ਦੇਸ਼ ’ਚ ਸੜਕ ਹਾਦਸਿਆਂ ’ਚ ਤੇਜ਼ ਰਫਤਾਰੀ ਸਭ ਤੋਂ ਵੱਡਾ ਕਾਰਨ

Monday, Oct 09, 2023 - 01:47 AM (IST)

ਦੇਸ਼ ’ਚ ਸੜਕ ਹਾਦਸਿਆਂ ’ਚ ਤੇਜ਼ ਰਫਤਾਰੀ ਸਭ ਤੋਂ ਵੱਡਾ ਕਾਰਨ

ਹਾਲਾਂਕਿ ਟਰਾਂਸਪੋਰਟ ਮੰਤਰਾਲਾ ਵੱਲੋਂ ਸੜਕ ਹਾਦਸਿਆਂ ’ਚ ਹੋ ਰਹੇ ਕੀਮਤੀ ਜ਼ਿੰਦਗੀਆਂ ਦੇ ਨੁਕਸਾਨ ਨੂੰ ਰੋਕਣ ਲਈ ਸਮੇਂ-ਸਮੇਂ ’ਤੇ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਵਾਹਨ ਚਲਾਉਂਦੇ ਸਮੇਂ ਵਰਤੀ ਜਾਂਦੀ ਲਾਪ੍ਰਵਾਹੀ ਕਾਰਨ ਅਨਮੋਲ ਜਾਨਾਂ ਦੇ ਜਾਣ ਦਾ ਸਿਲਸਿਲਾ ਜਾਰੀ ਹੈ।

ਸੜਕ ’ਤੇ ਹੋਣ ਵਾਲੀਆਂ ਮੌਤਾਂ ’ਚ ਭਾਰਤ ਦਾ ਪਹਿਲਾ ਨੰਬਰ ਹੈ। ਫੈੱਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ ਐਂਡ ਈ. ਵਾਈ. (ਐੱਫ. ਆਈ. ਸੀ. ਸੀ. ਆਈ.-ਈ. ਵਾਈ.) ਮੁਤਾਬਕ ਭਾਰਤ ਵਿਚ ਸੜਕ ਹਾਦਸੇ ਲਗਭਗ 1.5 ਮਿਲੀਅਨ ਜਾਨਾਂ ਲੈ ਲੈਂਦੇ ਹਨ ਜੋ ਸਮੁੱਚੀ ਦੁਨੀਆ ’ਚ ਹੋਣ ਵਾਲੇ ਅਜਿਹੇ ਸੜਕ ਹਾਦਸਿਆਂ ਦਾ 11 ਫੀਸਦੀ ਹਨ। ਦੁਨੀਆ ’ਚ ਹਰ 24 ਸੈਕੰਡ ’ਚ ਇਕ ਜਾਨ ਸੜਕ ਹਾਦਸੇ ਕਾਰਨ ਚਲੀ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਸੜਕ ਹਾਦਸਾ ਮੌਤ ਹੋਣ ਦਾ 8ਵਾਂ ਮੁੱਖ ਕਾਰਨ ਹੈ।

2021 ’ਚ ਤਾਮਿਲਨਾਡੂ ਪਿੱਛੋਂ ਉੱਤਰ ਪ੍ਰਦੇਸ਼ ’ਚ ਸਭ ਤੋਂ ਵੱਧ ਸੜਕ ਹਾਦਸੇ ਰਿਕਾਰਡ ਕੀਤੇ ਗਏ ਹਨ। ਤਾਮਿਲਨਾਡੂ ਦੇਸ਼ ’ਚ ਇਕ ਅਜਿਹਾ ਸੂਬਾ ਹੈ ਜਿੱਥੇ ਸੜਕ ਹਾਦਸਿਆਂ ਦੀ ਸਭ ਤੋਂ ਵੱਧ ਦਰ ਹੈ। ਤੀਜੇ ਨੰਬਰ ’ਤੇ ਆਂਧਰਾ ਪ੍ਰਦੇਸ਼ ਆਉਂਦਾ ਹੈ। ਚੌਥੇ ਨੰਬਰ ’ਚ ਕੇਰਲ ਅਤੇ ਪੰਜਵੇਂ ’ਤੇ ਮਹਾਰਾਸ਼ਟਰ ਹੈ।

ਹੁਣੇ ਜਿਹੇ ਹੀ ਭਾਰਤੀ ਟੈਕਨਾਲੋਜੀ ਅਦਾਰੇ ਮਦਰਾਸ ’ਚ ‘ਸੈਂਟਰ ਆਫ ਐਕਸੀਲੈਂਸ ਫਾਰ ਰੋਡ ਸੇਫਟੀ’ ਵੱਲੋਂ ਹਰਿਆਣਾ ’ਚ ਹੋਏ ਸੜਕ ਹਾਦਸਿਆਂ ’ਤੇ ਇਕ ਅਧਿਐਨ ਕੀਤਾ ਗਿਆ ਜਿਸ ਵਿਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ।

ਅਧਿਐਨ ਮੁਤਾਬਕ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਕੁੱਲ ਮੌਤਾਂ ਵਿਚੋਂ 50 ਫੀਸਦੀ ਮੌਤਾਂ ਪਿੱਛੇ ਤੇਜ਼ ਰਫਤਾਰ ਨੂੰ ਸਭ ਤੋਂ ਵੱਡਾ ਕਾਰਨ ਮੰਨਿਆ ਗਿਆ। ਅਧਿਐਨ ਵਿਚ ਪਿਛਲੇ ਸਾਲ ਹਰਿਆਣਾ ’ਚ ਹੋਏ ਸੜਕ ਹਾਦਸਿਆਂ ’ਚ ਕੁੱਲ 5021 ਮੌਤਾਂ ਵਿਚੋਂ 2594 ਲੋਕਾਂ ਦੀ ਕੀਮਤੀ ਜਾਨ ਸਿਰਫ ਤੇਜ਼ ਰਫਤਾਰ ਕਾਰਨ ਗਈ, ਜਦੋਂਕਿ ਕੁੱਲ ਹੋਏ ਹਾਦਸਿਆਂ ਵਿਚੋਂ 33 ਫੀਸਦੀ ਹਾਦਸਿਆਂ ਦਾ ਸ਼ਿਕਾਰ ਦੋਪਹੀਆ ਵਾਹਨ ਸਵਾਰ ਹੋਏ।

ਇਸ ਤੋਂ ਇਲਾਵਾ ਅਧਿਐਨ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਸਭ ਤੋਂ ਵੱਧ ਖਤਰਨਾਕ ਹਾਦਸੇ (ਲਗਭਗ 22 ਫੀਸਦੀ) ਸ਼ਾਮ ਨੂੰ 6 ਵਜੇ ਤੋਂ ਰਾਤ 9 ਵਜੇ ਦਰਮਿਆਨ ਹੁੰਦੇ ਹਨ। ਸਾਲ 2022 ’ਚ ਹੋਏ 11,115 ਸੜਕ ਹਾਦਸਿਆਂ ’ਚ 5021 ਵਿਅਕਤੀਆਂ ਦੀ ਮੌਤ ਹੋਈ। ਇਕ ਅੰਦਾਜ਼ੇ ਮੁਤਾਬਕ ਸੂਬੇ ’ਚ ਹਰ ਰੋਜ਼ 14 ਵਿਅਕਤੀਆਂ ਦੀ ਮੌਤ ਸੜਕ ਹਾਦਸਿਆਂ ਕਾਰਨ ਹੋ ਰਹੀ ਹੈ।

ਤੇਜ਼ ਰਫਤਾਰ ਦਾ ਰੋਮਾਂਚ ਵੱਡੀ ਗਿਣਤੀ ’ਚ ਸੜਕ ਹਾਦਸਿਆਂ ਦਾ ਕਾਰਨ ਬਣ ਕੇ ਪਰਿਵਾਰਾਂ ਦੇ ਪਰਿਵਾਰ ਤਬਾਹ ਕਰ ਰਿਹਾ ਹੈ। ਇਸ ਲਈ ਰਫਤਾਰ ਦੇ ਰੋਮਾਂਚ ਨੂੰ ਅਲਵਿਦਾ ਕਹਿ ਕੇ ਸੀਮਤ ਰਫਤਾਰ ਦੀ ਹੱਦ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਕੇ ਵਾਹਨ ਚਲਾਉਣ ਵਿਚ ਹੀ ਆਪਣਾ ਅਤੇ ਦੂਜਿਆਂ ਦਾ ਭਲਾ ਹੈ।


author

Mukesh

Content Editor

Related News