ਮੁਕਾਬਲਾ ਕਿਤੇ ‘ਪਤੀ-ਪਤਨੀ’, ‘ਦਿਓਰ-ਭਾਬੀ’ ਤੇ ਕਿਤੇ-ਕਿਤੇ ‘ਦਰਾਣੀ-ਜੇਠਾਣੀ’ ਵਿਚਾਲੇ

10/08/2020 2:15:44 AM

243 ਮੈਂਬਰੀ ਬਿਹਾਰ ਵਿਧਾਨ ਸਭਾ ਦੀਅਾਂ ਚੋਣਾਂ ਲਈ 1 ਅਕਤੂਬਰ ਤੋਂ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦਾ ਪਹਿਲਾ ਪੜਾਅ ਸ਼ੁਰੂ ਹੁੰਦੇ ਹੀ ਉਥੇ ਸਿਆਸੀ ਸਰਗਰਮੀਅਾਂ ਜ਼ੋਰ ਫੜਣ ਲੱਗੀਅਾਂ ਹਨ, ਜੋ ਕੋਰੋਨਾ ਕਾਲ ’ਚ ਹੋਣ ਵਾਲੀ ਪਹਿਲੀ ਚੋਣ ਹੈ।

‘ਲੋਜਪਾ’ ਸੁਪਰੀਮੋ ਚਿਰਾਗ ਪਾਸਵਾਨ ਵਲੋਂ ਜਦ (ਯੂ) ਸੁਪਰੀਮੋ ਨਿਤੀਸ਼ ਕੁਮਾਰ ਨਾਲ ਨਾਰਾਜ਼ਗੀ ਦੇ ਕਾਰਨ ‘ਰਾਜਗ’ ਨਾਲੋਂ ਅਲਗ ਹੋ ਕੇ ਚੋਣ ਲੜਨ ਦੇ ਫੈਸਲੇ ਤੋਂ ਬਾਅਦ ਬਿਹਾਰ ਰਾਜਗ ’ਚ ਸਿਰਫ 4 ਪਾਰਟੀਅਾਂ ਭਾਜਪਾ, ਜਦ (ਯੂ), ਵਿਕਾਸਸ਼ੀਲ ਇਨਸਾਨ ਪਾਰਟੀ (ਵੀ.ਆਈ.ਪੀ.) ਅਤੇ ‘ਹਮ’ ਰਹਿ ਗਈਅਾਂ ਹਨ।

ਉਂਝ ਬਿਹਾਰ ’ਚ ਲੋਜਪਾ ਅਤੇ ਰਾਜਗ ਦੇ ਦਰਮਿਆਨ ਦੂਰੀ ਦਾ ਇਹ ਸੰਕੇਤ ਤਾਂ ਕੁਝ ਦਿਨ ਪਹਿਲਾਂ ਹੀ ਮਿਲ ਗਿਆ ਸੀ ਜਦੋਂ ਪਟਨਾ ’ਚ ‘ਨਿਅਾਏ ਕੇ ਸਾਥ ਤਰੱਕੀ, ਨਿਤੀਸ਼ ਕੀ ਬਾਤ ਪੱਕੀ’ ਨਾਅਰੇ ਦੇ ਨਾਲ ਨਰਿੰਦਰ ਮੋਦੀ ਅਤੇ ਨਿਤੀਸ਼ ਕੁਮਾਰ ਦੀਅਾਂ ਤਸਵੀਰਾਂ ਵਾਲੇ ਪੋਸਟਰ ਚਿਪਕਾਏ ਗਏ ਸਨ ਅਤੇ ਉਨ੍ਹਾਂ ’ਚ ਚਿਰਾਗ ਪਾਸਵਾਨ ਦੀ ‘ਲੋਜਪਾ’ ਗਾਇਬ ਸੀ।

ਹੁਣ ਜਦਕਿ ਪਹਿਲੇ ਪੜਾਅ ਲਈ ਨਾਮਜ਼ਦਗੀਅਾਂ ਸ਼ੁਰੂ ਹੋ ਚੁੱਕੀਅਾਂ ਹਨ, ਕੁਝ ਦਿਲਚਸਪ ਘਟਨਾਕ੍ਰਮ ਵੀ ਸਾਹਮਣੇ ਆ ਰਹੇ ਹਨ ਜਿਨ੍ਹਾਂ ’ਚੋਂ ਕੁਝ ਕੁ ਹੇਠਾਂ ਦਰਜ ਹਨ :

* ਭੋਜਪੁਰ ਦੀ ‘ਸੰਦੇਸ਼’ ਵਿਧਾਨ ਸਭਾ ਸੀਟ ’ਤੇ ਪਿਛਲੀ ਵਾਰ ਦੇ ਜੇਤੂ ਅਰੁਣ ਕੁਮਾਰ ਯਾਦਵ (ਰਾਜਦ) ਕਿਉਂਕਿ ਜਬਰ-ਜ਼ਨਾਹ ਦੇ ਇਕ ਮਾਮਲੇ ’ਚ ਫਰਾਰ ਹਨ, ਇਸ ਲਈ ਪਾਰਟੀ ਨੇ ਉਨ੍ਹਾਂ ਦੀ ਪਤਨੀ ਕਿਰਨ ਦੇਵੀ ਨੂੰ ਟਿਕਟ ਦਿੱਤੀ ਹੈ ਅਤੇ ਜਦ (ਯੂ) ਨੇ ਅਰੁਣ ਯਾਦਵ ਦੇ ਭਰਾ ਵਿਜੇਂਦਰ ਨੂੰ ਟਿਕਟ ਦੇ ਕੇ ਦਿਓਰ-ਭਾਬੀ ’ਚ ਮੁਕਾਬਲਾ ਬਣਾ ਦਿੱਤਾ ਹੈ।

* ਸ਼ਾਹਪੁਰ ਤੋਂ ਭਾਜਪਾ ਨੇ ਹਲਕੇ ਦੇ ਸਵ. ਨੇਤਾ ਵਿਸ਼ੇਸ਼ਵਰ ਓਝਾ ਦੇ ਛੋਟੇ ਭਰਾ ਭੁਅਰ ਓਝਾ ਦੀ ਪਤਨੀ ਮੁੰਨੀ ਦੇਵੀ ਨੂੰ ਚੋਣ ’ਚ ਉਤਾਰਿਆ ਹੈ ਤਾਂ ਦੂਜੇ ਪਾਸੇ ਵਿਸ਼ੇਸ਼ਵਰ ਦੀ ਪਤਨੀ ਸ਼ੋਭਾ ਦੇਵੀ ਨੇ ਪਾਰਟੀ ਵਲੋਂ ਟਿਕਟ ਨਾ ਦੇਣ ਤੋਂ ਨਾਰਾਜ਼ ਹੋ ਕੇ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਕੇ ਦਰਾਣੀ ਦੇ ਵਿਰੁੱਧ ਹਿੱਕ ਠੋਕ ਦਿੱਤੀ ਹੈ।

* ਪਟਨਾ ਦੀ ਪਾਲੀਗੰਜ ਸੀਟ ਤੋਂ ‘ਪੀਪੁਲਸ ਪਾਰਟੀ ਆਫ ਇੰਡੀਆ’ (ਡੈਮੋਕ੍ਰੇਟਿਕ) ਦੇ ਉਮੀਦਵਾਰ ਰਵਿੰਦਰ ਪ੍ਰਸਾਦ ਝੋਟੇ ’ਤੇ ਸਵਾਰ ਹੋ ਕੇ ਬਿਨਾਂ ਮਾਸਕ ਲਗਾਏ ਨਾਮਜ਼ਦਗੀ ਦਾਖਲ ਕਰਨ ਪਹੁੰਚੇ। ਉਨ੍ਹਾਂ ਕਿਹਾ, ‘‘ਝੋਟਾ ਸਾਡੇ ਵੱਡੇ-ਵੱਢੇਰਿਅਾਂ ਦੀ ਸਵਾਰੀ ਅਤੇ ਸਾਡਾ ਦੋਸਤ ਹੈ । ਕੋਰੋਨਾ ਨਹੀਂ ਹੈ, ਇਸ ਲਈ ਮਾਸਕ ਵੀ ਨਹੀਂ ਹੈ।’’

* 2015 ਦੀਅਾਂ ਚੋਣਾਂ ਲਈ ਦਿੱਤੇ ਹਲਫੀਅਾ ਬਿਆਨ ਅਨੁਸਾਰ ਅਰਰਿਆ ਤੋਂ ਜਦ(ਯੂ) ਦੀ ਵਿਧਾਇਕ ਪੂਨਮ ਯਾਦਵ ਬਿਹਾਰ ਦੀ ਸਭ ਤੋਂ ਅਮੀਰ ਵਿਧਾਇਕਾ ਹਨ ਅਤੇ ਉਨ੍ਹਾਂ ਕੋਲ 41 ਕਰੋੜ ਤੋਂ ਵੱਧ ਦੀ ਜਾਇਦਾਦ ਸੀ, ਜੋ ਹੁਣ ਤਾਂ ਹੋਰ ਵਧ ਗਈ ਹੈ।

ਪੂਨਮ ਦੇ ਬਾਹੂਬਲੀ ਪਤੀ ਰਣਵੀਰ ਯਾਦਵ ਦੀਅਾਂ ਦੋ ਪਤਨੀਅਾਂ ਹਨ ਕਿਉਂਕਿ ਕਤਲੇਆਮ ਦੇ ਦੋਸ਼ ’ਚ ਦੋਸ਼ੀ ਕਰਾਰ ਦਿੱਤੇ ਜਾਣ ਕਾਰਨ ਉਹ ਚੋਣ ਨਹੀਂ ਲੜ ਸਕਦੇ, ਇਸ ਲਈ ਉਹ ਆਪਣੀਅਾਂ ਦੋਵਾਂ ਪਤਨੀਅਾਂ ਪੂਨਮ ਤੇ ਕ੍ਰਿਸ਼ਣਾ ਯਾਦਵ ਨੂੰ ਚੋਣ ਲੜਾਉਣਗੇ।

* ਉਹ ਦੋਵੇਂ ਸਕੀਅਾਂ ਭੈਣਾਂ ਹਨ ਅਤੇ ਇਕ ਹੀ ਘਰ ’ਚ ਰਹਿੰਦੀਅਾਂ ਹਨ ਪਰ ਅਲੱਗ-ਅਲੱਗ ਪਾਰੀਅਾਂ ਜਦ (ਯੂ) ਅਤੇ ਰਾਜਦ ਵਲੋਂ ਚੋਣ ਲੜਦੀਅਾਂ ਹਨ ਅਤੇ ਇਕ ਹੀ ਘਰ ’ਚ ਜਦ (ਯੂ) ਅਤੇ ਰਾਜਦ ਵਲੋਂ ਉਨ੍ਹਾਂ ਦੀ ਜਿੱਤ ਦੀ ਰਣਨੀਤੀ ਬਣਦੀ ਹੈ।

* ‘ਰਾਜਦ’ ਦੇ ਨਵਾਦਾ ਤੋਂ ਜਬਰ-ਜ਼ਨਾਹ ਦੇ ਮਾਮਲੇ ’ਚ ਸਜ਼ਾਯਾਫਤਾ ਰਾਜਵੱਲਭ ਯਾਦਵ ਦੀ ਪਤਨੀ ਵਿਵਾ ਦੇਵੀ ਨੂੰ ਵੀ ਟਿਕਟ ਦਿੱਤੀ ਗਈ ਹੈ।

*ਬਿਹਾਰ ਦੇ ਸਾਬਕਾ ਮੰਤਰੀ ਅਤੇ ਲਾਲੂ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਹਸਨਪੁਰ ਸੀਟ ਤੋਂ ਚੋਣ ਲੜਨ ਜਾ ਰਹੇ ਹਨ ਅਤੇ ਜਦ (ਯੂ) ਤੇਜ ਪ੍ਰਤਾਪ ਦੇ ਵਿਰੁੱਧ ਉਨ੍ਹਾਂ ਦੀ ਨਾਰਾਜ਼ ਪਤਨੀ ਐਸ਼ਵਰਿਆ ਰਾਏ ਨੂੰ ਚੋਣ ’ਚ ਉਤਾਰ ਸਕਦੀ ਹੈ।

ਬਿਹਾਰ ’ਚ ਸਿਆਸਤ ਦੇ ਘਾਗਾਂ ਨੂੰ ਚੁਣੌਤੀ ਦੇਣ ਲਈ ‘ਲੰਦਨ ਸਕੂਲ ਆਫ ਇਕਨਾਮਿਕਸ’ ਵਿਚ ਪੜ੍ਹ ਕੇ ਆਈ ‘ਪੁਸ਼ਪਮ ਪ੍ਰਿਆ ਚੌਧਰੀ’ ਨੇ ‘ਪਲੂਰਲਸ ਪਾਰਟੀ’ ਬਣਾਈ ਹੈ। ਇਸ ਸਾਲ ਦੇ ਸ਼ੁਰੂ ’ਚ ਬਿਹਾਰ ਦੀਅਾਂ ਅਖਬਾਰਾਂ ’ਚ ਇਕ ਇਸ਼ਤਿਹਾਰ ਰਾਹੀਂ ਬਿਹਾਰ ਵਿਧਾਨ ਸਭਾ ਦੀ ਚੋਣ ਲੜਨ ਦਾ ਐਲਾਨ ਅਤੇ ਖੁਦ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਹੋਣ ਦਾ ਐਲਾਨ ਕਰ ਕੇ ਸਿਆਸੀ ਹਲਕਿਅਾਂ ’ਚ ਭੜਥੂ ਪਾ ਦਿੱਤਾ ਸੀ।

‘ਪੁਸ਼ਪਮ ਪ੍ਰਿਆ’ ਦੇ ਅਨੁਸਾਰ ਉਨ੍ਹਾਂ ਵਲੋਂ ਐਲਾਨੇ ਉਮੀਦਵਾਰ ਸਮਾਜਿਕ ਵਰਕਰ, ਅਧਿਆਪਕ, ਕਿਸਾਨ, ਪ੍ਰੋਫੈਸਰ, ਵਕੀਲ, ਇੰਜੀਨੀਅਰ, ਮਰਚੈਂਟ ਨੇਵੀ ਅਫਸਰ ਅਤੇ ਡਾਕਟਰ ਵਰਗੇ ਪੜ੍ਹੇ-ਲਿਖੇ ਕਿੱਤੇ ਨਾਲ ਜੁੜੇ ਲੋਕ ਹਨ, ਉਥੇ ਉਨ੍ਹਾਂ ਵਲੋਂ ਜਾਰੀ ਉਮੀਦਵਾਰਾਂ ਦੀ ਸੂਚੀ ’ਚ ਇਕ ਕਾਲਮ ‘ਧਰਮ’ ਦਾ ਵੀ ਰੱਖਿਆ ਹੈ, ਜਿਸ ’ਚ ਸਾਰੇ ਉਮੀਦਵਾਰਾਂ ਦਾ ਧਰਮ ‘ਬਿਹਾਰੀ’ ਦੱਸਿਆ ਗਿਆ ਹੈ।

* ਜਿਥੇ ਚਿਰਾਗ ਪਾਸਵਾਨ (ਲੋਜਪਾ) ਨੇ ਅਜੇ ਵੀ ‘ਰਾਜਗ’ ਦੇ ਨਾਲ ਹੋਣ ਦੀ ਗੱਲ ਕਹੀ ਹੈ ਕਿਉਂਕਿ ਉਨ੍ਹਾਂ ਦੀ ਪਾਰਟੀ ਕੇਂਦਰ ‘ਰਾਜਗ’ ਸਰਕਾਰ ’ਚ ਭਾਈਵਾਲ ਹੈ, ਓਧਰ ਭਾਜਪਾ ਨੇ ਕਿਹਾ ਹੈ ਕਿ ਉਹ ‘ਲੋਜਪਾ’ ਅਤੇ ਕਿਸੇ ਵੀ ਹੋਰ ਗੈਰ-ਰਾਜਗ ਪਾਰਟੀ ਨੂੰ ਆਪਣੇ ਪ੍ਰਚਾਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।

ਭਾਜਪਾ ਨੇ ਅਜਿਹਾ ਕਰਨ ਵਾਲੀ ਕਿਸੇ ਵੀ ਪਾਰਟੀ ਦੇ ਵਿਰੁੱਧ ਐੱਫ.ਆਈ.ਆਰ. ਦਰਜ ਕਰਵਾਉਣ ਦੀ ਚਿਤਾਵਨੀ ਦਿੱਤੀ ਹੈ। ਇਸ ਦਰਮਿਆਨ ਰਾਮਵਿਲਾਸ ਪਾਸਵਾਨ ਦੇ ਬੀਮਾਰ ਹੋਣ ਨਾਲ ਵੀ ‘ਲੋਜਪਾ’ ਦੀ ਮੁਸ਼ਕਲ ਵਧ ਗਈ ਹੈ।

ਇਹ ਪਾਰਟੀ ਦੂਸਰੀਅਾਂ ਪਾਰਟੀਅਾਂ ਦੇ ਅਸੰਤੁਸ਼ਟਾਂ ਲਈ ਪਨਾਹ ਵਾਲੀ ਥਾਂ ਬਣਦੀ ਜਾ ਰਹੀ ਹੈ। ਇਕ ਲੋਜਪਾ ਨੇਤਾ ਦੇ ਅਨੁਸਾਰ, ਭਾਜਪਾ, ਜਦ (ਯੂ) ਅਤੇ ਰਾਜਦ ਦੇ ਦਰਜਨਾਂ ਮਹਾਰਥੀ ਆਗੂ ‘ਲੋਜਪਾ’ ਟਿਕਟ ’ਤੇ ਚੋਣ ਲੜਨ ਲਈ ਤਿਆਰ ਹਨ।

* 2015 ’ਚ ਸੂਬੇ ਦੇ ਮੁੱਖ ਮੰਤਰੀ ਦੇ ਉਮੀਦਵਾਰ ਦੇ ਰੂਪ ’ਚ ਵਾਂਝੇ ਰਹੇ ਭਾਜਪਾ ਨੇਤਾ ਅਤੇ ਸਾਬਕਾ ਪ੍ਰਦੇਸ਼ ਉਪ ਪ੍ਰਧਾਨ ਰਜਿੰਦਰ ਸਿੰਘ ਨੇ ਲੋਜਪਾ ਦਾ ਪੱਲਾ ਫੜ ਲਿਆ ਹੈ। ਇਸੇ ਤਰ੍ਹਾਂ ਭਾਜਪਾ ਨੇਤਾ ਅਤੇ ਸਾਬਕਾ ਪ੍ਰਦੇਸ਼ ਉਪ ਪ੍ਰਧਾਨ ਊਸ਼ਾ ਵਿਦਿਆਰਥੀ ਵੀ ‘ਲੋਜਪਾ’ ’ਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਨੇ ਚਿਰਾਗ ਪਾਸਵਾਨ ਦੇ ਪਾਲੀਗੰਜ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਕੇ ਜਦ (ਯੂ) ਦੇ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ।

* ਭਾਜਪਾ ਅਤੇ ਲੋਜਪਾ ਨੂੰ ਇਕ ਝਟਕਾ ਰਾਜਦ ਨੇ ਵੀ ਦਿੱਤਾ ਹੈ ਅਤੇ ਲੋਜਪਾ ਦੇ ਖਗੜੀਆ ਤੋਂ ਸੰਸਦ ਮੈਂਬਰ ਮਹਿਬੂਬ ਅਲੀ ਕੈਸਰ ਦੇ ਪੁੱਤਰ ਯੁਸੂਫ ਕੈਸਰ ਅਤੇ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੇ ਸੂਬਾ ਬੁਲਾਰੇ ਵਿਸ਼ਵ ਮੋਹਨ ਮੰਡਲ ਨੇ ਰਾਜਦ ਦਾ ਪੱਲਾ ਫੜ ਲਿਆ ਹੈ।

* ‘ਰਾਜਦ’ ਨਾਲੋਂ ਨਾਤਾ ਤੋੜ ਕੇ ‘ਰਾਜਗ’ ਵਿਚ ਸ਼ਾਮਲ ਹੋਈ ‘ਵਿਕਾਸਸ਼ੀਲ ਇਨਸਾਨ ਪਾਰਟੀ’ ਜਿਸ ਨੂੰ ਭਾਜਪਾ ਵਲੋਂ ਆਪਣੇ ਕੋਟੇ ’ਚੋਂ 11 ਸੀਟਾਂ ਦੇਣ ਦੀ ਸੰਭਾਵਨਾ ਹੈ, ਦੇ ਆਗੂ ਮੁਕੇਸ਼ ਸਹਿਨੀ ਨੂੰ ‘ਰਾਜਦ’ ਦੇ ਤੇਜਸਵੀ ਯਾਦਵ ਤੋਂ ਡਰ ਲੱਗਾ ਅਤੇ ਪਾਰਟੀ ਨੇ ਕੇਂਦਰ ਤੇ ਸੂਬਾ ਸਰਕਾਰ ਕੋਲ ੋਂ ਉਨ੍ਹਾਂ ਨੂੰ ਉੱਚ ਪੱਧਰੀ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ।

ਜੋ ਵੀ ਹੋਵੇ, ਚੋਣਾਂ ਦਾ ਨਤੀਜਾ ਤਾਂ 10 ਨਵੰਬਰ ਨੂੰ ਪਤਾ ਲੱਗੇਗਾ ਪਰ ਕਿਉਂਕਿ ਇਸ ਦਰਮਿਆਨ ਬਿਹਾਰ ਤੋਂ ਦੂਜੇ ਸੂਬਿਅਾਂ ਲਈ ਕਿਰਤੀਅਾਂ ਦੀ ਹਿਜਰਤ ਸ਼ੁਰੂ ਹੋ ਚੁੱਕੀ ਹੈ, ਇਸ ਲਈ ਪੋਲਿੰਗ ਦਾ ਫੀਸਦੀ ਘਟਣ ਅਤੇ ਚੋਣ ਨਤੀਜੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ।

–ਵਿਜੇ ਕੁਮਾਰ


Bharat Thapa

Content Editor

Related News