ਘਰੇਲੂ ਨੌਕਰਾਂ ਵੱਲੋਂ ਜਬਰ-ਜ਼ਨਾਹ, ਚੋਰੀ ਤੇ ਹੱਤਿਆ ਦੇ ਵਧਦੇ ਮਾਮਲੇ
Wednesday, Jun 08, 2022 - 01:19 AM (IST)
ਪੂਰੀ ਜਾਂਚ-ਪੜਤਾਲ ਅਤੇ ਪੁਸ਼ਟੀ ਕੀਤੇ ਬਿਨਾਂ ਘਰਾਂ ’ਚ ਨੌਕਰ-ਨੌਕਰਾਣੀਆਂ ਨੂੰ ਕੰਮ ’ਤੇ ਰੱਖਣ ਨਾਲ ਕਈ ਵਾਰ ਵੱਡੀਆਂ ਅਣਸੁਖਾਵੀਆਂ ਘਟਨਾਵਾਂ ਹੋ ਜਾਂਦੀਆਂ ਹਨ। ਅਪਰਾਧੀ ਕਿਸਮ ਦੇ ਲੋਕ ਘਰੇਲੂ ਨੌਕਰ ਬਣ ਕੇ ਲੋਕਾਂ ਦੇ ਘਰਾਂ ’ਚ ਐਂਟਰੀ ਕਰਦੇ ਹਨ ਅਤੇ ਘਰ ’ਚ ਰੱਖੀ ਨਕਦੀ ਤੇ ਗਹਿਣਿਆਂ ਆਦਿ ਦਾ ਸੁਰਾਗ ਲਾਉਣ ਦੇ ਬਾਅਦ ਮੌਕਾ ਮਿਲਦੇ ਹੀ ਸਭ ਕੁਝ ਲੁੱਟ ਕੇ ਫਰਾਰ ਹੋ ਜਾਂਦੇ ਹਨ। ਕਈ ਵਾਰ ਤਾਂ ਅਜਿਹਾ ਕਰਦੇ ਸਮੇਂ ਉਹ ਆਪਣੇ ਮਾਲਕ ਜਾਂ ਮਾਲਕਨ ਦੀ ਹੱਤਿਆ ਜਾਂ ਭਾਰੀ-ਭਰਕਮ ਰਕਮ ਦੀ ਫਿਰੌਤੀ ਹਾਸਲ ਕਰਨ ਦੇ ਲਾਲਚ ’ਚ ਉਨ੍ਹਾਂ ਨੂੰ ਅਗਵਾ ਵੀ ਕਰ ਲੈਂਦੇ ਹਨ। ਅਜਿਹੀਆਂ ਹੀ ਕੁਝ ਤਾਜ਼ਾ ਘਟਨਾਵਾਂ ਹੇਠਾਂ ਦਰਜ ਹਨ :
* 16 ਨਵੰਬਰ, 2021 ਨੂੰ ਲਖਨਊ ’ਚ ਇਕ 18 ਸਾਲਾ ਘਰੇਲੂ ਨੌਕਰ ਨੇ 10 ਮਹੀਨਿਆਂ ਦੀ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕਰ ਦਿੱਤਾ।
* 18 ਫਰਵਰੀ, 2022 ਨੂੰ ਗੁਰੂਗ੍ਰਾਮ ’ਚ ਸਿਰਫ 1 ਮਹੀਨਾ ਪਹਿਲਾਂ ਰੱਖੀ ਇਕ ਘਰੇਲੂ ਨੌਕਰਾਣੀ ਨੇ ਘਰ ਦੇ ਮਾਲਕ ਤੇ ਉਸ ਦੀਆਂ ਧੀਆਂ ਨੂੰ ਨਸ਼ੇ ’ਚ ਬੇਹੋਸ਼ ਕਰ ਕੇ ਆਪਣੇ 4 ਮਰਦ ਸਾਥੀਆਂ ਨੂੰ ਸੱਦ ਲਿਆ ਜੋ ਉਨ੍ਹਾਂ ਨੂੰ ਬੰਧਕ ਬਣਾ ਕੇ ਘਰ ’ਚੋਂ ਬਹੁ-ਕੀਮਤੀ ਸਾਮਾਨ ਲੁੱਟ ਕੇ ਫਰਾਰ ਹੋ ਗਏ।
* 4 ਮਈ, 2022 ਨੂੰ ਜੈਪੁਰ ’ਚ 5 ਘਰੇਲੂ ਨੌਕਰਾਂ ਦੇ ਇਕ ਸਮੂਹ ਨੇ ਮਿਲ ਕੇ ਇਕ ਕਾਰੋਬਾਰੀ ਦੇ ਘਰ ’ਚ ਡਾਕਾ ਮਾਰਿਅਾ ਅਤੇ ਪਰਿਵਾਰ ਦੇ 4 ਮੈਂਬਰਾਂ ਨੂੰ ਬੰਧਕ ਬਣਾ ਕੇ ਲੁੱਟ-ਖੋਹ ਕਰਨ ਦੇ ਬਾਅਦ ਮਕਾਨ ਮਾਲਕ ਦੀ ਕਾਰ ਲੈ ਕੇ ਉਸ ’ਚ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਇਨ੍ਹਾਂ 5 ਨੌਕਰਾਂ ਨੂੰ 24 ਮਾਰਚ ਨੂੰ ਹੀ ਨੌਕਰੀ ’ਤੇ ਰੱਖਿਆ ਸੀ।
* 4 ਮਈ, 2022 ਨੂੰ ਹੀ ਲੁਧਿਆਣਾ ’ਚ ਇਕ ਕਾਰੋਬਾਰੀ ਦੇ ਘਰ ’ਚ ਕੰਮ ’ਤੇ ਰੱਖੀਆਂ 2 ਔਰਤਾਂ ਨੇ ਪਹਿਲੇ ਹੀ ਦਿਨ ਘਰ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਅਤੇ ਰਫੂਚੱਕਰ ਹੋ ਗਈਆਂ।
* 6 ਮਈ, 2022 ਨੂੰ ਮੇਰਠ ਦੇ ਨੌਚੰਦੀ ਥਾਣਾ ਇਲਾਕੇ ਦੇ ਨਿਵਾਸੀ ਜੋੜੇ ਦਾ ਨੇਪਾਲੀ ਨੌਕਰ ਉਨ੍ਹਾਂ ਦੇ ਭੋਜਨ ’ਚ ਨਸ਼ੇ ਦੀਆਂ ਗੋਲੀਆਂ ਮਿਲਾ ਕੇ ਬੇਹੋਸ਼ ਕਰਨ ਦੇ ਬਾਅਦ ਉਨ੍ਹਾਂ ਦੇ ਕਮਰੇ ਦੀ ਅਲਮਾਰੀ ਦਾ ਲਾਕਰ ਤੋੜ ਕੇ ਉਸ ’ਚ ਰੱਖੀ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ।
* 8 ਮਈ ਨੂੰ ਚੇਨਈ ’ਚ ਇਕ ਸਨਸਨੀਖੇਜ਼ ਮਾਮਲੇ ’ਚ ਅਮਰੀਕਾ ਤੋਂ ਪਰਤੇ ਇਕ ਜੋੜੇ ਦੀ ਉਨ੍ਹਾਂ ਦੇ ਡਰਾਈਵਰ ਨੇ ਹੱਤਿਆ ਕਰ ਦਿੱਤੀ ਅਤੇ ਉਨ੍ਹਾਂ ਦੇ ਘਰ ’ਚੋਂ ਬੇਸ਼ਕੀਮਤੀ ਸਾਮਾਨ ਲੁੱਟ ਕੇ ਫਰਾਰ ਹੋ ਗਿਆ।
* 8 ਮਈ ਨੂੰ ਹੀ ਲੁਧਿਆਣਾ ’ਚ ਰਿਟਾਇਰਡ ਅਧਿਕਾਰੀ ਦੀ ਮਾਂ ਨੂੰ ਭੋਜਨ ’ਚ ਨਸ਼ੀਲੀ ਵਸਤੂ ਦੇ ਕੇ ਉਨ੍ਹਾਂ ਦੇ ਘਰ ’ਚ 10 ਦਿਨ ਪਹਿਲਾਂ ਹੀ ਨੌਕਰੀ ’ਤੇ ਰੱਖਿਆ ਗਿਆ ਨੇਪਾਲੀ ਜੋੜਾ ਆਪਣੇ 3 ਸਾਥੀਆਂ ਸਮੇਤ ਨਕਦੀ ਅਤੇ ਗਹਿਣੇ ’ਤੇ ਹੱਥ ਸਾਫ ਕਰ ਕੇ ਭੱਜ ਗਿਆ।
* 16 ਮਈ ਨੂੰ ਜਲੰਧਰ ’ਚ ਇਕ ਉਦਯੋਗਪਤੀ ਦੇ ਘਰ ’ਚ ਕੰਮ ’ਤੇ ਰੱਖਣ ਦੇ ਪਹਿਲੇ ਹੀ ਦਿਨ 2 ਔਰਤਾਂ ਉਸ ਦੀ ਪਤਨੀ ਨੂੰ ਚਕਮਾ ਦੇ ਕੇ ਉਨ੍ਹਾਂ ਦੇ ਬੈੱਡਰੂਮ ’ਚੋਂ ਨਕਦ ਰਕਮ ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਈਆਂ।
* 3 ਜੂਨ ਨੂੰ ਪਾਨੀਪਤ ਦੀ ਦੇਵੀ ਮੂਰਤੀ ਕਾਲੋਨੀ ’ਚ ਮਕਾਨ ਮਾਲਕਾਂ ਦੀ ਗੈਰ-ਹਾਜ਼ਰੀ ’ਚ ਉਨ੍ਹਾਂ ਦੇ ਘਰ ’ਚ 9 ਮਹੀਨਿਆਂ ਤੋਂ ਨੌਕਰੀ ਕਰ ਰਿਹਾ ਘਰੇਲੂ ਨੌਕਰ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਿਆ।
ਉਕਤ ਘਟਨਾਵਾਂ ਨੂੰ ਦੇਖਦੇ ਹੋਏ ਜ਼ਰੂਰੀ ਹੈ ਕਿ ਘਰ ’ਚ ਨੌਕਰ ਜਾਂ ਨੌਕਰਾਣੀ ਨੂੰ ਰੱਖਣ ਤੋਂ ਪਹਿਲਾਂ ਪੁਲਸ ਕੋਲੋਂ ਉਸ ਦੇ ਪਿਛੋਕੜ ਅਤੇ ਸਥਾਈ ਪਤੇ ਆਦਿ ਦੇ ਬਾਰੇ ’ਚ ਪੂਰੀ ਜਾਂਚ-ਪੜਤਾਲ ਕਰਵਾ ਕੇ ਤਸਦੀਕ ਦੀ ਪੁਸ਼ਟੀ ਜ਼ਰੂਰ ਕਰਵਾ ਲਈ ਜਾਵੇ।
* ਉਸ ਦੀ ਉਮਰ, ਹਾਵ-ਭਾਵ, ਵਿਹਾਰ ਅਤੇ ਉਸ ਨਾਲ ਮਿਲਣ-ਜੁਲਣ ਵਾਲਿਆਂ ’ਤੇ ਪੂਰੀ ਨਜ਼ਰ ਰੱਖੋ। ਆਪਣੇ ਨੌਕਰ ਜਾਂ ਨੌਕਰਾਣੀ ਨੂੰ ਮਿਲਣ ਆਉਣ ਵਾਲੇ ਉਸ ਦੇ ਕਿਸੇ ਜਾਣੂ ਨੂੰ ਘਰ ਦੇ ਅੰਦਰ ਆਉਣ ਦੀ ਇਜਾਜ਼ਤ ਨਾ ਦਿਓ।
* ਵਧੇਰੇ ਮਾਮਲਿਆਂ ’ਚ ਵਾਰਦਾਤਾਂ ਮਕਾਨ ਮਾਲਕਾਂ ਦੀ ਲਾਪ੍ਰਵਾਹੀ ਜਾਂ ਲੋੜੀਂਦੀ ਸਾਵਧਾਨੀ ਨਾ ਵਰਤਣ ਕਾਰਨ ਹੀ ਹੁੰਦੀਆਂ ਹਨ।
* ਸ਼ਹਿਰ ਤੋਂ ਬਾਹਰ ਜਾਣ ਦੀ ਸਥਿਤੀ ’ਚ ਆਪਣੇ ਘਰ ’ਚ ਕੰਮ ਕਰਨ ਵਾਲੇ ਨੌਕਰ ਜਾਂ ਨੌਕਰਾਣੀ ਨੂੰ ਇਹ ਕਦੀ ਵੀ ਨਾ ਦੱਸ ਕੇ ਜਾਓ ਕਿ ਤੁਸੀਂ ਕਦੋਂ ਤੱਕ ਬਾਹਰ ਰਹੋਗੇ। ਘਰ ਦੀਆਂ ਚਾਬੀਆਂ ਵੀ ਲੁਕਾ ਦੇ ਰੱਖੋ।
* ਆਪਣੀਆਂ ਕੀਮਤੀ ਵਸਤੂਆਂ ਨੌਕਰਾਂ ਦੇ ਸਾਹਮਣੇ ਕਦੀ ਨਾ ਕੱਢੋ ਅਤੇ ਨਾ ਹੀ ਉਨ੍ਹਾਂ ਨੂੰ ਇਨ੍ਹਾਂ ਨੂੰ ਰੱਖਣ ਦੀ ਥਾਂ ਦੀ ਭਿਣਕ ਲੱਗਣ ਦਿਓ। ਚੰਗਾ ਹੋਵੇ ਕਿ ਆਪਣਾ ਕੀਮਤੀ ਸਾਮਾਨ ਤੁਸੀਂ ਬੈਂਕਾਂ ਦੇ ਲਾਕਰ ’ਚ ਹੀ ਰੱਖੋ।
* ਬੱਚੀਆਂ ਨੂੰ ਮਰਦ ਨੌਕਰਾਂ ਨਾਲ ਘੁਲਣ-ਮਿਲਣ ਨਾ ਦਿਓ ਅਤੇ ਉਨ੍ਹਾਂ ’ਤੇ ਨਜ਼ਰ ਰੱਖੋ।
ਜੇਕਰ ਪੁਲਸ ਦੇ ਰਿਕਾਰਡ ’ਚ ਤੁਹਾਡੇ ਘਰੇਲੂ ਨੌਕਰ ਦੇ ਪਤੇ, ਮੋਬਾਇਲ ਨੰਬਰ ਆਦਿ ਦੀ ਜਾਣਕਾਰੀ ਪਹਿਲਾਂ ਤੋਂ ਹੀ ਮੌਜੂਦ ਹੋਵੇਗੀ ਤਾਂ ਉਨ੍ਹਾਂ ’ਤੇ ਪੁਲਸ ਦੀ ਪੈਨੀ ਨਜ਼ਰ ਰਹਿਣ ਦੇ ਕਾਰਨ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣ ਦੀ ਸੰਭਾਵਨਾ ਕਾਫੀ ਵਧ ਸਕਦੀ ਹੈ।
-ਵਿਜੇ ਕੁਮਾਰ