ਨਸ਼ਿਆਂ ਦੀ ਵਰਤੋਂ ਨਾਲ ਨੌਜਵਾਨ ਕਰ ਰਹੇ ਆਪਣਿਆਂ ਦੀ ਹੀ ਹੱਤਿਆ ਅਤੇ ਕੁੱਟ-ਮਾਰ

08/13/2019 7:10:53 AM

ਨਸ਼ੇ ਦੀ ਆਦਤ ਨਾਲ ਇਕ ਪਾਸੇ ਦੇਸ਼ ਦੇ ਨੌਜਵਾਨਾਂ ਦੀ ਸਿਹਤ ਤਬਾਹ ਹੋ ਰਹੀ ਹੈ, ਤਾਂ ਦੂਜੇ ਪਾਸੇ ਨਸ਼ੇ ਦੀ ਵਰਤੋਂ ਨਾਲ ਹੋਣ ਵਾਲੀਆਂ ਮੌਤਾਂ ਨਾਲ ਬੁੱਢੇ ਮਾਂ-ਪਿਓ ਦਾ ਸਹਾਰਾ ਖੁੱਸ ਰਿਹਾ ਹੈ, ਬੱਚੇ ਅਨਾਥ ਹੋ ਰਹੇ ਹਨ, ਔਰਤਾਂ ਦੀ ਮਾਂਗ ਸੁੰਨੀ ਹੋ ਰਹੀ ਹੈ।

ਤ੍ਰਾਸਦੀ ਹੈ ਕਿ ਇਕ ਪਾਸੇ ਨਸ਼ੇੜੀ ਜ਼ਿਆਦਾ ਨਸ਼ੇ ਦੀ ਵਰਤੋਂ ਕਰ ਕੇ ਮਰ ਰਹੇ ਹਨ, ਦੂਜੇ ਪਾਸੇ ਨਸ਼ਾ ਨਾ ਮਿਲਣ ’ਤੇ ਖੁਦਕੁਸ਼ੀ ਕਰ ਰਹੇ ਹਨ ਅਤੇ ਤੀਜੇ ਪਾਸੇ ਨਸ਼ੇ ਦੇ ਅਸਰ ਨਾਲ ਬੇਸਮਝ ਅਤੇ ਹਿੰਸਕ ਬਣ ਕੇ ਆਪਣੇ ਪਰਿਵਾਰਕ ਮੈਂਬਰਾਂ ਦੀ ਹੱਤਿਆ, ਕੁੱਟ-ਮਾਰ ਅਤੇ ਭੈਣਾਂ-ਧੀਆਂ ਨਾਲ ਜਬਰ-ਜ਼ਨਾਹ ਕਰ ਰਹੇ ਹਨ।

ਅਜੇ ਹਾਲ ਹੀ ’ਚ ਨਸ਼ਾ ਖਰੀਦਣ ਲਈ ਆਪਣੇ ਘਰ ਦੀ ਹਰ ਵਸਤੂ ਵੇਚ ਦੇਣ ਵਾਲੇ ਇਕ 32 ਸਾਲਾ ਨਸ਼ੇੜੀ ਨੌਜਵਾਨ ਨੂੰ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਮੁਕਤ ਕਰਵਾਇਆ, ਜਿਸ ਨੂੰ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਦੇ ਮਗਰੋਂ ਉਸ ਦੇ ਮਾਪਿਆਂ ਨੇ ਮੰਜੀ ਨਾਲ ਜ਼ੰਜੀਰ ਨਾਲ ਬੰਨ੍ਹ ਕੇ ਰੱਖਿਆ ਸੀ।

* 27 ਜੁਲਾਈ ਨੂੰ ਫਿਰੋਜ਼ਪੁਰ ’ਚ ਦਵਿੰਦਰ ਕੁਮਾਰ ਨਾਂ ਦੇ ਵਿਅਕਤੀ ਨੂੰ ਜਦੋਂ ਉਸ ਦੀ ਪਤਨੀ ਸੁਨੀਤਾ ਰਾਣੀ ਨੇ ਸ਼ਰਾਬ ਪੀਣ ਤੋਂ ਰੋਕਿਆ ਤਾਂ ਦਵਿੰਦਰ ਕੁਮਾਰ ਨੇ ਉਸ ਦੇ ਚਿਹਰੇ ’ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਈ।

* 10 ਅਗਸਤ ਨੂੰ ਨਸ਼ੇ ਦੀ ਓਵਰਡੋਜ਼ ਨਾਲ ਫਾਜ਼ਿਲਕਾ ਦੇ ਪਿੰਡ ਨੂਰਸ਼ਾਹ ਅਤੇ ਨਵਾਂ ਹਸਤਾਂ ’ਚ 2 ਨੌਜਵਾਨਾਂ ਦੀ ਅਤੇ 11 ਅਗਸਤ ਨੂੰ ਮਖੂ ਦੇ ਪਿੰਡ ਮੱਲਾਂਵਾਲਾ ’ਚ ਅਸ਼ੋਕ ਕੁਮਾਰ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ।

* 11 ਅਗਸਤ ਨੂੰ ਨਸ਼ੇ ਲਈ ਪੈਸੇ ਨਾ ਮਿਲਣ ’ਤੇ ਨਿਹਾਲ ਸਿੰਘ ਵਾਲਾ ਪਿੰਡ ਵਿਚ ਇਕ ਨੌਜਵਾਨ ਨੇ ਖ਼ੁਦ ਨੂੰ ਹੀ ਸੱਟਾਂ ਮਾਰ ਕੇ ਜੀਵਨ ਲੀਲਾ ਖਤਮ ਕਰ ਲਈ।

* 11 ਅਗਸਤ ਨੂੰ ਬਠਿੰਡਾ ’ਚ ਮੌੜ ਮੰਡੀ ਦੇ ਪਿੰਡ ‘ਜੋਧਪੁਰ ਪਾਖਰ’ ਵਿਚ ਇਕ ਔਰਤ ਨੇ ਜਦੋਂ ਆਪਣੇ ਪਤੀ ਦੀ ਸ਼ਰਾਬ ਪੀਣ ਦੀ ਆਦਤ ਤੋਂ ਤੰਗ ਆ ਕੇ ਉਸ ਨੂੰ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਤਾਂ ਪਤੀ ਨੇ ਉਸ ਨੂੰ ਅੱਗ ਲਗਾ ਕੇ ਹੀ ਮਾਰ ਦਿੱਤਾ।

* 11 ਅਗਸਤ ਨੂੰ ਚਿਤੌੜਗੜ੍ਹ ਜ਼ਿਲੇ ਦੇ ਮਾਂਗਰੋਲ ਪਿੰਡ ’ਚ ਨਸ਼ੇ ’ਚ ਟੱਲੀ ‘ਭਾਯਾ ਨਾਯਕ’ ਨਾਂ ਦੇ ਨੌਜਵਾਨ ਨੇ ਆਪਣੇ ਪਿਓ ਨੂੰ ਕੁਹਾੜੀ ਨਾਲ ਵੱਢ ਦਿੱਤਾ ਅਤੇ ਮਾਂ ਗੰਗਾ ਬਾਈ ਨੂੰ ਜ਼ਖ਼ਮੀ ਕਰਨ ਮਗਰੋਂ ਖੁਦ ਆਤਮਹੱਤਿਆ ਦੀ ਕੋਸ਼ਿਸ਼ ਕੀਤੀ।

* 12 ਅਗਸਤ ਨੂੰ ਉੱਨਾਵ ’ਚ ਰਾਜ ਕਿਸ਼ੋਰ ਨਾਂ ਦੇ ਨੌਜਵਾਨ ਨੇ ਸ਼ਰਾਬ ਦੇ ਨਸ਼ੇ ’ਚ ਆਪਣੀ 70 ਸਾਲਾ ਬੁੱਢੀ ਮਾਂ ਸ਼ਾਰਦਾ ਦੇਵੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

ਯਕੀਨਨ ਹੀ ਇਹ ਘਟਨਾਚੱਕਰ ਬਹੁਤ ਹੀ ਦੁਖਦਾਈ ਹੈ। ਇਸ ਲਈ ਇਸ ਨੂੰ ਰੋਕਣ ਲਈ ਦੇਸ਼ ’ਚ ਨਸ਼ੇ ਦੀ ਸਪਲਾਈ ਦੇ ਸ੍ਰੋਤ ਬੰਦ ਕਰਨ, ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦੇਣ ਅਤੇ ਨਸ਼ੇੜੀ ਨੌਜਵਾਨਾਂ ਦਾ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿਚ ਸੁਚਾਰੂ ਢੰਗ ਨਾਲ ਇਲਾਜ ਯਕੀਨੀ ਕਰਵਾਉਣ ਦੀ ਵੀ ਲੋੜ ਹੈ।

–ਵਿਜੇ ਕੁਮਾਰ
 


Bharat Thapa

Content Editor

Related News