ਮਹਿਲਾ ਕੈਦੀਆਂ ਲਈ ‘ਤਿਹਾੜ ਦੀ ਜੇਲ੍ਹ ਨੰ. 6’ ਬਣੀ ਅਸਲ ’ਚ ‘ਸੁਧਾਰ ਘਰ’

06/14/2022 1:11:31 AM

9 ਜੇਲ੍ਹਾਂ ’ਤੇ ਆਧਾਰਿਤ ਨਵੀਂ ਦਿੱਲੀ ਦੀ ‘ਤਿਹਾੜ ਜੇਲ੍ਹ’ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਜੇਲ੍ਹ ਕੰਪਲੈਕਸ ਹੈ। ਇਸ ਨੂੰ ਮੁੱਖ ਰੂਪ ’ਚ ਇਕ ‘ਸੁਧਾਰ ਘਰ’ ਵਜੋਂ ਵਿਕਸਿਤ ਕੀਤਾ ਗਿਆ ਸੀ। ਇਸ ਦਾ ਮੰਤਵ ਜੇਲ੍ਹ ਦੇ ਕੈਦੀਆਂ ਨੂੰ ਦਸਤਕਾਰੀ ਦੀ ਸਿਖਲਾਈ ਅਤੇ ਆਮ ਸਿੱਖਿਆ ਦੇ ਕੇ ਕਾਨੂੰਨ ਦੇ ਆਗਿਆਕਾਰੀ ਨਾਗਰਿਕ ਬਣਾਉਣਾ ਹੈ।
ਜੇਲ੍ਹ ’ਚ ਬੰਦ ਮਹਿਲਾ ਕੈਦੀਆਂ ਨੂੰ ਵੱਖ-ਵੱਖ ਰੋਜ਼ਗਾਰ ਕੇਂਦਰਿਤ ਹੁਨਰ ਸਿਖਾਏ ਜਾ ਰਹੇ ਹਨ ਤਾਂ ਜੋ ਜੇਲ੍ਹ ’ਚੋਂ ਬਾਹਰ ਨਿਕਲ ਕੇ ਉਹ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਣ। ਇਸੇ ਅਧੀਨ ਲਗਭਗ 75 ਮਹਿਲਾ ਮੁਲਾਜ਼ਮਾਂ ਦੇ ਸਟਾਫ ਵਲੋਂ ਕੰਟਰੋਲਸ਼ੁਦਾ ਤਿਹਾੜ ਦੀ ਜੇਲ੍ਹ ਨੰ. ‘6’ ਆਪਸੀ ਸਦਭਾਵਨਾ ਦੀ ਮਿਸਾਲ ਪੇਸ਼ ਕਰ ਰਹੀ ਹੈ। 
ਇਥੇ ਰਹਿੰਦੀਆਂ 400 ਦੇ ਲਗਭਗ ਬੰਦੀ ਔਰਤਾਂ ਪੂਰਨ ਸਮੇਂ ਦੀ ਰਸੋਈ ਚਲਾ ਰਹੀਆਂ ਹਨ ਤੇ ਕੈਦੀਆਂ ਲਈ ਭੋਜਨ ਬਣਾਉਂਦੀਆਂ ਹਨ। ਰਸੋਈ ਘਰ ’ਚ ਕੰਮ ’ਤੇ ਰੱਖਣ ਤੋਂ ਪਹਿਲਾਂ ਉਨ੍ਹਾਂ ਨੂੰ ਖਾਣਾ ਪਕਾਉਣ ਦੀ ਬਾਕਾਇਦਾ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦਾ ਦਿਨ ਸਵੇਰੇ 6 ਵਜੇ ਸ਼ੁਰੂ ਹੁੰਦਾ ਹੈ। 
ਜੇਲ੍ਹ ਦੀ ਡਿਪਟੀ ਸੁਪਰਡੈਂਟ ਬੀਬੀ ਕਿਰਨ ਅਨੁਸਾਰ, ‘‘ਇਥੇ ਅਜਿਹਾ ਲੱਗਦਾ ਹੀ ਨਹੀਂ ਕਿ ਅਸੀਂ ਅਪਰਾਧੀਆਂ ਦਰਮਿਆਨ ਕੰਮ ਕਰ ਰਹੀਆਂ ਹਾਂ। ਵਧੇਰੇ ਮਹਿਲਾ ਬੰਦੀਆਂ ਨੇ ਆਪਣਾ ਜੀਵਨ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਹੈ ਅਤੇ ਜੇਲ੍ਹ ’ਚ ਆਪਣਾ ਪ੍ਰਵਾਸ ਉਸਾਰੂ ਬਣਾਉਣ ਲਈ ਸਖਤ ਮਿਹਨਤ ਕਰ ਰਹੀਆਂ ਹਨ।’’
ਇਕ ਹੋਰ ਉੱਚ ਅਧਿਕਾਰੀ ਰਮਨ ਸ਼ਰਮਾ ਮੁਤਾਬਕ, ‘‘ਬੇਸ਼ੱਕ ਕਦੇ-ਕਦਾਈਂ ਛੋਟਾ-ਮੋਟਾ ਵਿਵਾਦ ਪੈਦਾ ਹੋ ਜਾਂਦਾ ਹੈ ਪਰ ਇਹ ਸਿੱਧ ਹੋ ਗਿਆ ਹੈ ਕਿ ਮਹਿਲਾ ਸਟਾਫ ਵਲੋਂ ਮਹਿਲਾ ਕੈਦੀਆਂ ਨੂੰ ਵਧੀਆ ਢੰਗ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।’’
ਜੇਲ੍ਹ ਨੰ. ‘6’ ’ਚ ਮਹਿਲਾ ਬੰਦੀ ਜੋ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ, ਉਸ ਵਿਚ ਸੰਗੀਤ, ਕਟਿੰਗ, ਟੇਲਰਿੰਗ, ਨ੍ਰਿਤ, ਯੋਗ ਤੇ ਆਚਾਰ ਬਣਾਉਣ ਦੀਆਂ ਕਲਾਸਾਂ ਤੋਂ ਇਲਾਵਾ ਬਿਊਟੀ ਪਾਰਲਰ ਚਲਾਉਣਾ ਆਦਿ ਸ਼ਾਮਲ ਹੈ। 
ਜੇਲ੍ਹ ਦੇ ‘ਇਨ-ਹਾਊਸ-ਬਿਊਟੀ ਪਾਰਲਰ’ ਵਿਚ ਸਭ ਤਰ੍ਹਾਂ ਦੇ ਕਾਸਮੈਟਿਕਸ ਅਤੇ ਉਪਕਰਣ ਉਪਲਬਧ ਹਨ, ਜਿਥੇ ਮਹਿਲਾ ਬੰਦੀਆਂ ਨੂੰ ਥ੍ਰੈਡਿੰਗ, ਪੈਡੀਕਿਓਰ, ਚਮੜੀ ਦੀ ਦੇਖਭਾਲ ਆਦਿ ਸੰਬੰਧੀ ਸਿਖਲਾਈ ਦਿੱਤੀ ਜਾਂਦੀ ਹੈ। 
ਇਨ੍ਹਾਂ ਬੰਦੀ ਔਰਤਾਂ ਦੀਆਂ ਆਪਣੀਆਂ ਰੋਜ਼ਾਨਾ ਦੀਆਂ ਸਰਗਰਮੀਆਂ ’ਚ ਰੁਝੇਵਿਆਂ ਦੌਰਾਨ ਜੇਲ੍ਹ ਦਾ ਸਟਾਫ ਉਨ੍ਹਾਂ ਦੇ ਬੱਚਿਆਂ ਨੂੰ ਜੇਲ੍ਹ ਦੇ ਕ੍ਰੈੱਚ ’ਚ ਸੰਭਾਲਦਾ ਹੈ ਅਤੇ ਤਿੰਨ ਸਾਲ ਦੀ ਉਮਰ ਤੋਂ ਵੱਡੇ ਬੱਚਿਆਂ ਨੂੰ ਬੁਨਿਆਦੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ।
ਕ੍ਰੈੱਚ ’ਚ ਬੱਚਿਆਂ ਦੇ ਅਧਿਆਤਮਕ ਅਤੇ ਸਰੀਰਕ ਵਿਕਾਸ ’ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੀ ਪ੍ਰਗਤੀ ਅਤੇ ਸਿਹਤ ਆਦਿ ਦਾ ਜਾਇਜ਼ਾ ਲੈਣ ਲਈ ਉਨ੍ਹਾਂ ਦੀਆਂ ਮਾਵਾਂ ਤੇ ਕੌਂਸਲਰਾਂ ਦੀਆਂ ਬੈਠਕਾਂ ਕਰਵਾਈਆਂ ਜਾਂਦੀਆਂ ਹਨ।
* ਧੋਖਾਦੇਹੀ ਦੇ ਦੋਸ਼ ਹੇਠ ਆਪਣੇ ਪਤੀ ਸੁਕੇਸ਼ ਚੰਦਰਸ਼ੇਖਰ ਨਾਲ ਤਿਹਾੜ ਜੇਲ੍ਹ ’ਚ ਬੰਦ ਅਭਿਨੇਤਰੀ ਅਤੇ ਨ੍ਰਿਤਾਂਗਨਾ ਲੀਨਾ ਮਾਰੀਆ ਪਾਲ ਅਮਰੂਦ ਸਕਵੈਸ਼, ਜੈਮ, ਕਸਟਰਡ ਅਤੇ ਜੈਲੀ ਬਣਾਉਣਾ ਸਿੱਖ ਰਹੀ ਹੈ। ਉਹ ਫਿੱਟ ਅਤੇ ਸਿਹਤਮੰਦ ਰਹਿਣ ਲਈ ਯੋਗਾ ਵੀ ਕਰਦੀ ਹੈ ਤੇ ‘ਕੌਮਾਂਤਰੀ ਮਹਿਲਾ ਦਿਵਸ’ ਉੱਤੇ ਹੋਰਨਾਂ ਮਹਿਲਾ ਕੈਦੀਆਂ ਨਾਲ ਉਸ ਨੇ ਸਮੂਹਿਕ ਨ੍ਰਿਤ ਵੀ ਕੀਤਾ।
* ਅਗਵਾ ਕੇਸ ’ਚ ਜੇਲ੍ਹ ’ਚ ਬੰਦ 37 ਸਾਲਾ ਪਾਇਲ ਨੇ ਆਪਣੇ ਖਾਲੀ ਸਮੇਂ ਦੀ ਵਰਤੋਂ ਕੱਪੜਿਆਂ ਦੀ ਸਿਲਾਈ ਅਤੇ ਸਕ੍ਰੀਨ ਪ੍ਰਿੰਟਿੰਗ ਦੀ ਸਿਖਲਾਈ ਲੈਣ ’ਚ ਕੀਤੀ ਤੇ ਇਨ੍ਹਾਂ ਦੋਹਾਂ ਹੀ ਕਲਾਵਾਂ ’ਚ ਨਿਪੁੰਨਤਾ ਹਾਸਲ ਕਰ ਲਈ।
ਪਹਿਲਾਂ ਉਹ ਹਰ ਸਮੇਂ ਆਪਣੇ 11 ਸਾਲ ਦੇ ਬੇਟੇ ਤੇ 8 ਸਾਲ ਦੀ ਬੇਟੀ ਸੰਬੰਧੀ ਸੋਚ ਕੇ ਪ੍ਰੇਸ਼ਾਨ ਹੁੰਦੀ ਰਹਿੰਦੀ ਸੀ, ਜੋ ਇਸ ਸਮੇਂ ਉਸ ਦੀ ਰਿਸ਼ਤੇ ਦੀ ਭੈਣ ਕੋਲ ਰਹਿ ਰਹੇ ਹਨ। ਜੇਲ੍ਹ ਦੇ ਸਟਾਫ ਨੇ ਪਾਇਲ ਦੀ ਜ਼ਮਾਨਤ ਹੋ ਜਾਣ ਜਾਂ ਰਿਹਾਅ ਹੋ ਜਾਣ ਪਿੱਛੋਂ  ਦਰਜੀ ਦਾ ਕੰਮ ਸ਼ੁਰੂ ਕਰਨ ਲਈ ਉਸ ਦੀ ਮਦਦ ਕਰਨ ਦਾ ਵਾਅਦਾ ਕੀਤਾ ਹੈ।
* ਇਸੇ ਤਰ੍ਹਾਂ ਨਸ਼ੇ ਦੇ ਕੇਸ ’ਚ ਮੁਲਜ਼ਮ ਮਾਰੀਆ 4 ਮਹੀਨਿਆਂ ਤੋਂ ਔਰਤਾਂ ਦੇ ਕੱਪੜਿਆਂ ਦੀ ਸਿਲਾਈ ਅਤੇ ਕਟਿੰਗ ਦੀ ਸਿਖਲਾਈ ਲੈ ਰਹੀ ਹੈ ਤੇ ਇਸ ਵਿਚ ਨਿਪੁੰਨਤਾ ਹਾਸਲ ਕਰਕੇ ਹੁਣ ਜੇਲ੍ਹ ’ਚੋਂ ਬਾਹਰ ਜਾਣ ’ਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਮਰਦਾਂ ਦੇ ਫੈਸ਼ਨ ਪਹਿਰਾਵਿਆਂ ਦੀ ਸਿਲਾਈ ’ਚ ਹੱਥ ਅਜ਼ਮਾਏਗੀ।
* ਇਕ ਹੋਰ ਮਹਿਲਾ ਬੰਦੀ 30 ਸਾਲਾ ਗਲੋਰੀਆ ਜੇਲ੍ਹ ’ਚ ਆਯੋਜਿਤ ਪੇਂਟਿੰਗ ਕਲਾਸਾਂ ’ਚ ਹਿੱਸਾ ਲੈ ਕੇ ਆਪਣੇ ਡਿਪ੍ਰੈਸ਼ਨ ਤੋਂ ਮੁਕਤੀ ਪਾਉਣ ’ਚ ਸਫਲ ਰਹੀ, ਜਿਸ ਤੋਂ ਉਹ ਤਿੰਨ ਸਾਲ ਤੋਂ ਪੀੜਤ ਸੀ। ਗਲੋਰੀਆ ਦਾ ਕਹਿਣਾ ਹੈ ਕਿ ਜੇਲ੍ਹ ’ਚੋਂ ਰਿਹਾਈ ਪਿੱਛੋਂ ਉਹ ਨੌਕਰੀ ਦੇ ਨਾਲ ਪਾਰਟ ਟਾਈਮ ਕਾਰੋਬਾਰ ਦੇ ਰੂਪ ’ਚ ਪੇਂਟਿੰਗ ਕਰਿਆ ਕਰੇਗੀ। 
ਜੇਲ੍ਹਾਂ ’ਚ ਬੰਦ ਸਜ਼ਾ ਪ੍ਰਾਪਤ ਅਤੇ ਵਿਚਾਰਅਧੀਨ ਮਹਿਲਾ ਕੈਦੀਆਂ ਨੂੰ ਅਪਰਾਧ ਦੀ ਦੁਨੀਆ ਨੂੰ ਤਿਲਾਂਜਲੀ ਦੇ ਕੇ ਅਤੇ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਕੇ ਸਨਮਾਨਜਨਕ ਜੀਵਨ ਬਿਤਾਉਣ ’ਚ ਮਦਦ ਦੇਣ ਲਈ ਸ਼ੁਰੂ ਕੀਤਾ ਗਿਆ ਇਹ ਤਜਰਬਾ ਬਹੁਤ ਚੰਗਾ ਹੈ ਪਰ ਦੇਸ਼ ਦੀਆਂ ਬਹੁਤ ਘੱਟ ਜੇਲ੍ਹਾਂ ’ਚ ਹੀ ਅਜਿਹੀ ਮੁਹਿੰਮ ਚਲਾਈ ਜਾ ਰਹੀ ਹੈ। 
ਲਿਹਾਜ਼ਾ ਇਨ੍ਹਾਂ ਯਤਨਾਂ ਨੂੰ ਦੇਸ਼ ਦੀਆਂ ਸਭ ਜੇਲ੍ਹਾਂ ਤੱਕ ਪਹੁੰਚਾਉਣ ਦੀ ਲੋੜ ਹੈ ਤਾਂ ਜੋ ਜੇਲ੍ਹਾਂ ’ਚ ਬੰਦ ਔਰਤਾਂ ਨੂੰ ਰਿਹਾਅ ਹੋਣ ਪਿੱਛੋਂ ਮੁੜ ਤੋਂ ਅਪਰਾਧ ਦੀ ਦੁਨੀਆ ’ਚ ਪਰਤਣ ਤੋਂ ਰੋਕਿਆ ਜਾ ਸਕੇ।

–ਵਿਜੇ ਕੁਮਾਰ


Mukesh

Content Editor

Related News