ਹਸਪਤਾਲਾਂ ’ਚ ‘ਸੈਕਸ ਸ਼ੋਸ਼ਣ’ ਮਹਿਲਾ ਰੋਗੀਆਂ ਤੇ ਨਰਸਾਂ ਦਾ

06/19/2022 1:19:37 AM

ਦੇਸ਼ ’ਚ ਔਰਤਾਂ ਦੇ ਵਿਰੁੱਧ ਅਪਰਾਧਾਂ ਦਾ ਹੜ੍ਹ ਆਇਆ ਹੋਇਆ ਹੈ। ਇੱਥੋਂ ਤੱਕ ਕਿ ਹਸਪਤਾਲ ਵੀ ਇਸ ਤੋਂ ਮੁਕਤ ਨਹੀਂ ਹਨ ਅਤੇ ਉੱਥੇ ਇਲਾਜ ਕਰਵਾਉਣ ਲਈ ਆਉਣ ਵਾਲੀਆਂ ਔਰਤਾਂ ਤੇ ਕੰਮ ਕਰਨ ਵਾਲੀਆਂ ਨਰਸਾਂ ਵੀ ਕੁਝ  ਮਰਦ ਡਾਕਟਰਾਂ ਤੇ ਸਟਾਫ ਦੇ ਦੂਜੇ ਮੈਂਬਰਾਂ ਦੇ  ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ, ਜਿਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ -
* 22 ਫਰਵਰੀ, 2022 ਨੂੰ ਦੇਹਰਾਦੂਨ (ਉੱਤਰਾਖੰਡ) ਦੇ ਝਾਝਰਾ ਸਥਿਤ ‘ਗੌਤਮ ਬੁੱਧ ਮੈਡੀਕਲ ਸੰਸਥਾਨ ਯੂਨੀਵਰਸਿਟੀ’ ’ਚ ਇਲਾਜ ਕਰਵਾਉਣ ਆਈ ਮੁਟਿਆਰ ਨਾਲ ਇਕ ਡਾਕਟਰ ਨੇ ਛੇੜਛਾੜ ਅਤੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। 
* 20 ਮਾਰਚ ਨੂੰ ਹਾਥਰਸ (ਉੱਤਰ ਪ੍ਰਦੇਸ਼) ਦੇ ਜ਼ਿਲਾ ਹਸਪਤਾਲ ’ਚ ਨਸ਼ੇ ’ਚ ਧੁੱਤ ਡਾਕਟਰ ਅਰੁਣ ਕੁਮਾਰ ਸਿੰਘ ਨੇ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਨਰਸ ਨਾਲ ਜ਼ਬਰਦਸਤੀ ਗਲੇ ਮਿਲਣ ਅਤੇ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ ’ਤੇ ਉਸ ਦੇ ਨਾਲ ਗਾਲੀ-ਗਲੋਚ ਕੀਤਾ। 
* 07 ਮਈ ਨੂੰ ਮਿਰਜ਼ਾਪੁਰ (ਉੱਤਰ ਪ੍ਰਦੇਸ਼) ’ਚ ਸਰਕਾਰੀ ਮੰਡਲੀ ਹਸਪਤਾਲ ਦੇ ਬਾਥਰੂਮ ’ਚ ਇਕ ਸਫਾਈ ਕਰਮਚਾਰੀ ਇਕ 24 ਸਾਲਾ ਗਰਭਵਤੀ ਔਰਤ ਦੇ ਨਾਲ ਜਬਰ-ਜ਼ਨਾਹ ਕਰ ਕੇ ਫਰਾਰ ਹੋ ਗਿਆ। 
* 16 ਮਈ ਨੂੰ ਬਾੜਮੇਰ (ਰਾਜਸਥਾਨ) ਦੇ ਸਰਕਾਰੀ ਹਸਪਤਾਲ ’ਚ ਪੇਟ ਦਰਦ ਦਾ ਇਲਾਜ ਕਰਵਾਉਣ ਆਈ ਇਕ 14 ਸਾਲਾ  ਲੜਕੀ  ਨੂੰ ਇਕ ਹਸਪਤਾਲ ਮੁਲਾਜ਼ਮ ਨੇ ਡਲਿਵਰੀ ਰੂਮ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ। 
* 01 ਜੂਨ ਨੂੰ ਰੀਵਾ (ਮੱਧ ਪ੍ਰਦੇਸ਼) ਦੇ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਲਿਫਟ ’ਚ ਹਸਪਤਾਲ ਦੇ ਇਕ ਮੁਲਾਜ਼ਮ ਨੇ ਇਕ ਮਹਿਲਾ ਕਰਮਚਾਰੀ ਨਾਲ ਛੇੜਛਾੜ ਕੀਤੀ। 
* 14 ਜੂਨ ਨੂੰ ਅਜਮੇਰ (ਰਾਜਸਥਾਨ) ਦੇ ਸਭ ਤੋਂ ਵੱਡੇ ਜੇ. ਐੱਲ. ਐੱਨ. ਹਸਪਤਾਲ ’ਚ ਇਲਾਜ ਦੇ ਲਈ ਦਾਖਲ ਇਕ ਮੁਟਿਆਰ ਨੂੰ ਨਸ਼ੀਲਾ ਪਦਾਰਥ ਖੁਆ ਕੇ ਹਸਪਤਾਲ ਦੇ ਇਕ  ਮੁਲਾਜ਼ਮ ਨੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ। 
* 15 ਜੂਨ ਨੂੰ ਦਤਿਆ (ਮੱਧ ਪ੍ਰਦੇਸ਼) ’ਚ ਇਕ ਮੁਟਿਆਰ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਡਾਕਟਰ ਨੂੰ ਫੜ ਲਿਆ। 
* ਅਤੇ ਹੁਣ 15 ਜੂਨ ਨੂੰ ਹੀ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਸਥਿਤ ਸਰਕਾਰੀ ਹਮੀਦਿਆ ਹਸਪਤਾਲ ’ਚ 50 ਨਰਸਾਂ ਨੇ ਹਸਪਤਾਲ ਦੇ ਸੁਪਰਿੰਟੈਂਡੈਂਟ ਡਾ. ਦੀਪਕ ਮਰਾਵੀ ’ਤੇ ਸੈਕਸ ਸ਼ੋਸ਼ਣ ਦਾ ਦੋਸ਼ ਲਾਇਆ ਹੈ, ਜਿਸ ਦੇ ਬਾਅਦ ਸੂਬਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। 

ਸੂਬੇ ਦੇ ਸਿਹਤ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਨਰਸਾਂ ਨੇ ਡਾ. ਮਰਾਵੀ ਵਿਰੁੱਧ ਸੈਕਸ ਸ਼ੋਸ਼ਣ ਅਤੇ ਰਾਤ ਨੂੰ ਡਿਊਟੀ ਦੇ ਸਮੇਂ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਡਰਾਉਣ-ਧਮਕਾਉਣ, ਆਪਣੇ ਚੈਂਬਰ ’ਚ ਸੱਦ ਕੇ ਗੰਦੇ ਢੰਗ ਨਾਲ ਛੂਹਣ ਅਤੇ ਛੁੱਟੀ ਦਿੰਦੇ ਸਮੇਂ ਉਨ੍ਹਾਂ ਨੂੰ ਗੰਦੀਆਂ ਗੱਲਾਂ ਕਹਿਣ ਆਦਿ ਦੇ ਗੰਭੀਰ ਦੋਸ਼ ਲਾਏ ਹਨ। ਨਰਸਾਂ ਵੱਲੋਂ ਦਾਖਲ ਸ਼ਿਕਾਇਤ ’ਚ ਡਾ. ਦੀਪਕ ਮਰਾਵੀ ’ਤੇ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਰਾਤ ’ਚ ਅਰਧਨਗਨ ਅਤੇ ਨਸ਼ੇ ਦੀ ਹਾਲਤ ’ਚ ਉਹ ਦਰਵਾਜ਼ਾ ਖੜਕਾਏ ਬਿਨਾਂ ਨਰਸਾਂ ਦੇ ਚੇਂਜਿੰਗ ਰੂਮ ’ਚ ਵੜ ਜਾਂਦਾ ਹੈ। ਸ਼ਿਕਾਇਤ ’ਚ ਇਹ ਦੋਸ਼ ਵੀ ਲਾਇਆ ਗਿਆ ਹੈ ਕਿ ਡਾ. ਮਰਾਵੀ ਨੇ ਹਾਲ ਹੀ ’ਚ ਆਪਣੇ ਚੈਂਬਰ ’ਚ ਇਕ ਨਰਸ ਦਾ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਜਦੋਂ ਨਰਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਕਥਿਤ ਤੌਰ ’ਤੇ ਧਮਕੀ ਦਿੱਤੀ ਅਤੇ ਕਿਹਾ ਕਿ ‘‘ਮੈਨੂੰ ਕੁਝ ਨਹੀਂ ਹੋਣ ਵਾਲਾ ਕਿਉਂਕਿ ਮੈਨੂੰ ਸੀ. ਐੱਮ. ਨੇ ਸੁਪਰਿੰਟੈਂਡੈਂਟ ਬਣਾਇਆ ਹੈ। ਮੈਂ ਤੇਰੀ ਨੌਕਰੀ ਖਾ ਜਾਵਾਂਗਾ ਅਤੇ ਤੈਨੂੰ ਕਿਤੇ ਰਹਿਣ ਲਾਇਕ ਨਹੀਂ ਛੱਡਾਂਗਾ।’’

ਕਾਂਗਰਸ ਮੀਡੀਆ ਵਿਭਾਗ ਦੀ ਉਪ ਪ੍ਰਧਾਨ ਸੰਗੀਤਾ ਸ਼ਰਮਾ ਨੇ ਇਸ ਸਬੰਧ ’ਚ ਸੁਪਰਿੰਟੈਂਡੈਂਟ ਡਾ. ਦੀਪਕ ਮਰਾਵੀ ਨੂੰ ਤਤਕਾਲ ਹਟਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਗੰਭੀਰ ਦੋਸ਼ਾਂ  ਦੇ ਬਾਵਜੂਦ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ। ਮੱਧ ਪ੍ਰਦੇਸ਼ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਸੂਬੇ ਦੇ ਡਾਕਟਰੀ ਸਿੱਖਿਆ ਵਿਭਾਗ ਦੇ ਕਮਿਸ਼ਨਰ ਨੂੰ ਨੋਟਿਸ ਜਾਰੀ ਕਰ ਕੇ ਇਸ ਮਾਮਲੇ ’ਚ 10 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ। ਹਸਪਤਾਲਾਂ ’ਚ ਔਰਤਾਂ ਦੇ ਸਰੀਰਕ ਸ਼ੋਸ਼ਣ ਦੀਆਂ ਇਸ ਤਰ੍ਹਾਂ ਦੀਆਂ ਉਦਾਹਰਣਾਂ ਡਾਕਟਰੀ ਵਰਗੇ ਪਵਿੱਤਰ ਕਿੱਤੇ ’ਚ ਪੈਦਾ ਹੋ ਰਹੇ ਚਰਿੱਤਰ ਦੇ ਸੰਕਟ ਦੀਆਂ ਉਦਾਹਰਣਾਂ ਹਨ ਅਤੇ ਇਸ ਕਿੱਤੇ ’ਚ ਮੌਜੂਦ ਅਜਿਹੇ ਗਲਤ ਤੱਤ ਮੈਡੀਕਲ ਜਗਤ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ। ਲਿਹਾਜ਼ਾ ਇਸ ਸਬੰਧ ’ਚ ਸਿਹਤ ਵਿਭਾਗ ਨੂੰ ਦੋਸ਼ੀਆਂ ਦੇ ਵਿਰੁੱਧ ਤੁਰੰਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਕਿਉਂਕਿ ਅਜਿਹੇ ਲੋਕਾਂ ਨੂੰ ਨੌਕਰੀ ’ਚ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ।            

ਵਿਜੇ ਕੁਮਾਰ
 


Karan Kumar

Content Editor

Related News