ਵੱਖਵਾਦੀ ਨੇਤਾ ‘ਗਿਲਾਨੀ’ ਨੇ ਦਿੱਤਾ ‘ਹੁਰੀਅਤ ਕਾਨਫਰੰਸ ਤੋਂ ਅਸਤੀਫਾ’

07/03/2020 3:15:19 AM

ਪਾਕਿਸਤਾਨੀ ਹਾਕਮਾਂ ਨੇ ਸ਼ੁਰੂ ਤੋਂ ਹੀ ਆਪਣੇ ਪਾਲੇ ਅੱਤਵਾਦੀਆਂ ਅਤੇ ਵੱਖਵਾਦੀਆਂ ਰਾਹੀਂ ਕਸ਼ਮੀਰ ’ਚ ਅਸ਼ਾਂਤੀ ਫੈਲਾਉਣਾ, ਦੰਗੇ ਕਰਵਾਉਣਾ, ਅੱਤਵਾਦ ਭੜਕਾਉਣਾ ਅਤੇ ਬਗਾਵਤ ਲਈ ਲੋਕਾਂ ਨੂੰ ਉਕਸਾਉਣਾ ਜਾਰੀ ਰੱਖਿਆ ਹੋਇਆ ਹੈ। ਇਨ੍ਹਾਂ ਵੱਖਵਾਦੀਆਂ ਨੂੰ ਪਾਕਿਸਤਾਨ ਤੋਂ ਆਰਥਿਕ ਮਦਦ ਮਿਲਦੀ ਹੈ ਅਤੇ ਸਰਕਾਰ ਵੀ ਇਨ੍ਹਾਂ ਦੀ ਸੁਰੱਖਿਆ ’ਤੇ ਕਰੋੜਾਂ ਰੁਪਏ ਖਰਚ ਕਰਦੀ ਰਹੀ ਹੈ। ਇਹ ਖੁਦ ਤਾਂ ਆਲੀਸ਼ਾਨ ਮਕਾਨਾਂ ’ਚ ਠਾਠ ਨਾਲ ਜ਼ਿੰਦਗੀ ਗੁਜ਼ਾਰਦੇ ਹਨ ਅਤੇ ਇਨ੍ਹਾਂ ਦੇ ਬੱਚੇ ਦੇਸ਼ ਦੇ ਦੂਸਰੇ ਹਿੱਸਿਆਂ ਅਤੇ ਵਿਦੇਸ਼ਾਂ ’ਚ ਸੁਰੱਖਿਅਤ ਰਹਿ ਰਹੇ ਹਨ। ਇਹ ਘਾਟੀ ਤੋਂ ਬਾਹਰ ਹੀ ਵਿਆਹ, ਸਿੱਖਿਆ-ਦੀਕਸ਼ਾ ਅਤੇ ਇਲਾਜ ਆਦਿ ਕਰਵਾਉਂਦੇ ਹਨ। ਪੱਥਰਬਾਜ਼ੀ ਉਥੇ ਸਰਗਰਮ ਪਾਕਿ ਸਮਰਥਕ ਵੱਖਵਾਦੀਆਂ ਦੀ ਦੇਣ ਹੈ ਅਤੇ ਘਾਟੀ ’ਚ ਅਸ਼ਾਂਤੀ ਫੈਲਾਉਣ ਲਈ ਲੋੜਵੰਦ ਨੌਜਵਾਨਾਂ ਨੂੰ 100-150 ਰੁਪਏ ਦਿਹਾੜੀ ਦੇ ਕੇ ਉਨ੍ਹਾਂ ਕੋਲੋਂ ਪੱਥਰਬਾਜ਼ੀ ਕਰਵਾਉਣ ਦੇ ਦੋਸ਼ ਵੀ ਇਨ੍ਹਾਂ ’ਤੇ ਲੱਗਦੇ ਰਹੇ ਹਨ। ਇਨ੍ਹਾਂ ’ਚੋਂ ਇਕ ਹਨ ‘ਹੁਰੀਅਤ ਕਾਨਫਰੰਸ’ ਦੇ ਮੁਖੀ ਸਈਦ ਅਲੀ ਸ਼ਾਹ ਗਿਲਾਨੀ ਜਿਨ੍ਹਾਂ ਨੇ 70 ਦੇ ਦਹਾਕੇ ਦੇ ਆਰੰਭ ’ਚ ਜਮੀਅਤ-ਏ ਇਸਲਾਮੀ ਦੇ ਸੰਸਥਾਪਕ ਮੈਂਬਰ ਦੇ ਤੌਰ ’ਤੇ ਹੀ ਲੋਕਾਂ ਨੂੰ ਇਹ ਕਹਿ ਕੇ ਬਹਿਕਾਉਣਾ ਸ਼ੁਰੂ ਕਰ ਦਿੱਤਾ ਸੀ, ‘‘ਇਸਲਾਮ ਨੂੰ ‘ਹਿੰਦੂ ਭਾਰਤ’ ਤੋਂ ਬਚਾਉਣ ਲਈ ਕਸ਼ਮੀਰ ਦੀ ਆਜ਼ਾਦੀ ਜ਼ਰੂਰੀ ਹੈ।’’

ਆਪਣੇ ਇਸ ਹੱਥਕੰਡੇ ਕਾਰਨ ਉਹ ਪਾਕਿਸਤਾਨ ਦੇ ਨੇੜੇ ਆਉਂਦੇ ਚਲੇ ਗਏ ਅਤੇ ਹੌਲੀ-ਹੌਲੀ ਭਾਰਤ ’ਚ ਕਸ਼ਮੀਰ ਦੇ ਵਿਰੁੱਧ ‘ਜੇਹਾਦ’ ’ਤੇ ਉਤਰ ਆਏ। ਚਰਚਾ ਹੈ ਕਿ ਗਿਲਾਨੀ ਦੱਖਣੀ ਦਿੱਲੀ ’ਚ ‘ਖਿਰਕੀ ਐਕਸਟੈਨਸ਼ਨ ਹਾਊਸ’ ’ਚ ਕਥਿਤ ਤੌਰ ’ਤੇ ਕਈ ਸਾਲਾਂ ਤੱਕ ਪਾਕਿਸਤਾਨੀ ਹਾਈ ਕਮਿਸ਼ਨਰਾਂ ਨੂੰ ਮਿਲਦੇ ਰਹੇ ਅਤੇ ਉਨ੍ਹਾਂ ਦੀ ਮਦਦ ਵੀ ਲੈਂਦੇ ਰਹੇ। ਦੋ ਵਿਆਹਾਂ ਤੋਂ ਗਿਲਾਨੀ ਦੇ 6 ਬੱਚੇ (2 ਪੁੱਤਰ ਅਤੇ 4 ਧੀਆਂ) ਹਨ। ਵੱਡਾ ਪੁੱਤਰ ਨਈਮ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਡਾਕਟਰ ਹਨ। ਉਹ ਪਹਿਲਾਂ ਪਾਕਿਸਤਾਨ ਦੇ ਰਾਵਲਪਿੰਡੀ ’ਚ ਪ੍ਰੈਕਟਿਸ ਕਰਦੇ ਸਨ ਪਰ 2010 ’ਚ ਭਾਰਤ ਪਰਤ ਆਏ। ਛੋਟਾ ਪੁੱਤਰ ਨਸੀਮ ਸ਼੍ਰੀਨਗਰ ’ਚ ਖੇਤੀਬਾੜੀ ਯੂਨੀਵਰਸਿਟੀ ’ਚ ਕੰਮ ਕਰਦਾ ਹੈ। ਇਨ੍ਹਾਂ ਦਾ ਇਕ ਪੋਤਾ ਭਾਰਤ ’ਚ ਨਿੱਜੀ ਜਹਾਜ਼ ਸੇਵਾ ’ਚ ਨੌਕਰ ਹੈ ਅਤੇ ਦੂਸਰੇ ਪੋਤੇ ਭਾਰਤ ਦੇ ਪ੍ਰਮੁੱਖ ਸਕੂਲਾਂ ’ਚ ਪੜ੍ਹ ਰਹੇ ਹਨ।

ਇਨ੍ਹਾਂ ਨੇ ਪੀ.ਓ.ਕੇ ’ਚ ਵੀ ਹੁਰੀਅਤ ਦਾ ਢਾਂਚਾ ਖੜ੍ਹਾ ਕੀਤਾ ਅਤੇ ਉਥੇ ਆਪਣੀ ਪਸੰਦ ਦੇ ਲੋਕਾਂ ਨੂੰ ਨਿਯੁਕਤ ਕੀਤਾ ਪਰ ਪਾਕਿਸਤਾਨ ਨੂੰ ਉਨ੍ਹਾਂ ਦਾ ਅਜਿਹਾ ਕਰਨਾ ਪਸੰਦ ਨਾ ਆਇਆ ਕਿਉਂਕਿ ਪੀ.ਓ.ਕੇ. ’ਚ ਇਨ੍ਹਾਂ ਦੇ ਪ੍ਰਤੀਨਿਧੀਆਂ ਵਿਰੁੱਧ ਆਰਥਿਕ ਬੇਨਿਯਮੀਆਂ ਆਦਿ ਦੇ ਦੋਸ਼ ਲੱਗਣ ਲੱਗੇ ਸਨ। ਕੁਝ ਸਮੇਂ ਤੋਂ ‘ਹੁਰੀਅਤ ਕਾਨਫਰੰਸ’ ’ਚ ਗਿਲਾਨੀ ਦਾ ਵਿਰੋਧ ਵਧ ਰਿਹਾ ਸੀ ਅਤੇ ਕੁਝ ਸਮੇਂ ਤੋਂ ਇਨ੍ਹਾਂ ਦਾ ਕੋਈ ਬਿਆਨ ਵੀ ਨਹੀਂ ਆਇਆ ਅਤੇ ਹੁਣ ਅਚਾਨਕ 29 ਜੂਨ ਨੂੰ ਹੁਰੀਅਤ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕਾਫੀ ਸਮੇਂ ਤੋਂ ਸੰਗਠਨ ’ਚ ਵੀ ਅਸਹਿਜ ਮਹਿਸੂਸ ਕਰ ਰਹੇ ਗਿਲਾਨੀ ਨੇ ਸੰਗਠਨ ਦੇ ਵੱਖ-ਵੱਖ ਭਾਈਵਾਲਾਂ ਦੀ ਆਲੋਚਨਾ ਕਰਦੇ ਹੋਏ ਅਸਤੀਫੇ ’ਚ ਲਿਖਿਆ ਹੈ ਕਿ ਉਹ ਬੀਤੇ ਸਾਲ 5 ਅਗਸਤ ਨੂੰ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖੋਹਣ ਦੇ ਵਿਰੁੱਧ ਆਵਾਜ਼ ਉਠਾਉਣ ਲਈ ਹੁਰੀਅਤ ਦੇ ਨੇਤਾਵਾਂ ਨੂੰ ਸੰਗਠਿਤ ਕਰਨ ’ਚ ਅਸਫਲ ਰਹੇ। ਕਿਸੇ ਦਾ ਨਾਂ ਲਏ ਬਿਨਾਂ ਉਨ੍ਹਾਂ ਨੇ ਹੁਰੀਅਤ ਦੀ ਲੀਡਰਸ਼ਿਪ ਦੇ ਇਕ ਵਰਗ ’ਤੇ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਅਤੇ ਸੂਬੇ ਨੂੰ 2 ਹਿੱਸਿਆਂ ’ਚ ਵੰਡਣ ਦੇ ਮਾਮਲੇ ’ਚ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦਾ ਦੋਸ਼ ਲਗਾਇਆ।

ਫਿਲਹਾਲ ਹੁਣ ਜਦਕਿ ਪਾਕਿਸਤਾਨੀ ਹਾਕਮਾਂ ਨੇ ਇਹ ਦੇਖ ਲਿਆ ਹੈ ਕਿ ਗਿਲਾਨੀ ਵੀ ਹੁਣ ਉਨ੍ਹਾਂ ਲਈ ਕੋਈ ਉਪਯੋਗਤਾ ਨਹੀਂ ਰਹਿ ਗਈ ਤਾਂ ਉਨ੍ਹਾਂ ਨੇ ਗਿਲਾਨੀ ਨੂੰ ‘ਯੂਜ਼ ਐਂਡ ਥ੍ਰੋ’ ਪਾਲਿਸੀ ਦੇ ਅਧੀਨ ਕਿਨਾਰੇ ਲਗਾ ਦਿੱਤਾ ਹੈ। ਚਰਚਾ ਇਹ ਹੈ ਕਿ ਗਿਲਾਨੀ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਕਹਿਣ ’ਤੇ ਰਾਵਲਪਿੰਡੀ ਦੇ ਰਹਿਣ ਵਾਲੇ ‘ਅਬਦੁੱਲਾ ਗਿਲਾਨੀ’ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਦਿੱਤਾ ਹੈ ਜੋ ਪਾਕਿਸਤਾਨ ’ਚ ਰਹਿ ਕੇ ਭਾਰਤ ’ਚ ਹੁਰੀਅਤ ਦੀਆਂ ਸਰਗਰਮੀਆਂ ਚਲਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਹੁਣ ਸਾਰੇ ਹੁਕਮ ਸਿੱਧੇ ਪਾਕਿਸਤਾਨ ਤੋਂ ਆਉਣਗੇ। ਬਾਰਾਮੁੱਲਾ ’ਚ ਜਨਮਿਆ ਅਬਦੁੱਲਾ ਗਿਲਾਨੀ ਆਈ.ਐੱਸ.ਆਈ. ਦੇ ਕਾਫੀ ਨੇੜੇ ਦੱਸਿਆ ਜਾਂਦਾ ਹੈ। ਉਹ 2000 ’ਚ ਪੀ.ਓ.ਕੇ. ਚਲਾ ਗਿਆ ਅਤੇ ਉਦੋਂ ਤੋਂ ਉਥੇ ਹੈ। ਉਸ ਦੀਆਂ ਤਿੰਨ ਪਤਨੀਆਂ ਹਨ ਜਿਨ੍ਹਾਂ ’ਚੋਂ 2 ਪਾਕਿਸਤਾਨੀ ਹਨ।

ਸਿਆਸੀ ਅਾਬਜ਼ਰਵਰਾਂ ਦੇ ਅਨੁਸਾਰ ਗਿਲਾਨੀ ਕਸ਼ਮੀਰ ਘਾਟੀ ’ਚ ਅਪ੍ਰਸੰਗਕ ਹੋ ਚੁੱਕੇ ਹਨ ਅਤੇ ਅਲੱਗ–ਥਲੱਗ ਪੈ ਚੁੱਕੇ ਹਨ। ਹੁਰੀਅਤ ਦੇ ਇਕ ਨੇਤਾ ਨਈਮ ਖਾਨ ਨੇ ਤਾਂ ਮਈ 2017 ’ਚ ਇਕ ਪੱਤਰਕਾਰ ਨਾਲ ਗੱਲਬਾਤ ’ਚ ਇਥੋਂ ਤੱਕ ਕਿਹਾ ਸੀ ਕਿ, ‘‘ਜੇਕਰ ਗਿਲਾਨੀ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਜਨਾਜ਼ੇ ’ਚ ਉਨ੍ਹਾਂ ਦੇ ਪਰਿਵਾਰ ਦੇ ਇਲਾਵਾ ਹੋਰ ਕੋਈ ਵੀ ਕਸ਼ਮੀਰੀ ਸ਼ਾਮਲ ਨਹੀਂ ਹੋਵੇਗਾ।’’ ਜੋ ਵੀ ਹੋਵੇ, ਸਾਥੀਆਂ ਵਲੋਂ ਸਾਥ ਛੱਡ ਜਾਣ, ਪਾਕਿਸਤਾਨ ਵਲੋਂ ਹਰ ਤਰ੍ਹਾਂ ਦੀ ਮਦਦ ਤੋਂ ਹੱਥ ਖਿੱਚ ਲੈਣ , ਕੇਂਦਰ ਸਰਕਾਰ ਵਲੋਂ ਸਕਿਓਰਿਟੀ ਵਾਪਸ ਲੈਣ, ਔਲਾਦਾਂ ਵਲੋਂ ਭਾਰਤ ’ਚ ਹੋਰ ਸੁਰੱਖਿਅਤਾਂ ਥਾਵਾਂ ’ਤੇ ਸੈਟਲ ਹੋ ਜਾਣ ਅਤੇ ਉਮਰ ਵੱਧ ਹੋ ਜਾਣ ਦੇ ਬਾਅਦ ਗਿਲਾਨੀ ਦੇ ਸਾਹਮਣੇ ਹੁਰੀਅਤ ਤੋਂ ਅਸਤੀਫਾ ਦੇ ਦੇਣਾ ਹੀ ਇਕੋ ਇਕ ਬਦਲ ਬਚਿਆ ਹੋਵੇਗਾ, ਜਿਸ ਕਾਰਨ ਸ਼ਾਇਦ ਉਨ੍ਹਾਂ ਨੇ ਅਜਿਹਾ ਕਰਨਾ ਹੀ ਬਿਹਤਰ ਸਮਝਿਆ।

ਵਿਜੇ ਕੁਮਾਰ


Bharat Thapa

Content Editor

Related News