ਦੇਸ਼ ''ਤੇ ਜਾਨ ਵਾਰਨ ਵਾਲੇ ਬਹਾਦਰਾਂ ਦੀ ਸਹਾਇਤਾ ਲਈ ਵਧੇ ਕੁਝ ਹੱਥ

05/15/2017 6:41:14 AM

ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦੇ ਅਧਿਕਾਰੀਆਂ ਨੂੰ ਸਰਕਾਰ ਦੇ ਪ੍ਰਸ਼ਾਸਨਿਕ ਢਾਂਚੇ ਦੀ ਰੀੜ੍ਹ ਮੰਨਿਆ ਜਾਂਦਾ ਹੈ, ਜੋ ਦੇਸ਼ ਦੀਆਂ ਨੀਤੀਆਂ ਦੇ ਨਿਰਮਾਣ ਅਤੇ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ''ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। 
ਆਪਣੀ ਇਸੇ ਭੂਮਿਕਾ ਨੂੰ ਮਹਿਸੂਸ ਕਰਦਿਆਂ ''ਇੰਡੀਅਨ ਸਿਵਲ ਐਂਡ ਐਡਮਨਿਸਟ੍ਰੇਟਿਵ ਸਰਵਿਸ (ਸੈਂਟਰਲ) ਐਸੋਸੀਏਸ਼ਨ'' ਦੇ ਮੈਂਬਰ ਇਕ ਪ੍ਰਸਤਾਵ ਰਾਹੀਂ ਮਾਓਵਾਦੀਆਂ ਦੇ ਹਮਲਿਆਂ, ਅੱਤਵਾਦ ਵਿਰੋਧੀ ਕਾਰਵਾਈਆਂ ਜਾਂ ਕਾਨੂੰਨ ਵਿਵਸਥਾ ਦੀ ਬਹਾਲੀ ਦੀ ਫਰਜ਼ ਪਾਲਣਾ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਸੁਰੱਖਿਆ ਬਲਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਅੱਗੇ ਆਏ ਹਨ। 
ਐਸੋਸੀਏਸ਼ਨ ਦੇ ਸਕੱਤਰ ਸੰਜੇ ਭੂਸਰੈੱਡੀ ਅਨੁਸਾਰ ਇਹ ਅਧਿਕਾਰੀ, ਜਿਨ੍ਹਾਂ ਵਿਚ ਸਬ-ਡਵੀਜ਼ਨਲ ਮੈਜਿਸਟ੍ਰੇਟ, ਐਡੀਸ਼ਨਲ ਜ਼ਿਲਾ ਮੈਜਿਸਟ੍ਰੇਟ ਜਾਂ ਜ਼ਿਲਾ ਮੈਜਿਸਟ੍ਰੇਟ ਆਦਿ ਸ਼ਾਮਿਲ ਹਨ, ਐਕਸ਼ਨ ਵਿਚ ਮਾਰੇ ਗਏ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਪਰਿਵਾਰਾਂ ਨੂੰ ਗੋਦ ਲੈ ਕੇ ਘੱਟੋ-ਘੱਟ 5 ਤੋਂ 10 ਸਾਲਾਂ ਤਕ ਉਨ੍ਹਾਂ ਨੂੰ ਸਹਾਇਤਾ ਪ੍ਰਦਾਨ ਕਰਨਗੇ, ਭਾਵੇਂ ਉਹ ਪੁਲਸ ਨਾਲ ਸੰਬੰਧ ਰੱਖਦੇ ਹੋਣ ਜਾਂ ਫੌਜ ਦੇ ਨੀਮ ਫੌਜੀ ਬਲਾਂ ਨਾਲ।
ਇਹ ਅਧਿਕਾਰੀ ਪਰਿਵਾਰ ਨੂੰ ਪ੍ਰਤੱਖ ਵਿੱਤੀ ਸਹਾਇਤਾ ਨਾ ਦੇ ਕੇ ਉਨ੍ਹਾਂ ਨੂੰ ਹੋਰਨਾਂ ਤਰੀਕਿਆਂ ਨਾਲ ਸਹਾਇਤਾ ਦੇਣਗੇ, ਜਿਸ ਵਿਚ ਮ੍ਰਿਤਕ ਸੁਰੱਖਿਆ ਮੁਲਾਜ਼ਮਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਕੇਂਦਰ ਤੇ ਸੂਬਾਈ ਸਰਕਾਰਾਂ ''ਚ ਫਸੇ ਹੋਏ ਉਨ੍ਹਾਂ ਦੀ ਪੈਨਸ਼ਨ, ਗ੍ਰੈਚੁਟੀ ਆਦਿ ਦੇ ਵੀ ਬਕਾਏ ਦਿਵਾਉਣਾ ਯਕੀਨੀ ਬਣਾਉਣ ਅਤੇ ਹੋਰ ਸੇਵਾਵਾਂ, ਜਿਵੇਂ ਕਿ ਪੈਟਰੋਲ ਪੰਪ, ਨੌਕਰੀ ਆਦਿ ਦਿਵਾਉਣ ''ਚ ਸਹਾਇਤਾ ਕਰਨਾ ਵੀ ਸ਼ਾਮਿਲ ਹੋਵੇਗਾ। ਐਸੋਸੀਏਸ਼ਨ ਦੇ ਮੈਂਬਰ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਸਕੂਲਾਂ ''ਚ ਦਾਖਲਾ ਆਦਿ ਦਿਵਾਉਣ ''ਚ ਵੀ ਸਹਾਇਤਾ ਕਰਨਗੇ। 
ਉਹ ਇਸ ਗੱਲ ''ਤੇ ਨਜ਼ਰ ਰੱਖਣਗੇ ਕਿ ਉਨ੍ਹਾਂ ਵਲੋਂ ਅਪਣਾਏ ਗਏ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਬੰਧਿਤ ਸਰਕਾਰਾਂ ਤੋਂ ਉਨ੍ਹਾਂ ਦੇ ਸਮੁੱਚੇ ਬਕਾਏ ਆਦਿ ਮਿਲ ਗਏ ਹਨ ਜਾਂ ਨਹੀਂ। 
ਸ਼ੁਰੂ ''ਚ ਆਈ. ਏ. ਐੱਸ. ਦੇ 2012 ਤੋਂ 2015 ਤਕ ਦੇ ਪਿਛਲੇ ਚਾਰ ਬੈਚਾਂ ਦੇ 700 ਨੌਜਵਾਨ ਅਧਿਕਾਰੀ ਆਪਣੀ ਤਾਇਨਾਤੀ ਦੇ ਇਲਾਕੇ ''ਚ ਘੱਟੋ-ਘੱਟ ਇਕ ਸ਼ਹੀਦ ਪਰਿਵਾਰ ਨੂੰ ਅਪਣਾਉਣਗੇ। ਸ਼੍ਰੀ ਭੂਸਰੈੱਡੀ ਅਨੁਸਾਰ, ''''ਸੀਨੀਅਰ ਅਧਿਕਾਰੀ ਜਾਂ ਸੂਬਿਆਂ ਦੀਆਂ ਸਿਵਲ ਸੇਵਾਵਾਂ ਨਾਲ ਸੰਬੰਧ ਰੱਖਣ ਵਾਲੇ ਅਧਿਕਾਰੀ ਵੀ ਸਵੈ-ਇੱਛੁਕ ਤੌਰ ''ਤੇ ਅਜਿਹੇ ਪਰਿਵਾਰਾਂ ਨੂੰ ਗੋਦ ਲੈ ਸਕਦੇ ਹਨ।''''
ਐਸੋਸੀਏਸ਼ਨ ਦੇ ਇਸੇ ਸੱਦੇ ''ਤੇ ਆਂਧਰਾ ਪ੍ਰਦੇਸ਼ ''ਚ ਆਦਿਲਾਬਾਦ ਦੇ ਕਲੈਕਟਰ ਜਯੋਤੀ ਬੁੱਧ ਪ੍ਰਕਾਸ਼ ਨੇ ਅੱਗੇ ਆ ਕੇ ਇਕ ਸ਼ਹੀਦ ਫੌਜੀ ਦੇ ਪਰਿਵਾਰ ਨੂੰ ਗੋਦ ਲਿਆ ਹੈ। ਇਸ ਦੇ ਲਈ ਉਨ੍ਹਾਂ ਨੇ 24 ਦਸੰਬਰ 2015 ਨੂੰ ਸਿਆਚਿਨ ''ਚ ਆਪ੍ਰੇਸ਼ਨ ਮੇਘਦੂਤ ''ਚ ਸ਼ਹੀਦ ਹੋਏ ਸੰਤੋਸ਼ ਕੁਮਾਰ ਦੇ ਪਰਿਵਾਰ ਨੂੰ ਚੁਣਿਆ ਹੈ। ਉਹ ਕੁਆਰੇ ਸਨ ਅਤੇ ਆਪਣੇ ਪਿੱਛੇ ਆਪਣੀ ਮਾਂ ਤੇ ਭਰਾ ਨੂੰ ਛੱਡ ਗਏ ਹਨ। 
ਸ਼ਹੀਦ ਦੇ ਪਰਿਵਾਰ ਦੇ ਜ਼ਿਲੇ ਵਿਚ ਹੀ ਤਾਇਨਾਤ ਹੋਣ ਕਾਰਨ ਜਯੋਤੀ ਪ੍ਰਕਾਸ਼ ਕੋਲ ਹੀ ਇਹ ਕੇਸ ਸੀ ਅਤੇ ਉਨ੍ਹਾਂ ਨੇ ਨਾ ਸਿਰਫ ਪਰਿਵਾਰ ਨੂੰ ਮੁਆਵਜ਼ਾ ਦੇਣ ਲਈ ਉਨ੍ਹਾਂ ਦੀ ਫਾਈਲ ਖੁੱਲ੍ਹਵਾਈ ਹੈ, ਸਗੋਂ ਸ਼ਹੀਦ ਦੇ ਭਰਾ ਨੂੰ ਵੀ ਪੰਚਾਇਤ ਰਾਜ ਵਿਭਾਗ ਨਿਰਮਲ ''ਚ ਨੌਕਰੀ ਦਿਵਾ ਦਿੱਤੀ ਹੈ। 
ਵਰਣਨਯੋਗ ਹੈ ਕਿ ਤੇਲੰਗਾਨਾ ਦੇ ਜ਼ਿਲਿਆਂ ਦੇ ਮੁੜ ਗਠਨ ਤੋਂ ਬਾਅਦ ਆਦਿਲਾਬਾਦ ਨੂੰ ਆਸਿਫਾਬਾਦ, ਨਿਰਮਲ ਅਤੇ ਮਨਚੇਰਿਲ ਨਾਂ ਦੇ ਤਿੰਨ ਜ਼ਿਲਿਆਂ ''ਚ ਵੰਡ ਦਿੱਤਾ ਗਿਆ ਹੈ ਅਤੇ ਹੁਣ ਸੰਤੋਸ਼ ਕੁਮਾਰ ਦੀ ਮਾਂ ਆਸਿਫਾਬਾਦ ''ਚ ਰਹਿੰਦੀ ਹੈ। 
ਜਯੋਤੀ ਬੁੱਧ ਪ੍ਰਕਾਸ਼ ਅਨੁਸਾਰ ਸਭ ਤੋਂ ਪਹਿਲਾਂ ਉਨ੍ਹਾਂ ਨੇ ਇਹ ਪਤਾ ਕੀਤਾ ਕਿ ਆਪਣੇ ਕਮਾਊ ਮੈਂਬਰਾਂ ਨੂੰ ਗੁਆਉਣ ਤੋਂ ਬਾਅਦ ਪਰਿਵਾਰ ਦੀ ਕੀ ਹਾਲਤ ਹੈ। ਅਸੀਂ ਜਾਣ ਵਾਲੇ ਦੀ ਕਮੀ ਤਾਂ ਪੂਰੀ ਨਹੀਂ ਕਰ ਸਕਦੇ ਪਰ ਘੱਟੋ-ਘੱਟ ਉਨ੍ਹਾਂ ਦੇ ਪਰਿਵਾਰ ਨਾਲ ਜੁੜ ਕੇ ਉਨ੍ਹਾਂ ਦੇ ਜ਼ਖ਼ਮਾਂ ''ਤੇ ਰਾਹਤ ਦੀ ਮੱਲ੍ਹਮ ਤਾਂ ਲਾ ਹੀ ਸਕਦੇ ਹਾਂ। 
ਜਯੋਤੀ ਬੁੱਧ ਪ੍ਰਕਾਸ਼ ਅਨੁਸਾਰ ਦੇਖਣ ''ਚ ਬੇਸ਼ੱਕ ਇਹ ਬਹੁਤ ਛੋਟੀ ਜਿਹੀ ਗੱਲ ਲੱਗੇ ਪਰ ਆਪਣੇ ਨੁਕਸਾਨ ਨਾਲ ਜੂਝ ਰਹੇ ਪਰਿਵਾਰਾਂ ਲਈ ਇਹ ਬਹੁਤ ਵੱਡੀ ਗੱਲ ਹੈ ਅਤੇ ਆਈ. ਏ. ਐੱਸ. ਐਸੋਸੀਏਸ਼ਨ ਨੇ ਆਪਣੇ ਇਸ ਕਦਮ ਨਾਲ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਆਪਣੇ ਭਰਾਵਾਂ ਦੀ ਹਮੇਸ਼ਾ ਸਹਾਇਤਾ ਕਰਨੀ ਚਾਹੀਦੀ ਹੈ। 
ਜਯੋਤੀ ਬੁੱਧ ਪ੍ਰਕਾਸ਼ ਨੇ ਜਿਥੇ ਸ਼ਹੀਦ ਸੰਤੋਸ਼ ਕੁਮਾਰ  ਦੇ ਪਰਿਵਾਰ ਅਤੇ ਹਿਮਾਚਲ ਦੇ ਆਈ. ਏ. ਐੱਸ. ਜੋੜੇ ਯੂਨੁਸ ਖਾਨ ਅਤੇ ਅੰਜੁਮ ਆਰਾ ਨੇ ਸ਼ਹੀਦ ਪਰਮਜੀਤ ਸਿੰਘ ਦੀ ਛੋਟੀ ਬੇਟੀ ਅਤੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਉਨ੍ਹਾਂ ਦੀ ਵੱਡੀ ਬੇਟੀ ਦੇ ਪਾਲਣ-ਪੋਸ਼ਣ ਦਾ ਜ਼ਿੰਮਾ ਲਿਆ ਹੈ, ਉਥੇ ਹੀ ਕ੍ਰਿਕਟਰ ਗੌਤਮ ਗੰਭੀਰ ਦੀ ਫਾਊਂਡੇਸ਼ਨ ਨੇ ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ''ਚ ਸ਼ਹੀਦ ਹੋਣ ਵਾਲੇ ਸੀ. ਆਰ. ਪੀ. ਐੱਫ. ਦੇ 25 ਜਵਾਨਾਂ ਦੇ ਬੱਚਿਆਂ ਦੀ ਸਿੱਖਿਆ ਦਾ ਖਰਚ ਉਠਾਉਣ ਦਾ ਐਲਾਨ ਕੀਤਾ ਹੈ। 
ਨਿਸ਼ਚੇ ਹੀ ਇਨ੍ਹਾਂ ਦੀ ਪਰਾਈ ਪੀੜ ਵੰਡਾਉਣ ਦੀ ਭਾਵਨਾ ਸ਼ਲਾਘਾਯੋਗ ਹੈ। ਆਸ ਕਰਨੀ ਚਾਹੀਦੀ ਹੈ ਕਿ ਹੋਰ ਸੰਸਥਾਵਾਂ ਵੀ ਅੱਗੇ ਆਉਣਗੀਆਂ।


Vijay Kumar Chopra

Chief Editor

Related News