‘ਅਮਰੀਕਾ ’ਚ ਗੋਲੀਬਾਰੀ ਅਤੇ ਹਿੰਸਾ’ ‘ਰੋਜ਼ ਦਾ ਬਣ ਗਿਆ ਸਿਲਸਿਲਾ’

06/16/2021 3:03:17 AM

50 ਸੂਬਿਆਂ ਅਤੇ ਵੱਖ-ਵੱਖ ਅਧੀਨ ਵਾਲੇ ਖੇਤਰਾਂ ਨੂੰ ਮਿਲਾ ਕੇ ਬਣਿਆ ‘ਸੰਯੁਕਤ ਰਾਜ ਅਮਰੀਕਾ’ ਦੁਨੀਆ ਦੇ ਅਮੀਰ ਅਤੇ ਵਿਕਸਤ ਦੇਸ਼ਾਂ ’ਚ ਅਗਾਂਵਧੂ ਹੈ। ਅਮਰੀਕਾ ਕੋਲ ਦੁਨੀਆ ਦੀ ਕੁਲ ਜਾਇਦਾਦ ਦਾ 40 ਫੀਸਦੀ ਹਿੱਸਾ ਹੈ।

ਇਸ ਪੱਖੋਂ ਦੁਨੀਆ ਦੇ ਖੁਸ਼ਹਾਲ ਦੇਸ਼ਾਂ ’ਚ ਗਿਣੇ ਜਾਣ ਦੇ ਬਾਵਜੂਦ ਇੱਥੇ ਗੋਲੀਬਾਰੀ ਅਤੇ ਹਿੰਸਾ ਲਗਾਤਾਰ ਵਧਣ ਕਾਰਨ ਇੱਥੋਂ ਦੀ ਧਰਤੀ ਖੂਨ ਨਾਲ ਲਾਲ ਹੋ ਰਹੀ ਹੈ ਅਤੇ ਦੇਸ਼ ਦੇ ਲਗਭਗ ਸਾਰੇ ਸੂਬੇ ਬਰਾਬਰ ਢੰਗ ਨਾਲ ਇਸ ਦੀ ਲਪੇਟ ’ਚ ਆਏ ਹੋਏ ਹਨ। ਬੱਚਿਆਂ ਤੱਕ ਦੇ ਹੱਥਾਂ ’ਚ ਬੰਦੂਕਾਂ ਆ ਗਈਆਂ ਹਨ, ਜੋ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹਨ :

* 6 ਮਈ ਨੂੰ ‘ਇਦਾਹੋ’ ਵਿਖੇ ਇਕ ਮਿਡਲ ਸਕੂਲ ’ਚ 6 ਜਮਾਤ ’ਚ ਪੜ੍ਹਨ ਵਾਲੀ ਇਕ ਵਿਦਿਆਰਥਣ ਨੇ ਆਪਣੇ ਬੈਗ ’ਚੋਂ ਅਚਾਨਕ ਹੈਂਡਗੰਨ ਕੱਢ ਕੇ ਕਲਾਸਰੂਮ ’ਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ 1 ਵਿਅਕਤੀ ਅਤੇ 2 ਵਿਦਿਆਰਥਣਾਂ ਜ਼ਖਮੀ ਹੋ ਗਈਆਂ।

* 9 ਮਈ ਨੂੰ ਸਵੇਰੇ ‘ਮੈਰੀਲੈਂਡ’ ਦੀ ‘ਬਾਲਟੀਮੋਰ ਕਾਊਂਟੀ’ ਵਿਖੇ ਹਮਲਾਵਰ ਵੱਲੋਂ ਮਕਾਨ ’ਚ ਦਾਖਲ ਹੋ ਕੇ ਗੋਲੀਆਂ ਚਲਾਉਣ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ।

* 19 ਮਈ ਨੂੰ ‘ਸਾਨ ਫ੍ਰਾਂਸਿਸਕੋ’ ਦੇ ‘ਬੇ ਏਰੀਆ ਫ੍ਰੀ-ਵੇ’ ’ਤੇ 2 ਵਿਅਕਤੀਆਂ ਵੱਲੋਂ ਇਕ ਬੱਸ ’ਤੇ ਗੋਲੀਆਂ ਚਲਾਉਣ ਨਾਲ 2 ਔਰਤਾਂ ਦੀ ਮੌਤ ਅਤੇ 5 ਹੋਰ ਜ਼ਖਮੀ ਹੋ ਗਈਆਂ। ਹਮਲਾਵਰਾਂ ਨੇ ਘੱਟੋ-ਘੱਟ 70 ਗੋਲੀਆਂ ਉਥੇ ਚਲਾਈਆਂ।

* 22 ਮਈ ਨੂੰ ‘ਮਿਨਿਯਾਪੋਲਿਸ’ ਸ਼ਹਿਰ ਦੇ ਮੁੱਖ ਹਿੱਸੇ ’ਚ 2 ਵਿਅਕਤੀਆਂ ਦਰਮਿਆਨ ਮਾਮੂਲੀ ਬਹਿਸ ਪਿੱਛੋਂ ਹੋਈ ਗੋਲੀਬਾਰੀ ਦੀ ਘਟਨਾ ’ਚ 2 ਿਵਅਕਤੀਆਂ ਦੀ ਜਾਨ ਚਲੀ ਗਈ ਅਤੇ 8 ਹੋਰ ਜ਼ਖਮੀ ਹੋ ਗਏ।

* 23 ਮਈ ਨੂੰ ‘ਵਾਸ਼ਿੰਗਟਨ’ ਵਿਖੇ 2 ਥਾਵਾਂ ’ਤੇ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ’ਚ 5 ਵਿਅਕਤੀਆਂ ਦੀ ਮੌਤ ਅਤੇ 17 ਹੋਰ ਜ਼ਖਮੀ ਹੋ ਗਏ।

* 23 ਮਈ ਨੂੰ ‘ਲਾਸ ਏਂਜਲਸ’ ਵਿਖੇ ਇਕ ਰੈਸਟੋਰੈਂਟ ਦੇ ਬਾਹਰ ਯਹੂਦੀਆਂ ’ਤੇ ਹਮਲਾ ਕਰਨ ਦੇ ਦੋਸ਼ ’ਚ ਇਕ ਸ਼ੱਕੀ ਨੂੰ ਫੜਿਆ ਗਿਆ।

* 23 ਮਈ ਨੂੰ ਦੱਖਣੀ ਕੈਲੀਫੋਰਨੀਆ ਦੇ ‘ਆਰੇਂਜ’ ਵਿਖੇ 6 ਸਾਲ ਦੇ ਇਕ ਬੱਚੇ ਦੀ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦੋਂ ਉਸ ਦੀ ਮਾਂ ਉਸ ਨੂੰ ਸਕੂਲ ’ਚ ਛੱਡਣ ਜਾ ਰਹੀ ਸੀ।

* 26 ਮਈ ਨੂੰ ਕੈਲੀਫੋਰਨੀਆ ਸੂਬੇ ਦੇ ‘ਸਾਨ ਜੋਸ’ ’ਚ ਇਕ ਵਿਅਕਤੀ ਨੇ ਇਕ ਰੇਲ ਯਾਰਡ ਵਿਖੇ ਅੰਨੇਵਾਹ ਫਾਇਰਿੰਗ ਕਰ ਕੇ 9 ਵਿਅਕਤੀਆਂ ਦੀ ਜਾਨ ਲੈ ਲਈ।

* 29 ਮਈ ਨੂੰ ‘ਸੈਕ੍ਰੋਮੈਂਟੋ’ ਦੇ ‘ਨਿਊ ਓਰਲੀਅੰਸ’ ਵਿਖੇ ਗੋਲੀਬਾਰੀ ਦੀਆਂ 2 ਘਟਨਾਵਾਂ ’ਚ ਇਕ ਨਾਬਾਲਿਗ ਕੁੜੀ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ।

* 30 ਮਈ ਨੂੰ ‘ਫਲੋਰੀਡਾ’ ਵਿਖੇ ਇਕ ਬੈਂਕਵੇਟ ਹਾਲ ’ਚ ਆਯੋਜਿਤ ਪ੍ਰੋਗਰਾਮ ਦੌਰਾਨ ਭੀੜ ’ਤੇ ਫਾਇਰਿੰਗ ਦੇ ਸਿੱਟੇ ਵਜੋਂ 2 ਵਿਅਕਤੀ ਮਾਰੇ ਗਏ ਅਤੇ 25 ਜ਼ਖਮੀ ਹੋ ਗਏ।

* 2 ਜੂਨ ਨੂੰ ‘ਲਾਸ ਏਂਜਲਸ ਕਾਊਂਟੀ’ ਦੇ ਇਕ ਫਾਇਰਬ੍ਰਿਗੇਡ ਮੁਲਾਜ਼ਮ ਨੇ ਫਾਇਰਬ੍ਰਿਗੇਡ ਕੇਂਦਰ ਅੰਦਰ ਗੋਲੀ ਚਲਾ ਕੇ ਆਪਣੇ ਇਕ ਸਾਥੀ ਦੀ ਹੱਤਿਆ ਅਤੇ ਇਕ ਹੋਰ ਨੂੰ ਜ਼ਖਮੀ ਕਰਨ ਪਿੱਛੋਂ ਖੁਦ ਵੀ ਆਤਮ-ਹੱਤਿਆ ਕਰ ਲਈ।

* 2 ਜੂਨ ਨੂੰ ‘ਫੋਰਟ ਵਾਯਨ’ ਸ਼ਹਿਰ ਦੇ ਇਕ ਮਕਾਨ ’ਚ ਇਕ ਔਰਤ ਅਤੇ 3 ਬੱਚਿਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

* 6 ਜੂਨ ਨੂੰ ‘ਫਲੋਰੀਡਾ’ ਵਿਖੇ ਇਕ ਪਾਰਟੀ ’ਚ ਫਾਇਰਿੰਗ ਕਾਰਨ 3 ਵਿਅਕਤੀਅਾਂ ਦੀ ਮੌਤ ਅਤੇ 6 ਜ਼ਖਮੀ ਹੋ ਗਏ। ਉਸੇ ਦਿਨ ‘ਨਿਊ ਓਰਲੀਆਂਸ’ ਵਿਖੇ ਗੋਲੀਬਾਰੀ ’ਚ 8 ਵਿਅਕਤੀ ਜ਼ਖਮੀ ਹੋ ਗਏ।

* 7 ਜੂਨ ਨੂੰ ‘ਮਿਆਨੀ’ ਦੇ ‘ਹੋਮਸਟੀਡ’ ਵਿਖੇ ਇਕ ਵਿਅਕਤੀ ਨੇ ਗੋਲੀ ਮਾਰ ਕੇ ਆਪਣੀ ਪ੍ਰੇਮਿਕਾ ਅਤੇ 15 ਸਾਲ ਦੇ ਇਕ ਅੱਲੜ ਦੀ ਹੱਤਿਆ ਕਰ ਦਿੱਤੀ ਅਤੇ 3 ਹੋਰਨਾਂ ਨੂੰ ਜ਼ਖਮੀ ਕਰ ਦਿੱਤਾ।

* 10 ਜੂਨ ਨੂੰ ‘ਫਲੋਰੀਡਾ’ ਦੇ ‘ਰਾਇਲ ਪਾਮ ਬੀਚ’ ਵਿਖੇ ਸਥਿਤ ਇਕ ਸੁਪਰ ਮਾਰਕੀਟ ’ਚ ਫਾਇਰਿੰਗ ਦੇ ਸਿੱਟੇ ਵਜੋਂ 3 ਵਿਅਕਤੀ ਮਾਰੇ ਗਏ।

* 12 ਜੂਨ ਨੂੰ ‘ਟੈਕਸਾਸ’ ਦੀ ਰਾਜਧਾਨੀ ‘ਆਸਟਿਨ’ ਵਿਖੇ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ’ਚ 13 ਵਿਅਕਤੀ ਜ਼ਖਮੀ ਹੋ ਗਏ।

* 13 ਜੂਨ ਨੂੰ ‘ਆਸਟਿਨ’, ‘ਸ਼ਿਕਾਗੋ’ ਅਤੇ ‘ਜਾਰਜੀਆ’ ਦੇ ਸਵਾਨਾ ਵਿਖੇ ਗੋਲੀਬਾਰੀ ਦੀਆਂ 3 ਘਟਨਾਵਾਂ ’ਚ 2 ਵਿਅਕਤੀ ਮਾਰੇ ਗਏ।

* 15 ਜੂਨ ਨੂੰ ‘ਸ਼ਿਕਾਗੋ’, ‘ਡੇਕੇਟਰ’ ਅਤੇ ‘ਅਲਬਾਮਾ’ ਵਿਖੇ ਗੋਲੀਬਾਰੀ ਦੀਆਂ 3 ਘਟਨਾਵਾਂ ’ਚ 7 ਵਿਅਕਤੀ ਮਾਰੇ ਗਏ।

ਕੌਮਾਂਤਰੀ ਮਹਾਮਾਰੀ ਕੋਵਿਡ-19 ਨਾਲ ਜੂਝ ਰਹੇ ਅਮਰੀਕਾ ’ਚ ਇਸ ਸਾਲ ਸਮੂਹਿਕ ਹੱਤਿਆਵਾਂ ਦੀਆਂ ਘਟਨਾਵਾਂ ’ਚ ਕਾਫੀ ਤੇਜ਼ੀ ਆਈ ਹੈ ਅਤੇ ਅਮਰੀਕਾ ’ਚ ਫਾਇਰਿੰਗ ਕਰ ਕੇ ਲੋਕਾਂ ਦੀ ਜਾਨ ਲੈਣ ਦੀਆਂ 200 ਤੋਂ ਵੱਧ ਘਟਨਾਵਾਂ ਵਾਪਰੀਆਂ ਹਨ।

ਇਕ ਸਮਾਜਿਕ ਸਰਵੇਖਣ ਮੁਤਾਬਕ ਅਮਰੀਕਾ ’ਚ 2016 ’ਚ 32 ਫੀਸਦੀ ਪਰਿਵਾਰਾਂ ਕੋਲ ਬੰਦੂਕਾਂ ਸਨ, ਜੋ ਇਸ ਸਮੇਂ ਵਧ ਕੇ 39 ਫੀਸਦੀ ਹੋ ਗਈਅਾਂ ਹਨ ਅਤੇ ਹਰ 10 ਪਰਿਵਾਰਾਂ ’ਚੋਂ 4 ਪਰਿਵਾਰਾਂ ਕੋਲ ਬੰਦੂਕਾਂ ਪਹੁੰਚ ਚੁੱਕੀਆਂ ਹਨ।

ਅਮਰੀਕਾ ’ਚ ਵਧ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ’ਤੇ ਇੰਡੀਆਨਾਪੋਲਿਸ ਦੇ ਉਪ ਪੁਲਸ ਮੁਖੀ ‘ਕ੍ਰੇਗ ਕੈਕਾਰਟ’ ਦਾ ਕਹਿਣਾ ਹੈ ਕਿ ‘‘ਲੋਕਾਂ ਨੇ ਆਪਣੀਆਂ ਸਮੱਸਿਆਵਾਂ ਜਲਦੀ ਹੱਲ ਕਰਨ ਦੇ ਜਨੂੰਨ ’ਚ ਬੰਦੂਕਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ।’’

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਹੈ ਕਿ ਦੇਸ਼ ’ਚ ਬੰਦੂਕ ਸੰਸਕ੍ਰਿਤੀ ਇਕ ਮਹਾਮਾਰੀ ਦਾ ਰੂਪ ਧਾਰਨ ਕਰ ਰਹੀ ਹੈ ਅਤੇ ਇਹ ਅਮਰੀਕਾ ਦੇ ਲਈ ਕੌਮਾਂਤਰੀ ਪੱਧਰ ’ਤੇ ਬਦਨਾਮੀ ਦਾ ਕਾਰਨ ਬਣ ਰਹੀ ਹੈ, ਜਿਸ ਨੂੰ ਰੋਕਣਾ ਜ਼ਰੂਰੀ ਹੈ

ਅਮਰੀਕਾ ’ਚ ‘ਬੰਦੂਕ ਸੰਸਕ੍ਰਿਤੀ’ ਲੋਕਾਂ ’ਚ ਵਧ ਰਹੀ ਅਸਹਿਣਸ਼ੀਲਤਾ ਅਤੇ ਆਸਾਨੀ ਨਾਲ ਹਥਿਆਰਾਂ ਦੀ ਉਪਲੱਬਧਤਾ ਦਾ ਮਾੜਾ ਨਤੀਜਾ ਦੁਖਦਾਈ ਘਟਨਾਵਾਂ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ। ਦਰਸ਼ਕਾਂ ਮੁਤਾਬਕ ਜੇ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਅਮਰੀਕਾ ਦੇ ਲੋਕਾਂ ’ਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਤਾਂ ਵਧੇਗੀ ਹੀ, ਇਸ ਦੇ ਨਾਲ-ਨਾਲ ਉੱਥੇ ਨਸਲੀ ਦੰਗੇ ਵੀ ਸ਼ੁਰੂ ਹੋ ਸਕਦੇ ਹਨ।

ਵਿਜੇ ਕੁਮਾਰ


Bharat Thapa

Content Editor

Related News