ਗਊਵੰਸ਼ ’ਚ ਵਧ ਰਿਹਾ ‘ਲੰਪੀ ਸਕਿਨ’ ਰੋਗ ਗਊਆਂ ਦਾ ਦੁੱਧ ਵੀ ਸੁੱਕਣ ਲੱਗਾ

Wednesday, Aug 31, 2022 - 12:51 AM (IST)

‘ਲੰਪੀ ਸਕਿਨ’ ਇਕ ਵਾਇਰਸ ਤੋਂ ਪੈਦਾ ਹੋਣ ਵਾਲਾ ਚਮੜੀ ਦਾ ਰੋਗ ਹੈ, ਜੋ ਮੁੱਖ ਰੂਪ ’ਚ ਗਊਵੰਸ਼ ਨੂੰ ਸ਼ਿਕਾਰ ਬਣਾਉਂਦਾ ਹੈ। ਇਸ ਤੋਂ ਪੀੜਤ ਗਊਵੰਸ਼ ਦੀ ਚਮੜੀ  ’ਤੇ ਦਾਣੇ ਉਭਰ ਆਉਂਦੇ ਹਨ। ਉਨ੍ਹਾਂ ’ਚ ਮਵਾਦ ਭਰ ਜਾਂਦਾ ਹੈ, ਗੰਢਾਂ ਬਣ ਜਾਂਦੀਆਂ ਹਨ ਅਤੇ ਜ਼ਖਮ ਹੋ ਜਾਂਦੇ ਹਨ। ਮੂੰਹ ’ਚੋਂ ਲਾਰ, ਅੱਖਾਂ ਅਤੇ ਨੱਕ ਤੋਂ ਪਾਣੀ ਟਪਕਣ ਤੋਂ ਇਲਾਵਾ ਤੇਜ਼  ਬੁਖਾਰ ਹੋ ਜਾਂਦਾ ਹੈ, ਖਾਣ ’ਚ ਤਕਲੀਫ ਹੋਣ ਲੱਗਦੀ ਹੈ ਅਤੇ ਦੁੱਧ ਵੀ ਸੁੱਕ ਜਾਂਦਾ ਹੈ।  ਪਸ਼ੂ ਰੋਗ ਮਾਹਿਰਾਂ ਦੇ ਮੁਤਾਬਕ ਇਸ ਰੋਗ ਕਾਰਨ ਮਵੇਸ਼ੀਆਂ ਦਾ  ਭਾਰ ਅਤੇ ਰੋਗ ਨਾਲ ਲੜਨ ਦੀ ਸਮਰੱਥਾ (ਇਮਿਊਨਿਟੀ) ਬਹੁਤ ਘਟ ਜਾਂਦੀ ਹੈ। ਆਮ ਤੌਰ ’ਤੇ ਇਹ ਰੋਗ ਗਊਆਂ-ਮੱਝਾਂ ਦੇ ਤਬੇਲਿਆਂ ’ਚ ਪਏ ਰਹਿਣ ਵਾਲੇ ਗੋਹੇ, ਗੰਦੇ ਪਾਣੀ ’ਚ ਪੈਦਾ ਹੋਣ ਵਾਲੇ ਮੱਛਰਾਂ ਜਾਂ ਖੂਨ ਪੀਣ ਵਾਲੇ ਕੀੜਿਆਂ (ਚਿਚੜਾਂ), ਜੂੰਆਂ ਅਤੇ ਤਤਈਆਂ ਤੋਂ  ਫੈਲਦਾ ਹੈ। ਇਸ ਰੋਗ ਦੀ ਪੈਦਾਇਸ਼ ਮੱਧ ਪੂਰਬ ਦੇ ਦੇਸ਼ਾਂ ਅਤੇ ਅਫਰੀਕਾ ਤੋਂ ਹੋਈ ਦੱਸੀ ਜਾਂਦੀ ਹੈ। ਪਹਿਲੀ ਵਾਰ ਇਸ ਰੋਗ ਦਾ ਵਾਇਰਸ 3 ਸਾਲ ਪਹਿਲਾਂ ਦੱਖਣੀ ਭਾਰਤ ’ਚ ਪਾਇਆ ਗਿਆ, ਜਿਸ ਨੇ ਹੁਣ ਮਹਾਮਾਰੀ ਦਾ ਰੂਪ ਧਾਰਨ ਕਰ ਲਿਆ ਹੈ। ਅੱਜਕੱਲ ਰਾਜਸਥਾਨ, ਗੁਜਰਾਤ, ਹਰਿਆਣਾ, ਹਿਮਾਚਲ, ਪੰਜਾਬ, ਮੱਧ ਪ੍ਰਦੇਸ਼, ਓਡਿਸ਼ਾ, ਤਮਿਲਨਾਡੂ, ਜੰਮੂ-ਕਸ਼ਮੀਰ ਅਤੇ ਕਰਨਾਟਕ ਸਮੇਤ ਦੇਸ਼ ਦੇ 10 ਸੂਬੇ ਇਸ ਦੀ ਲਪੇਟ ’ਚ ਹਨ ਅਤੇ ਇਸ ਕਾਰਨ ਮਰਨ ਅਤੇ ਇਨਫੈਕਸ਼ਨ ਦਾ ਸ਼ਿਕਾਰ ਹੋਣ ਵਾਲੇ ਗਊਵੰਸ਼ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਕਾਰਨ 15 ਲੱਖ ਤੋਂ ਵੱਧ ਮਵੇਸ਼ੀ ਇਨਫੈਕਟਿਡ ਹੋ ਚੁੱਕੇ ਹਨ। 

ਪੰਜਾਬ ਦੇ ਪਸ਼ੂ-ਪਾਲਣ ਵਿਭਾਗ ਦਾ ਕਹਿਣਾ ਹੈ ਕਿ ਹੁਣ ਤੱਕ ਸੂਬੇ ’ਚ 1.26 ਲੱਖ ਮਵੇਸ਼ੀ ਇਸ ਤੋਂ ਪ੍ਰਭਾਵਿਤ ਅਤੇ 10,000 ਤੋਂ ਵੱਧ ਮਵੇਸ਼ੀਆਂ ਦੀ ਮੌਤ ਹੋਈ ਹੈ, ਜਦੋਂਕਿ ਇਸ ਦੇ ਉਲਟ ਪੰਜਾਬ ਦੀ ‘ਪ੍ਰੋਗ੍ਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ’ (ਪੀ. ਡੀ. ਐੱਫ. ਏ.) ਦੇ ਪ੍ਰਧਾਨ ਦਲਜੀਤ ਸਿੰਘ ‘ਸਦਰਪੁਰਾ’ ਦੇ ਅਨੁਸਾਰ ਇਸ ਸਾਲ ਹੁਣ ਤੱਕ ਇਸ ਰੋਗ ਦੀ ਇਨਫੈਕਸ਼ਨ ਕਾਰਨ ਇਕੱਲੇ ਪੰਜਾਬ ’ਚ ਹੀ ਇਕ ਲੱਖ ਤੋਂ ਵੱਧ ਗਊਵੰਸ਼ ਦੀ ਮੌਤ ਹੋ ਚੁੱਕੀ ਹੈ।  ਇਸ ਰੋਗ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਪੰਜਾਬ ਦੇ ਜ਼ਿਲਿਆਂ ’ਚ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਰੀਦਕੋਟ ਅਤੇ ਤਰਨਤਾਰਨ ਮੁੱਖ ਹਨ। ਪੰਜਾਬ ’ਚ ਰੋਜ਼ਾਨਾ ਗਊਆਂ ਅਤੇ ਮੱਝਾਂ ਦਾ 3 ਕਰੋੜ ਲਿਟਰ ਦੁੱਧ ਦਾ ਉਤਪਾਦਨ ਹੁੰਦਾ ਹੈ, ਜਿਸ ’ਚੋਂ ਲਗਭਗ 1.25 ਕਰੋੜ ਲਿਟਰ ਦੁੱਧ  ਬਾਜ਼ਾਰ ’ਚ ਵੇਚਿਆ ਜਾਂਦਾ ਹੈ ਪਰ ‘ਪੀ. ਡੀ. ਐੱਫ.ਏ.’ ਦੇ ਮੁਤਾਬਕ ਇਸ ਰੋਗ ਤੋਂ ਹੋਣ ਵਾਲੀਆਂ ਮੌਤਾਂ ਕਾਰਨ ਸੂਬੇ ’ਚ ਦੁੱਧ ਦਾ ਉਤਪਾਦਨ 15 ਤੋਂ 20 ਫੀਸਦੀ ਤੱਕ ਘਟ ਗਿਆ ਹੈ। ਦੁੱਧ ਦੇ ਉਤਪਾਦਨ ’ਚ ਕਮੀ ਹੋਣ ਕਾਰਨ ਪਸ਼ੂ-ਪਾਲਕਾਂ ਨੂੰ ਰੋਜ਼ਾਨਾ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਦੁੱਧ ਦੀਆਂ ਕੀਮਤਾਂ ਦੇ ਵਧਣ ਦਾ ਵੀ ਖਦਸ਼ਾ ਪੈਦਾ ਹੋ ਗਿਆ ਹੈ, ਜਦੋਂਕਿ ਪੈਕਟਬੰਦ ਦੁੱਧ ਵੇਚਣ ਵਾਲੀਆਂ ਕੰਪਨੀਆਂ ਨੇ ਆਪਣੇ ਉਤਪਾਦਨਾਂ ਦੀਆਂ ਕੀਮਤਾਂ ’ਚ ਪਹਿਲਾਂ ਹੀ ਵਾਧਾ ਕਰ ਦਿੱਤਾ ਹੈ।  ਪੀ. ਡੀ. ਐੱਫ. ਏ. ਦਾ ਕਹਿਣਾ ਹੈ ਕਿ ਪੰਜਾਬ ’ਚ ਲਗਭਗ 22 ਲੱਖ ਗਊਆਂ ਹਨ। ਇਸ ਸੰਕਟ ਕਾਰਨ ਛੋਟੇ ਅਤੇ ਦਰਮਿਆਨੇ ਡੇਅਰੀ ਫਾਰਮਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਦੀ ਰੋਜ਼ੀ ਰੋਟੀ ਮੁੱਖ ਰੂਪ ਨਾਲ ਪਸ਼ੂ-ਪਾਲਣ ਅਤੇ ਦੁੱਧ ਉਤਪਾਦਨ ’ਤੇ ਹੀ ਨਿਰਭਰ ਹੈ। ਹੁਣੇ ਜਿਹੇ ਹੀ ਪੰਜਾਬ ਦੇ ਡੇਅਰੀ ਫਾਰਮਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰ ਕੇ ਇਸ ਰੋਗ ਤੋਂ ਪ੍ਰਭਾਵਿਤ ਗਊ-ਪਾਲਕਾਂ ਨੂੰ ਪ੍ਰਤੀ ਮਵੇਸ਼ੀ ਦੇ ਹਿਸਾਬ ਨਾਲ 50,000 ਰੁਪਏ ਨੁਕਸਾਨ ਪੂਰਤੀ ਦੇਣ ਦੀ ਮੰਗ ਵੀ ਕੀਤੀ ਹੈ। 

ਸਮੱਸਿਆ ਇੱਥੇ ਖਤਮ ਨਹੀਂ ਹੁੰਦੀ, ਪਸ਼ੂ-ਪਾਲਕਾਂ ਨੇ ਦੁੱਧ ਉਤਪਾਦਨ ’ਚ ਇਹ ਕਮੀ ਲਗਭਗ ਇਕ ਸਾਲ ਤੱਕ ਜਾਰੀ ਰਹਿਣ ਦਾ ਖਦਸ਼ਾ ਪ੍ਰਗਟਾਇਆ ਹੈ ਅਤੇ ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਵਿਭਾਗ ਨੇ ਆਪਣੇ ਮੁਲਾਜ਼ਮਾਂ ਨੂੰ ਪ੍ਰਭਾਵਿਤ ਜ਼ਿਲਿਆਂ ਦਾ ਦੌਰਾ ਕਰਨ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਹਾਲਾਂਕਿ ਇਹ ਰੋਗ ਮਵੇਸ਼ੀਆਂ ਤੋਂ ਇਨਸਾਨਾਂ ’ਚ ਨਹੀਂ ਫੈਲਦਾ ਪਰ ਹੁਣ ਤੱਕ ਇਸ ਰੋਗ ’ਤੇ ਕੰਟ੍ਰੋਲ ਪਾਏ ਜਾਣ ਦੇ ਸੰਕੇਤ ਨਹੀਂ ਮਿਲ ਰਹੇ ਹਨ ਅਤੇ ਕਈ ਥਾਵਾਂ ’ਤੇ ਇਸ ਦੇ ਇਲਾਜ ਲਈ ਢੁੱਕਵੀਂ ਮਾਤਰਾ ’ਚ ਵਿਸ਼ੇਸ਼ ਦਵਾਈਆਂ ਨਾ ਪੁੱਜਣ ਅਤੇ ਡਾਕਟਰ ਘੱਟ ਹੋਣ ਕਾਰਨ ਪਸ਼ੂ-ਪਾਲਕਾਂ ਅਤੇ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਫਿਲਹਾਲ ਬਚਾਅ ਦੇ ਕਦਮ ਚੁੱਕਦੇ ਹੋਏ ਪੰਜਾਬ ਸਮੇਤ ਕੁਝ ਸੂਬਿਆਂ ਦੀਆਂ ਸਰਕਾਰਾਂ ਨੇ ਅਗਲੇ ਹੁਕਮਾਂ ਤੱਕ ਪਸ਼ੂ ਮੇਲਿਆਂ ਅਤੇ ਪਸ਼ੂ ਮੰਡੀਆਂ ਦੇ ਆਯੋਜਨ ਰੋਕਣ ਦੇ ਹੁਕਮ ਦਿੱਤੇ ਹਨ ਪਰ ਇੰਨਾ ਹੀ ਕਾਫੀ ਨਹੀਂ ਹੈ। ਪ੍ਰਭਾਵਿਤ ਸੂਬਿਆਂ ਨੂੰ ਕੇਂਦਰ ਸਰਕਾਰ ਵੱਲੋਂ ਵਧੇਰੇ ਮਦਦ ਅਤੇ ਵੈਕਸੀਨ ਆਦਿ ਮੁਹੱਈਆ ਕਰਵਾਉਣ ’ਚ ਤੇਜ਼ੀ ਲਿਆਉਣ ਦੀ ਲੋੜ ਹੈ। ਕੁਝ ਥਾਵਾਂ ’ਤੇ ਸਰਕਾਰ ਵੱਲੋਂ ਇਲਾਜ ਉਪਲੱਬਧ ਨਾ ਕਰਾਏ ਜਾਣ ਕਾਰਨ ਪਸ਼ੂ-ਪਾਲਕਾਂ ’ਚ ਨਿਰਾਸ਼ਾ ਅਤੇ ਨਾਰਾਜ਼ਗੀ ਵੀ ਪਾਈ ਜਾ ਰਹੀ ਹੈ। 

ਇੱਥੇ ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਕੁਝ ਥਾਵਾਂ ’ਤੇ ਕਿਸਾਨ ਆਪਣੇ ਇਨਫੈਕਟਿਡ ਮਵੇਸ਼ੀਆਂ ਦਾ ਬਾਕਾਇਦਾ ਇਲਾਜ ਕਰਵਾਉਣ ਦੀ ਬਜਾਏ ਟੂਣੇ-ਟੋਟਕਿਆਂ ਦਾ ਸਹਾਰਾ ਲੈ ਰਹੇ ਹਨ। ਵੱਡੀ ਗਿਣਤੀ ’ਚ ਮਵੇਸ਼ੀਆਂ ਦੇ ਮਰਨ ਕਾਰਨ ਉਨ੍ਹਾਂ ਨੂੰ ਵਿਧੀਪੂਰਵਕ ਦਫਨਾਉਣ ਦੀ ਸਮੱਸਿਆ ਪੈਦਾ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸ  ਕਾਰਨ ਕਈ ਤਰ੍ਹਾਂ ਦੇ ਹੋਰ ਰੋਗ ਵੀ ਪੈਦਾ ਹੋ ਸਕਦੇ ਹਨ। ਕਈ ਥਾਵਾਂ ’ਤੇ ਲੋਕ ਆਪਣੇ ਮ੍ਰਿਤਕ ਗਊਵੰਸ਼ ਨੂੰ ਰਜਬਾਹਿਆਂ ਆਦਿ ਅਤੇ ਖੁੱਲ੍ਹੀਆਂ ਥਾਵਾਂ ਤੱਕ ’ਚ ਸੁੱਟ ਰਹੇ ਹਨ ਜਿਸ ਕਾਰਨ ਪਾਣੀ ਅਤੇ ਹਵਾ-ਮੰਡਲ ਦੇ ਪ੍ਰਦੂਸ਼ਿਤ ਹੋਣ ਨਾਲ ਬੀਮਾਰੀਆਂ ਫੈਲਣ ਦਾ ਖਤਰਾ ਵੀ ਪੈਦਾ ਹੋ ਰਿਹਾ ਹੈ। ਇਸ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਜ਼ਰੂਰੀ ਹੈ ਕਿ ਕੇਂਦਰ ਅਤੇ ਸੂਬਾਈ ਸਰਕਾਰਾਂ ਦੇ ਨਾਲ-ਨਾਲ ਪਸ਼ੂ-ਪਾਲਕਾਂ ਦੇ ਯਤਨ ਅਤੇ ਸਹਿਯੋਗ ਨਾਲ ਇਸ ਰੋਗ ’ਤੇ ਜਲਦੀ ਤੋਂ ਜਲਦੀ ਕਾਬੂ ਪਾਉਣ ਦਾ ਯਤਨ ਕੀਤਾ ਜਾਵੇ।     

-ਵਿਜੇ ਕੁਮਾਰ  
 


Karan Kumar

Content Editor

Related News