ਸ਼ਰਾਫਤ ਦਾ ਚੋਲਾ ਪਾ ਕੇ ਲੋਕਾਂ ਨੂੰ ਲੁੱਟ ਅਤੇ ਸੈਕਸ ਅਪਰਾਧ ਕਰ ਰਹੇ ਕੁਝ ਬਾਬੇ

Thursday, Jun 29, 2023 - 05:34 AM (IST)

ਸ਼ਰਾਫਤ ਦਾ ਚੋਲਾ ਪਾ ਕੇ ਲੋਕਾਂ ਨੂੰ ਲੁੱਟ ਅਤੇ ਸੈਕਸ ਅਪਰਾਧ ਕਰ ਰਹੇ ਕੁਝ ਬਾਬੇ

ਅੱਜ ਦੇ ਵਿਗਿਆਨਕ ਯੁੱਗ ’ਚ ਵੀ ਅੰਧ-ਵਿਸ਼ਵਾਸੀ ਲੋਕਾਂ ਦੀ ਕਮੀ ਨਹੀਂ ਹੈ। ਸਮਾਜ ’ਚ ਵੱਡੀ ਗਿਣਤੀ ’ਚ ਅਜਿਹੇ ਪਾਖੰਡੀ ਬਾਬੇ ਅਤੇ ਤਾਂਤਰਿਕ ਮੌਜੂਦ ਹਨ ਜੋ ਸ਼ਰਾਫਤ ਦਾ ਚੋਲਾ ਪਾ ਕ ਭੋਲੇ-ਭਾਲੇ ਲੋਕਾਂ ਦੀਆਂ ਮਜਬੂਰੀਆਂ ਦਾ ਫਾਇਦਾ ਉਠਾ ਕੇ ਉਨ੍ਹਾਂ ਨੂੰ ਲੁੱਟ ਰਹੇ ਹਨ ਅਤੇ ਔਰਤਾਂ ਦਾ ਸੈਕਸ ਸ਼ੋਸ਼ਣ ਕਰ ਰਹੇ ਹਨ।

ਇਸ ਦੀ ਤਾਜ਼ਾ ਉਦਾਹਰਣ 27 ਜੂਨ ਨੂੰ ਸਾਹਮਣੇ ਆਈ ਜਦੋਂ ਗੁਨਾ (ਮੱਧ ਪ੍ਰਦੇਸ਼) ’ਚ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੇ ਬਹਾਨੇ ਉਨ੍ਹਾਂ ਨਾਲ ਠੱਗੀ ਮਾਰਨ ਵਾਲੇ ਇਕ ‘ਯੂ-ਟਿਊਬਰ ਬਾਬਾ’ ਨੂੰ ਇਕ ਪੀੜਤਾ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ।

ਇਸ ਪੀੜਤਾ ਮੁਤਾਬਕ ਯੂ-ਟਿਊਬਰ ਬਾਬੇ ਦੇ ਝਾਂਸੇ ’ਚ ਆ ਕੇ ਉਸ ਨੇ ਮਿਊਚੁਅਲ ਫੰਡ ’ਚ ਲਾਉਣ ਲਈ 5.50 ਲੱਖ ਰੁਪਏ ਉਸ ਨੂੰ ਆਨਲਾਈਨ ਟ੍ਰਾਂਸਫਰ ਕਰ ਦਿੱਤੇ ਪਰ ਠੱਗ ਬਾਬਾ ਉਸ ਦੀ ਰਕਮ ਡਕਾਰ ਗਿਆ। ਪੁਲਸ ਵੱਲੋਂ ਉਕਤ ਬਾਬੇ ਦੀ ਗ੍ਰਿਫਤਾਰੀ ਪਿੱਛੋਂ ਖੁਲਾਸਾ ਹੋਇਆ ਕਿ ਉਸ ਨੇ ਤੰਤਰ-ਮੰਤਰ ਦੇ ਨਾਂ ’ਤੇ ਵੱਡੀ ਗਿਣਤੀ ’ਚ ਹੋਰ ਲੋਕਾਂ ਕੋਲੋਂ ਵੀ ਸਾਢੇ 5 ਕਰੋੜ ਰੁਪਏ ਦੀ ਠੱਗੀ ਕੀਤੀ ਹੈ।

ਇਹੀ ਨਹੀਂ, ਇਸ ਤੋਂ ਪਹਿਲਾਂ ਸਿਰਫ 4 ਦਿਨਾਂ ’ਚ ਪਾਖੰਡੀ ਬਾਬਿਆਂ ਵੱਲੋਂ ਸੈਕਸ ਸ਼ੋਸ਼ਣ ਦੇ 2 ਮਾਮਲੇ ਸਾਹਮਣੇ ਆਏ ਹਨ। ਪਹਿਲੇ ਮਾਮਲੇ ’ਚ 20 ਜੂਨ ਨੂੰ ਲਾਲਗੜ੍ਹ ਜੱਟਾਂ (ਰਾਜਸਥਾਨ) ਥਾਣੇ ਦੀ ਪੁਲਸ ਨੇ ਪਿੰਡ ‘ਹਾਕਮਾਬਾਦ’ ਦੇ ਇਕ ਪਾਖੰਡੀ ਬਾਬੇ ਨੂੰ ਆਪਣੇ ਘਰ ਬਣੀ ਸਮਾਧ ’ਤੇ ਮੱਥਾ ਟੇਕਣ ਆਈ ਇਕ ਅੱਲ੍ਹੜ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।

ਅਤੇ ਇਸੇ ਤਰ੍ਹਾਂ 24 ਜੂਨ ਨੂੰ ਫਤਿਹਾਬਾਦ (ਹਰਿਆਣਾ) ਪੁਲਸ ਨੇ ਝਾੜ-ਫੂਕ ਦੇ ਨਾਂ ’ਤੇ ਇਕ ਮਹਿਲਾ ਨਾਲ ਜਬਰ-ਜ਼ਨਾਹ, ਗੈਰ-ਕੁਦਰਤੀ ਸੈਕਸ ਅਤੇ ਬਲੈਕਮੇਲ ਕਰਨ ਦੇ ਦੋਸ਼ ’ਚ ਇਕ ਤਾਂਤਰਿਕ ਬਾਬੇ ਵਿਰੁੱਧ ਕੇਸ ਦਰਜ ਕੀਤਾ।

ਪੀੜਤਾ ਦੇ ਪਿਤਾ ਮੁਤਾਬਕ ਉਹ ਆਪਣੀ ਧੀ ਨੂੰ ਇਲਾਜ ਲਈ ਇਸ ਬਾਬੇ ਕੋਲ ਲੈ ਕੇ ਗਿਆ, ਜਿੱਥੇ ਉਸ ਨੇ ਉਸ ’ਤੇ ਭੂਤ ਦਾ ਪਰਛਾਵਾਂ ਹੋਣ ਦੀ ਗੱਲ ਕਹਿ ਕੇ ਮੰਤਰ ਸਿੱਧ ਭਬੂਤੀ ਪਾਣੀ ’ਚ ਘੋਲ ਕੇ ਪਿਆਉਣ ਪਿੱਛੋਂ ਇਲਾਜ ਕਰਨ ਦੇ ਬਹਾਨੇ ਉਸ ਨੂੰ ਇਕ ਕਮਰੇ ’ਚ ਲੈ ਗਿਆ ਅਤੇ ਉਥੇ ਉਸ ਨੂੰ ਬੇਹੋਸ਼ ਕਰ ਕੇ ਉਸ ਨਾਲ ਜਬਰ-ਜ਼ਨਾਹ ਕਰਨ ਤੋਂ ਇਲਾਵਾ ਮੋਬਾਈਲ ’ਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਵੀ ਖਿੱਚ ਲਈਆਂ।

ਯਕੀਨਨ ਹੀ ਅਜਿਹੀਆਂ ਘਟਨਾਵਾਂ ਸੰਤ ਸਮਾਜ ਦੀ ਬਦਨਾਮੀ ਦਾ ਕਾਰਨ ਬਣ ਰਹੀਆਂ ਹਨ। ਇਸ ਲਈ ਕਿਸੇ ਹੱਦ ਤਕ ਔਰਤਾਂ ਵੀ ਦੋਸ਼ੀ ਹਨ ਜੋ ਅਜਿਹੇ ਬਾਬਿਆਂ ਦੀ ਭਾਸ਼ਣ ਕਲਾ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਦੇ ਝਾਂਸੇ ’ਚ ਆ ਜਾਂਦੀਆਂ ਹਨ ਅਤੇ ਸਮੱਸਿਆ ਦੇ ਹੱਲ ਆਦਿ ਦੇ ਲੋਭ ’ਚ ਆਪਣਾ ਸਭ ਕੁਝ ਲੁਟਾ ਬੈਠਦੀਆਂ ਹਨ। ਲਿਹਾਜ਼ਾ ਇਸ ਮਾਮਲੇ ’ਚ ਔਰਤਾਂ ਨੂੰ ਵੀ ਬੇਹੱਦ ਸਾਵਧਾਨੀ ਵਰਤਣ ਦੀ ਲੋੜ ਹੈ।

- ਵਿਜੇ ਕੁਮਾਰ
 


author

Anmol Tagra

Content Editor

Related News