ਭਾਜਪਾ ਨੇ ਜੀ. ਐੱਸ. ਟੀ. ’ਚ ਦਿੱਤੀਆਂ ਰਿਆਇਤਾਂ ਅਤੇ ਵਧਾਉਣਾ ਗੱਠਜੋੜ ਸਹਿਯੋਗੀਅਾਂ ਵੱਲ ਦੋਸਤੀ ਦਾ ਹੱਥ

01/12/2019 7:55:46 AM

ਕੇਂਦਰ ਸਰਕਾਰ ਵਲੋਂ 1 ਜੁਲਾਈ 2017 ਨੂੰ ਲਾਗੂ ਕੀਤੇ ਗਏ ਜੀ. ਐੱਸ. ਟੀ. ਨੇ ਖਾਸ ਤੌਰ ’ਤੇ ਵਪਾਰੀ ਵਰਗ ਲਈ ਭਾਰੀ ਸਮੱਸਿਆਵਾਂ ਖੜ੍ਹੀਅਾਂ ਕੀਤੀਅਾਂ ਹੋਈਆਂ ਹਨ ਤੇ ਲੱਖਾਂ ਦੀ ਗਿਣਤੀ ’ਚ ਛੋਟੇ-ਵੱਡੇ ਵਪਾਰੀ ਆਪਣੇ ਅਦਾਰਿਅਾਂ ਨੂੰ ਜਿੰਦਰੇ ਲਾਉਣ ਲਈ ਮਜਬੂਰ ਹੋਏ। 
ਜੀ. ਐੱਸ. ਟੀ. ਨੂੰ ਲੈ ਕੇ ਲੋਕ-ਰੋਹ ਅਤੇ ਵਪਾਰ-ਉਦਯੋਗ ਉੱਤੇ ਪੈਣ ਵਾਲੇ ਬੁਰੇ ਅਸਰ ਨੂੰ ਦੇਖਦਿਅਾਂ ਕੇਂਦਰ ਸਰਕਾਰ ਨੇ ਵੱਖ-ਵੱਖ ਪੜਾਵਾਂ ’ਚ ਕੁਝ ਰਾਹਤ ਦਿੱਤੀ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ’ਚ ਜ਼ਿਆਦਾ ਟੈਕਸ ਵਾਲੀਅਾਂ ਚੀਜ਼ਾਂ ਉਤੋਂ ਟੈਕਸ ਘਟਾਉਣਾ ਬਾਕੀ ਸੀ। 
ਅਸੀਂ ਆਪਣੇ 11 ਨਵੰਬਰ 2017 ਦੇ ਸੰਪਾਦਕੀ ‘ਹਿਮਾਚਲ-ਗੁਜਰਾਤ ਦੀਅਾਂ ਚੋਣਾਂ ਕਾਰਨ ਕਈ ਚੀਜ਼ਾਂ ’ਤੇ ਜੀ. ਐੱਸ. ਟੀ. ਦੀ ਦਰ ਘਟਾ ਕੇ 18 ਫੀਸਦੀ ਕੀਤੀ ਗਈ’ ਵਿਚ ਲਿਖਿਆ ਸੀ ਕਿ ‘‘ਹਾਲਾਂਕਿ ਟੈਕਸ ਸਲੈਬ ’ਚ ਕੁਝ ਛੋਟ ਦਿੱਤੀ ਗਈ ਹੈ ਪਰ ਇੰਨਾ ਹੀ ਕਾਫੀ ਨਹੀਂ ਹੈ ਤੇ ਇਸ ਸਬੰਧ ’ਚ ਬਹੁਤ ਕੁਝ ਕਰਨਾ ਬਾਕੀ ਹੈ।’’
ਇਸ ਮੁੱਦੇ ’ਤੇ ਵਿਚਾਰ-ਵਟਾਂਦਰੇ ਅਤੇ ਇਸ ਸਾਲ ਹੋਣ ਵਾਲੀਅਾਂ ਚੋਣਾਂ ਦੇ ਦਬਾਅ ਕਾਰਨ ਕੇਂਦਰ ਸਰਕਾਰ ਨੇ ਵੱਖ-ਵੱਖ ਚੀਜ਼ਾਂ ’ਤੇ ਜੀ. ਐੱਸ. ਟੀ. ਦੀ ਦਰ ਘਟਾਉਣ ਦਾ ਐਲਾਨ ਕੀਤਾ, ਜੋ ਇਸ ਸਾਲ 1 ਜਨਵਰੀ ਤੋਂ ਲਾਗੂ ਹੋ ਗਈ ਹੈ। 
ਹੁਣ ਕੇਂਦਰ ਸਰਕਾਰ ਨੇ ਇਸ ਮਾਮਲੇ ’ਚ ਇਕ ਹੋਰ ਕਦਮ 10 ਜਨਵਰੀ ਨੂੰ ਚੁੱਕਿਆ, ਜਦੋਂ ਛੋਟੇ ਕਾਰੋਬਾਰੀਅਾਂ ਨੂੰ ਰਾਹਤ ਦਿੰਦਿਅਾਂ ਜੀ. ਐੱਸ. ਟੀ. ’ਚ ਛੋਟ ਦੀ ਹੱਦ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕਰ ਦਿੱਤੀ।
ਇਸ ਤੋਂ ਇਲਾਵਾ ਹੁਣ ਡੇਢ ਕਰੋੜ ਰੁਪਏ ਤਕ ਸਾਲਾਨਾ ਕਾਰੋਬਾਰ ਕਰਨ ਵਾਲੀਅਾਂ ਇਕਾਈਅਾਂ 1 ਫੀਸਦੀ ਦੀ ਦਰ ਨਾਲ ਜੀ. ਐੱਸ. ਟੀ. ਭੁਗਤਾਨ ਦੀ ਕੰਪੋਜ਼ੀਸ਼ਨ ਸਕੀਮ ਦਾ ਲਾਭ ਉਠਾ ਸਕਣਗੀਅਾਂ, ਜਦਕਿ ਪਹਿਲਾਂ ਇਹ ਸਹੂਲਤ 1 ਕਰੋੜ ਰੁਪਏ ਤਕ ਦੇ ਕਾਰੋਬਾਰ ’ਤੇ ਹਾਸਿਲ ਸੀ ਤੇ ਇਹ ਵਿਵਸਥਾ 1 ਅਪ੍ਰੈਲ ਤੋਂ ਲਾਗੂ ਹੋਵੇਗੀ।
ਕੇਂਦਰ ਸਰਕਾਰ ਵਲੋਂ ਉਕਤ ਸਹੂਲਤ ਦਿੱਤੇ ਜਾਣ ਤੋਂ ਬਾਅਦ ਵੀ ਅਸੀਂ ਸਮਝਦੇ ਹਾਂ ਕਿ ਅਜੇ ਵੀ ਵੱਖ-ਵੱਖ ਮਦਾਂ ’ਤੇ ਰਿਆਇਤਾਂ ਦੇਣ ਦੀ ਗੁੰਜਾਇਸ਼ ਮੌਜੂਦ ਹੈ, ਲਿਹਾਜ਼ਾ ਕੁਝ ਸਮੇਂ ਬਾਅਦ ਸਰਕਾਰ ਨੂੰ ਇਸ ਬਾਰੇ ਫਿਰ ਜਾਇਜ਼ਾ ਲੈ ਕੇ ਜਿੱਥੇ ਸੰਭਵ ਹੋਵੇ, ਉਥੇ ਹੋਰ ਰਿਆਇਤਾਂ ਜ਼ਰੂਰ ਦੇਣੀਅਾਂ ਚਾਹੀਦੀਅਾਂ ਹਨ। 
ਜਿੱਥੇ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਕੇਂਦਰ ਦੀ ਭਾਜਪਾ ਸਰਕਾਰ ਨੇ 10 ਜਨਵਰੀ ਨੂੰ ਛੋਟੇ ਕਾਰੋਬਾਰੀਅਾਂ ਨੂੰ ਰਾਹਤ ਦੇਣ ਦਾ ਹਾਂਪੱਖੀ ਐਲਾਨ ਕੀਤਾ ਹੈ, ਉਥੇ ਹੀ ਇਸੇ ਦਿਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਨਵੇਂ ਗੱਠਜੋੜ ਸਹਿਯੋਗੀ ਬਣਾਉਣ ਅਤੇ ਪੁਰਾਣੇ ਗੱਠਜੋੜ ਸਹਿਯੋਗੀਅਾਂ ਨਾਲ ਦੋਸਤੀ ਨਿਭਾਉਣ ਦਾ ਵੀ ਉਚਿਤ ਸੰਕੇਤ ਦਿੱਤਾ। 
ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਨੇ ਆਪਣੇ ਨਾਲ 26 ਪਾਰਟੀਅਾਂ ਨੂੰ ਜੋੜਿਆ ਹੋਇਆ ਸੀ ਪਰ ਮੌਜੂਦਾ ਭਾਜਪਾ ਲੀਡਰਸ਼ਿਪ ਲਈ ਆਪਣੇ ਗਿਣੇ-ਚੁਣੇ ਗੱਠਜੋੜ ਸਹਿਯੋਗੀਅਾਂ ’ਚੋਂ ਕੁਝ ਕੁ ਨੂੰ ਸੰਭਾਲਣਾ ਹੀ ਮੁਸ਼ਕਿਲ ਹੋ ਰਿਹਾ ਹੈ, ਜਿਨ੍ਹਾਂ ’ਚ ਸ਼ਿਵ ਸੈਨਾ ਅਤੇ ਅਪਨਾ ਦਲ ਆਦਿ ਸ਼ਾਮਿਲ ਹਨ। 
ਹੁਣ ਵਿਰੋਧੀ ਪਾਰਟੀਅਾਂ ਵਲੋਂ ਕੀਤੇ ਜਾਣ ਵਾਲੇ ਗੱਠਜੋੜ ਨੂੰ ਦੇਖਦਿਅਾਂ ਸ਼੍ਰੀ ਨਰਿੰਦਰ ਮੋਦੀ ਨੇ ਵੀ ਸਵ. ਵਾਜਪਾਈ ਜੀ ਵਲੋਂ ਸ਼ੁਰੂ ਕੀਤੀ ਗਈ ਸਫਲ ਗੱਠਜੋੜ ਸਿਆਸਤ ਨੂੰ ਯਾਦ ਕਰਦਿਅਾਂ ਕਿਹਾ ਕਿ ‘‘20 ਸਾਲ ਪਹਿਲਾਂ ਅਟਲ ਜੀ ਨੇ ਜੋ ਰਾਹ ਸਾਨੂੰ ਦਿਖਾਇਆ ਸੀ, ਭਾਜਪਾ ਉਸੇ ਦੀ ਪਾਲਣਾ ਕਰ ਰਹੀ ਹੈ ਤੇ ਇਸ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।’’
ਹਾਲਾਂਕਿ ਵਿਰੋਧੀ ਪਾਰਟੀਅਾਂ ਕਹਿ ਰਹੀਅਾਂ ਹਨ ਕਿ ਭਾਜਪਾ ਇਹ ਸਭ ਆਉਣ ਵਾਲੀਅਾਂ ਲੋਕ ਸਭਾ ਚੋਣਾਂ ਕਾਰਨ ਕਰ ਰਹੀ ਹੈ ਪਰ ਸ਼੍ਰੀ ਮੋਦੀ ਦਾ ਉਕਤ ਬਿਆਨ ਸਵਾਗਤਯੋਗ ਹੈ। ਇਸ ਨਾਲ ਪਾਰਟੀਅਾਂ ’ਚ ਤਾਲਮੇਲ ਵਧੇਗਾ ਅਤੇ ਵਿਰੋਧ ਘਟੇਗਾ ਪਰ ਇੰਨਾ ਹੀ ਕਾਫੀ ਨਹੀਂ ਹੈ। 
ਭਾਜਪਾ ਲੀਡਰਸ਼ਿਪ ਨੂੰ ਆਪਣੇ ਗੱਠਜੋੜ ਸਹਿਯੋਗੀਅਾਂ ਦੀ ਨਾਰਾਜ਼ਗੀ ਦੂਰ ਕਰਨ ਤੋਂ ਇਲਾਵਾ ਆਪਣੇ ਅਣਗੌਲੇ ਅਤੇ ਨਾਰਾਜ਼ ਬਜ਼ੁਰਗ ਆਗੂਅਾਂ ਲਾਲ ਕ੍ਰਿਸ਼ਨ ਅਡਵਾਨੀ, ਅਰੁਣ ਸ਼ੋਰੀ, ਯਸ਼ਵੰਤ ਸਿਨ੍ਹਾ, ਮੁਰਲੀ ਮਨੋਹਰ ਜੋਸ਼ੀ, ਸ਼ਤਰੂਘਨ ਸਿਨ੍ਹਾ, ਸੰਜੇ ਜੋਸ਼ੀ ਆਦਿ ਨੂੰ ਵੀ ਵਾਪਿਸ ਮੁੱਖ ਧਾਰਾ ’ਚ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਨ੍ਹਾਂ ਲੋਕਾਂ ਨੇ ਪਾਰਟੀ ਲਈ ਤਿਆਗ ਕੀਤੇ ਹਨ ਅਤੇ ਪਾਰਟੀ ਨੂੰ ਆਪਣੇ ਜੀਵਨ ਦਾ ਵੱਡਾ ਹਿੱਸਾ ਦਿੱਤਾ ਹੈ। 
ਕਾਂਗਰਸ ਨੇ ਵੀ ਇਸ ਦਿਸ਼ਾ ’ਚ ਕੁਝ ਪਹਿਲ ਕੀਤੀ ਹੈ, ਜਿਸ ਦਾ ਸਬੂਤ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ’ਚ ਕਮਲਨਾਥ ਅਤੇ ਰਾਜਸਥਾਨ ’ਚ ਅਸ਼ੋਕ ਗਹਿਲੋਤ ਨੂੰ ਸੂਬੇ ਦੀ ਵਾਗਡੋਰ ਸੌਂਪ ਕੇ ਦਿੱਤਾ ਹੈ। 
ਫਿਲਹਾਲ ਜਿਸ ਤਰ੍ਹਾਂ ਭਾਜਪਾ  ਜੀ. ਐੱਸ. ਟੀ. ’ਚ  ਆਉਣ  ਵਾਲੀਆਂ  ਪ੍ਰੇਸ਼ਾਨੀਆਂ   ਨੂੰ ਦੂਰ ਕਰਨ ਲਈ ਰਿਆਇਤਾਂ ਦੇ ਰਹੀ ਹੈ ਅਤੇ ਪ੍ਰਧਾਨ ਮੰਤਰੀ ਨੇ ਸਹਿਯੋਗੀ ਪਾਰਟੀਆਂ ਨਾਲ ਤਾਲਮੇਲ ਵਾਲਾ ਰਵੱਈਆ ਰੱਖਣ ਦੀ ਗੱਲ ਕਹੀ ਹੈ, ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ’ਚ ਵੀ ਪਾਰਟੀ ਇਸ ਸਬੰਧੀ ਜਾਇਜ਼ਾ ਲੈ ਕੇ ਹੋਰ ਸੁਧਾਰ ਕਰੇਗੀ, ਜਿਸ ਨਾਲ ਪਾਰਟੀ ਅਤੇ ਦੇਸ਼ ਦੋਹਾਂ ਨੂੰ ਫਾਇਦਾ ਹੋਵੇਗਾ।                      –ਵਿਜੇ ਕੁਮਾਰ


Related News