੀ ਵਾਲੇ ਦਿਨ ਹੀ ਹਮੀਰਪੁਰ ਦੇ ‘ਇਟੋਰਾ’ ਪਿੰਡ ’ਚ ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ’ਤੇ ਚਾਕੂ ਨਾਲ ਤਾਬੜਤੋੜ ਵਾਰ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦੇਣ ਤੋਂ ਬਾਅਦ ਨੇੜੇ ਹੀ ਉਸ ਦੇ ਦੁਪੱਟੇ ਨਾਲ ਫਾਂਸੀ ਲਗਾ ਕੇ ਜਾਨ ਦੇ ਦਿੱਤੀ।

* 18 ਫਰਵਰੀ ਨੂੰ ਹੀ ਇਕ ਹੋਰ ਘਟਨਾ ’ਚ ਰਾਮਪੁਰ ਦੇ ‘ਹੁਰਮਤ ਨਗਰ’ ਪਿੰਡ ’ਚ ਇਕ ਨੌਜਵਾਨ ਨੇ 6 ਸਾਲਾ ਬੱਚੀ ਨਾਲ ਦਰਿੰਦਗੀ ਕਰ ਦਿੱਤੀ।

* 18 ਫਰਵਰੀ ਨੂੰ ਹੀ ਪ੍ਰਤਾਪਗੜ੍ਹ ਜ਼ਿਲੇ ਦੇ ‘ਬਿਛੁਰ’ ਪਿੰਡ ’ਚ ਇਕ ਨੌਜਵਾਨ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ।

ਸੂਬੇ ’ਚ ਵਧਦੇ ਅਪਰਾਧਾਂ ਨੂੰ ਲੈ ਕੇ 18 ਫਰਵਰੀ ਨੂੰ ਜਿਥੇ ਵਿਰੋਧੀ ਪਾਰਟੀਆਂ ਨੇ ਯੋਗੀ ਸਰਕਾਰ ਦੇ ਵਿਰੁੱਧ ਨਿਸ਼ਾਨਾ ਵਿੰਨ੍ਹਿਆ ਉਥੇ ਵਿਧਾਨ ਮੰਡਲ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਆਨੰਦੀਬੇਨ ਪਟੇਲ ਦਾ ਭਾਸ਼ਣ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੂਬੇ ’ਚ ਵਿਗੜਦੀ ਕਾਨੂੰਨ ਵਿਵਸਥਾ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਸਰਕਾਰ ਦੇ ਵਿਰੁੱਧ ਖੁੱਲ੍ਹ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਵਾਕਆਊਟ ਕੀਤਾ।

ਵਰਣਨਯੋਗ ਹੈ ਕਿ ਉੱਤਰ ਪ੍ਰਦੇਸ਼ ’ਚ 2018 ’ਚ ਜਿੰਨੇ ਅਪਰਾਧੀਆਂ ਦਾ ਟ੍ਰਾਇਲ ਹੋਇਆ ਉਨ੍ਹਾ ’ਚੋਂ ਸਿਰਫ 5.6 ਫੀਸਦੀ ਨੂੰ ਹੀ ਸਜ਼ਾ ਮਿਲ ਸਕੀ ਹੈ। ਇਸ ਲਈ ਅਸਰਦਾਇਕ ਕਦਮ ਚੁੱਕ ਕੇ ਇਸ ਬੁਰਾਈ ਨੂੰ ਰੋਕਣ ਦੀ ਲੋੜ ਹੈ। ਜਦੋਂ ਤਕ ਹਰ ਥਾਣੇ ਦੇ ਇਲਾਕੇ ’ਚ ਹੋਣ ਵਾਲੇ ਅਪਰਾਧਾਂ ਦੇ ਲਈ ਉਥੇ ਤਾਇਨਾਤ ਪੁਲਸ ਨੂੰ ਜਵਾਬਦੇਹ ਨਹੀਂ ਬਣਾਇਆ ਜਾਵੇਗਾ ਉਦੋਂ ਤਕ ਇਹ ਜੁਰਮ ਰੁਕਣ ਵਾਲੇ ਨਹੀਂ।

–ਵਿਜੇ ਕੁਮਾਰ


Bharat Thapa

Content Editor

Related News