‘ਮਾਮੇ ਦਾ ਘਰ ਸਾਰਿਆਂ ਲਈ ਖੁੱਲ੍ਹਾ ਰਹੇਗਾ’, ‘ਮੈਂ ਕਿਤੇ ਨਹੀਂ ਜਾਵਾਂਗਾ’
Friday, Jan 05, 2024 - 05:45 AM (IST)
‘ਮਾਮਾ ਜੀ’ ਦੇ ਨਾਂ ਨਾਲ ਪ੍ਰਸਿੱਧ ਅਤੇ 4 ਵਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਸੀਨੀਅਰ ਭਾਜਪਾ ਆਗੂ ਸ਼ਿਵਰਾਜ ਸਿੰਘ ਚੌਹਾਨ ਆਪਣੇ ਸੂਬੇ ’ਚ ਮਹਿਲਾ ਸਸ਼ਕਤੀਕਰਨ ਲਈ ਸਭ ਤੋਂ ਵੱਧ ਯੋਜਨਾਵਾਂ ਚਲਾਉਣ ਵਾਲੇ ਮੁੱਖ ਮੰਤਰੀ ਹਨ।
ਉਨ੍ਹਾਂ ਦੇ ਕਾਰਜਕਾਲ ’ਚ ‘ਗਾਂਵ ਕੀ ਬੇਟੀ ਯੋਜਨਾ’, ‘ਜਨਨੀ ਸੁਰਕਸ਼ਾ ਏਵਮ ਜਨਨੀ ਪ੍ਰਸਵ ਯੋਜਨਾ’, ‘ਸਵਾਗਤਮ ਲਕਸ਼ਮੀ ਯੋਜਨਾ’, ‘ਊਸ਼ਾ ਕਿਰਨ ਯੋਜਨਾ’, ‘ਤੇਜਸਵਿਨੀ ਵਨ ਸਟਾਕ ਕ੍ਰਾਈਸਿਸ ਸੈਂਟਰ’, ‘ਲਾਡੋ ਅਭਿਆਨ’ ਆਦਿ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਸਨ।
ਬੀਤੀਆਂ ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ਭਾਜਪਾ ਨੇ ਬਿਨਾਂ ਸੀ. ਐੱਮ. ਫੇਸ ਦੇ ਲੜੀਆਂ ਅਤੇ ਜਿੱਤ ਦਰਜ ਕੀਤੀ। ਨਤੀਜੇ ਆਉਣ ਪਿੱਛੋਂ ਤੋਂ ਹੀ ਚਰਚਾ ਸੀ ਕਿ ਇਸ ਵਾਰ ਪਾਰਟੀ ਦੀ ਲੀਡਰਸ਼ਿਪ ਇਸੇ ਨਵੇਂ ਚਿਹਰੇ ਨੂੰ ਮੁੱਖ ਮੰਤਰੀ ਬਣਾ ਸਕਦੀ ਹੈ ਅਤੇ ਭਾਜਪਾ ਨੇ ਮੋਹਨ ਯਾਦਵ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਦਿੱਤਾ।
ਹਾਲ ਦੀ ਘੜੀ, ਹੁਣ ਉਹ ਸਰਕਾਰੀ ਮੁੱਖ ਮੰਤਰੀ ਰਿਹਾਇਸ਼ ਖਾਲੀ ਕਰ ਕੇ ਆਪਣੇ ਭੋਪਾਲ ਵਾਲੇ ਨਵੇਂ ਸਰਕਾਰੀ ਬੰਗਲੇ ’ਚ ਸ਼ਿਫਟ ਹੋ ਗਏ ਹਨ। ਉਨ੍ਹਾਂ ਨੇ ਇਸ ਦਾ ਨਾਂ ‘ਮਾਮਾ ਕਾ ਘਰ’ ਰੱਖਿਆ ਹੈ ਅਤੇ ਲੋਕਾਂ ਨੂੰ ਆਪਣਾ ਨਵਾਂ ਪਤਾ ਦੱਸਦਿਆਂ ਕਿਹਾ ਹੈ ਕਿ ‘‘ਤੁਹਾਡੇ ਮਾਮੇ ਦੇ ਦਰਵਾਜ਼ੇ ਹਮੇਸ਼ਾ ਤੁਹਾਡੇ ਲਈ ਖੁੱਲ੍ਹੇ ਰਹਿਣਗੇ।’
‘‘ਜਦ ਵੀ ਤੁਹਾਨੂੰ ਆਪਣੇ ਮਾਮੇ ਦੀ ਲੋੜ ਹੋਵੇ, ਤੁਸੀਂ ਬੇਝਿਜਕ ਘਰ ਆਓ। ਮੈਂ ਵਚਨ ਦਿੰਦਾ ਹਾਂ ਕਿ ਤੁਹਾਡੀ ਸੇਵਾ ’ਚ ਕੋਈ ਕਸਰ ਨਹੀਂ ਛੱਡਾਂਗਾ।’’
ਕੁਝ ਔਰਤਾਂ ਨੇ ਉਨ੍ਹਾਂ ਨੂੰ ਕਿਹਾ, ‘‘ਵੀਰ ਸਾਨੂੰ ਇਕੱਲਾ ਛੱਡ ਕੇ ਨਾ ਜਾਓ।’’ ਇਸ ’ਤੇ ਸ਼ਿਵਰਾਜ ਸਿੰਘ ਨੇ ਜਵਾਬ ਦਿੱਤਾ, ‘‘ਮੈਂ ਕਿਤੇ ਨਹੀਂ ਜਾਵਾਂਗਾ। ਮੈਂ ਇੱਥੇ ਹੀ ਜੀਵਾਂਗਾ ਅਤੇ ਇੱਥੇ ਹੀ ਮਰਾਂਗਾ।’’
ਸ਼ਿਵਰਾਜ ਸਿੰਘ ਚੌਹਾਨ ਦਾ ਇਹ ਵੀ ਕਹਿਣਾ ਹੈ ਕਿ ਪੂਰਾ ਮੱਧ ਪ੍ਰਦੇਸ਼ ਉਨ੍ਹਾਂ ਦਾ ਪਰਿਵਾਰ ਹੈ। ਆਪਣੇ ਵਿਧਾਨ ਸਭਾ ਖੇਤਰ ‘ਬੁਧਨੀ’ ਦੇ ‘ਸ਼ਾਹਗੰਜ’ ’ਚ 2 ਜਨਵਰੀ ਨੂੰ ਇਕ ਜਨਤਕ ਇਕੱਠ ’ਚ ਉਨ੍ਹਾਂ ਕਿਹਾ, ‘‘ਕਦੀ-ਕਦੀ ਵਿਅਕਤੀ ਨੂੰ ‘ਰਾਜਤਿਲਕ’ ਦੀ ਉਡੀਕ ਕਰਦਿਆਂ-ਕਰਦਿਆਂ ‘ਬਣਵਾਸ’ ਵੀ ਮਿਲ ਜਾਂਦਾ ਹੈ।’’
ਅਜਿਹਾ ਉਨ੍ਹਾਂ ਨੇ ਕਿਉਂ ਕਿਹਾ ਇਹ ਤਾਂ ਉਹੀ ਦੱਸ ਸਕਦੇ ਹਨ।
- ਵਿਜੇ ਕੁਮਾਰ