ਜਾਰੀ ਹੈ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਥਾਂ ‘ਕਿਰਾਏ ਦੇ ਅਧਿਆਪਕਾਂ’ ਵੱਲੋਂ ਪੜ੍ਹਾਉਣਾ!

Thursday, Sep 29, 2022 - 03:36 AM (IST)

ਜਾਰੀ ਹੈ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਥਾਂ ‘ਕਿਰਾਏ ਦੇ ਅਧਿਆਪਕਾਂ’ ਵੱਲੋਂ ਪੜ੍ਹਾਉਣਾ!

ਅਸੀਂ ਸ਼ੁਰੂ ਤੋਂ ਹੀ ਲਿਖਦੇ ਰਹੇ ਹਾਂ ਕਿ ਸਾਡੇ ਮੰਤਰੀਆਂ, ਨੇਤਾਵਾਂ ਅਤੇ ਅਧਿਕਾਰੀਆਂ ਨੂੰ ਸੜਕ ਮਾਰਗ ਰਾਹੀਂ ਸਫਰ ਕਰਨਾ ਚਾਹੀਦਾ ਹੈ। ਅਸੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਿਹਾ ਸੀ ਕਿ ਉਹ ਸੂਬੇ ’ਚ ਕਿਤੇ ਜਾਂਦੇ ਸਮੇਂ ਰਸਤੇ ’ਚ ਕਿਸੇ ਇਕ ਸਰਕਾਰੀ ਸਕੂਲ, ਹਸਪਤਾਲ ਜਾਂ ਦਫਤਰ ’ਚ ਬਿਨਾਂ ਪਹਿਲਾਂ ਸੂਚਨਾ ਦੇ ਅਚਾਨਕ ਪਹੁੰਚ ਜਾਣ ਤਾਂ ਉਨ੍ਹਾਂ ਨੂੰ ਉੱਥੋਂ ਦੀਆਂ ਸਮੱਸਿਆਵਾਂ ਦਾ ਪਤਾ ਲੱਗੇਗਾ ਅਤੇ ਨਾਲ ਹੀ ਉਸ ਇਲਾਕੇ ਦੇ ਹੋਰਨਾਂ ਸਰਕਾਰੀ ਅਦਾਰਿਆਂ ਦੇ ਕੰਮ ’ਚ ਆਪੇ ਹੀ ਕੁਝ ਸੁਧਾਰ ਹੋ ਜਾਵੇਗਾ।

ਇਸੇ ਲੜੀ ’ਚ 2012 ’ਚ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਸ. ਦਲਜੀਤ ਸਿੰਘ ਚੀਮਾ ਦੇ ਹੁਕਮ ’ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਸਕੂਲਾਂ ’ਚ ਛਾਪੇ ਮਾਰ ਕੇ ਤਸੱਲੀਬਖਸ਼ ਨਤੀਜੇ ਨਾ ਦੇਣ ਵਾਲੇ ਅਧਿਆਪਕਾਂ ਦੀ ਕਲਾਸ ਲਗਾਈ। ਇਸ ਦੇ ਨਾਲ ਹੀ ਲੰਬੀ ਛੁੱਟੀ ਲੈ ਕੇ ਵਿਦੇਸ਼ਾਂ ’ਚ ਬੈਠੇ 1200 ਅਧਿਆਪਕਾਂ ਦੇ ਵਿਰੁੱਧ ਕਾਰਵਾਈ ਕਰ ਕੇ ਉਨ੍ਹਾਂ ਦੀਆਂ ਸੇਵਾਵਾਂ ਵੀ ਖਤਮ ਕੀਤੀਆਂ ਗਈਆਂ। ਦਰਮਿਆਨ ’ਚ ਕੁਝ ਸਮੇਂ ਦੇ ਲਈ ਅਚਾਨਕ ਛਾਪੇਮਾਰੀ ਦਾ ਸਿਲਸਿਲਾ ਕੁਝ ਰੁਕ ਗਿਆ ਸੀ ਪਰ ਹੁਣ ਦੇਸ਼ ਦੇ ਕੁਝ ਹਿੱਸਿਆਂ ’ਚ ਇਸ ’ਚ ਤੇਜ਼ੀ ਆਈ ਹੈ। ਇਸੇ ਸਿਲਸਿਲੇ ’ਚ ਉੱਤਰਾਖੰਡ ਦੇ ਸਰਕਾਰੀ ਸਕੂਲਾਂ ’ਚ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ।

ਉੱਤਰਾਖੰਡ ਦੇ ਸਿੱਖਿਆ ਮਹਾਨਿਰਦੇਸ਼ਕ ਬੰਸ਼ੀਧਰ ਤਿਵਾੜੀ ਨੇ ਸੂਬੇ ਦੇ ਸਕੂਲਾਂ ਨੂੰ ਉਨ੍ਹਾਂ ਦੇ ਇੱਥੇ ਪੜ੍ਹਾਉਣ ਵਾਲੇ ਸਾਰੇ ਅਧਿਆਪਕਾਂ ਦੀਆਂ ਫੋਟੋਆਂ ਦੀ ਸੂਚੀ ਦੇ ਨਾਲ ਉਨ੍ਹਾਂ ਦੇ ਨਾਂ ਪ੍ਰਦਰਸ਼ਿਤ ਕਰਨ ਦਾ ਹੁਕਮ ਜਾਰੀ ਕੀਤਾ ਹੈ ਤਾਂ ਕਿ ਅਧਿਆਪਕ ਆਪਣੀ ਥਾਂ ’ਤੇ ‘ਪ੍ਰਾਕਸੀ ਅਧਿਆਪਕਾਂ’ (ਦਿਹਾੜੀ ’ਤੇ ਰੱਖੇ ਗਏ ਕਿਰਾਏ ਦੇ ਅਧਿਆਪਕਾਂ) ਨੂੰ ਪੜ੍ਹਾਉਣ ਲਈ ਜਮਾਤਾਂ ’ਚ ਨਾ ਭੇਜ ਸਕਣ। ਇਹ ਫੈਸਲਾ ਹਾਲ ਹੀ ’ਚ ਪੌੜੀ ਦੇ ‘ਥਲਸਈ’ ’ਚ ਬਾਗਵਾੜੀ ਸਥਿਤ ਪ੍ਰਾਇਮਰੀ ਸਕੂਲ ਦੀ ਇੰਚਾਰਜ ਪ੍ਰਿੰਸੀਪਲ ‘ਸ਼ੀਤਲ ਰਾਵਤ’ (ਔਰਤ) ਵੱਲੋਂ ਆਪਣੀ ਥਾਂ ’ਤੇ ਕੰਮ ’ਤੇ ਜਾਣ ਲਈ ਇਕ ਔਰਤ ਦੀਆਂ ਸੇਵਾਵਾਂ ਲੈਣ ਦੇ ਪਰਦਾਫਾਸ਼ ਹੋਣ ਤੋਂ ਬਾਅਦ ਲਿਆ ਗਿਆ।

ਇਹ ਮਾਮਲਾ 20 ਸਤੰਬਰ ਨੂੰ ਮੁੱਖ ਸਿੱਖਿਆ ਅਧਿਕਾਰੀ ਆਨੰਦ ਭਾਰਦਵਾਜ ਵੱਲੋਂ ਮਾਰੇ ਗਏ ਅਚਾਨਕ ਛਾਪੇ ਦੇ ਦੌਰਾਨ ਸਾਹਮਣੇ ਆਇਆ ਅਤੇ ਅਗਲੇ ਦਿਨ ‘ਸ਼ੀਤਲ ਰਾਵਤ’ ਨੂੰ ਮੁਅੱਤਲ ਕਰ ਕੇ ਉਸ ਦੇ ਵਿਰੁੱਧ ਜਾਂਚ ਦਾ ਹੁਕਮ ਜਾਰੀ ਕੀਤਾ ਗਿਆ। ਫਿਲਹਾਲ ‘ਸ਼ੀਤਲ ਰਾਵਤ’ ਨੂੰ ਬਲਾਕ ਸਿੱਖਿਆ ਅਧਿਕਾਰੀ ਦੇ ਨਾਲ ਅਟੈਚ ਕਰ ਦਿੱਤਾ ਗਿਆ ਹੈ ਅਤੇ ਉਸ ਕੋਲੋਂ ਇਸ ਸਬੰਧ ’ਚ ਸਪੱਸ਼ਟੀਕਰਨ ਮੰਗਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ 66,000 ਰੁਪਏ ਮਾਸਿਕ ਤਨਖਾਹ ਲੈਣ ਵਾਲੀ ਉਕਤ ਪ੍ਰਿੰਸੀਪਲ ‘ਸ਼ੀਤਲ ਰਾਵਤ’ ਆਪਣੀ ਥਾਂ ’ਤੇ ਵਿਦਿਆਰਥੀਆਂ ਦੀਆਂ ਜਮਾਤਾਂ ਲੈਣ ਦੇ ਲਈ ਇਕ ਔਰਤ ਨੂੰ ਪਿਛਲੇ 1 ਸਾਲ ਤੋਂ 2500 ਰੁਪਏ ਮਾਸਿਕ ਦੇ ਨੇੜੇ-ਤੇੜੇ ਰਕਮ ਦੇ ਰਹੀ ਸੀ।

ਸਿੱਖਿਆ ਅਧਿਕਾਰੀ ਦੇ ਅਨੁਸਾਰ, ‘‘ਇਹ ਸਕੂਲ ਦੂਰ-ਦੁਰਾਡੇ ਇਲਾਕੇ ’ਚ ਸਥਿਤ ਹੈ ਅਤੇ ਬੱਚਿਆਂ ਦੇ ਮਾਤਾ-ਪਿਤਾ ਨੇ ਕਦੀ ਮਹਿਸੂਸ ਹੀ ਨਹੀਂ ਕੀਤਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਇਕ ‘ਪ੍ਰਾਕਸੀ ਅਧਿਆਪਕਾ’ ਪੜ੍ਹਾ ਰਹੀ ਹੈ।’’ ‘‘ਇਹ ਇਕ ਬੜਾ ਗੰਭੀਰ ਮਾਮਲਾ ਹੈ। ਅਧਿਆਪਕ ਆਪਣੀ ਡਿਊਟੀ ’ਚ ਅਜਿਹੀ ਕੁਤਾਹੀ ਨਹੀਂ ਵਰਤ ਸਕਦੇ, ਜੋ ਕੋਈ ਵੀ ਆਪਣੀ ਡਿਊਟੀ ਤੋਂ ਗਾਇਬ ਪਾਇਆ ਜਾਵੇਗਾ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।’’ ਵਰਨਣਯੋਗ ਹੈ ਕਿ ਇਸ ਸਾਲ ਮਈ ’ਚ ਵੀ ਪੌੜੀ ਗੜ੍ਹਵਾਲ ’ਚ ਇਕ ਹੋਰ ਸਰਕਾਰੀ ਸਕੂਲ ਦੀ ਮੁੱਖ ਅਧਿਆਪਕਾ ਨੂੰ ਫੜਿਆ ਗਿਆ ਸੀ, ਜਿਸ ਨੇ ਆਪਣੀ ਥਾਂ ’ਤੇ ਡਿਊਟੀ ਦੇਣ ਲਈ 10000 ਰੁਪਏ ਮਹੀਨੇ ’ਤੇ ਇਕ ਔਰਤ ਨੂੰ ਰੱਖਿਆ ਹੋਇਆ ਸੀ।

ਇਸੇ ਦਰਮਿਆਨ 23 ਸਤੰਬਰ ਨੂੰ ਪੌੜੀ ਜ਼ਿਲ੍ਹੇ ਦੇ ਦੁਗੜਾ ਪ੍ਰਾਇਮਰੀ ਸਕੂਲ ’ਚ ਵੀ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ, ਜਿੱਥੇ ਅਧਿਆਪਕਾਂ ਵੱਲੋਂ 2500 ਰੁਪਏ ਮਾਸਿਕ ’ਤੇ ਇਕ ਟੀਚਰ ਨੂੰ ‘ਹਾਇਰ’ ਕਰਨ ਦਾ ਮਾਮਲਾ ਸਾਹਮਣੇ ਆਇਆ। ਉੱਤਰਾਖੰਡ ’ਚ ਕਈ ਸਰਕਾਰੀ ਪ੍ਰਾਇਮਰੀ ਸਕੂਲ ‘ਪ੍ਰਾਕਸੀ ਅਧਿਆਪਕਾਂ’ ਦੇ ਭਰੋਸੇ ਚੱਲ ਰਹੇ ਹਨ। ਪਹਿਲਾਂ ਵੀ ਇਹ ਗੱਲ ਸੁਣਨ ’ਚ ਆਉਂਦੀ ਰਹੀ ਹੈ ਕਿ ਔਖੇ ਇਲਾਕਿਆਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ’ਚੋਂ ਅਧਿਆਪਕ ਗਾਇਬ ਹੋ ਜਾਂਦੇ ਹਨ ਅਤੇ ਆਪਣੀ ਥਾਂ ’ਤੇ ਕਿਸੇ ਹੋਰ ਨੂੰ ਦਿਹਾੜੀ ’ਤੇ ਪੜ੍ਹਾਉਣ ਦੀ ਜ਼ਿੰਮੇਵਾਰੀ ਸੌਂਪ ਜਾਂਦੇ ਹਨ।

ਇਸੇ ਦਰਮਿਆਨ ਕੁਝ ਸਮਾਂ ਪਹਿਲਾਂ ਨਾਗਾਲੈਂਡ ਦੇ ਵੋਖਾ ਜ਼ਿਲ੍ਹੇ ਦੇ ‘ਸਾਨਿਸ’ ਸਥਿਤ ਸਰਕਾਰੀ ਹਾਈ ਸਕੂਲ ’ਚ 2 ਅਧਿਆਪਕਾਂ ਵੱਲੋਂ ਆਪਣੀ ਥਾਂ ’ਤੇ ਬੱਚਿਆਂ ਨੂੰ ਪੜ੍ਹਾਉਣ ਲਈ 2 ਪ੍ਰਾਕਸੀ ਟੀਚਰ ਰੱਖੇ ਜਾਣ ਦਾ ਪਤਾ ਲੱਗਾ ਸੀ, ਜਿਨ੍ਹਾਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿੰਡਾਂ ਦੇ ਸਕੂਲਾਂ ’ਚ ‘ਪ੍ਰਾਕਸੀ ਟੀਚਰਾਂ’ ਦਾ ਮੁੱਦਾ ਚੁੱਕ ਕੇ ਸੁਝਾਅ ਦਿੱਤਾ ਸੀ ਕਿ ਸੂਬਿਆਂ ਨੂੰ ਜਮਾਤਾਂ ’ਚ ਸਥਾਈ ਅਧਿਆਪਕਾਂ ਦੀ ਫੋਟੋ ਲਗਾ ਕੇ ਇਹ ਫਰਜ਼ੀਵਾੜਾ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇਸ ਕਾਰਵਾਈ ਨੂੰ ਤਾਂ ਜਾਰੀ ਰੱਖਿਆ ਜਾਣਾ ਹੀ ਚਾਹੀਦਾ ਹੈ ਪਰ ਇਸ ਤਰ੍ਹਾਂ ਆਪਣੀ ਥਾਂ ’ਤੇ ਕਿਰਾਏ ਦੇ ਅਧਿਆਪਕ ਰੱਖਣ ਵਾਲੇ ਅਧਿਆਪਕ- ਅਧਿਆਪਕਾਵਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਇਸ ਪ੍ਰਕਾਰ ਖਿਲਵਾੜ ਨਾ ਕਰ ਸਕੇ। 
–ਵਿਜੇ ਕੁਮਾਰ


author

Mukesh

Content Editor

Related News