ਰਾਮਲੀਲਾਵਾਂ ’ਚ ਮੁਸਲਿਮ ਸ਼ਰਧਾਲੂ ਦੇ ਰਹੇ ਧਾਰਮਿਕ ਸਦਭਾਵਨਾ ਦਾ ਸੰਦੇਸ਼

10/08/2019 1:18:55 AM

ਦੁਸਹਿਰੇ ਦੇ ਤਿਉਹਾਰ ਮੌਕੇ ਦੇਸ਼ ’ਚ ਸਰਦ ਨਰਾਤੇ ਸ਼ੁਰੂ ਹੁੰਦੇ ਹੀ ਰਾਮ ਕਥਾ ਦੇ ਮੰਚਨ ਲਈ ਰਾਮਲੀਲਾਵਾਂ ਦੇ ਆਯੋਜਨ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਵਿਚ ਪਿਛਲੇ ਸਾਲਾਂ ਵਾਂਗ ਹੀ ਇਸ ਸਾਲ ਵੀ ਮੁਸਲਿਮ ਅਤੇ ਸਿੱਖ ਭਾਈਚਾਰੇ ਦੇ ਸ਼ਰਧਾਲੂ ਹਿੱਸਾ ਲੈ ਕੇ ਧਾਰਮਿਕ ਸੁਹਿਰਦਤਾ ਅਤੇ ਭਾਈਚਾਰੇ ਦਾ ਸੰਦੇਸ਼ ਦੇ ਰਹੇ ਹਨ।

ਦਿੱਲੀ ’ਚ ਖੇਡੀ ਜਾ ਰਹੀ ਇਕ ਹੋਰ ਰਾਮਲੀਲਾ ਵਿਚ ਰਾਵਣ ਦੀ ਭੂਮਿਕਾ ’ਚ ਫਿਲਮ ਅਭਿਨੇਤਾ ਸ਼ਾਹਬਾਜ਼ ਖਾਨ ਦਿਖਾਈ ਦਿੱਤੇ।

ਲਖਨਊ ਸਥਿਤ ‘ਬਖਸ਼ੀ ਕਾ ਤਲਾਬ’ ਦੇ ਦੁਸਹਿਰਾ ਮੇਲੇ ’ਚ ਹੋਣ ਵਾਲੀ ਇਤਿਹਾਸਿਕ ਰਾਮਲੀਲਾ 47 ਸਾਲਾਂ ਤੋਂ ਹਿੰਦੂ-ਮੁਸਲਿਮ ਏਕਤਾ ਦੀ ਮਿਸਾਲ ਬਣੀ ਹੋਈ ਹੈ, ਜਿਸ ਵਿਚ ਅੱਧੇ ਨਾਲੋਂ ਵੱਧ ਮੁਸਲਮਾਨ ਕਲਾਕਾਰ ਕੰਮ ਕਰਦੇ ਹਨ।

ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਥੇ ਹੋਣ ਵਾਲੀ ਰਾਮਲੀਲਾ ਦਾ ਮੰਚਨ ਕਿਸੇ ਰਾਮਲੀਲਾ ਕੰਪਨੀ ਦੇ ਕਲਾਕਾਰਾਂ ਵਲੋਂ ਨਹੀਂ ਕੀਤਾ ਜਾਂਦਾ, ਸਗੋਂ ਪਿੰਡ (ਰੂਦਹੀ) ਦੇ ਹੀ ਪੜ੍ਹੇ-ਲਿਖੇ ਨੌਜਵਾਨਾਂ ਵਲੋਂ ਕੀਤਾ ਜਾਂਦਾ ਹੈ।

ਅਨਾਜ ਦੇ ਵਪਾਰੀ ਮੁਹੰਮਦ ਸਾਬਿਰ ਦੇ ਨਿਰਦੇਸ਼ਨ ’ਚ 8 ਤੋਂ 10 ਅਕਤੂਬਰ ਤਕ ਚੱਲਣ ਵਾਲੀ ਇਸ ਰਾਮਲੀਲਾ ’ਚ ਰਾਮ ਦੀ ਭੂਮਿਕਾ ’ਚ ਸਲਮਾਨ ਅਤੇ ਲਕਸ਼ਮਣ ਦੀ ਭੂਮਿਕਾ ’ਚ ਅਰਬਾਜ਼ ਨਾਂ ਦੇ ਕਲਾਕਾਰ ਹਨ।

ਸ਼੍ਰੀਗੰਗਾਨਗਰ ਦੇ ਵਿਜੇਨਗਰ ਵਿਚ ‘ਸ਼੍ਰੀ ਮਹਾਵੀਰ ਰਾਮਲੀਲਾ ਯੁਵਾ ਕਲੱਬ’ ਵੱਲੋਂ 50 ਸਾਲਾਂ ਤੋਂ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ। ਇਸ ਵਿਚ ਮੁਸਲਿਮ ਕਲਾਕਾਰਾਂ ਸਰਦਾਮ ਹੁਸੈਨ ਅਤੇ ਕਾਕਾ ਖਾਨ ਨੇ ਵੀ ਅਭਿਨੈ ਕੀਤਾ ਹੈ।

ਸਹਾਰਨਪੁਰ ’ਚ ‘ਭਾਰਤੀ ਕਲਾ ਸੰਗਮ ਸ਼੍ਰੀ ਰਾਮਲੀਲਾ ਸਭਾ’ ਦੀ ਰਾਮਲੀਲਾ ’ਚ 5 ਮੁਸਲਿਮ ਕਲਾਕਾਰਾਂ ਮੁਹੰਮਦ ਅਲੀ, ਮੁੰ. ਸਲੀਮ, ਅਲੀ ਹੈਦਰ, ਅਜੀਮ ਅਤੇ ਸਮੀਰ ਖਾਨ ਨੇ ਰਾਵਣ, ਦੇਵਰਿਸ਼ੀ ਨਾਰਦ, ਬਾਣਾਸੁਰ, ਖਰਦੂਸ਼ਣ ਆਦਿ ਦੀਆਂ ਭੂਮਿਕਾਵਾਂ ਨਿਭਾਈਆਂ।

ਸਬਜ਼ੀ ਮੰਡੀ ਫਤੇਹਗੜ੍ਹ ਸਥਿਤ ਮੰਦਰ ’ਚ ਰਾਮਲੀਲਾ ਦੀ ਸ਼ੁਰੂਆਤ ਗਣੇਸ਼ ਪੂਜਨ ਅਤੇ ਭੂਮੀ ਪੂਜਨ ਨਾਲ ਕੀਤੀ ਗਈ, ਜਿਸ ਵਿਚ ਮੁਸਲਿਮ ਭਰਾਵਾਂ ਨੇ ਵੀ ਹਿੱਸਾ ਲਿਆ।

ਕੁਰੂਕਸ਼ੇਤਰ ’ਚ ਲਕਸ਼ਮੀ ਰਾਮਲੀਲਾ ਡ੍ਰਾਮਾਟਿਕ ਕਲੱਬ ਵਲੋਂ ਆਯੋਜਿਤ ਰਾਮਲੀਲਾ ਵਿਚ 48 ਸਾਲਾਂ ਤੋਂ ਸਿੱਖ ਭਾਈਚਾਰੇ ਨਾਲ ਸਬੰਧਿਤ ਸ਼੍ਰੀ ਕੁਲਵੰਤ ਸਿੰਘ ਭੱਟੀ ਹਨੂਮਾਨ ਜੀ ਦੀ ਭੂਮਿਕਾ ਨਿਭਾਅ ਰਹੇ ਹਨ, ਜੋ ਪੇਸ਼ੇ ਤੋਂ ਇਕ ਮੋਟਰ ਮਕੈਨਿਕ ਹਨ।

ਉਨ੍ਹਾਂ ਦੇ ਪੋਤੇ ਹਰਸ਼ਦੀਪ ਸਿੰਘ ਨੇ ਸ਼੍ਰੀ ਹਨੂਮਾਨ ਜੀ ਦੇ ਪੁੱਤਰ ਮਕਰਧਵੱਜ ਦੀ ਭੂਮਿਕਾ ’ਚ ਉਨ੍ਹਾਂ ਦਾ ਸਾਥ ਦਿੱਤਾ। ਸ਼੍ਰੀ ਕੁਲਵੰਤ ਸਿੰਘ ਭੱਟੀ ਇਹ ਭੂਮਿਕਾ ਨਿਭਾਉਣ ਲਈ 40 ਦਿਨ ਜ਼ਮੀਨ ’ਤੇ ਸੌਂਦੇ ਹਨ ਅਤੇ ਗ੍ਰਹਿਸਥ ਜੀਵਨ ਤੋਂ ਦੂਰ ਰਹਿੰਦੇ ਹਨ।

ਰਾਜਧਾਨੀ ਦਿੱਲੀ ’ਚ ਕਲਾ ਜਗਤ ਅਤੇ ਰੰਗਮੰਚ ਨਾਲ ਜੁੜੇ ਕੁਝ ਕਲਾਕਾਰ ਉਰਦੂ ’ਚ ਰਾਮਲੀਲਾ ਕਰਨ ਦੀ ਤਿਆਰੀ ਕਰ ਰਹੇ ਹਨ, ਜਿਸ ਵਿਚ ਹਿੰਦੂ ਅਤੇ ਮੁਸਲਮਾਨ ਲੇਖਕਾਂ ਵਲੋਂ ਰਾਮਾਇਣ ਦੇ ਵੱਖ-ਵੱਖ ਪ੍ਰਸੰਗ ਪੇਸ਼ ਕੀਤੇ ਜਾਣਗੇ। ਇਹ ਰਾਮਲੀਲਾ ਦੁਸਹਿਰੇ ਤੋਂ ਬਾਅਦ 16 ਅਕਤੂਬਰ ਨੂੰ ਸ਼੍ਰੀ ਰਾਮ ਸੈਂਟਰ ’ਚ ਆਯੋਜਿਤ ਕੀਤੀ ਜਾਵੇਗੀ।

ਅੰਬਰਨਾਥ ਦੇ ਇਬਰਾਹੀਮ ਸ਼ੇਖ ਨਾਂ ਦੇ ਇਕ ਮੁਸਲਿਮ ਭਗਤ ਕਈ ਸਾਲਾਂ ਤੋਂ ਮਾਤਾ ਦੇ ਮੰਦਰ ’ਚ ਸੇਵਾ ਕਰਦੇ ਆ ਰਹੇ ਹਨ ਅਤੇ ਮਾਤਾ ਦੀ ਪੂਜਾ ਕਰਨ ਤੋਂ ਇਲਾਵਾ ਮੰਦਰ ’ਚ ਆਏ ਹੋਏ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੀ ਵੰਡਦੇ ਹਨ।

ਬੰਗਲਾ ਫਿਲਮਾਂ ਦੀ ਅਭਿਨੇਤਰੀ ਨੁਸਰਤ ਜਹਾਂ ਆਪਣੇ ਪਤੀ ਨਾਲ ਮਹਾਅਸ਼ਟਮੀ ਦੇ ਮੌਕੇ ’ਤੇ ਕੋਲਕਾਤਾ ਦੇ ਦੁਰਗਾ ਪੂਜਾ ਪੰਡਾਲ ’ਚ ਦਰਸ਼ਨ ਕਰਨ ਪਹੁੰਚੀ। ਉਸ ਨੇ ਉਥੇ ਮਾਂ ਦੁਰਗਾ ਦੀ ਅਰਾਧਨਾ ਕੀਤੀ, ਢੋਲ ਵਜਾਇਆ ਅਤੇ ਨ੍ਰਿਤ ਕੀਤਾ।

ਭਾਈਚਾਰੇ ਅਤੇ ਸੁਹਿਰਦਤਾ ਦੇ ਬੰਧਨਾਂ ਨੂੰ ਮਜ਼ਬੂਤ ਕਰਨ ਵਾਲੇ ਲੋਕਾਂ ਦੇ ਚੰਗੇ ਯਤਨਾਂ ਦੀਆਂ ਇਹ ਤਾਂ ਕੁਝ ਉਦਾਹਰਣਾਂ ਹਨ, ਜਦਕਿ ਇਸ ਤੋਂ ਇਲਾਵਾ ਵੀ ਇਸੇ ਦਿਸ਼ਾ ’ਚ ਪਤਾ ਨਹੀਂ ਕਿੰਨੇ ਸੰਗਠਨ ਅਤੇ ਵਿਅਕਤੀ ਸਰਗਰਮ ਹੋ ਕੇ ਆਪਣਾ ਯੋਗਦਾਨ ਪਾ ਰਹੇ ਹਨ।

ਅੱਜ ਆਪਣੇ ਪਾਠਕਾਂ ਨੂੰ ਦੁਸਹਿਰੇ ਦੀ ਵਧਾਈ ਦਿੰਦੇ ਹੋਏ ਅਸੀਂ ਆਸ ਕਰਦੇ ਹਾਂ ਕਿ ਜਦੋਂ ਤਕ ਸਾਡੇ ਦੇਸ਼ ’ਚ ਇਸ ਕਿਸਮ ਦੀ ਸਾਕਾਰਾਤਮਕ ਸੋਚ ਵਾਲੇ ਲੋਕ ਮੌਜੂਦ ਹਨ, ਉਦੋਂ ਤਕ ਵੰਡ-ਪਾਊ ਸ਼ਕਤੀਆਂ ਸਾਡੇ ਭਾਈਚਾਰੇ ਦੇ ਰਸਮੀ ਤਾਣੇ-ਬਾਣੇ ਨੂੰ ਖੁਰਦ-ਬੁਰਦ ਕਰਨ ’ਚ ਸਫਲ ਨਹੀਂ ਹੋ ਸਕਣਗੀਆਂ ਅਤੇ ਹਮੇਸ਼ਾ ਹੀ ਝੂਠ ’ਤੇ ਸੱਚਾਈ ਦੀ ਅਤੇ ਦੁਰਭਾਵਨਾ ’ਤੇ ਸਦਭਾਵਨਾ ਦੀ ਜਿੱਤ ਹੁੰਦੀ ਰਹੇਗੀ।

–ਵਿਜੇ ਕੁਮਾਰ


Bharat Thapa

Content Editor

Related News