ਕੋੋਰੋਨਾ ਦੇ ਮਹਾਸੰਕਟ ਦੇ ਵਿਰੁੱਧ ਸੰਘਰਸ਼

03/22/2020 1:44:10 AM

ਇਕ ਪਾਸੇ ਸਮੁੱਚੇ ਵਿਸ਼ਵ ਦੇ ਨਾਲ-ਨਾਲ ਭਾਰਤ ’ਚ ਕੋਰੋਨਾ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ ਤਾਂ ਦੂਸਰੇ ਪਾਸੇ ਇਸ ਨਾਲ ਵੱਡੀ ਗਿਣਤੀ ’ਚ ਮੌਤਾਂ ਤੋਂ ਇਲਾਵਾ ਇਸ ਦੇ ਪੈਣ ਵਾਲੇ ਹੋਰ ਅਸਰ ਵਿਸ਼ਵ ਭਾਈਚਾਰੇ ਲਈ ਭਾਰੀ ਚਿੰਤਾ ਦਾ ਵਿਸ਼ਾ ਬਣ ਰਹੇ ਹਨ। ਇਸ ਮਹਾਸੰਕਟ ਨਾਲ ਨਜਿੱਠਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਹਰ ਸੰਭਵ ਕੀਤੇ ਜਾ ਰਹੇ ਯਤਨਾਂ ਦੇ ਦਰਮਿਆਨ ਨਾ ਸਿਰਫ ਅਧਿਕਾਰੀਆਂ ਵਲੋਂ ਸਗੋਂ ਆਮ ਲੋਕਾਂ ਵਲੋਂ ਵੀ ਸੁਰੱਖਿਆ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਅਨੇਕ ਹਸਪਤਾਲਾਂ ’ਚ ਸ਼ੱਕੀ ਕੋਰੋਨਾ ਇਨਫੈਕਟਿਡਾਂ ਦੀ ਤਸੱਲੀਬਖਸ਼ ਢੰਗ ਨਾਲ ਜਾਂਚ ਨਹੀਂ ਹੋ ਰਹੀ। ਨਵਾਂਸ਼ਹਿਰ ਦੇ ਨੇੜੇ ਮਿਲੇ ਪੰਜਾਬ ’ਚ ਕੋਰੋਨਾ ਵਾਇਰਸ ਦੇ ਪਹਿਲੇ ਪਾਜ਼ੇਟਿਵ ਰੋਗੀ ਦੇ ਮਾਮਲੇ ’ਚ ਜਲੰਧਰ ਦੇ ਸਿਵਲ ਹਸਪਤਾਲ ਦੀ ਲਾਪਰਵਾਹੀ ਸਾਹਮਣੇ ਆਈ ਹੈ। ਦੋਸ਼ ਹੈ ਕਿ ਉਹ ਸਭ ਤੋਂ ਪਹਿਲਾਂ ਇਥੇ ਆਇਆ ਸੀ ਪਰ ਉਸ ਨੂੰ ਆਪਣੇ ਇਲਾਕੇ ’ਚ ਜਾ ਕੇ ਟੈਸਟ ਕਰਵਾਉਣ ਲਈ ਕਹਿ ਦਿੱਤਾ ਗਿਆ। ਜੇਕਰ ਜਲੰਧਰ ਦੇ ਡਾਕਟਰ ਉਸ ਦੇ ਟੈਸਟ ਆਦਿ ਕਰਦੇ ਤਾਂ ਸ਼ਾਇਦ ਰੋਗ ਜਲਦੀ ਪਕੜ ’ਚ ਆ ਜਾਂਦਾ ਅਤੇ ਉਸ ਦੀ ਮੌਤ ਨਾ ਹੁੰਦੀ। ਭੋਪਾਲ ਦੇ ਪ੍ਰਸਿੱਧ ਹਮੀਦੀਆ ਹਸਪਤਾਲ ’ਚ ਕੋਰੋਨਾ ਦੇ ਇਨਫੈਕਟਿਡਾਂ ਦਾ ਆਈਸੋਲੇਸ਼ਨ ਵਾਰਡ ਤਾਂ ਬਣਾਇਆ ਗਿਆ ਹੈ ਪਰ ਉੱਥੇ ਓ. ਪੀ. ਡੀ. ਨੂੰ ਇਸ ਵਾਰਡ ਨਾਲੋਂ ਵੱਖ ਨਹੀਂ ਕੀਤਾ ਗਿਆ, ਜਿਸ ਨਾਲ ਦੂਸਰੇ ਲੋਕਾਂ ਦੇ ਇਨਫੈਕਟਿਡ ਹੋਣ ਦਾ ਖਤਰਾ ਹੈ। ਇਥੇ ਮਾਸਕ ਅਤੇ ਹੈਂਡ ਸੈਨੇਟਾਈਜ਼ਰਾਂ ਆਦਿ ਦੀ ਕਮੀ ਵੀ ਹੈ। ਡਾਕਟਰਾਂ ਤਕ ਨੂੰ ਮਾਸਕ ਨਾ ਮਿਲਣ ਦੀ ਸ਼ਿਕਾਇਤ ਰਹੀ। ਅਨੇਕ ਹਸਪਤਾਲਾਂ ’ਚ ਜਾਂਚ ਲਈ ਆਉਣ ਵਾਲੇ ਸ਼ੱਕੀ ਇਨਫੈਕਟਿਡਾਂ ਨੂੰ ਹੋਰ ਆਮ ਰੋਗੀਆਂ ਨਾਲ ਲਾਈਨਾਂ ’ਚ ਇਕ-ਦੂਜੇ ਨਾਲ ਜੁੜ ਕੇ ਖੜ੍ਹੇ ਹੋਣ ਦੀਆਂ ਸ਼ਿਕਾਇਤਾਂ ਹਨ, ਜਦਕਿ ਸੁਰੱਖਿਆ ਲਈ ਇਨ੍ਹੀਂ ਦਿਨੀਂ ਹਰੇਕ ਵਿਅਕਤੀ ਨੂੰ ਇਕ-ਦੂਜËੇ ਤੋਂ ਘੱਟ ਤੋਂ ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਸਮਾਜ ਵਿਰੋਧੀ ਤੱਤਾਂ ਵਲੋਂ ਕੋਰੋਨਾ ਦੇ ਇਲਾਜ ਦੇ ਨਾਂ ’ਤੇ ਬੇਕਾਰ ਦੀਆਂ ਵਸਤੂਆਂ ਵੇਚ ਕੇ ਵੀ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਮਹਾਰਾਸ਼ਟਰ ਦੇ ਭਿਵੰਡੀ ’ਚ ਇਕ ਨਿੱਜੀ ਕੰਪਨੀ ਦੇ ਮਾਲਕ ਅਮਰ ਪਾਰੀਕ ਵਿਰੁੱਧ ਅਖਬਾਰ ਵਿਚ ‘ਕੋਰੋਨਾ ਦਾ ਇਲਾਜ ਕਰਨ ਵਾਲੀ ਮੈਟਰੈੱਸ’ ਦਾ ਇਸ਼ਤਿਹਾਰ ਛਪਵਾਉਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ ਹੈ। ਮੁੰਬਈ ’ਚ ਇਕ ਡਾਕਟਰ ਸੁਭਾਸ਼ ਚੰਦਰ ਯਾਦਵ ਅਤੇ ਵੈਦ ਸਰਵਰ ਖਾਨ ਵਿਰੁੱਧ ਕੋਰੋਨਾ ਤੋਂ ਬਚਾਉਣ ’ਚ ਸਮਰੱਥ ਦਵਾਈ ਵੇਚਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਦਾ ਦਾਅਵਾ ਸੀ ਕਿ 300 ਰੁਪਏ ’ਚ ਮਿਲਣ ਵਾਲੀ ਉਨ੍ਹਾਂ ਦੀ ਦਵਾਈ ਦੀਆਂ ਿਤੰਨ ਖੁਰਾਕਾਂ ਖਾਣ ਨਾਲ ਕੋਰੋਨਾ ਤੋਂ ਮੁਕਤੀ ਮਿਲ ਜਾਂਦੀ ਹੈ। ਕੋਲਕਾਤਾ ’ਚ ਪੁਲਸ ਨ ੇ ਕੋਰੋਨਾ ਤੋਂ ਬਚਾਅ ਦੇ ਨਾਂ ’ਤੇ ‘ਗੌ ਮੂਤਰ ਸੇਵਨ ਪ੍ਰੋਗਰਾਮ’ ਆਯੋਜਿਤ ਕਰਨ ਵਾਲੇ ਇਕ ਭਾਜਪਾ ਵਰਕਰ ਨਾਰਾਇਣ ਚੈਟਰਜੀ ਨੂੰ ਗ੍ਰਿਫਤਾਰ ਕੀਤਾ ਹੈ। ਇਕ ਪਾਸੇ ਕੋਰੋਨਾ ਦੇ ਇਲਾਜ ਦੇ ਨਾਂ ’ਤੇ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਅਾਂ ਹਨ ਤਾਂ ਦੂਜੇ ਪਾਸੇ ਖੁਦ ਅਧਿਕਾਰੀ ਅਤੇ ਆਮ ਲੋਕ ਕੋਰੋਨਾ ਤੋਂ ਬਚਾਅ ਲਈ ਸੋਸ਼ਲ ਡਿਸਟੈਂਿਸੰਗ ਅਤੇ ਹੋਰ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ। ਪੰਜਾਬ ’ਚ 20 ਤੋਂ ਵੱਧ ਲੋਕਾਂ ਨੂੰ ਇਕ ਥਾਂ ’ਤੇ ਇਕੱਠੇ ਨਾ ਹੋਣ ਦੇ ਹੁਕਮ ਦਿੱਤੇ ਗਏ ਹਨ ਪਰ ਸਰਕਾਰ ਦੇ 3 ਸਾਲ ਪੂਰੇ ਹੋਣ ਦੇ ਸਬੰਧ ’ਚ ਆਯੋਜਿਤ ਸਮਾਰੋਹਾਂ ’ਚ ਇਸ ਤੋਂ ਕਿਤੇ ਵੱਧ ਲੋਕ ਸ਼ਾਮਲ ਹੋ ਰਹੇ ਹਨ। ਤੇਲੰਗਾਨਾ ਦੇ ਵਾਰੰਗਲ ’ਚ ਫਰਾਂਸ ਤੋਂ ਪਰਤੇ ਇਕ ਨੌਜਵਾਨ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਜਿਸ ਨੇ ਆਪਣੇ ਵਿਆਹ ’ਚ 1000 ਤੋਂ ਵੱਧ ਲੋਕਾਂ ਨੂੰ ਸੱਦਿਆ ਸੀ। ਔਰੰਗਾਬਾਦ ’ਚ 19 ਮਾਰਚ ਨੂੰ ਇਕ ਵਿਆਹ ਦੀ ਪਾਰਟੀ ’ਚ 100 ਮਹਿਮਾਨ ਸੱਦਣ ’ਤੇ ਇਕ ਜੋੜੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਬਾਜ਼ਾਰ ਵਿਚ ਜ਼ਰੂਰੀ ਵਸਤੂਆਂ ਦੀ ਘਾਟ ਦੇ ਖਦਸ਼ੇ ਦੇ ਮੱਦੇਨਜ਼ਰ ਲੋਕਾਂ ਵਿਚ ‘ਪੈਨਿਕ ਪ੍ਰਚੇਜ਼ਿੰਗ’ ਦੇ ਰੁਝਾਨ ਕਾਰਣ ਕਈ ਵਿਅਕਤੀਆਂ ਵਲੋਂ ਮਹੀਨਿਆਂ ਦਾ ਰਾਸ਼ਨ ਖਰੀਦ ਕੇ ਘਰਾਂ ’ਚ ਭਰ ਲੈਣ ਨਾਲ ਖਾਣ-ਪੀਣ ਦੀਆਂ ਵਸਤੂਆਂ ਦੀ ਬਨਾਉਟੀ ਘਾਟ ਪੈਦਾ ਹੋ ਗਈ ਹੈ ਅਤੇ ਰਹਿੰਦੀ-ਖੂੰਹਦੀ ਕਸਰ ਜਮ੍ਹਾਖੋਰਾਂ ਨੇ ਪੂਰੀ ਕਰ ਦਿੱਤੀ ਹੈ, ਜਿਸ ਨਾਲ ਸਬਜ਼ੀਆਂ ਸਮੇਤ ਹੋਰ ਖੁਰਾਕੀ ਵਸਤੂਆਂ ਦੀਆਂ ਕੀਮਤਾਂ ’ਚ 20 ਤੋਂ 30 ਫੀਸਦੀ ਤਕ ਦਾ ਵਾਧਾ ਹੋ ਗਿਆ। ਹਵਾਈ ਟਿਕਟਾਂ ਮਹਿੰਗੀਆਂ ਹੋ ਗਈਅਾਂ ਹਨ, ਰੇਲਵੇ ਨੇ ਕਿਰਾਇਆਂ ’ਚ ਮਿਲਣ ਵਾਲੀ ਛੋਟ ਹਟਾ ਦਿੱਤੀ ਹੈ। ਹੋਰਨਾਂ ਉਦਯੋਗਾਂ ਤੋਂ ਇਲਾਵਾ ਵੱਡਾ ਝਟਕਾ ਸੈਰ-ਸਪਾਟਾ ਉਦਯੋਗ ਨੂੰ ਵੀ ਲੱਗਾ ਹੈ ਅਤੇ ਸੈਰ-ਸਪਾਟਾ ਉਦਯੋਗ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਸੰਕਟ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਦੇਸ਼ ਵਿਚ ਇਸ ਨਾਲ ਜੁੜੇ 3.8 ਕਰੋੜ ਲੋਕ ਬੇਰੋਜ਼ਗਾਰ ਹੋ ਸਕਦੇ ਹਨ। ਅਜਿਹੀ ਸਥਿਤੀ ’ਚ ਜਿਥੇ ਕੋਰੋਨਾ ਦਾ ਪ੍ਰਸਾਰ ਰੋਕਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਸਬੰਧਤ ਵਿਭਾਗਾਂ ਅਤੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਜਾਗਰੂਕਤਾ ਅਤੇ ਸੁਰੱਖਿਆ ਸਬੰਧੀ ਦਿਸ਼ਾ-ਨਿਰਦੇਸ਼ਾ ਦੀ ਮੁਕੰਮਲ ਪਾਲਣਾ ਕਰਨੀ ਜ਼ਰੂਰੀ ਹੈ, ਉਥੇ ਹੀ ਲੋਕਾਂ ਨੂੰ ਪ੍ਰਧਾਨ ਮੰਤਰੀ ਦੇ ਸੱਦੇ ’ਤੇ 22 ਮਾਰਚ ਨੂੰ ‘ਜਨਤਾ ਕਰਫਿਊ’ ਦਾ ਪਾਲਣ ਕਰ ਕੇ ਇਸ ਮਹਾਸੰਕਟ ਦੇ ਵਿਰੁੱਧ ਸੰਘਰਸ਼ ’ਚ ਹੱਥ ਵੰਡਾਉਣ ਦੀ ਵੀ ਲੋੜ ਹੈ।

-ਵਿਜੇ ਕੁਮਾਰ\\\


Bharat Thapa

Content Editor

Related News