ਸੱਪਾਂ ਦੀ ਭਰਮਾਰ ਕੇਰਲ ਦੇ ਤਬਾਹ ਮਕਾਨਾਂ ''ਚ
Sunday, Aug 26, 2018 - 07:22 AM (IST)

ਕੇਰਲ 'ਚ ਹੜ੍ਹ ਦਾ ਪ੍ਰਕੋਪ ਜਾਰੀ ਹੈ ਤੇ ਸੂਬੇ ਦੇ ਲੋਕ ਇਥੋਂ ਦਾ ਸਭ ਤੋਂ ਵੱਡਾ ਤਿਉਹਾਰ ਓਣਮ ਵੀ ਨਹੀਂ ਮਨਾ ਸਕੇ। ਰਾਹਤ ਕੈਂਪਾਂ ਵਿਚ ਰਹਿਣ ਵਾਲੇ 13 ਲੱਖ ਲੋਕਾਂ ਨੂੰ ਆਪਣਾ ਭਵਿੱਖ ਧੁੰਦਲਾ ਹੋ ਗਿਆ ਲੱਗਦਾ ਹੈ। ਪਾਣੀ ਦਾ ਪੱਧਰ ਇੰਨੀ ਤੇਜ਼ੀ ਨਾਲ ਉਠਿਆ ਕਿ ਉਨ੍ਹਾਂ ਲਈ ਆਪਣੇ ਪਸ਼ੂਆਂ ਨੂੰ ਤਾਂ ਕੀ, ਉਥੋਂ ਖ਼ੁਦ ਨੂੰ ਕੱਢਣਾ ਵੀ ਮੁਸ਼ਕਿਲ ਹੋ ਗਿਆ ਸੀ।
ਵੱਡੀ ਗਿਣਤੀ ਵਿਚ ਮਕਾਨ ਅਜੇ ਵੀ ਪਾਣੀ ਵਿਚ ਡੁੱਬੇ ਹੋਏ ਹਨ। ਜਿਹੜੇ ਮਕਾਨਾਂ 'ਚੋਂ ਪਾਣੀ ਨਿਕਲ ਗਿਆ ਹੈ, ਉਥੇ ਵੀ ਸਿਵਾਏ ਦਲਦਲ ਅਤੇ ਟੁੱਟੇ ਭਾਂਡਿਆਂ ਦੇ ਕੁਝ ਨਹੀਂ ਬਚਿਆ। ਰਾਹਤ ਕੈਂਪਾਂ ਵਿਚ ਰਹਿਣ ਵਾਲੇ ਲੋਕਾਂ ਕੋਲ ਪਹਿਨਣ ਲਈ ਕੱਪੜੇ ਵੀ ਨਹੀਂ ਹਨ।
ਲੋਕਾਂ ਦੇ ਘਰਾਂ ਅਤੇ ਖੇਤਾਂ-ਖਲਿਹਾਨਾਂ ਦੇ ਖੂਹਾਂ ਅਤੇ ਟਾਇਲਟਾਂ ਵਿਚ ਗੰਦਾ ਪਾਣੀ ਭਰਿਆ ਹੋਇਆ ਹੈ ਅਤੇ ਉਹ ਇਸਤੇਮਾਲ ਦੇ ਕਾਬਿਲ ਨਹੀਂ ਰਹੇ। ਇਕ ਪਾਸੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਤ ਦਾ ਸੋਗ ਮਨਾ ਰਹੇ ਹਨ ਤੇ ਦੂਜੇ ਪਾਸੇ ਵੱਡੀ ਗਿਣਤੀ ਵਿਚ ਆਪਣੇ ਪਾਲਤੂ ਪਸ਼ੂਆਂ ਆਦਿ ਦੀ ਮੌਤ ਤੋਂ ਦੁਖੀ ਹਨ।
ਘਰਾਂ ਅਤੇ ਹੋਰਨਾਂ ਥਾਵਾਂ 'ਤੇ ਵੱਡੀ ਗਿਣਤੀ ਵਿਚ ਸੱਪ ਨਿਕਲ ਰਹੇ ਹਨ। ਇਨ੍ਹਾਂ ਵਿਚ ਕੋਬਰਾ ਅਤੇ ਰਸੇਲ ਵਾਈਪਰ ਵਰਗੇ ਸੱਪ ਵੀ ਸ਼ਾਮਿਲ ਹਨ, ਜੋ ਜੀਭਾਂ ਲਪਲਪਾਉਂਦੇ ਘਰਾਂ ਵਿਚ ਇਧਰ-ਓਧਰ ਲਿਪਟੇ ਨਜ਼ਰ ਆਉਂਦੇ ਹਨ। ਇਸ ਨਾਲ ਲੋਕਾਂ ਲਈ ਆਪਣੇ ਘਰਾਂ ਦੀ ਸਫਾਈ ਕਰਨਾ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ।
ਵੱਡੀ ਗਿਣਤੀ ਵਿਚ ਸੱਪਾਂ ਵਲੋਂ ਲੋਕਾਂ ਨੂੰ ਡੰਗੇ ਜਾਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹਸਪਤਾਲਾਂ ਵਿਚ ਅਜਿਹੇ ਰੋਗੀਆਂ ਦੀ ਭੀੜ ਲੱਗੀ ਹੋਈ ਹੈ। ਸੱਪਾਂ ਨੂੰ ਫੜਨ ਲਈ ਲੋਕ ਸਪੇਰਿਆਂ ਦੀਆਂ ਸੇਵਾਵਾਂ ਵੀ ਲੈ ਰਹੇ ਹਨ ਤੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਕੁਲ ਮਿਲਾ ਕੇ ਲੋਕ ਨਰਕ ਵਰਗੀ ਜ਼ਿੰਦਗੀ ਜੀਣ ਲਈ ਮਜਬੂਰ ਹਨ ਅਤੇ ਆਉਣ ਵਾਲੀ ਸਹਾਇਤਾ ਨਾਕਾਫੀ ਹੈ, ਜਿਸ ਦੀ ਪੂਰਤੀ ਲਈ ਲੋਕਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ। —ਵਿਜੇ ਕੁਮਾਰ