ਸਮਾਜ ’ਚ ਸ਼ਰਧਾ ਵਾਲਕਰ ਵਰਗੇ ਕਾਂਡ ਰੋਕਣ ’ਚ ਪਰਿਵਾਰ, ਪੁਲਸ ਅਤੇ ਸਮਾਜ ਦੀ ਭੂਮਿਕਾ ਮਹੱਤਵਪੂਰਨ

11/21/2022 2:00:00 AM

ਦੇਸ਼ ’ਚ ਔਰਤਾਂ ਵਿਰੁੱਧ ਅਪਰਾਧਾਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਸਥਿਤੀ ਕਿੰਨੀ ਗੰਭੀਰ ਹੋ ਚੁੱਕੀ ਹੈ ਅਤੇ ਅਪਰਾਧੀ ਕਿੰਨੇ ਜ਼ਾਲਮ ਹੁੰਦੇ ਜਾ ਰਹੇ ਹਨ, ਇਹ ਸਿਰਫ 10 ਦਿਨਾਂ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 10 ਨਵੰਬਰ ਨੂੰ ਦਿੱਲੀ ਦੇ ਸਰਿਤਾ ਵਿਹਾਰ ’ਚ ਰਹਿਣ ਵਾਲੀ ਗੁਲਸ਼ਨਾ ਨਾਂ ਦੀ ਔਰਤ ਦੀ ਹੱਤਿਆ ਕਰਨ ਤੋਂ ਬਾਅਦ ਉਸਦਾ ਲਿਵ  ਇਨ ਪਾਰਟਨਰ ਉਸ ਦੇ ਪਹਿਲੇ ਵਿਆਹ ਤੋਂ ਉਸ ਦੀ ਬੇਟੀ ਨੂੰ  ਨਾਲ  ਲੈ ਕੇ ਫਰਾਰ ਹੋ ਗਿਆ।
* 14 ਨਵੰਬਰ ਨੂੰ ਝਾਰਖੰਡ ’ਚ ਸਿਮਡੇਗਾ ਜ਼ਿਲੇ ਦੇ ‘ਸਰੂਡਾ’ ਪਿੰਡ ’ਚ ਦੋਸ਼ੀ ਅਰਵਿੰਦ ਕੁਜੂਰ ਨੇ ਆਪਣੀ ਮੰਗੇਤਰ ਜੇਨੇਵਿਭਾ ਤਿਰਕੀ ’ਤੇ ਤੇਜ਼ਧਾਰ ਹਥਿਆਰ ਨਾਲ 25 ਵਾਰ ਕਰਕੇ ਉਸਦੀ ਹੱਤਿਆ ਕਰ ਦਿੱਤੀ।
* 16 ਨਵੰਬਰ ਨੂੰ ਲਖਨਊ ’ਚ ਸੂਫਿਆਨ ਨਾਂ ਦੇ ਨੌਜਵਾਨ ਨੇ ਨਿਧੀ ਗੁਪਤਾ ਨਾਂ ਦੀ ਮੁਟਿਆਰ ਨੂੰ ਚਾਰ ਮੰਜ਼ਿਲਾ ਇਮਾਰਤ ਦੀ ਛੱਤ ਤੋਂ ਹੇਠਾਂ ਸੁੱਟ ਕੇ ਮਾਰ ਦਿੱਤਾ।
* 18 ਨਵੰਬਰ ਨੂੰ ਹੀ ਮਥੁਰਾ ਦੇ ਰਾਯਾ ਇਲਾਕੇ ’ਚ ਯਮੁਨਾ ਐਕਸਪ੍ਰੈੱਸ ਵੇਅ ’ਤੇ ਟਰਾਲੀ ਬੈਗ ’ਚ ਬੰਦ ਬੇਰਹਿਮੀ ਨਾਲ ਮਾਰੀ ਗਈ ਇਕ ਮੁਟਿਅਾਰ ਦੀ ਲਾਸ਼ ਬਰਾਮਦ ਹੋਈ। ਉਸ ਦੇ ਹੱਥ, ਪੈਰ ਅਤੇ ਸਿਰ ’ਚ ਮੌਜੂਦ ਸੱਟ ਦੇ ਨਿਸ਼ਾਨ ਉਸਦੇ ਨਾਲ ਕੀਤੇ ਗਏ ਜ਼ੁਲਮਪੁਣੇ ਦੀ ਕਹਾਣੀ ਕਹਿ ਰਹੇ ਸਨ। ਉਸ ਤੋਂ ਜਬਰ-ਜ਼ਨਾਹ ਦਾ ਸ਼ੱਕ ਵੀ ਪ੍ਰਗਟ ਕੀਤਾ ਜਾ ਰਿਹਾ ਹੈ।
ਅਜਿਹੇ ’ਚ ਕੁਝ 1995 ਦਾ ਬਹੁਚਰਚਿਤ ਤੰਦੂਰ ਕਾਂਡ, 2010 ਦਾ ਦੇਹਰਾਦੂਨ ਦਾ ਅਨੁਪਮਾ ਗੁਲਾਟੀ ਕੇਸ ਅਤੇ 8 ਨਵੰਬਰ, 2022 ਦਾ ਜਬਲਪੁਰ ਹੱਤਿਆਕਾਂਡ ਵਰਗੀਆਂ ਉਦਾਹਰਣਾਂ ਹਨ ਜੋ ਹਾਲ ਹੀ ’ਚ ਦਿੱਲੀ ’ਚ ਸ਼ਰਧਾ ਵਾਲਕਰ ਨਾਂ ਦੀ ਮੁਟਿਆਰ ਦੇ ਘਿਨੌਣੇ ਹੱਤਿਆਕਾਂਡ ਨਾਲ  ਮਿਲਦੀਆਂ-ਜੁਲਦੀਆਂ ਹਨ ਜਿਸਦੇ ਸਰੀਰ ਦੇ ਕਈ ਟੁਕੜੇ ਉਸ ਦੇ ਲਿਵ ਇਨ ਪਾਰਟਨਰ ਆਫਤਾਬ ਨੇ ਕੀਤੇ। ਦਿੱਲੀ ਦੇ ਇਲਾਵਾ ਦਿੱਲੀ ਪੁਲਸ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਮਹਾਰਾਸ਼ਟਰ ਅਤੇ ਹਰਿਆਣਾ ’ਚ ਜਾ ਕੇ ਵੀ ਸਬੂਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
* ਪਰ ਕੋਈ ਪ੍ਰਮਾਣ ਨਾ ਮਿਲਣ ਤੱਕ ਦੋਸ਼ੀ ਵਿਰੁੱਧ ਦੋਸ਼ ਸਿੱਧ ਕਰ ਸਕਣਾ ਬੜਾ ਔਖਾ ਹੈ ਕਿਉਂਕਿ ਹੱਤਿਆ ਕਈ ਮਹੀਨੇ ਪਹਿਲਾਂ ਕੀਤੀ ਗਈ ਅਤੇ ਅਪਰਾਧੀ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ, ਇਸੇ ਕਾਰਨ ਇਸ ਮਾਮਲੇ ’ਚ ਹੁਣ ਤੱਕ ਕੋਈ ਠੋਸ ਪ੍ਰਮਾਣ ਪੁਲਸ ਦੇ ਹੱਥ ਨਹੀਂ ਲੱਗਾ ਹੈ। ਪੁਲਸ ਨੂੰ ਮਿਲੀਆਂ ਹੱਡੀਆਂ ਤੋਂ ਅੰਦਾਜ਼ਾ ਲਾਉਣਾ ਔਖਾ ਹੈ ਕਿ ਇਹ ਸ਼ਰਧਾ ਦੀਆਂ ਹਨ ਜਾਂ ਨਹੀਂ। ਇਸ ਦੇ ਲਈ ਡੀ. ਐੱਨ. ਏ. ਟੈਸਟ ਕਰਵਾਉਣਾ ਹੋਵੇਗਾ ਜਿਸ ਦੇ ਲਈ ਸ਼ਰਧਾ ਦੇ ਪਿਤਾ ਤੋਂ ਡੀ. ਐੱਨ. ਏ. ਲਿਆ ਜਾਵੇਗਾ। 
* ਮਹਿਰੌਲੀ ਦੇ ਜਿਸ ਘਰ ’ਚ ਇਹ ਕਾਂਡ ਹੋਇਆ ਉਥੋਂ ਮਿਲੇ ਖੂਨ ਦੇ ਧੱਬਿਆਂ ਬਾਰੇ ਯਕੀਨ ਨਾਲ ਕਹਿਣਾ ਮੁਸ਼ਕਲ ਹੈ। ਬਾਥਰੂਮ ਜਿਥੇ ਸ਼ਰਧਾ ਦੇ ਸਰੀਰ ਦੇ ਟੁਕੜੇ ਕੀਤੇ ਗਏ ਉਥੋਂ ਹੋ ਸਕਦਾ ਹੈ ਕਿ ਫਰਸ਼ ਦੀਆਂ ਤਰੇੜਾਂ ’ਚੋਂ ਡੀ. ਐੱਨ. ਏ. ਦੇ ਨਮੂਨੇ ਮਿਲਣ ਜਿਨ੍ਹਾਂ ਦੀ ਜਾਂਚ ਕਰਵਾਉਣੀ ਹੋਵੇਗੀ।
* ਆਫਤਾਬ ਨੇ ਫਰਿਜ ਨੂੰ ਚੰਗੀ ਤਰ੍ਹਾਂ ਸਕ੍ਰਬ ਕਰ ਦਿੱਤਾ ਹੈ। ਉਸ ’ਚੋਂ ਸ਼ਰਧਾ ਦੀ ਛੱਡੀ ਹੋਈ ਕੋਈ ਚੀਜ਼ ਜਾਂ ਜੂਠ ਆਦਿ  ਮਿਲਣ ਤੋਂ ਸ਼ਾਇਦ ਕੁਝ ਪਤਾ ਲੱਗ ਸਕੇ।
* ਨਾਰਕੋ ਟੈਸਟ ਵੀ ਭਰੋਸੇਯੋਗ ਨਹੀਂ ਮੰਨਿਆ ਜਾਂਦਾ। ਇਸ ਦੀ ਤਕਨੀਕ ਪੁਰਾਣੀ ਹੈ ਅਤੇ ਕੋਰਟ ਉਸ ਨੂੰ ਸਬੂਤ ਨਹੀਂ ਮੰਨਦੀ।
* ਇਹ ਪ੍ਰਮਾਣ ਤਾਂ ਹੈ ਕਿ ਸ਼ਰਧਾ ਨੂੰ ਲੱਗੀਆਂ ਹੋਈਆਂ ਸੱਟਾਂ ਦੇ ਇਲਾਜ ਲਈ ਘੱਟ ਤੋਂ ਘੱਟ ਇਕ ਵਾਰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਪਰ ਜਦ ਤੱਕ ਕਿਸੇ ਪੀੜਤਾ ਵਲੋਂ ਖੁਦ ਅਜਿਹਾ ਨਾ ਕਿਹਾ ਗਿਆ ਹੋਵੇ, ਕਾਰਵਾਈ ਨਹੀਂ ਹੁੰਦੀ। 
* ਜਿਥੋਂ ਤਕ ਇਨ੍ਹਾਂ  ਦੇ ਗੁਆਂਢੀਆਂ ਦਾ ਸੰਬੰਧ ਹੈ, ਸ਼ਰਧਾ ਤੇ ਆਫਤਾਬ 2-3 ਦਿਨ ਪਹਿਲਾਂ ਹੀ ਉਸ ਮਕਾਨ ’ਚ ਆਏ ਸਨ। ਕਿਸੇ ਗੁਆਂਢੀ ਨੇ ਇਹ ਨਹੀਂ ਕਿਹਾ ਕਿ ਉਸ ਨੇ ਕੋਈ ਰੌਲਾ ਸੁਣਿਆ ਸੀ।
ਅਜਿਹੇ ’ਚ ਡੇਟਿੰਗ ਐਪਸ ਨੂੰ ਆਧਾਰ ਜਾਂ ਕੋਈ ਹੋਰ ਆਈ. ਡੀ. ਮੰਗਣਾ ਲਾਜ਼ਮੀ ਕਰਨਾ ਹੋਵੇਗਾ। ਗੈਰ-ਭਰੋਸੇਯੋਗ ਡੇਟਿੰਗ ਐਪਸ ਦੀ ਬਹਿਕਾਵੇ ’ਚ ਆ ਕੇ ਮੁਟਿਆਰਾਂ  ਅਕਸਰ ਨਾਜਾਇਜ਼  ਸੰਬੰਧਾਂ ਦੇ ਚੁੰਗਲ ’ਚ ਫਸ ਰਹੀਆਂ ਹਨ।
ਪੁਲਸ ਵਲੋਂ ਤਰੁੱਟੀਪੂਰਨ ਜਾਂਚ, ਲਾਪ੍ਰਵਾਹੀ, ਡੀ. ਐੱਨ. ਏ. ਮੇਲ ਖਾ ਜਾਣ ਦੇ ਬਾਵਜੂਦ ਪੁਲਸ ਵਲੋਂ ਪ੍ਰਮਾਣਾਂ ਨੂੰ ਕੋਰਟ ’ਚ ਮਜ਼ਬੂਤੀ ਨਾਲ ਪੇਸ਼ ਨਾ ਕਰਨ ਨਾਲ ਸਾਰੇ ਗਵਾਹਾਂ ਨੂੰ ਜਿਰਹਾ ਲਈ ਨਾ ਸੱਦਣ ਆਦਿ ਕਾਰਨਾਂ ਕਰਕੇ ਅਪਰਾਧੀ ਅਕਸਰ ਛੁੱਟ ਜਾਂਦੇ ਹਨ।
ਇਸ ਦੀ ਨਵੀਂ ਉਦਾਹਰਣ ਛਾਵਲਾ ਦਾ ਕਿਰਨ ਨੇਗੀ ਜਬਰ-ਜ਼ਨਾਹ ਕਾਂਡ ਹੈ ਜਿਸ ’ਚ ਦੋਸ਼ੀਆਂ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਪਰ ਸੁਪਰੀਮ ਕੋਰਟ ਨੇ ਇਹ ਕਹਿੰਦੇ ਹੋਏ ਹੇਠਲੀ ਅਦਾਲਤ ਵਲੋਂ ਤਿੰਨਾਂ ਦੋਸ਼ੀਆਂ ਨੂੰ ਸੁਣਾਈ ਗਈ ਫਾਂਸੀ ਦੀ  ਸਜ਼ਾ ਮੁਆਫ ਕਰ ਦਿੱਤੀ ਕਿ ਉਨ੍ਹਾਂ ਦੇ ਸਾਹਮਣੇ, ‘‘ਸਬੂਤਾਂ ਦੀ ਘਾਟ ਅਤੇ ਮੁਕੱਦਮੇ ਦੀ ਸੁਣਵਾਈ ’ਚ ਗੰਭੀਰ ਕੋਤਾਹੀਆਂ ਨੂੰ ਦੇਖਦੇ ਹੋਏ ਦੋਸ਼ੀਆਂ ਨੂੰ ਬਰੀ ਕਰਨ ਦੇ ਸਿਵਾਏ ਹੋਰ ਕੋਈ ਰਸਤਾ ਨਹੀਂ ਸੀ।’’
ਅਜਿਹੇ ਹਾਲਾਤ ’ਚ ਸਵਾਲ ਪੈਦਾ ਹੁੰਦਾ ਹੈ ਕਿ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਲੜਕਿਆਂ ਦੀ ਇਹ ਕਿਹੋ ਜਿਹੀ ਮਾਨਸਿਕਤਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਕੀ ਸੰਸਕਾਰ ਦੇ ਰਹੇ ਹਨ ਜੋ ਉਹ ਜ਼ੁਲਮਪੁਣੇ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਜਾ ਰਹੇ ਹਨ?
ਪੁਲਸ ਦੀ ਭੂਮਿਕਾ ਸਮਾਜ ’ਚ ਅਪਰਾਧਾਂ ਨੂੰ ਰੋਕਣ ਲਈ ਮੌਜੂਦਾ ਹਾਲਾਤ ਤੋਂ ਵੱਧ ਯੋਗ ਅਤੇ ਵਿਸਥਾਰਤ ਹੋਣੀ ਚਾਹੀਦੀ ਹੈ ਜਿਸਦੇ  ਡਰ ਨਾਲ ਲੋਕ ਅਪਰਾਧ ਕਰਨ ਤੋਂ ਡਰਨ ਪਰ ਕਿਰਨ ਨੇਗੀ ਕੇਸ ਤੋਂ ਸਪੱਸ਼ਟ ਹੈ ਕਿ ਆਪਣੀ ਇਹ ਭੂਮਿਕਾ ਨਿਭਾਉਣ ’ਚ ਪੁਲਸ ਅਸਫਲ ਰਹੀ ਹੈ। ਅਜਿਹੇ ’ਚ ਸਵਾਲ ਉੱਠਦਾ ਹੈ ਕਿ ਕੀ ਘਰੇਲੂ ਹਿੰਸਾ ਦੀ ਰਿਪੋਰਟਿੰਗ ਅਤੇ ਔਰਤਾਂ ਦੇ ਵਿਰੁੱਧ ਅਪਰਾਧਾਂ ਦੇ ਕਾਨੂੰਨਾਂ ’ਚ ਸੋਧ ਕਰਨ ਦੀ ਲੋੜ ਨਹੀਂ ਹੈ?
ਇਸ ਲਈ ਜਿਥੇ ਸਮਾਜ ਵਲੋਂ ਅਪਰਾਧਾਂ  ਪ੍ਰਤੀ ਜ਼ੀਰੋ ਸਹਿਣਸ਼ੀਲਤਾ ਅਪਨਾਉਣ ਦੀ ਲੋੜ ਹੈ, ਉਥੇ ਹੀ ਮਾਤਾ-ਪਿਤਾ ਵਲੋਂ ਔਲਾਦਾਂ ਦੇ ਪਾਲਣ-ਪੋਸ਼ਣ ’ਚ ਸੁਧਾਰ ਲਿਆਉਣ ਅਤੇ ਪੁਲਸ ਦੀ ਜਾਂਚ ’ਚ ਮੁਸਤੈਦੀ ਲਿਆਉਣ ਦੀ ਲੋੜ ਹੈ। ਅਜਿਹਾ ਨਾ ਹੋਣ ’ਤੇ ਔਰਤਾਂ ਵਿਰੁੱਧ ਇਸ ਕਿਸਮ ਦੇ ਅਪਰਾਧ ਹੁੰਦੇ ਹੀ ਰਹਿਣਗੇ।


Mandeep Singh

Content Editor

Related News