ਪਾਕਿਸਤਾਨੀ ਡ੍ਰੋਨ ਡੇਗਣ ਵਾਲਿਆਂ ਨੂੰ ਹੁਣ ਦਿੱਤੇ ਜਾ ਰਹੇ ਹਨ ਇਨਾਮ
Sunday, Jan 01, 2023 - 02:47 AM (IST)
ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨ ਦੇ ਹਾਕਮਾਂ ਨੇ ਭਾਰਤ ਦੇ ਨਾਲ ਤਣਾਅਪੂਰਨ ਸਬੰਧ ਬਣਾ ਰੱਖੇ ਹਨ। ਵਿਚ-ਵਿਚਾਲੇ ਕੁਝ ਹਾਕਮਾਂ ਨੇ ਸਬੰਧ ਸੁਧਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਸਫਲ ਨਾ ਹੋ ਸਕੇ।
ਉਦਾਹਰਣ ਵਜੋਂ, ਨਵਾਜ਼ ਸ਼ਰੀਫ ਨੇ 21 ਫਰਵਰੀ, 1999 ਨੂੰ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੂੰ ਲਾਹੌਰ ਸੱਦ ਕੇ ਆਪਸੀ ਮਿੱਤਰਤਾ ਅਤੇ ਸ਼ਾਂਤੀ ਲਈ ‘ਲਾਹੌਰ ਐਲਾਨਪੱਤਰ’ ’ਤੇ ਦਸਤਖਤ ਕੀਤੇ ਪਰ ਤਤਕਾਲੀਨ ਫੌਜ ਮੁਖੀ ਪ੍ਰਵੇਜ਼ ਮੁਸ਼ੱਰਫ ਨੇ ਨਾ ਤਾਂ ਵਾਜਪਾਈ ਨੂੰ ਸਲਾਮੀ ਦਿੱਤੀ ਅਤੇ ਨਾ ਹੀ ਨਵਾਜ਼ ਸ਼ਰੀਫ ਵੱਲੋਂ ਸ਼੍ਰੀ ਵਾਜਪਾਈ ਦੇ ਸਨਮਾਨ ’ਚ ਦਿੱਤੇ ਗਏ ਭੋਜ ’ਚ ਸ਼ਾਮਲ ਹੋਇਆ।
ਇਹੀ ਨਹੀਂ, ਮਈ 1999 ’ਚ ਕਾਰਗਿਲ ’ਤੇ ਹਮਲੇ ਦੇ ਪਿੱਛੇ ਵੀ ਉਸੇ ਦਾ ਦਿਮਾਗ ਸੀ, ਜਿਸ ਨਾਲ ਭਾਰਤ-ਪਾਕਿ ਸਬੰਧ ਸੁਧਰਨ ਦੀ ਬਜਾਏ ਹੋਰ ਵਿਗੜ ਗਏ।
ਇਮਰਾਨ ਖਾਨ ਨੇ ਵੀ ਕਰਤਾਰਪੁਰ ਗਲਿਆਰੇ ਦੀ ਸ਼ੁਰੂਆਤ ਕਰਵਾਈ ਜਿਸ ਨਾਲ ਭਾਰਤੀਆਂ ਲਈ ਬਿਨਾਂ ਵੀਜ਼ੇ ਦੇ ਪਾਕਿਸਤਾਨ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਵਾਸ ਸਥਾਨ ਦੇ ਦਰਸ਼ਨਾਂ ਲਈ ਜਾਣਾ ਸੰਭਵ ਹੋ ਸਕਿਆ ਪਰ ਇਸ ਨਾਲ ਵੀ ਦੋਵਾਂ ਦੇਸ਼ਾਂ ’ਚ ਸਬੰਧ ਸੁਧਾਰਨ ’ਚ ਕੋਈ ਮਦਦ ਨਾ ਮਿਲੀ।
ਇਸੇ ਦਾ ਨਤੀਜਾ ਹੈ ਕਿ ਅਜੇ ਵੀ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਵੱਲੋਂ ਭਾਰਤ ’ਚ ਖੂਨ-ਖਰਾਬਾ, ਨਕਲੀ ਕਰੰਸੀ ਤੇ ਨਸ਼ਿਆਂ ਦੀ ਸਮੱਗਲਿੰਗ ਕਰਵਾ ਕੇ ਭਾਰਤ ਦੀ ਜਵਾਨੀ ਨੂੰ ਤਬਾਹ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਦੇ ਲਈ ਹੁਣ ਉਨ੍ਹਾਂ ਨੇ ਡ੍ਰੋਨਾਂ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ ਹੈ।
ਹੁਣ ਬੀ. ਐੱਸ. ਐੱਫ. ਨੇ ਸਰਹੱਦ ’ਤੇ ਰਾਈਫਲ ਫਾਇਰਿੰਗ ਜਾਂ ਜੈਮਿੰਗ ਤਕਨੀਕ ਰਾਹੀਂ ਡ੍ਰੋਨਾਂ ਨੂੰ ਡੇਗਣ ਲਈ ‘ਹਿੱਟ’ ਟੀਮਾਂ ਦਾ ਗਠਨ ਕਰ ਕੇ ਹਰੇਕ ਡ੍ਰੋਨ ਡੇਗਣ ’ਤੇ 1 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਫੈਸਲਾ ਕੀਤਾ ਹੈ। ਇਸ ਸਾਲ 25 ਦਸੰਬਰ ਤੱਕ ਬੀ. ਐੱਸ. ਐੱਫ. ਦੀਆਂ ਹਿੱਟ ਟੀਮਾਂ 22 ਡ੍ਰੋਨ ਡੇਗ ਚੁੱਕੀਆਂ ਹਨ।
ਹਾਲਾਂਕਿ ਦੋਵਾਂ ਧਿਰਾਂ ਦੀ ਖੁਸ਼ਹਾਲੀ ਦੇ ਲਈ ਗੁਆਂਢੀਆਂ ਦੇ ਸਬੰਧ ਚੰਗੇ ਹੋਣਾ ਜ਼ਰੂਰੀ ਹੈ ਪਰ ਪਾਕਿਸਤਾਨ ਦੇ ਮਾਮਲੇ ’ਚ ਅਜਿਹਾ ਨਹੀਂ ਹੋ ਸਕਿਆ। ਇਸ ਲਈ ਸਬੰਧ ਸੁਧਰਨ ਤੱਕ ਪਾਕਿਸਤਾਨ ਵੱਲੋਂ ਅਜਿਹੀਆਂ ਸਰਗਰਮੀਆਂ ਜਾਰੀ ਰਹਿਣਗੀਆਂ ਪਰ ਬੀ. ਐੱਸ. ਐੱਫ. ਨੇ ਵੀ ਪਾਕਿਸਤਾਨ ਨੂੰ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਭਾਰਤ ’ਚ ਡ੍ਰੋਨ ਭੇਜਣ ’ਤੇ ਲੱਖਾਂ ਰੁਪਏ ਨਸ਼ਟ ਕਰਨ ਦਾ ਉਸ ਨੂੰ ਕੋਈ ਲਾਭ ਹੋਣ ਵਾਲਾ ਨਹੀਂ ਹੈ। ਇਸ ਲਈ ਭਾਰਤ ਦੇ ਨਾਲ ਸਬੰਧ ਸੁਧਾਰਨਾ ਹੀ ਉਸ ਦੇ ਹਿੱਤ ’ਚ ਰਹੇਗਾ।
-ਵਿਜੇ ਕੁਮਾਰ