ਪਸ਼ੂ ਪ੍ਰੇਮ ਦੀਆਂ ਅਨੋਖੀਆਂ ਉਦਾਹਰਣਾਂ : ‘ਕੁੱਤਿਆਂ ਦੇ ਜਨਮਦਿਨ ਮਨਾਏ ਧੂਮਧਾਮ ਨਾਲ’
Friday, Aug 25, 2023 - 01:33 AM (IST)
ਕੁੱਤਾ ਸਭ ਤੋਂ ਵਫ਼ਾਦਾਰ ਜਾਨਵਰ ਮੰਨਿਆ ਜਾਂਦਾ ਹੈ ਅਤੇ ਇਸੇ ਕਾਰਨ ਹੁਣ ਕੁਝ ਲੋਕਾਂ ਨੇ ਆਪਣੇ ਕੁੱਤਿਆਂ ਦੇ ਜਨਮਦਿਨ ਵੀ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲੇ ਦੇ ਭੋਜੀਪੁਰਾ ਖੇਤਰ ਦੇ ‘ਬੋਹਿਤ’ ਪਿੰਡ ’ਚ ਇਕ ਬੇਔਲਾਦ ਕਿਸਾਨ ਜੋੜੇ ਸ਼ਿਆਮ ਬਿਹਾਰੀ ਅਤੇ ਰੇਣੂ ਨੇ ਆਪਣੇ 2 ਪਾਲਤੂ ਕੁੱਤਿਆਂ ਲਾਲੂ ਅਤੇ ਭੂਰਾ ਦੇ ਇਕ ਸਾਲ ਦੇ ਹੋ ਜਾਣ ’ਤੇ ਉਨ੍ਹਾਂ ਦਾ ਜਨਮਦਿਨ ਧੂਮਧਾਮ ਨਾਲ ਮਨਾਇਆ।
ਪਿੰਡ ’ਚ ਇਕ ਕੁੱਤੀ ਨੇ ਪਿਛਲੇ ਸਾਲ 2 ਕਤੂਰਿਆਂ ਨੂੰ ਜਨਮ ਦਿੱਤਾ ਸੀ, ਜਿਨ੍ਹਾਂ ਨੂੰ ਰੇਣੂ ਆਪਣੇ ਘਰ ਲੈ ਆਈ ਸੀ ਅਤੇ ਉਦੋਂ ਤੋਂ ਇਹ ਦੋਵੇਂ ਇਨ੍ਹਾਂ ਦੇ ਨਾਲ ਹੀ ਰਹਿ ਰਹੇ ਹਨ।
ਇਸ ਮੌਕੇ ’ਤੇ ਉਨ੍ਹਾਂ ਨੇ ਵੱਡੀ ਗਿਣਤੀ ’ਚ ਮਹਿਮਾਨਾਂ ਨੂੰ ਸੱਦਿਆ। ਰੇਣੂ ਨੇ ਪਹਿਲਾਂ ਕੁੱਤਿਆਂ ਦੀ ਆਰਤੀ ਉਤਾਰੀ, ਫਿਰ ਉਨ੍ਹਾਂ ਤੋਂ ਕੇਕ ਕਟਵਾਇਆ ਅਤੇ ਉਨ੍ਹਾਂ ਨੂੰ ਗਿਫ਼ਟ ਦੇਣ ਤੋਂ ਇਲਾਵਾ ਆਪਣੀ ਸਾਰੀ ਜ਼ਮੀਨ ਇਨ੍ਹਾਂ ਦੇ ਨਾਂ ਕਰਨ ਦਾ ਐਲਾਨ ਵੀ ਕਰ ਦਿੱਤਾ।
ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੀ ਇਕ ਉਦਾਹਰਣ ਝਾਰਖੰਡ ਦੇ ਝਰੀਆ ’ਚ ਦੇਖਣ ਨੂੰ ਮਿਲੀ ਸੀ, ਜਿੱਥੇ ਇਸੇ ਸਾਲ 25 ਮਈ ਨੂੰ ‘ਕੋਇਰੀ ਬਾਂਧ’ ਨਿਵਾਸੀ ‘ਟੀਨਾ ਸਾਵ’ ਨੇ ਆਪਣੇ ਕੁੱਤੇ ਏਂਜਲ ਦਾ ਦੂਜਾ ਜਨਮਦਿਨ ਧੂਮਧਾਮ ਨਾਲ ਮਨਾਇਆ ਅਤੇ ਏਂਜਲ ਕੋਲੋਂ ਕੇਕ ਕਟਵਾਇਆ। ਉਸ ਨੇ ਲੱਗਭਗ 100 ਲੋਕਾਂ ਨੂੰ ਦਾਅਵਤ ’ਤੇ ਵੀ ਸੱਦਿਆ ਅਤੇ ਇਸ ਮੌਕੇ ’ਤੇ ਡੀ. ਜੇ. ਦੀਆਂ ਧੁਨਾਂ ’ਤੇ ਲੋਕ ਖੂਬ ਨੱਚੇ।
ਲੋਕ ਆਮ ਤੌਰ ’ਤੇ ਆਪਣੇ ਬੱਚਿਆਂ ਅਤੇ ਹੋਰ ਪਿਆਰਿਆਂ ਦੇ ਜਨਮਦਿਨ ਤਾਂ ਅਕਸਰ ਮਨਾਉਂਦੇ ਹਨ ਪਰ ਉਕਤ ਲੋਕਾਂ ਨੇ ਆਪਣੇ ਪਾਲਤੂ ਕੁੱਤਿਆਂ ਦਾ ਜਨਮਦਿਨ ਮਨਾ ਕੇ ਨਾ ਸਿਰਫ ਉਨ੍ਹਾਂ ਦੀ ਵਫ਼ਾਦਾਰੀ ਨੂੰ ਸਲਾਮ ਕੀਤਾ ਹੈ ਸਗੋਂ ਇਹ ਸੰਦੇਸ਼ ਵੀ ਦਿੱਤਾ ਹੈ ਕਿ ਸਾਨੂੰ ਆਪਣੇ ਪਾਲਤੂ ਜਾਨਵਰਾਂ ਨਾਲ ਪਿਆਰ ਭਰਿਆ ਵਿਵਹਾਰ ਹੀ ਕਰਨਾ ਚਾਹੀਦਾ ਹੈ।
ਅੱਜ ਦੇ ਇਸ ਆਧੁਨਿਕ ਯੁੱਗ ’ਚ ਜਿੱਥੇ ਇਨਸਾਨਾਂ ਦਰਮਿਆਨ ਆਪਸੀ ਲਗਾਅ ਘੱਟ ਹੁੰਦਾ ਜਾ ਰਿਹਾ ਹੈ ਅਤੇ ਲੋਕਾਂ ਕੋਲ ਆਪਣਿਆਂ ਲਈ ਹੀ ਸਮਾਂ ਨਹੀਂ ਹੈ, ਉੱਥੇ ਪਸ਼ੂਆਂ ਅਤੇ ਇਨਸਾਨਾਂ ਦਰਮਿਆਨ ਪ੍ਰੇਮ ਅਤੇ ਲਗਾਅ ਦੀਆਂ ਇਹ ਅਨੋਖੀਆਂ ਉਦਾਹਰਣਾਂ ਦੱਸਦੀਆਂ ਹਨ ਕਿ ਅੱਜ ਵੀ ਕਿਤੇ ਨਾ ਕਿਤੇ ਇਨਸਾਨੀਅਤ ਜ਼ਿੰਦਾ ਹੈ। -ਵਿਜੇ ਕੁਮਾਰ