ਹੁਣ ‘ਰੇਵ ਪਾਰਟੀਆਂ’ ’ਚ ਨਸ਼ੇ ਲਈ ਹੋਣ ਲੱਗੀ ਸੱਪਾਂ ਦੇ ‘ਜ਼ਹਿਰ ਦੀ ਵਰਤੋਂ’

11/05/2023 5:02:47 AM

ਦੁਨੀਆ ’ਚ ਸੱਪਾਂ ਦੀਆਂ ਜਿੰਨੀਆਂ ਕਿਸਮਾਂ ਹਨ, ਓਨੇ ਹੀ ਕਿਸਮ ਦੇ ਇਨ੍ਹਾਂ ਦੇ ਜ਼ਹਿਰ ਵੀ ਹਨ। ਜਿੱਥੇ ਸੱਪ ਦੇ ਜ਼ਹਿਰ ਨਾਲ ਦਵਾਈਆਂ ਤੱਕ ਬਣਾਈਆਂ ਜਾਂਦੀਆਂ ਹਨ, ਉੱਥੇ ਹੀ ਇਨ੍ਹਾਂ ਦੇ ਜ਼ਹਿਰ ਦੀ ਇਕ ਵੱਖਰੀ ਵਰਤੋਂ ਸਾਨੂੰ ਸਭ ਨੂੰ ਹੈਰਾਨ ਕਰਦੀ ਹੈ।

3 ਨਵੰਬਰ ਨੂੰ ਟੀ. ਵੀ. ਸ਼ੋਅ ‘ਬਿਗ ਬੌਸ’ ਦੇ ਜੇਤੂ ਅਤੇ ਯੂ-ਟਿਊਬਰ ‘ਐਲਵਿਸ਼ ਯਾਦਵ’ ਵਿਰੁੱਧ ਨੋਇਡਾ ਦੇ ਸੈਕਟਰ-49 ਦੀ ਪੁਲਸ ਨੇ ਗੈਰ-ਕਾਨੂੰਨੀ ਤਰੀਕੇ ਨਾਲ ਰੇਵ ਪਾਰਟੀ ਕਰਵਾਉਣ ਅਤੇ ਉਸ ’ਚ ਸੱਪ ਦੇ ਜ਼ਹਿਰ ਦੀ ਕਥਿਤ ਵਰਤੋਂ ਨੂੰ ਲੈ ਕੇ ਮਾਮਲਾ ਦਰਜ ਕੀਤਾ ਹੈ।

ਇਸੇ ਸਿਲਸਿਲੇ ’ਚ ਨੋਇਡਾ, ਦਿੱਲੀ, ਐੱਨ. ਸੀ. ਆਰ. ’ਚ ਰੇਵ ਪਾਰਟੀਆਂ ਕਰਨ ਅਤੇ ਜ਼ਹਿਰੀਲੇ ਸੱਪਾਂ ਅਤੇ ਵਿਦੇਸ਼ੀ ਲੜਕੀਆਂ ਨਾਲ ਫੋਟੋ ਅਤੇ ਸ਼ਾਰਟ ਵੀਡੀਓ ਸ਼ੂਟ ਕਰਨ ਦਾ ਐੱਮ. ਪੀ. ਮੇਨਕਾ ਗਾਂਧੀ ਦੀ ਸੰਸਥਾ ‘ਪੀਪਲ ਫਾਰ ਐਨੀਮਲਜ਼’ (ਪੀ. ਐੱਫ. ਏ.) ਦੇ ਇਕ ਅਹੁਦੇਦਾਰ ਗੌਰਵ ਗੁਪਤਾ ਨੇ ‘ਐਲਵਿਸ਼ ਯਾਦਵ’ ਸਮੇਤ 6 ਲੋਕਾਂ ਵਿਰੁੱਧ ਕੇਸ ਦਰਜ ਕਰਵਾਇਆ ਸੀ।

ਪੁਲਸ ਨੇ ਇਸ ਮਾਮਲੇ ’ਚ 5 ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਹੈ, ਜਦਕਿ ‘ਐਲਵਿਸ਼’ ਦੀ ਤਲਾਸ਼ ਜਾਰੀ ਹੈ। ਗੌਰਵ ਦੀ ਸ਼ਿਕਾਇਤ ’ਤੇ ਰਾਹੁਲ, ਟੀਟੂ ਨਾਥ, ਜੈਕਰਨ, ਨਾਰਾਇਣ ਅਤੇ ਰਵੀਨਾਥ ਹਿਰਾਸਤ ’ਚ ਲਏ ਗਏ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ 5 ਕੋਬਰਾ, 1 ਅਜਗਰ, 2 ਦੋਮੂੰਹੇ ਸੱਪ (ਸੈਂਡਬੋ) ਅਤੇ 1 ਘੋੜਾਪਛਾੜ ਸੱਪ ਬਰਾਮਦ ਕੀਤੇ ਹਨ, ਜਿਨ੍ਹਾਂ ਦੇ ਜ਼ਹਿਰ ਦੀ ਵਰਤੋਂ ਪਾਰਟੀ ’ਚ ਨਸ਼ੇ ਲਈ ਕੀਤੀ ਗਈ।

ਇਸ ਤੋਂ ਇਲਾਵਾ ਉਨ੍ਹਾਂ ਕੋਲ ਸ਼ੀਸ਼ੀ ’ਚ ਲਗਭਗ 20 ਮਿ.ਲੀ. ਇਕ ਤਰਲ ਪਦਾਰਥ ਬਰਾਮਦ ਕੀਤਾ ਗਿਆ, ਜਿਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਸ ਦਰਮਿਆਨ, ‘ਐਲਵਿਸ਼’ ਨੇ ਆਪਣੇ ਵਿਰੁੱਧ ਲਾਏ ਗਏ ਦੋਸ਼ਾਂ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ।

ਦੇਸ਼ ’ਚ ਪਹਿਲਾਂ ਤੋਂ ਹੀ ਨਸ਼ੇ ਦਾ ਰੁਝਾਨ ਵਧਣ ਨਾਲ ਨਾ ਸਿਰਫ ਨੌਜਵਾਨਾਂ ਦੀ ਸਿਹਤ ਨਸ਼ਟ ਹੋ ਰਹੀ ਹੈ, ਸਗੋਂ ਇਸ ਨਾਲ ਹੋਣ ਵਾਲੀਆਂ ਸਮੇਂ ਤੋਂ ਪਹਿਲਾਂ ਮੌਤਾਂ ਕਾਰਨ ਵੱਡੀ ਗਿਣਤੀ ’ਚ ਪਰਿਵਾਰ ਉੱਜੜ ਰਹੇ ਹਨ। ਪੰਜਾਬ, ਹਰਿਆਣਾ, ਦਿੱਲੀ ਸਮੇਤ ਕਈ ਸੂਬੇ ਇਸ ਦੀ ਪਕੜ ’ਚ ਹਨ। ਅਜਿਹੇ ’ਚ ਜੇ ਇਨ੍ਹਾਂ ’ਚ ਸੱਪਾਂ ਦੇ ਜ਼ਹਿਰ ਦੀ ਨਸ਼ੇ ਦੇ ਤੌਰ ’ਤੇ ਵਰਤੋਂ ਕਰਨ ਦਾ ਰੁਝਾਨ ਵਧਿਆ ਤਾਂ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ।

ਹੁਣ ਪੁਲਸ ਦੀ ਜ਼ਿੰਮੇਵਾਰੀ ਹੈ ਕਿ ਇਸ ਧੰਦੇ ’ਚ ਸ਼ਾਮਲ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾ ਕੇ ਇਕ ਮਿਸਾਲ ਕਾਇਮ ਕਰੇ ਅਤੇ ਇਸ ਰੁਝਾਨ ਅਤੇ ਸੱਪਾਂ ਦੀ ਸਮੱਗਲਿੰਗ ’ਤੇ ਰੋਕ ਲਾਈ ਜਾਵੇ।

-ਵਿਜੇ ਕੁਮਾਰ


Anmol Tagra

Content Editor

Related News