ਹੁਣ ਇੰਤਕਾਲ 'ਚ ਪਟਵਾਰੀ ਅੜਿੱਕੇ ਖੜ੍ਹੇ ਨਹੀਂ ਕਰ ਸਕਣਗੇ ਤੇ ਨਾ ਹੀ ਦੇਣੀ ਪਵੇਗੀ ਰਿਸ਼ਵਤ: ਅਮਨ ਅਰੋੜਾ

Thursday, Jun 12, 2025 - 06:48 PM (IST)

ਹੁਣ ਇੰਤਕਾਲ 'ਚ ਪਟਵਾਰੀ ਅੜਿੱਕੇ ਖੜ੍ਹੇ ਨਹੀਂ ਕਰ ਸਕਣਗੇ ਤੇ ਨਾ ਹੀ ਦੇਣੀ ਪਵੇਗੀ ਰਿਸ਼ਵਤ: ਅਮਨ ਅਰੋੜਾ

ਅੰਮ੍ਰਿਤਸਰ (ਨੀਰਜ): ਪ੍ਰਸ਼ਾਸਨਿਕ ਸੁਧਾਰਾਂ ਬਾਰੇ ਕੈਬਨਿਟ ਮੰਤਰੀ  ਅਮਨ ਅਰੋੜਾ ਨੇ ਅੱਜ ਪੰਜਾਬ ਸਰਕਾਰ ਵੱਲੋਂ ਲਾਂਚ ਕੀਤੀਆਂ ਗਈਆਂ ਮਾਲ ਵਿਭਾਗ ਦੀਆਂ ਸੇਵਾਵਾਂ ਦੀ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਰਾਜ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਇਹ ਕ੍ਰਾਂਤੀਕਾਰੀ ਕਦਮ ਸਿੱਧ ਹੋਵੇਗਾ। ਇੱਥੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਹੁਣ ਜ਼ਮੀਨ ਜਾਇਦਾਦ ਦੀ ਜਮ੍ਹਾਂਬੰਦੀ, ਇੰਤਕਾਲ, ਫਰਦ ਬਦਰ ਆਦਿ ਲਈ ਲੋਕਾਂ ਨੂੰ ਦਫਤਰਾਂ ਦੇ ਗੇੜੇ ਨਹੀਂ ਲਾਉਣੇ ਪੈਣਗੇ, ਸਗੋਂ ਉਹ ਇੱਕ ਕਲਿੱਕ ਉੱਤੇ ਹੀ ਇਹ ਕੰਮ ਆਪਣੇ ਮੋਬਾਈਲ ਤੋਂ ਕਰ ਸਕਣਗੇ। ਉਹਨਾਂ ਕਿਹਾ ਕਿ ਅੱਜ ਆਮ ਲੋਕਾਂ ਨਾਲ ਜੁੜੀਆਂ ਸੇਵਾਵਾਂ ਨੂੰ ਆਨਲਾਈਨ ਕੀਤਾ ਗਿਆ ਹੈ ਅਤੇ ਇਹ ਸਾਰੀਆਂ ਸੇਵਾਵਾਂ ਜਮ੍ਹਾਂਬੰਦੀ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀਆਂ ਜਾਂ ਸਕਣਗੀਆਂ ਜਾਂ 1076 ਫੋਨ ਨੰਬਰ ਡਾਇਲ ਕਰਕੇ ਤੁਸੀਂ ਘਰ ਬੈਠੇ ਇਹ ਸੇਵਾ ਪ੍ਰਾਪਤ ਕਰ ਸਕਦੇ ਹੋ। 

ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਤਕਰੀਬਨ 40 ਲੱਖ ਲੋਕ ਫਰਦ ਦੀ ਕਾਪੀ ਲੈਣ ਲਈ ਫਰਦ ਕੇਂਦਰਾਂ ਵਿੱਚ ਜਾਂਦੇ ਹਨ ਅਤੇ ਇਸ ਲਈ 45 ਕਰੋੜ ਰੁਪਏ ਫੀਸ ਵਜੋਂ ਦਿੰਦੇ ਹਨ, ਜਦ ਕਿ ਹੁਣ ਇਹ ਕੰਮ ਮੋਬਾਇਲ ਫੋਨ ਰਾਹੀਂ ਹੋ ਸਕੇਗਾ ਅਤੇ ਇਸ ਨਾਲ ਪੰਜਾਬੀਆਂ ਦੇ ਲਗਭਗ 22 ਕਰੋੜ ਤੋਂ ਵੱਧ ਦੇ ਪੈਸੇ ਬਚਣਗੇ। ਇਸ ਤੋਂ ਇਲਾਵਾ ਨਾ ਪਟਵਾਰੀ ਕੋਲ ਜਾਣ ਦੀ ਲੋੜ ਪਵੇਗੀ, ਨਾ ਲਾਈਨ ਵਿੱਚ ਲੱਗਣ ਦੀ ਅਤੇ ਨਾ ਹੀ ਰਿਸ਼ਵਤ ਦੇਣ ਦੀ। 

ਇਹ ਵੀ ਪੜ੍ਹੋ-  ਪੰਜਾਬ 'ਚ ਮੌਸਮ ਵਿਭਾਗ ਦੀ ਚਿਤਾਵਨੀ, ਤਾਪਮਾਨ ਨੇ ਪਾਰ ਕੀਤੀਆਂ ਖ਼ਤਰਨਾਕ ਹੱਦਾਂ

ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਹਰ ਸਾਲ ਪੰਜਾਬ ਵਿੱਚ 8 ਲੱਖ ਦੇ ਕਰੀਬ ਇੰਤਕਾਲ ਹੁੰਦੇ ਹਨ, ਜਿੰਨਾਂ ਵਿੱਚੋਂ 6 ਲੱਖ ਇੰਤਕਾਲ ਰਜਿਸਟਰੀਆਂ ਦੇ ਅਤੇ 2 ਲੱਖ ਵਿਰਾਸਤੀ ਇੰਤਕਾਲ ਹੋ ਜਾਂਦੇ ਹਨ। ਇਹ ਇੰਤਕਾਲ ਕਰਵਾਉਣ ਲਈ ਅਕਸਰ ਲੋਕ ਕਈ ਮਹੀਨੇ ਧੱਕੇ ਖਾਂਦੇ ਸਨ ਪਰ ਹੁਣ ਨਾ ਇੰਤਕਾਲ ਵਿੱਚ ਪਟਵਾਰੀ ਅੜਿੱਕਾ ਖੜ੍ਹਾ ਕਰ ਸਕੇਗਾ ਅਤੇ ਨਾ ਹੀ ਰਿਸ਼ਵਤ ਦੇਣੀ ਪਵੇਗੀ। ਇੰਤਕਾਲ ਦਾ ਸਾਰਾ ਕੰਮ ਪਾਰਦਰਸ਼ੀ ਹੋਵੇਗਾ ਅਤੇ ਇਸ ਨੂੰ 30 ਦਿਨਾਂ ਵਿੱਚ ਪੂਰਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਰਪਟ ਐਂਟਰੀ ਲਈ ਹੁਣ ਕੋਈ ਕਾਗਜ਼ੀ ਕਾਰਵਾਈ ਕਰਨ ਜਾਂ ਦਫਤਰਾਂ ਦੇ ਧੱਕੇ ਖਾਣ ਦੀ ਲੋੜ ਨਹੀਂ। ਤੁਹਾਡਾ ਕੇਸ ਡਿਜੀਟਲ ਤੌਰ ਤੇ ਪਟਵਾਰੀ ਤੋਂ ਲੈ ਕੇ ਤਹਿਸੀਲਦਾਰ ਕੋਲ ਜਾਵੇਗਾ ਅਤੇ ਤੁਹਾਨੂੰ ਵਟਸਐਪ ਉੱਤੇ ਪਲ ਪਲ ਦੀ ਜਾਣਕਾਰੀ ਮਿਲੇਗੀ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬਣਿਆ ਕਰਫਿਊ ਵਰਗਾ ਮਾਹੌਲ, ਸੁੰਨੀਆਂ ਪਈਆਂ ਸੜਕਾਂ ਤੇ ਬਾਜ਼ਾਰ

ਇਸੇ ਤਰ੍ਹਾਂ ਫਰਦ ਦੀ ਸੇਵਾ ਆਨਲਾਈਨ ਕਰ ਦਿੱਤੀ ਗਈ ਹੈ ਅਤੇ ਮਾਲ ਰਿਕਾਰਡ ਵਿੱਚ ਤਰੁਟੀਆਂ ਆਸਾਨੀ ਨਾਲ ਦੂਰ ਹੋਣਗੀਆਂ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਕੋਈ ਵੀ ਨਾਗਰਿਕ ਸਾਲ ਦੇ 500 ਰੁਪਏ ਫੀਸ ਦੇ ਕੇ ਆਪਣੀ ਖੇਵਟ ਦੀ ਰਿਕਾਰਡ ਲਈ ਸਬਸਕ੍ਰਿਪਸ਼ਨ ਲੈ ਸਕਦਾ ਹੈ ਅਤੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਵੇ, ਜਦੋਂ ਵੀ ਉਸਦੀ ਖੇਵਟ ਨਾਲ ਕੋਈ ਛੇੜ ਛਾੜ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸਨੂੰ ਵਟਸਐਪ ਨੰਬਰ ਜਾਂ ਈਮੇਲ ਉੱਤੇ ਅਲਰਟ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬੀਆਂ ਲਈ ਖੁਸ਼ਖ਼ਬਰੀ, CM ਮਾਨ ਨੇ ਲਾਂਚ ਕੀਤਾ ਪੋਰਟਲ

ਇਸ ਮੌਕੇ ਮਾਲ ਵਿਭਾਗ ਦੇ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਇਨ੍ਹਾਂ ਕਦਮਾਂ ਨੂੰ ਆਮ ਆਦਮੀ ਪਾਰਟੀ ਦੀ ਭ੍ਰਿਸ਼ਟਾਚਾਰ ਵਿਰੋਧੀ ਅਤੇ ਲੋਕ ਪੱਖੀ ਸੋਚ  ਦਾ ਨਤੀਜਾ ਦੱਸਦੇ ਇਸ ਇਤਿਹਾਸਿਕ ਮੌਕੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ  ਅਰਵਿੰਦ ਕੇਜਰੀਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸੁਧਾਰਾਂ ਦੇ ਇਹ ਦੌਰ ਅਜੇ ਜਾਰੀ ਹੈ ਅਤੇ ਭਵਿੱਖ ਵਿੱਚ ਹੋਰ ਵੀ ਲੋਕ ਪੱਖੀ ਸੁਧਾਰ ਕੀਤੇ ਜਾਣਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 
 


author

shivani attri

Content Editor

Related News