ਪੰਜਾਬੀਓ ਅੱਜ ਇਸ ਪਾਸੇ ਵੱਲ ਨਾ ਆਇਓ! Highway ਰਹੇਗਾ ਜਾਮ

Friday, Jan 03, 2025 - 09:50 AM (IST)

ਪੰਜਾਬੀਓ ਅੱਜ ਇਸ ਪਾਸੇ ਵੱਲ ਨਾ ਆਇਓ! Highway ਰਹੇਗਾ ਜਾਮ

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਹੈ। ਦਰਅਸਲ ਕਿਸਾਨਾਂ ਵਲੋਂ 3 ਜਨਵਰੀ ਮਤਲਬ ਕਿ ਅੱਜ ਤੋਂ ਸਵੇਰੇ 10 ਵਜੇ ਖੰਨਾ-ਜੰਮੂ ਹਾਈਵੇਅ ਅਤੇ ਰੋਪੜ-ਦੋਰਾਹਾ ਮਾਰਗ ’ਤੇ ਅਣਮਿੱਥੇ ਸਮੇਂ ਲਈ ਪੱਕਾ ਜਾਮ ਲਗਾ ਦਿੱਤਾ ਜਾਵੇਗਾ। ਇਸ ਲਈ ਜੇਕਰ ਤੁਸੀਂ ਇੱਧਰ ਆ ਰਹੇ ਹੋ ਤਾਂ ਤੁਹਾਨੂੰ ਖੱਜਲ-ਖੁਆਰੀ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਰੋਪੜ ਤੋਂ ਲੁਧਿਆਣਾ ਤੱਕ ਵਗਦੀ ਸਰਹਿੰਦ ਨਹਿਰ ਨੂੰ ਸਰਕਾਰ ਵਲੋਂ ਪੱਕਾ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਪਰ ਕਿਸਾਨ ਯੂਨੀਅਨਾਂ ਅਤੇ ਲੋਕਾਂ ਨੇ ਇਸ ਦਾ ਡੱਟਵਾਂ ਵਿਰੋਧ ਕਰਦਿਆਂ ਕੰਮ ਨੂੰ ਬੰਦ ਕਰਵਾਉਣ ਲਈ ਮੋਰਚਾ ਲਗਾਉਣ ਦਾ ਐਲਾਨ ਕੀਤਾ ਹੈ। ਸਰਹਿੰਦ ਨਹਿਰ ਕਿਨਾਰੇ ਪਿੰਡ ਗੜ੍ਹੀ ਵਿਖੇ ਕਿਸਾਨ ਯੂਨੀਅਨ ਲੱਖੋਵਾਲ, ਕਿਸਾਨ ਯੂਨੀਅਨ ਰਾਜੇਵਾਲ, ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਇਲਾਵਾ ਲੋਕਾਂ ਦਾ ਵੱਡਾ ਇਕੱਠ ਹੋਇਆ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਠੰਡ ਦੌਰਾਨ ਵੱਡੇ ਖ਼ਤਰੇ ਦੀ ਘੰਟੀ! ਬੇਹੱਦ ਸਾਵਧਾਨ ਰਹਿਣ ਦੀ ਲੋੜ

ਇਸ 'ਚ ਉਨ੍ਹਾਂ ਨੇ ਵਿਰੋਧ ਕੀਤਾ ਕਿ ਜੇਕਰ ਸਰਹਿੰਦ ਨਹਿਰ ਪੱਕੀ ਕਰ ਦਿੱਤੀ ਗਈ ਤਾਂ ਪਾਣੀ ਦਾ ਪੱਧਰ ਹੇਠਾਂ ਚਲਾ ਜਾਵੇਗਾ ਅਤੇ ਹਜ਼ਾਰਾਂ ਏਕੜ ਜ਼ਮੀਨ ਬੰਜਰ ਹੋਣ ਵੱਲ ਵਧੇਗੀ। ਕਿਸਾਨਾਂ ਨੇ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਤਾਂ ਪਹਿਲਾਂ ਹੀ ਹੇਠਾਂ ਡਿੱਗਦਾ ਜਾ ਰਿਹਾ ਹੈ ਅਤੇ ਜੇਕਰ ਸਰਕਾਰਾਂ ਨੇ ਇਹ ਨਹਿਰਾਂ ਪੱਕੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਹ ਹੋਰ ਡਿੱਗ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਆਪਣੀਆਂ ਆਉਣ ਵਾਲੀਆਂ ਫ਼ਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਇੱਕਜੁਟ ਹੋ ਕੇ ਸਰਹਿੰਦ ਨਹਿਰ ਨੂੰ ਪੱਕੀ ਕਰਨ ਦਾ ਕੰਮ ਬੰਦ ਕਰਵਾਉਣਾ ਬਹੁਤ ਜ਼ਰੂਰੀ ਹੈ। ਅੱਜ ਸਾਰੀਆਂ ਕਿਸਾਨ ਯੂਨੀਅਨਾਂ ਨੇ ਫ਼ੈਸਲਾ ਲਿਆ ਕਿ ਪਹਿਲਾਂ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਮਿਲ ਕੇ ਸਰਹਿੰਦ ਨਹਿਰ ਪੱਕੀ ਕਰਵਾਉਣ ਦਾ ਕੰਮ ਬੰਦ ਕਰਵਾਉਣ ਸਬੰਧੀ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 3 ਜਨਵਰੀ ਨੂੰ ਸਵੇਰੇ 10 ਵਜੇ ਪਿੰਡਾਂ ਦੇ ਲੋਕ ਅਤੇ ਕਿਸਾਨ ਯੂਨੀਅਨਾਂ ਸਰਹਿੰਦ ਨਹਿਰ ਦੇ ਗੜ੍ਹੀ ਪੁਲ ’ਤੇ ਇਕੱਤਰ ਹੋਣਗੀਆਂ ਅਤੇ ਇੱਥੇ ਪੱਕਾ ਕਿਸਾਨ ਮੋਰਚਾ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ : 28 ਫਰਵਰੀ ਤੱਕ ਇਸ ਕੰਮ 'ਤੇ ਸਖ਼ਤ ਪਾਬੰਦੀ, ਅਧਿਕਾਰੀਆਂ ਨੂੰ ਜਾਰੀ ਹੋਏ ਹੁਕਮ

ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਪ੍ਰਸਾਸ਼ਨ ਸਰਹਿੰਦ ਨਹਿਰ ਨੂੰ ਪੱਕੀ ਕਰਨ ਦਾ ਕੰਮ ਮੁਕੰਮਲ ਤੌਰ ’ਤੇ ਬੰਦ ਨਹੀਂ ਕਰਵਾ ਦਿੰਦਾ। ਕਿਸਾਨ ਆਗੂਆਂ ਨੇ ਕਿਹਾ ਕਿ ਸੜਕ ਜਾਮ ਕਰਕੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ, ਉਸ ਬਾਰੇ ਭਲੀਭਾਂਤ ਜਾਣੂੰ ਹਾਂ ਪਰ ਆਪਣੀਆਂ ਬੰਜਰ ਹੋਣ ਜਾ ਰਹੀਆਂ ਜ਼ਮੀਨਾਂ ਨੂੰ ਬਚਾਉਣ ਲਈ ਇਸ ਪੱਕੀ ਹੋ ਰਹੀ ਸਰਹਿੰਦ ਨਹਿਰ ਦੇ ਕੰਮ ਨੂੰ ਰੋਕਣ ਲਈ ਅਜਿਹੇ ਮੋਰਚੇ ਜ਼ਰੂਰੀ ਹਨ। ਇਸ ਤੋਂ ਇਲਾਵਾ ਰੋਪੜ ਤੋਂ ਲੈ ਕੇ ਦੋਰਾਹਾ ਤੱਕ ਸਰਹਿੰਦ ਨਹਿਰ ਕਿਨਾਰੇ ਪਿੰਡਾਂ ਦੇ ਲੋਕਾਂ ਨੂੰ ਸੁਨੇਹੇ ਲਗਾ ਕੇ ਇੱਕ ਵੱਡਾ ਕਿਸਾਨ ਮੋਰਚਾ ਬਣਾਉਣ ਲਈ ਕਮੇਟੀਆਂ ਬਣਾਈਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਮੋਰਚੇ 'ਚ ਸਿਆਸੀ ਪਾਰਟੀਆਂ ਦੇ ਆਗੂ ਵੀ ਸ਼ਮੂਲੀਅਤ ਕਰ ਸਕਦੇ ਹਨ ਅਤੇ ਸਰਹਿੰਦ ਨਹਿਰ ਨੂੰ ਪੱਕੀ ਕਰਨ ਤੋਂ ਰੋਕਣ ਲਈ ਉਨ੍ਹਾਂ ਦਾ ਸਾਥ ਵੀ ਸਾਡੇ ਲਈ ਅਹਿਮ ਹੋਵੇਗਾ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਇਹ ਅਣਮਿੱਥੇ ਸਮੇਂ ਲਈ ਲਗਾਏ ਜਾ ਰਹੇ ਕਿਸਾਨ ਮੋਰਚੇ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਅਵਤਾਰ ਸਿੰਘ ਮੇਹਲੋਂ, ਸੁਖਵਿੰਦਰ ਸਿੰਘ ਭੱਟੀਆਂ, ਹਰਦੀਪ ਸਿੰਘ ਗਿਆਸਪੁਰਾ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਕਾਂਗਰਸ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਅਮਰਜੀਤ ਬਾਲਿਓਂ, ਹਰਜਿੰਦਰ ਸਿੰਘ ਟੋਡਰਪੁਰ, ਗੁਰਦੀਪ ਸਿੰਘ ਮਿਲਕੋਵਾਲ, ਮਨਜੀਤ ਸਿੰਘ ਪਵਾਤ, ਕਰਮਜੀਤ ਸਿੰਘ  ਅਢਿਆਣਾ, ਕਰਮਜੀਤ ਸਿੰਘ ਮਾਂਗਟ, ਬਾਬਾ ਹਰਬੰਤ ਸਿੰਘ, ਅਵਤਾਰ ਸਿੰਘ ਸ਼ੇਰੀਆਂ, ਜੋਗਿੰਦਰ ਸਿੰਘ ਸੇਹ, ਮਨਰਾਜ ਸਿੰਘ ਲੁਬਾਣਗੜ੍ਹ, ਰਵਿੰਦਰ ਸਿੰਘ ਤੱਖਰਾਂ ਵੀ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 



 


author

Babita

Content Editor

Related News