ਸੱਤਾ ਧਿਰ ਤੇ ਵਿਰੋਧੀ ਧਿਰ ਦੋਹਾਂ ਦਾ ਮਜ਼ਬੂਤ ਹੋਣਾ ਹੀ ਦੇਸ਼ ਦੇ ਹਿੱਤ ’ਚ
Wednesday, Jul 19, 2023 - 03:38 AM (IST)

ਇਕ ਪਾਸੇ ਜਿੱਥੇ ਭਾਜਪਾ ਵਿਰੋਧੀ ਪਾਰਟੀਆਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ’ਚ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੇ ‘ਐੱਨ. ਡੀ. ਏ.’ ਨੂੰ ਚੁਣੌਤੀ ਦੇੇਣ ਲਈ ਇਕਜੁਟ ਹੋਣ ਦੀ ਕਵਾਇਦ ’ਚ ਜੁਟ ਗਈਆਂ ਹਨ ਤਾਂ ਦੂਜੇ ਪਾਸੇ ਭਾਜਪਾ ਨੇ ਵੀ ਐੱਨ. ਡੀ. ਏ. ਨੂੰ ਹੋਰ ਮਜ਼ਬੂਤ ਕਰਨ ਅਤੇ ਉਸ ਦਾ ਘੇਰਾ ਵਧਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹੋਈ ਹੈ।
ਭਾਜਪਾ ਵਿਰੋਧੀ ਪਾਰਟੀਆਂ ਦੀ 23 ਜੂਨ ਨੂੰ ਪਟਨਾ ’ਚ ਪਹਿਲੀ ਬੈਠਕ ਤੋਂ ਬਾਅਦ 17-18 ਜੁਲਾਈ ਨੂੰ ਬੈਂਗਲੁਰੂ ’ਚ ਦੂਜੀ ਬੈਠਕ ’ਚ ਸੋਨੀਆ ਗਾਂਧੀ, ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਅਖਿਲੇਸ਼ ਯਾਦਵ, ਡੀ. ਰਾਜਾ, ਸ਼ਰਦ ਪਵਾਰ, ਨਿਤੀਸ਼ ਕੁਮਾਰ, ਮਮਤਾ ਬੈਨਰਜੀ, ਲਾਲੂ ਯਾਦਵ, ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਸਿੱਧਰਮਈਆ ਆਦਿ ਸ਼ਾਮਲ ਹੋਏ।
ਬੈਠਕ ’ਚ ਜਿੱਥੇ ਭਾਜਪਾ ਵਿਰੁੱਧ 26 ਪਾਰਟੀਆਂ ਦੇ ਆਗੂਆਂ ਨੇ ‘ਅਸੀਂ ਇਕ ਹਾਂ’ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਨਵੇਂ ਗੱਠਜੋੜ ਦਾ ਨਾਂ ‘ਇੰਡੀਆ’ (ਇੰਡੀਆ ਨੈਸ਼ਨਲ ਡਿਵੈੱਲਪਮੈਂਟਲ ਇਨਕਲਿਊਸਿਵ ਅਲਾਇੰਸ) ਰੱਖਿਆ ਗਿਆ ਹੈ।
ਲੋਕ ਸਭਾ ’ਚ ਲਗਾਤਾਰ ਤੀਜੀ ਵਾਰ ਬਹੁਮਤ ਹਾਸਲ ਕਰਨ ਲਈ ਯਤਨਸ਼ੀਲ ਭਾਜਪਾ ਨੇ ਜਿੱਥੇ ਐੱਨ. ਡੀ. ਏ. ’ਚ ਨਵੇਂ ਸਹਿਯੋਗੀ ਜੋੜਨ ਅਤੇ ਰੁੱਸਿਆਂ ਨੂੰ ਮਨਾਉਣ ਲਈ ਯਤਨ ਜਾਰੀ ਰੱਖੇ ਹੋਏ ਹਨ, ਉੱਥੇ ਵਿਰੋਧੀ ਪਾਰਟੀਆਂ ਦੀ ਬੈਠਕ ਦੇ ਜਵਾਬ ’ਚ 18 ਜੁਲਾਈ ਨੂੰ ਹੀ ਐੱਨ. ਡੀ. ਏ. ਦੀਆਂ ਸਹਿਯੋਗੀ ਪਾਰਟੀਆਂ ਦੀ ਬੈਠਕ ਹੋਈ।
ਇਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਹਿਯੋਗੀ ਪਾਰਟੀਆਂ ਦੇ ਨੇਤਾਵਾਂ ਨੇ ਜ਼ੋਰਦਾਰ ਸਵਾਗਤ ਕੀਤਾ। ਇਸ ਨੂੰ ਭਾਜਪਾ ਦੇ ਸ਼ਕਤੀ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਇਸ ਬੈਠਕ ’ਚ 38 ਪਾਰਟੀਆਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਖੈਰ ਵਿਰੋਧੀ ਪਾਰਟੀਆਂ ਦੀ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਵਿਰੋਧੀ ਪਾਰਟੀਆਂ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ :
* ‘‘2024 ਦੀਆਂ ਚੋਣਾਂ ’ਚ ਇਕ ਵਾਰ ਮੁੜ ਦੇਸ਼ ਵਾਸੀ ਸਾਡੀ ਸਰਕਾਰ ਵਾਪਸ ਲਿਆਉਣ ਦਾ ਮਨ ਬਣਾ ਚੁੱਕੇ ਹਨ। ਅਜਿਹੀ ਹਾਲਤ ’ਚ ਭਾਰਤ ’ਚ ਬਦਹਾਲੀ ਲਈ ਜ਼ਿੰਮੇਵਾਰ ਕੁਝ ਲੋਕ ਆਪਣੀ ਦੁਕਾਨ ਖੋਲ੍ਹ ਕੇ ਬੈਠ ਗਏ ਹਨ। ਇਹ ਜੋ ਜਮਾਤ ਇਕੱਠੀ ਹੋਈ ਹੈ, ਉਨ੍ਹਾਂ ਦੇ ਕੁਨਬੇ ’ਚ ਵੱਡੇ ਤੋਂ ਵੱਡੇ ਘਪਲਿਆਂ ’ਤੇ, ਅਪਰਾਧਾਂ ’ਤੇ ਇਨ੍ਹਾਂ ਦੀ ਜ਼ੁਬਾਨ ਬੰਦ ਹੋ ਜਾਂਦੀ ਹੈ।’’
* ‘‘ਵਿਰੋਧੀ ਪਾਰਟੀਆਂ ਦੇ ਨੇਤਾ ਦੇਸ਼ ਦੇ ਲੋਕਰਾਜ ਅਤੇ ਸੰਵਿਧਾਨ ਨੂੰ ਆਪਣਾ ਬੰਧਕ ਬਣਾ ਕੇ ਰੱਖਣਾ ਚਾਹੁੰਦੇ ਹਨ। ਉਨ੍ਹਾਂ ਦੀ ਦੁਕਾਨ ’ਤੇ 2 ਚੀਜ਼ਾਂ ਦੀ ਗਾਰੰਟੀ ਮਿਲਦੀ ਹੈ, ਜਾਤੀਵਾਦ ਦਾ ਜ਼ਹਿਰ ਅਤੇ ਅਸੀਮਤ ਭ੍ਰਿਸ਼ਟਾਚਾਰ।’’
* ‘‘ਇਹ ਲੋਕ ਕਿੰਨੇ ਚਿਹਰੇ ਲਾ ਕੇ ਬੈਠੇ ਹਨ। ਪੂਰਾ ਫਰੇਮ ਵੇਖ ਕੇ ਦੇਸ਼ ਵਾਸੀ ਇਹੀ ਬੋਲ ਉੱਠਦੇ ਹਨ, ਲੱਖਾਂ-ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ। ਇਹ ਤਾਂ ਕੱਟੜ ਭ੍ਰਿਸ਼ਟਾਚਾਰੀ ਸੰਮੇਲਨ ਹੋ ਰਿਹਾ ਹੈ। ਲੇਬਲ ਕੁਝ ਹੋਰ ਲਾਇਆ ਹੈ, ਮਾਲ ਕੁਝ ਹੋਰ ਹੈ। ਇਨ੍ਹਾਂ ਦਾ ਉਤਪਾਦ ਹੈ 20 ਲੱਖ ਕਰੋੜ ਰੁਪਏ ਦੇ ਘਪਲੇ ਦੀ ਗਾਰੰਟੀ।’’
ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਪ੍ਰਧਾਨ ਮੰਤਰੀ ਨੇ ਆਪਣੀਆਂ ਵਿਰੋਧੀ ਪਾਰਟੀਆਂ ਦੇ ਛੋਟੇ ਤੋਂ ਛੋਟੇ ਨੁਕਸ ਵੱਲ ਵੀ ਲੋਕਾਂ ਦਾ ਧਿਆਨ ਦਿਵਾਇਆ ਹੈ।
ਉੱਥੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਵੀ ਪ੍ਰਧਾਨ ਮੰਤਰੀ ਅਤੇ ਐੱਨ. ਡੀ. ਏ. ਸਰਕਾਰ ’ਤੇ ਜ਼ੋਰਦਾਰ ਹਮਲੇ ਕੀਤੇ ਹਨ।
* ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ‘‘ਭਾਜਪਾ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਏਜੰਸੀਆਂ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ।’’ ਉੱਥੇ ਮਮਤਾ ਬੈਨਰਜੀ ਨੇ ਕਿਹਾ ‘‘ਭਾਜਪਾ ਦੇਸ਼ ਨੂੰ ਵੇਚਣ ਦਾ ਸੌਦਾ ਕਰ ਰਹੀ ਹੈ।’’
* ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ‘‘ਆਪਣੇ ਰਾਜ ਦੇ 9 ਸਾਲਾਂ ’ਚ ਨਰਿੰਦਰ ਮੋਦੀ ਨੇ ਹਰ ਸੈਕਟਰ ਨੂੰ ਬਰਬਾਦ ਕਰਨ ’ਚ ਕੋਈ ਕਸਰ ਨਹੀਂ ਛੱਡੀ ਅਤੇ ਅਰਥਵਿਵਸਥਾ ਬਰਬਾਦ ਕਰ ਦਿੱਤੀ ਹੈ ਅਤੇ ਸਭ ਦੁਖੀ ਹਨ।’’
* ਊਧਵ ਠਾਕਰੇ ਨੇ ਕਿਹਾ, ‘‘ਸਾਡੀ ਲੜਾਈ ਤਾਨਾਸ਼ਾਹੀ ਵਿਰੁੱਧ ਹੈ। ਦੇਸ਼ ਦੇ ਲੋਕਾਂ ਦੇ ਮਨ ’ਚ ਡਰ ਹੈ ਕਿ ਕੀ ਹੋਵੇਗਾ?’’ ਰਾਹੁਲ ਗਾਂਧੀ ਨੇ ਦੇਸ਼ ਨੂੰ ਬਚਾਉਣ ਲਈ ਲੜਨ ਦੀ ਗੱਲ ਕਹੀ।
ਭਾਜਪਾ ਦੀ ਅਗਵਾਈ ਵਾਲੇ ‘ਐੱਨ. ਡੀ. ਏ.’ ਅਤੇ ਭਾਜਪਾ ਵਿਰੋਧੀ ਪਾਰਟੀਆਂ ਦੀਆਂ ਬੈਠਕਾਂ ਦੋਵੇਂ ਹੀ ਦੇਸ਼ ਦੀ ਸਿਆਸਤ ’ਚ ਇਕ ਵੱਡੀ ਤਬਦੀਲੀ ਦਾ ਸੰਕੇਤ ਦੇ ਰਹੀਆਂ ਹਨ। ਇਸ ਤੋਂ ‘ਐੱਨ. ਡੀ. ਏ.’ ਅਤੇ ‘ਇੰਡੀਆ’ ਦੋਵੇਂ ਹੀ ਮਜ਼ਬੂਤ ਹੋ ਕੇ ਨਿਕਲਣਗੇ।
ਪਹਿਲਾਂ ‘ਆਮ ਆਦਮੀ ਪਾਰਟੀ’ ਵੱਲੋਂ ਦਿੱਲੀ ਆਰਡੀਨੈਂਸ ’ਤੇ ਕਾਂਗਰਸ ਦੀ ਹਮਾਇਤ ਨੂੰ ਲੈ ਕੇ ਉਲਝਣ ਵਾਲੀ ਸਥਿਤੀ ਦੇ ਖਤਮ ਹੋ ਜਾਣ ਅਤੇ ਕਾਂਗਰਸ ਵੱਲੋਂ ਆਰਡੀਨੈਂਸ ਦੇ ਮਾਮਲੇ ’ਤੇ ‘ਆਪ’ ਨੂੰ ਹਮਾਇਤ ਦੇਣ ਦੇ ਐਲਾਨ ਪਿੱਛੋਂ ਅਰਵਿੰਦ ਕੇਜਰੀਵਾਲ ਦੇ ਬੈਂਗਲੁਰੂ ਬੈਠਕ ’ਚ ਸ਼ਾਮਲ ਹੋਣ ਨਾਲ ਵੀ ਭਾਜਪਾ ਵਿਰੋਧੀ ਗੱਠਜੋੜ ਨੂੰ ਮਜ਼ਬੂਤੀ ਮਿਲੀ ਹੈ।
ਸਿਆਸੀ ਦਰਸ਼ਕ ਇਸ ਕਵਾਇਦ ਦੇ ਭਾਵੇਂ ਜੋ ਵੀ ਅਰਥ ਲਾਉਣ ਅਤੇ ਇਨ੍ਹਾਂ ਦੋਹਾਂ ਬੈਠਕਾਂ ਦਾ ਨਤੀਜਾ ਭਵਿੱਖ ’ਚ ਭਾਵੇਂ ਜੋ ਵੀ ਨਿਕਲੇ, ਅਸਲੀਅਤ ਇਹੀ ਹੈ ਕਿ ਕਿਸੇ ਵੀ ਸਿਹਤਮੰਦ ਲੋਕਰਾਜ ’ਚ ਮਜ਼ਬੂਤ ਸੱਤਾ ਧਿਰ ਅਤੇ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਇਕ ਮਜ਼ਬੂਤ ਅਤੇ ਇਕਜੁਟ ਵਿਰੋਧੀ ਧਿਰ ਹੀ ਸੱਤਾ ਧਿਰ ਨੂੰ ਤਾਨਾਸ਼ਾਹ ਹੋਣ ਤੋਂ ਰੋਕ ਸਕਦੀ ਹੈ ਜਿਸ ਬਾਰੇ ਇਨ੍ਹਾਂ ਬੈਠਕਾਂ ਨੇ ਉਮੀਦ ਪੈਦਾ ਕੀਤੀ ਹੈ।
ਇਸ ਪੱਖੋਂ ਵਿਰੋਧੀ ਪਾਰਟੀਆਂ ਵੱਲੋਂ ਏਕਤਾ ਦੇ ਯਤਨ ਸਹੀ ਹਨ ਪਰ ਇਸ ਲਈ ਉਨ੍ਹਾਂ ਨੂੰ ਨਿੱਜੀ ਇੱਛਾਵਾਂ ਛੱਡਣੀਆਂ ਹੋਣਗੀਆਂ ਅਤੇ ਜੇ ਅਜਿਹਾ ਹੋ ਜਾਂਦਾ ਹੈ ਤਾਂ ਦੇਸ਼ ਅਤੇ ਲੋਕਰਾਜ ਦੋਹਾਂ ਦਾ ਹੀ ਭਲਾ ਹੋਵੇਗਾ।
-ਵਿਜੇ ਕੁਮਾਰ