ਆਂਡੇ ਲੈਣ ਆਇਆਂ ਨੇ ਪੈਸੇ ਦੇਣ ਵੇਲੇ ਭਜਾ ਲਈ ਗੱਡੀ, ਗ਼ਰੀਬ ਦੁਕਾਨਦਾਰ ਨੇ ਸਾਰੀ ਰਾਤ ਨਹੀਂ ਖਾਧੀ ਰੋਟੀ
Tuesday, Jan 07, 2025 - 03:47 AM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਕਾਰ 'ਚ ਆਏ ਨੌਜਵਾਨ ਸੜਕ ਕੰਢੇ ਸਥਿਤ ਇਕ ਆਂਡਿਆਂ ਦੀ ਦੁਕਾਨ 'ਤੇ ਜਾ ਕੇ ਆਂਡਿਆਂ ਦੀਆਂ ਕੁਝ ਟ੍ਰੇਆਂ ਖਰੀਦਦੇ ਹਨ ਤੇ ਫ਼ਿਰ ਪੈਸੇ ਦਿੱਤੇ ਬਿਨਾਂ ਹੀ ਉੱਥੋਂ ਫਰਾਰ ਹੋ ਜਾਂਦੇ ਹਨ। ਅਸਲ 'ਚ ਇਹ ਮਾਮਲਾ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭਲਾਈਆਣਾ ਦਾ ਹੈ।
ਮਾਮਲਾ ਇਹ ਸੀ ਕਿ ਐਤਵਾਰ ਦੀ ਸ਼ਾਮ ਕਰੀਬ ਸਾਢੇ 7 ਵਜੇ ਸੜਕ ਕੰਢੇ ਸਥਿਤ ਇਕ ਆਂਡਿਆਂ ਦੀ ਦੁਕਾਨ 'ਤੇ ਇਕ ਕਾਰ ਚਾਲਕ ਆਇਆ ਤੇ 6 ਆਂਡਿਆਂ ਦੀਆਂ ਟ੍ਰੇਆਂ ਲੈ ਕੇ ਕਾਰ 'ਚ ਰਖਵਾ ਲਈਆਂ। ਆਂਡਿਆਂ ਦੀਆਂ ਟ੍ਰੇਆਂ ਗੱਡੀ ’ਚ ਰਖਵਾਉਣ ਤੋਂ ਬਾਅਦ ਉਹ ਵਿਅਕਤੀ ਵੀ ਗੱਡੀ ’ਚ ਬੈਠ ਗਿਆ ਤਾਂ ਦੁਕਾਨਦਾਰ ਨੇ ਕਾਰ ਦੇ ਕੋਲ ਜਾ ਕੇ ਪੈਸੇ ਮੰਗੇ।
ਕਾਰ ਸਵਾਰਾਂ ਨੇ ਦੁਕਾਨਦਾਰ ਨੂੰ ਆਨਲਾਈਨ ਪੇਮੈਂਟ ਕਰਨ ਦੀ ਗੱਲ ਕਹੀ ਤੇ ਜਦੋਂ ਦੁਕਾਨਦਾਰ ਪਿੱਛੇ ਮੁੜ ਕੇ ਕਿਊ.ਆਰ. ਕੋਡ ਚੁੱਕ ਕੇ ਕਾਰ ਵੱਲ ਵਧਿਆ ਤਾਂ ਕਾਰ ਸਵਾਰਾਂ ਨੇ ਆਪਣੀ ਗੱਡੀ ਭਜਾ ਲਈ। ਇਸ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਸਖ਼ਤ ; ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 25 ਹਜ਼ਾਰ ਇਨਾਮ
ਵੀਡੀਓ ਵਾਇਰਲ ਹੋਣ ਮਗਰੋਂ ਉਕਤ ਵਿਅਕਤੀ ਅਗਲੇ ਦਿਨ ਮੁੜ ਉਸੇ ਦੁਕਾਨ 'ਤੇ ਆਏ ਤੇ 6 ਟ੍ਰੇ ਆਂਡਿਆਂ ਦੇ ਬਣਦੇ 2,100 ਰੁਪਏ ਦੁਕਾਨਦਾਰ ਨੂੰ ਦੇ ਦਿੱਤੇ। ਉਸ ਨੇ ਇਹ ਵੀ ਕਿਹਾ ਕਿ ਕਿਊ.ਆਰ. ਕੋਡ ਨਾਲ ਪੇਮੈਂਟ ਕੀਤੀ ਸੀ, ਜੋ ਕਿ ਫੇਲ੍ਹ ਹੋ ਗਈ ਸੀ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਅੱਗੇ ਕਿਤੇ ਜਾਣ ਦੀ ਕਾਹਲ਼ੀ ਸੀ, ਜਿਸ ਕਾਰਨ ਉਹ ਉੱਥੇ ਜ਼ਿਆਦਾ ਦੇਰ ਨਾ ਰੁਕੇ ਤੇ ਜਲਦੀ 'ਚ ਕਾਰ ਭਜਾ ਕੇ ਲੈ ਗਏ।
ਇਸ ਮਗਰੋਂ ਜਦੋਂ ਦੁਕਾਨਦਾਰ ਰਾਜੂ ਨਾਲ ਗੱਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸ ਨੇ ਘਟਨਾ ਵਾਲੀ ਰਾਤ ਰੋਟੀ ਵੀ ਨਹੀਂ ਖਾਧੀ ਕਿ ਕਿਤੇ ਉਸ ਦਾ ਮਾਲਕ ਉਸ ਨੂੰ ਕੰਮ ਤੋਂ ਨਾ ਕੱਢ ਦੇਵੇ। ਦੁਕਾਨ ਦੇ ਮਾਲਕ ਨੇ ਵੀ ਦੱਸਿਆ ਕਿ ਉਕਤ ਨੌਜਵਾਨ ਵਾਪਸ ਆਏ ਸੀ ਤੇ ਉਨ੍ਹਾਂ ਨੇ ਉਨ੍ਹਾਂ ਕੋਲ਼ੋਂ ਮੁਆਫ਼ੀ ਵੀ ਮੰਗੀ, ਆਂਡਿਆਂ ਦੇ ਪੈਸੇ ਵੀ ਦਿੱਤੇ ਤੇ ਰਾਜੂ ਨੂੰ 500 ਰੁਪਏ ਇਨਾਮ ਵੀ ਦੇ ਕੇ ਗਏ ਹਨ।
ਇਹ ਵੀ ਪੜ੍ਹੋ- ਕੈਨੇਡਾ ਦੀ ਸਿਆਸਤ 'ਚ ਵੱਡਾ ਧਮਾਕਾ ; PM ਟਰੂਡੋ ਨੇ ਦਿੱਤਾ ਅਸਤੀਫ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e