ਸੜਕਾਂ ’ਤੇ ਆਵਾਰਾ ਪਸ਼ੂਅਾਂ ਕਾਰਨ ਰੋਜ਼ ਹੋ ਰਹੀਅਾਂ ਦੁਰਘਟਨਾਵਾਂ ਅਤੇ ਮੌਤਾਂ

Saturday, Oct 06, 2018 - 06:54 AM (IST)

ਸੜਕਾਂ ’ਤੇ ਆਵਾਰਾ ਪਸ਼ੂਅਾਂ ਕਾਰਨ ਰੋਜ਼ ਹੋ ਰਹੀਅਾਂ ਦੁਰਘਟਨਾਵਾਂ ਅਤੇ ਮੌਤਾਂ

ਦੇਸ਼ ’ਚ ਕੁਝ ਸਾਲਾਂ ਤੋਂ ਸੜਕਾਂ ’ਤੇ ਮੌਤ ਬਣ ਕੇ ਘੁੰਮ ਰਹੇ ਆਵਾਰਾ ਜਾਨਵਰ, ਖਾਸ ਤੌਰ ’ਤੇ ਛੱਡੇ ਗਏ ਗਊਵੰਸ਼ ਲੋਕਾਂ ਦੀ ਸੁਰੱਖਿਆ ਲਈ ਭਾਰੀ ਖਤਰਾ ਬਣ ਗਏ ਹਨ। ਕਈ ਜਗ੍ਹਾ ਤਾਂ ਇਨ੍ਹਾਂ ਆਵਾਰਾ ਪਸ਼ੂਅਾਂ ਦਾ ਜਿਵੇਂ ‘ਕਬਜ਼ਾ’ ਹੀ ਹੋ ਗਿਆ ਹੈ, ਜੋ ਰਸਤਿਅਾਂ ਵਿਚਕਾਰ ‘ਧਰਨਾ’ ਮਾਰ ਕੇ ਬੈਠ ਜਾਂਦੇ ਹਨ ਅਤੇ ਇਸ ਨਾਲ ਗੱਡੀਅਾਂ ਦਾ ਆਉਣਾ-ਜਾਣਾ ਤਕ ਰੁਕ ਜਾਂਦਾ ਹੈ। ਇਥੇ ਪੇਸ਼ ਹਨ ਹੁਣੇ ਜਿਹੇ ਹੋਈਅਾਂ ਕੁਝ ਦੁਰਘਟਨਾਵਾਂ :
* 03 ਅਗਸਤ ਨੂੰ ਰਾਜਸਥਾਨ ’ਚ ਕੋਟੜੀ ਖੇਤਰ ਦੇ ਭਗਵਾਨਪੁਰਾ ਪਿੰਡ ’ਚ ਸੜਕ ’ਤੇ ਲੜ ਰਹੇ ਆਵਾਰਾ ਪਸ਼ੂਅਾਂ ਵਲੋਂ ਇਕ ਮੋਪੇਡ ਨੂੰ ਲਪੇਟ ’ਚ ਲੈਣ ਨਾਲ ਉਸ ’ਤੇ ਸਵਾਰ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ।
* 20 ਅਗਸਤ ਨੂੰ ਕੁਰੂਕਸ਼ੇਤਰ ਨੇੜੇ ਉਮਰੀ ਪਿੰਡ ’ਚ ਫਲਾਈਓਵਰ ਲਾਗੇ ਇਕ ਗਊ ਨੂੰ ਬਚਾਉਣ ਦੀ ਕੋਸ਼ਿਸ਼ ’ਚ 2 ਹੈਵੀ ਗੱਡੀਅਾਂ ਅਤੇ 1 ਕਾਰ ਦੀ ਟੱਕਰ ਹੋਣ ਨਾਲ ਤਿੰਨ ਵਿਅਕਤੀ ਮਾਰੇ ਗਏ ਅਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ।
* 28 ਅਗਸਤ ਨੂੰ ਬਠਿੰਡਾ ’ਚ ਨੈਸ਼ਨਲ ਹਾਈਵੇ ’ਤੇ ਲੜ ਰਹੇ ਆਵਾਰਾ ਸਾਨ੍ਹਾਂ ਦੀ ਲਪੇਟ ’ਚ ਆਉਣ ਨਾਲ ਗੰਭੀਰ ਜ਼ਖ਼ਮੀ ਹੋਏ ਡਿੰਪਲ ਨਾਮੀ ਆਪਣੇ ਮਾਂ-ਪਿਓ ਦੇ ਇਕਲੌਤੇ ਬੇਟੇ ਨੇ 3 ਅਕਤੂਬਰ ਨੂੰ ਹਸਪਤਾਲ ’ਚ ਦਮ ਤੋੜ ਦਿੱਤਾ। 
*  07  ਸਤੰਬਰ ਨੂੰ ਪਠਾਨਕੋਟ ਨੇੜੇ ਡਲਹੌਜ਼ੀ ਰੋਡ ਹਾਈਵੇ ’ਤੇ ਆਪਣੇ ਭਰਾ ਅਤੇ ਬੇਟੇ ਨਾਲ ਜਾ ਰਹੇ ਵਿਅਕਤੀ ਦਾ ਬਾਈਕ ਸੜਕ ਵਿਚਾਲੇ ਆਵਾਰਾ ਪਸ਼ੂ ਨਾਲ ਟਕਰਾਉਣ ’ਤੇ ਬਾਈਕ ਚਾਲਕ ਦੀ ਮੌਤ ਹੋ ਗਈ।
*  08 ਸਤੰਬਰ ਦੀ ਰਾਤ ਨੂੰ ਮੋਗਾ ’ਚ ਆਵਾਰਾ ਸਾਨ੍ਹ ਦੇ ਸੜਕ ’ਤੇ ਆ ਜਾਣ ਨਾਲ ਉਥੋਂ ਲੰਘ ਰਹੇ ਸਹਾਇਕ ਥਾਣੇਦਾਰ ਬਲਬੀਰ ਸਿੰਘ ਦਾ ਮੋਟਰਸਾਈਕਲ ਉਸ ਨਾਲ ਜਾ ਟਕਰਾਇਆ ਤੇ ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ।
*  08  ਸਤੰਬਰ ਨੂੰ ਹੀ ਅੰਮ੍ਰਿਤਸਰ ਨੇੜਲੇ ਪਿੰਡ ਪਹੁਵਿੰਡ ਦੀ ਰਹਿਣ ਵਾਲੀ ਬਜ਼ੁਰਗ ਕਸ਼ਮੀਰ ਕੌਰ ਨੂੰ ਸੜਕ ਪਾਰ ਕਰਦੇ ਸਮੇਂ ਇਕ ਸਾਨ੍ਹ ਨੇ ਸਿੰਙ ’ਤੇ ਚੁੱਕ ਕੇ ਜ਼ਮੀਨ ’ਤੇ ਪਟਕ ਦਿੱਤਾ, ਜਿਸ ਕਾਰਨ 2 ਦਿਨਾਂ ਬਾਅਦ ਉਸ ਨੇ ਦਮ ਤੋੜ ਦਿੱਤਾ।
*  10  ਸਤੰਬਰ ਨੂੰ ਤਰਨਤਾਰਨ ਦੇ ਬੋਹੜੀ ਚੌਕ ’ਚ ਭੱਜ ਕੇ ਆਉਂਦੇ ਇਕ ਸਾਨ੍ਹ ਵਲੋਂ ਇਕ ਮੋਟਰਸਾਈਕਲ ਸਵਾਰ ਬਲਜੀਤ ਸਿੰਘ ਗਿੱਲ ਨੂੰ ਟੱਕਰ ਮਾਰ ਦੇਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
*  13 ਸਤੰਬਰ ਨੂੰ ਕਾਨਪੁਰ ’ਚ ਸਿਕੰਦਰਾ ਦੇ ਮਾਨਪੁਰ ਨੇੜੇ ਆਵਾਰਾ ਪਸ਼ੂ ਨੂੰ ਬਚਾਉਂਦਿਅਾਂ ਇਕ ਕਾਰ ਡਿਵਾਈਡਰ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਜਾਣ ਦੇ ਸਿੱਟੇ ਵਜੋਂ ਕਾਰ ਸਵਾਰ 3 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। 
*  27 ਸਤੰਬਰ ਨੂੰ ਮੋਦੀਨਗਰ ’ਚ ਆਵਾਰਾ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਇਕ ਕੈਂਟਰ ਦੇ ਰੋਡਵੇਜ਼ ਦੀ ਬੱਸ ਨਾਲ ਟਕਰਾ ਜਾਣ ’ਤੇ ਕੈਂਟਰ ਚਾਲਕ ਦੀ ਮੌਤ ਹੋ ਗਈ।
*  30 ਸਤੰਬਰ ਨੂੰ ਜਲੰਧਰ ’ਚ ਸੂਰਾਨੁੱਸੀ ਨੇੜੇ ਸ਼ਰਧਾਲੂਅਾਂ ਨਾਲ ਭਰੀ ਇਕ ਸਕੂਲ ਬੱਸ ਆਵਾਰਾ ਪਸ਼ੂ ਨੂੰ ਬਚਾਉਂਦਿਅਾਂ ਬੇਕਾਬੂ ਹੋ ਕੇ ਪਲਟ ਗਈ, ਜਿਸ ਨਾਲ ਡਰਾਈਵਰ ਸਮੇਤ 5 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
*  04 ਅਕਤੂਬਰ ਨੂੰ ਮਲੋਟ ਦੇ ਪਿੰਡ ਆਲਮਵਾਲਾ ਨੇੜੇ ਲਾਵਾਰਿਸ ਪਸ਼ੂ ਸਾਹਮਣੇ ਆ ਜਾਣ ਕਰਕੇ ਆਲਟੋ ਕਾਰ ਦੇ ਬੇਕਾਬੂ ਹੋ ਕੇ ਰੁੱਖ ਨਾਲ ਜਾ ਟਕਰਾਉਣ ’ਤੇ ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ ਤੇ 3  ਗੰਭੀਰ ਜ਼ਖ਼ਮੀ ਹੋ ਗਏ। 
*  04 ਅਕਤੂਬਰ ਨੂੰ ਮੋਗਾ ਦੇ ਪਿੰਡ ਬੁੱਕਣਵਾਲਾ ’ਚ 78 ਸਾਲਾ ਕਿਸਾਨ ਗੁਰਮੇਲ ਸਿੰਘ ਦੇ ਢਿੱਡ ’ਚ ਲਾਵਾਰਿਸ ਸਾਨ੍ਹ ਵਲੋਂ ਸਿੰਙ ਮਾਰ ਦੇਣ ਨਾਲ ਜ਼ਖ਼ਮੀ ਕਿਸਾਨ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ।
*  05 ਅਕਤੂਬਰ ਨੂੰ ਚੁਰੂ ਦੇ ਰਤਨਗੜ੍ਹ ਇਲਾਕੇ ’ਚ ਸੜਕ ’ਤੇ ਲੜ ਰਹੇ 2 ਸਾਨ੍ਹਾਂ ਦੀ ਲਪੇਟ ’ਚ ਆਉਣ ਨਾਲ ਇਕ ਬਾਈਕ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ।
ਉਕਤ ਘਟਨਾਵਾਂ ਨੂੰ ਦੇਖਦਿਅਾਂ ਸਬੰਧਤ ਮਹਿਕਮਿਅਾਂ ਵਲੋਂ ਆਵਾਰਾ ਪਸ਼ੂਅਾਂ ਦੀ ਸਮੱਸਿਆ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਉਣ ਲਈ ਛੇਤੀ ਯਤਨ ਕਰਨ ਦੀ ਲੋੜ ਹੈ ਤਾਂ ਕਿ ਲੋਕ ਇਸ ‘ਬਿਨ ਬੁਲਾਈ ਮੌਤ’ ਤੋਂ ਬਚ ਸਕਣ। 
ਇਹੋ ਨਹੀਂ, ਆਵਾਰਾ ਪਸ਼ੂਅਾਂ ਦੇ ਮਾਮਲੇ ’ਚ ਪੰਜਾਬ-ਹਰਿਆਣਾ ਹਾਈਕੋਰਟ ਨੇ ਖ਼ੁਦ ਨੋਟਿਸ ਲੈ ਕੇ ਸ਼ੁਰੂ ਕੀਤੇ ਕੇਸ ’ਚ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ 6 ਹਫਤਿਅਾਂ ’ਚ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੰਦਿਅਾਂ 10 ਸਤੰਬਰ ਨੂੰ ਪੁੱਛਿਆ ਹੈ ਕਿ ਸੜਕਾਂ ’ਤੇ ਇਕ ਵੀ ਆਵਾਰਾ ਪਸ਼ੂ ਕਿਵੇਂ ਘੁੰਮ ਰਿਹਾ ਹੈ। 
                                                                     –ਵਿਜੇ ਕੁਮਾਰ


Related News