ਇਹ ਹੈ ਭਾਰਤ ਦੇਸ਼ ਅਸਾਡਾ ‘ਬੁੱਢੇ ਮਾਂ-ਪਿਓ ਨੂੰ’ ਫੁੱਟਪਾਥ ’ਤੇ ਬਿਠਾਉਣ ਅਤੇ ‘ਛਾਣ-ਬੂਰੇ ਦੀ ਰੋਟੀ ਖੁਆਉਣ ਵਾਲੀਅਾਂ ਔਲਾਦਾਂ’

Wednesday, Nov 21, 2018 - 06:45 AM (IST)

ਭਾਰਤ ’ਚ ਬਜ਼ੁਰਗਾਂ ਨੂੰ ਪ੍ਰਾਚੀਨ ਕਾਲ ’ਚ ਬਹੁਤ ਸਨਮਾਨਜਨਕ ਦਰਜਾ ਹਾਸਿਲ ਸੀ ਅਤੇ ਔਲਾਦਾਂ ਆਪਣੇ ਮਾਂ-ਪਿਓ ਦੇ ਹਰੇਕ ਹੁਕਮ ਦੀ ਪਾਲਣਾ ਕਰਦੀਅਾਂ ਸਨ। ਇਸ ਦੀ ਸਭ ਤੋਂ ਵੱਡੀ ਮਿਸਾਲ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਹਨ, ਜਿਨ੍ਹਾਂ ਨੇ ਆਪਣੇ ਪਿਤਾ ਅਯੁੱਧਿਆ ਨਰੇਸ਼ ਮਹਾਰਾਜਾ ਦਸ਼ਰਥ ਵਲੋਂ ਮਾਤਾ ਕੈਕੇਈ ਨੂੰ ਦਿੱਤੇ ਗਏ ਵਚਨ ਨੂੰ ਸੱਚ ਸਿੱਧ ਕਰਨ ਲਈ ਮਹਾਰਾਜਾ ਦਸ਼ਰਥ ਵਲੋਂ ਉਨ੍ਹਾਂ ਨੂੰ ਦਿੱਤਾ ਗਿਆ 14 ਵਰ੍ਹਿਅਾਂ ਦਾ ਬਨਵਾਸ ਖੁਸ਼ੀ-ਖੁਸ਼ੀ ਕਬੂਲ ਕੀਤਾ ਸੀ।
ਇਸ ਨੂੰ ਇਕ ਤ੍ਰਾਸਦੀ ਹੀ ਕਿਹਾ ਜਾਵੇਗਾ ਕਿ ਆਪਣੇ ਮਾਂ-ਪਿਓ ਪ੍ਰਤੀ ਅੱਜ ਦੀਅਾਂ ਔਲਾਦਾਂ ਦਾ ਰਵੱਈਆ ਪ੍ਰਾਚੀਨ ਕਾਲ ਦੇ ਉੱਚ ਆਦਰਸ਼ਾਂ ਦੇ ਪੂਰੀ ਤਰ੍ਹਾਂ ਉਲਟ ਹੋ ਗਿਆ ਹੈ ਤੇ ਔਲਾਦਾਂ ਵਲੋਂ ਆਪਣੇ ਮਾਂ-ਪਿਓ ਨਾਲ ਬੁਰੇ ਸਲੂਕ ਦਾ ਰੁਝਾਨ ਬਹੁਤ ਜ਼ਿਆਦਾ ਵਧ ਜਾਣ ਕਰਕੇ ਕਈ ਬਜ਼ੁਰਗ ਮਾਂ-ਪਿਓ ਦੀ ਹਾਲਤ ਤਰਸਯੋਗ ਬਣ ਗਈ ਹੈ। 
ਇਸੇ ਲਈ ਅਸੀਂ ਆਪਣੇ ਲੇਖਾਂ ’ਚ ਵਾਰ-ਵਾਰ ਲਿਖਦੇ ਰਹਿੰਦੇ ਹਾਂ ਕਿ ਮਾਤਾ-ਪਿਤਾ ਆਪਣੀ ਜਾਇਦਾਦ ਦੀ ਵਸੀਅਤ ਤਾਂ ਬੱਚਿਅਾਂ ਦੇ ਨਾਂ ਜ਼ਰੂਰ ਕਰ ਦੇਣ ਪਰ ਉਸ ਨੂੰ ਟਰਾਂਸਫਰ ਬਿਲਕੁਲ ਨਾ ਕਰਨ। ਅਜਿਹਾ ਕਰ ਕੇ ਉਹ ਆਪਣੇ ਜੀਵਨ ਦੀ ਸੰਧਿਆ ’ਚ ਆਉਣ ਵਾਲੀਅਾਂ ਕਈ ਪ੍ਰੇਸ਼ਾਨੀਅਾਂ ਤੋਂ ਬਚ ਸਕਦੇ ਹਨ। 
ਹੁਣੇ ਜਿਹੇ ਹੀ 3 ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਜਾਂ ਤਾਂ ਮਾਂ-ਪਿਓ ਨੂੰ ਆਪਣੀਅਾਂ ਔਲਾਦਾਂ ਹੱਥੋਂ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਜਾਂ ਇਨਸਾਫ ਲਈ ਅਦਾਲਤ ਦਾ ਬੂਹਾ ਖੜਕਾਉਣਾ ਪਿਆ।
30 ਅਕਤੂਬਰ ਨੂੰ ਪਾਨੀਪਤ ਦੇ ਬਡਸ਼ਾਮ ਪਿੰਡ ’ਚ 70 ਸਾਲਾ ਬਿਸ਼ਨ ਸਿੰਘ ਨੇ ਜਦੋਂ ਆਪਣੇ ਹਿੱਸੇ ਦੀ ਜ਼ਮੀਨ ’ਤੇ ਜ਼ਬਰਦਸਤੀ ਫਸਲ ਬੀਜ ਰਹੇ ਆਪਣੇ ਛੋਟੇ ਬੇਟੇ ਨਰਿੰਦਰ ਤੇ ਉਸ ਦੇ ਸਾਲੇ ਨੂੰ ਰੋਕਿਆ ਤਾਂ ਦੋਹਾਂ ਨੇ ਮਿਲ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਵਿਚ ਪੈ ਕੇ ਬਚਾਅ ਕਰ ਰਹੀ ਮਾਂ ਨੂੰ ਵੀ ਕੁੱਟ ਦਿੱਤਾ। 
ਬਜ਼ੁਰਗ ਔਰਤ ਅਨੁਸਾਰ ਉਸ ਦੇ ਬੇਟੇ ਅਤੇ ਬੇਟੇ ਦੇ ਸਾਲੇ ਨੇ ਜਾਨ ਬਚਾ ਕੇ ਭੱਜ ਰਹੇ ਬਿਸ਼ਨ ਸਿੰਘ ਦਾ ਪਿੱਛਾ ਕਰ ਕੇ ਗਲਾ ਦਬਾ ਕੇ ਹੇਠਾਂ ਸੁੱਟ ਦਿੱਤਾ ਤੇ ਉਸ ਦੇ ਗੁਪਤ ਅੰਗ ਤੇ ਛਾਤੀ ’ਚ ਲੱਤਾਂ ਮਾਰੀਅਾਂ। 
16 ਨਵੰਬਰ ਨੂੰ ਯੂ. ਪੀ. ਦੇ ਕਾਨਪੁਰ ’ਚ ਇਕ ਬੇਵੱਸ ਮਾਂ-ਪਿਓ ਇਨਸਾਫ ਲੈਣ ਲਈ ਪੁਲਸ ਸਟੇਸ਼ਨ ਪਹੁੰਚੇ। 78 ਸਾਲਾ ਸ਼੍ਰੀ ਸ਼ਿਵ ਪ੍ਰਕਾਸ਼ ਸ਼ੁਕਲਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਇਕਲੌਤੇ ਸਕੇ ਬੇਟੇ ਤੇ ਉਸ ਦੀ ਪਤਨੀ ਨੇ ਕੁੱਟ-ਮਾਰ ਦੀ ਧਮਕੀ ਦੇ ਕੇ ਅਤੇ ਧੋਖੇ ਨਾਲ ਪੂਰੀ ਜ਼ਮੀਨ-ਜਾਇਦਾਦ ਆਪਣੇ ਨਾਂ ਲਿਖਵਾਉਣ ਤੋਂ ਬਾਅਦ ਉਨ੍ਹਾਂ ਨਾਲ ਜ਼ਾਲਿਮਾਨਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ। 
ਨੌਬਤ ਇਥੋਂ ਤਕ ਆ ਗਈ ਕਿ ਖਾਣੇ ’ਚ ਆਟੇ ਦੀ ਥਾਂ ਛਾਣ-ਬੂਰੇ  ਦੀ ਰੋਟੀ ਤੇ ਖਰਾਬ ਹੋ ਚੁੱਕੀ ਸਬਜ਼ੀ ਪਰੋਸੀ ਜਾਣ ਲੱਗੀ। ਵਿਰੋਧ ਕਰਨ ’ਤੇ ਕਲਯੁਗੀ ਨੂੰਹ-ਪੁੱਤ ਨੇ ਦੋਹਾਂ ਦੇ ਹੱਥ-ਪੈਰ ਬੰਨ੍ਹ ਕੇ ਕਮਰੇ ’ਚ ਬੰਦ ਕਰ ਦਿੱਤਾ ਤੇ ਰੌਲਾ ਪਾਉਣ ’ਤੇ  ਜਦੋਂ ਉੁਨ੍ਹਾਂ ਨੂੰ ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ ਤਾਂ ਦੋਵੇਂ ਬਜ਼ੁਰਗ ਫੁੱਟਪਾਥ ’ਤੇ ਰਹਿਣ ਤੇ ਭੀਖ ਮੰਗ ਕੇ ਆਪਣਾ ਢਿੱਡ ਭਰਨ ਲਈ ਮਜਬੂਰ ਹੋ ਗਏ।
ਹੁਣ ਪੁਲਸ ਨੇ ਬੇਟੇ ਵਿਰੁੱਧ ਤਸ਼ੱਦਦ ਦੀ ਰਿਪੋਰਟ ਦਰਜ ਕਰਦਿਅਾਂ ਉਸ ਦੀ ਗ੍ਰਿਫਤਾਰੀ ਲਈ ਟੀਮ ਦਾ ਗਠਨ ਕਰਨ ਤੋਂ ਇਲਾਵਾ ਬਜ਼ੁਰਗ ਜੋੜੇ ਨੂੰ ਉਨ੍ਹਾਂ ਦੀ ਧੀ ਦੇ ਘਰ ਭੇਜ ਦਿੱਤਾ ਹੈ। 
ਅਜਿਹਾ ਹੀ ਇਕ ਹੋਰ ਮਾਮਲਾ ਪੰਜਾਬ ’ਚ ਮੋਗਾ ਦੇ ਪਿੰਡ ਭਿੰਡਰ ਖੁਰਦ ’ਚ 2  ਪੁੱਤਾਂ ਅਤੇ 2 ਨੂੰਹਾਂ ਵਲੋਂ ਪੰਜ ਸਾਲ ਪਹਿਲਾਂ ਕੁੱਟ-ਮਾਰ ਕਰ ਕੇ ਘਰੋਂ ਕੱਢੀ ਗਈ ‘ਤਾਮਰ ਪੱਤਰ’ ਪ੍ਰਾਪਤ ਸੁਤੰਤਰਤਾ ਸੈਨਾਨੀ ਤਾਰਾ ਸਿੰਘ ਦੀ ਪਤਨੀ 92 ਸਾਲਾ ਬਚਨ ਕੌਰ ਦਾ ਹੈ। 
ਘਰੋਂ ਕੱਢੇ ਜਾਣ ਤੋਂ ਬਾਅਦ ਉਹ ਆਪਣੇ ਪੇਕੇ ਘਰ ਭਰਾ ਕੋਲ ਰਹਿਣ ਲਈ ਮਜਬੂਰ ਸੀ ਪਰ ਉਸ ਦੀ ਇੱਛਾ ਸੀ ਕਿ ਉਹ ਆਪਣੇ ਪਤੀ ਦੇ ਜੱਦੀ ਮਕਾਨ ’ਚ ਹੀ ਆਖਰੀ ਸਾਹ ਲਵੇ। ਲਿਹਾਜ਼ਾ ਉਸ ਨੇ 5 ਸਾਲ ਪਹਿਲਾਂ ਅਦਾਲਤ ’ਚ ਕੇਸ ਦਾਇਰ ਕੀਤਾ ਸੀ, ਜਿਸ ਤੋਂ ਬਾਅਦ ਆਖਿਰ 16 ਨਵੰਬਰ ਨੂੰ ਉਸ ਨੂੰ ਇਨਸਾਫ ਮਿਲਿਆ ਤੇ ਹੁਣ ਉਹ ਆਪਣੇ ਘਰ ’ਚ ਰਹਿ ਰਹੀ ਹੈ। ਨਾਲ ਹੀ ਮਹਿਲਾ ਕਾਂਸਟੇਬਲ ਦੀ ਡਿਊਟੀ ਲਾਈ ਗਈ ਹੈ ਕਿ ਉਹ ਦਿਨ ’ਚ 2 ਵਾਰ ਜਾ ਕੇ ਦੇਖੇ ਕਿ ਬਜ਼ੁਰਗ ਔਰਤ ਘਰ ’ਚ ਹੀ ਰਹਿ ਰਹੀ ਹੈ। 
ਇਸ ਤੋਂ ਇਲਾਵਾ ਸੰਨ 2016 ਤੋਂ ਬਜ਼ੁਰਗ ਔਰਤ ਨੂੰ ਹਰ ਮਹੀਨੇ 1500 ਰੁਪਏ ਖਰਚਾ ਦੇਣ ਦਾ ਹੁਕਮ ਨਾ ਮੰਨਣ ’ਤੇ ਅਦਾਲਤ ਨੇ ਉਸ ਦੇ ਬੇਟਿਅਾਂ ਨੂੰ ਅਦਾਲਤ ’ਚ ਢਾਈ ਸਾਲ ਦਾ ਗੁਜ਼ਾਰਾ ਭੱਤਾ 72,000 ਰੁਪਏ ਜਮ੍ਹਾ ਕਰਵਾਉਣ ਤੇ ਇਸ ਤੋਂ ਇਲਾਵਾ ਬਜ਼ੁਰਗ ਔਰਤ ਨੂੰ ਹਰ ਮਹੀਨੇ 1500 ਰੁਪਏ ਦੇਣ ਦਾ ਹੁਕਮ ਵੀ ਦਿੱਤਾ ਹੈ। 
ਉਕਤ ਤਿੰਨੋਂ ਹੀ ਘਟਨਾਵਾਂ ਇਸ ਗੱਲ ਦੀਅਾਂ ਗਵਾਹ ਹਨ ਕਿ ਅੱਜ ਬਜ਼ੁਰਗ ਆਪਣੀਅਾਂ ਹੀ ਔਲਾਦਾਂ ਹੱਥੋਂ ਕਿਸ ਤਰ੍ਹਾਂ ਤਸ਼ੱਦਦ ਝੱਲ ਰਹੇ ਹਨ ਤੇ ਅਪਮਾਨਿਤ ਹੋ ਰਹੇ ਹਨ। ਜੇ ਪੁਲਸ ਤੇ ਨਿਅਾਂ ਪਾਲਿਕਾ ਇਨ੍ਹਾਂ ਦੀ ਰਾਖੀ ਲਈ ਨਾ ਹੋਣ ਤਾਂ ਅੱਜ ਦੀਅਾਂ ਕਲਯੁਗੀ ਔਲਾਦਾਂ ਆਪਣੇ ਮਾਂ-ਪਿਓ ਨੂੰ ਸੜਕ ’ਤੇ ਬਿਠਾਉਣ ਅਤੇ ਭੁੱਖੇ ਮਾਰਨ ’ਚ ਕੋਈ ਕਸਰ ਹੀ ਨਾ ਛੱਡਣ।                                          

–ਵਿਜੇ ਕੁਮਾਰ


Related News