ਹਿਮਾਚਲ ''ਚ ਵਧਣ ਲੱਗੀਆਂ ਬਲਾਤਕਾਰ ਅਤੇ ਨਸ਼ਾਖੋਰੀ ਦੀਆਂ ਘਟਨਾਵਾਂ

07/22/2017 3:03:21 AM

ਦੇਵਭੂਮੀ ਹਿਮਾਚਲ ਪ੍ਰਦੇਸ਼ ਹੋਰਨਾਂ ਸੂਬਿਆਂ ਦੇ ਮੁਕਾਬਲੇ ਸ਼ਾਂਤ ਮੰਨਿਆ ਜਾਂਦਾ ਸੀ ਪਰ ਹੁਣ ਕੁਝ ਸਾਲਾਂ ਤੋਂ ਇਥੇ ਵੀ ਹੋਰਨਾਂ ਸੂਬਿਆਂ ਵਾਂਗ ਹੀ ਕਾਨੂੰਨ-ਵਿਵਸਥਾ 'ਚ ਗੜਬੜ, ਨਸ਼ਾਖੋਰੀ, ਬਲਾਤਕਾਰ ਆਦਿ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ। ਸੂਬੇ ਦੀ ਉੱਤਰੀ ਰੇਂਜ ਕਾਂਗੜਾ, ਚੰਬਾ ਤੇ ਊਨਾ ਜ਼ਿਲਿਆਂ 'ਚ ਮਾਰਚ 2017 ਤਕ ਪਿਛਲੇ ਦੋ ਸਾਲਾਂ ਦੌਰਾਨ ਬਲਾਤਕਾਰ ਦੇ 159 ਮਾਮਲੇ ਸਾਹਮਣੇ ਆਏ ਹਨ। 
* 25 ਜੁਲਾਈ 2016 ਨੂੰ ਹਿਮਾਚਲ ਘੁੰਮਣ ਆਈ ਇਕ 25 ਸਾਲਾ ਇਸਰਾਈਲੀ ਔਰਤ ਨਾਲ ਮਨਾਲੀ ਨੇੜੇ ਸਮੂਹਿਕ ਬਲਾਤਕਾਰ ਕੀਤਾ ਗਿਆ। ਕੁੱਲੂ ਜ਼ਿਲੇ 'ਚ 4 ਸਾਲਾਂ 'ਚ ਬਲਾਤਕਾਰ ਦਾ ਸ਼ਿਕਾਰ ਹੋਣ ਵਾਲੀ  ਇਹ ਤੀਜੀ ਵਿਦੇਸ਼ੀ ਔਰਤ ਹੈ।
* 21 ਫਰਵਰੀ 2017 ਨੂੰ ਸੋਲਨ ਜ਼ਿਲੇ ਦੇ ਬੱਦੀ ਇਲਾਕੇ 'ਚ 19 ਸਾਲਾ ਲੜਕੇ ਨੇ 7 ਸਾਲਾਂ ਦੀ ਇਕ ਬੱਚੀ ਨੂੰ ਬਹਿਲਾ-ਫੁਸਲਾ ਕੇ ਅਗਵਾ ਕਰ ਲਿਆ। ਉਸ ਨੇ ਬੱਚੀ ਨੂੰ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਜ਼ਬਰਦਸਤੀ ਸ਼ਰਾਬ ਪਿਲਾ ਕੇ ਬੇਹੋਸ਼ ਕਰਨ ਤੋਂ ਬਾਅਦ ਉਸ ਨਾਲ ਬਲਾਤਕਾਰ ਕੀਤਾ ਤੇ ਫਿਰ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਕੇ ਲਾਸ਼ ਨੂੰ ਜੰਗਲ 'ਚ ਸੁੱਟ ਦਿੱਤਾ।
* 01 ਮਈ ਨੂੰ ਜ਼ਿਲਾ ਕੁੱਲੂ ਦੇ ਭੁੰਤਰ ਕਸਬੇ 'ਚ ਇਕ 8 ਸਾਲਾ ਬੱਚੀ ਦੀ ਹੱਤਿਆ ਤੋਂ ਬਾਅਦ ਉਸ ਦੀ ਲਾਸ਼ ਬਿਆਸ ਨਦੀ ਦੇ ਕੰਢੇ ਪਈ ਮਿਲੀ। ਦੱਸਿਆ ਜਾਂਦਾ ਹੈ ਕਿ ਪੁਲਸ ਨੇ ਇਸ ਸੰਬੰਧ 'ਚ ਬਲਾਤਕਾਰ ਅਤੇ ਹੱਤਿਆ ਦਾ ਕੇਸ ਦਰਜ ਕੀਤਾ ਸੀ ਪਰ ਦੋਸ਼ੀ ਅਜੇ ਵੀ ਖੁੱਲ੍ਹੇ ਘੁੰਮ ਰਹੇ ਹਨ।
* 16 ਜੂਨ ਨੂੰ ਧਰਮਸ਼ਾਲਾ ਪੁਲਸ ਨੇ ਵਿਦਿਆਰਥੀਆਂ ਨੂੰ ਨਸ਼ੇ ਦੀ ਦਵਾਈ ਸਪਲਾਈ ਕਰਨ ਵਾਲੇ ਰਿਟਾਇਰਡ ਡਾਕਟਰ ਨੂੰ ਨਗਰੋਟਾ ਬਗਵਾਂ ਇਲਾਕੇ 'ਚੋਂ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ, ਜਿਨ੍ਹਾਂ 'ਚ 940 ਕੈਪਸੂਲ, 53 ਇੰਜੈਕਸ਼ਨ ਅਤੇ ਪੀਣ ਵਾਲੀਆਂ 107 ਨਸ਼ੇ ਦੀਆਂ ਬੋਤਲਾਂ ਸ਼ਾਮਿਲ ਹਨ।
* 26 ਜੂਨ ਨੂੰ ਚੰਬਾ 'ਚ ਇਕ ਔਰਤ ਦੀ ਨਿਰਵਸਤਰ ਲਾਸ਼ ਮਿਲੀ।
* ਅਤੇ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲੇ ਦੀ ਕੋਟਖਾਈ ਤਹਿਸੀਲ ਦੇ ਸ਼ਿਰਗੁਲੀ ਪਿੰਡ ਦੀ  10ਵੀਂ ਜਮਾਤ ਦੀ ਵਿਦਿਆਰਥਣ ਦੇ 4 ਜੁਲਾਈ ਨੂੰ ਸਕੂਲ ਤੋਂ ਲਾਪਤਾ ਹੋਣ ਤੇ 6 ਜੁਲਾਈ ਨੂੰ ਦਾਂਦੀ ਦੇ ਜੰਗਲ 'ਚ ਗੈਂਗਰੇਪ ਤੇ ਹੱਤਿਆ ਤੋਂ ਬਾਅਦ ਨਗਨ ਅਵਸਥਾ 'ਚ ਉਸ ਦੀ ਲਾਸ਼ ਬਰਾਮਦ ਹੋਣ ਨਾਲ ਲੋਕ-ਰੋਹ ਸਿਖਰਾਂ 'ਤੇ ਹੈ।
ਪੁਲਸ ਵਲੋਂ 6 ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਲੋਕ-ਰੋਹ ਸ਼ਾਂਤ ਨਹੀਂ ਹੋਇਆ ਹੈ। ਵੱਖ-ਵੱਖ ਥਾਵਾਂ 'ਤੇ ਹਜ਼ਾਰਾਂ ਵਿਖਾਵਾਕਾਰੀਆਂ ਨੇ ਭੰਨ-ਤੋੜ ਕਰਨ ਤੋਂ ਇਲਾਵਾ ਵੱਡੀ ਗਿਣਤੀ 'ਚ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ 'ਗੁੜੀਆ' ਲਈ ਇਨਸਾਫ ਮੰਗਦਿਆਂ ਸੜਕਾਂ 'ਤੇ ਉਤਰ ਕੇ ਚੱਕਾ ਜਾਮ ਕੀਤਾ।
ਇਸ ਦਰਮਿਆਨ ਮੰਗਲਵਾਰ 18 ਜੁਲਾਈ ਦੀ ਅੱਧੀ ਰਾਤ ਨੂੰ ਇਸ ਕੇਸ ਦੇ ਚਸ਼ਮਦੀਦ ਗਵਾਹ ਅਤੇ ਕਥਿਤ ਤੌਰ 'ਤੇ ਸਰਕਾਰੀ ਗਵਾਹ ਬਣਨ ਲਈ ਤਿਆਰ ਹੋਏ ਦੋਸ਼ੀ ਸੂਰਜ ਦੀ ਉਸ ਦੇ ਸਾਥੀ ਦੋਸ਼ੀ ਰਜਿੰਦਰ ਉਰਫ ਰਾਜੂ ਵਲੋਂ ਹੱਤਿਆ ਕੀਤੇ ਜਾਣ 'ਤੇ ਭੜਕੀ ਭੀੜ ਨੇ ਕੋਟਖਾਈ ਪੁਲਸ ਥਾਣੇ 'ਤੇ ਹਮਲਾ ਅਤੇ ਪਥਰਾਅ ਕੀਤਾ, ਜਿਸ 'ਚ ਇਕ ਏ. ਐੱਸ. ਪੀ. ਸਮੇਤ 4 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਭੀੜ ਇੰਨੇ ਗੁੱਸੇ 'ਚ ਸੀ ਕਿ ਜ਼ਖ਼ਮੀ ਪੁਲਸ ਮੁਲਾਜ਼ਮਾਂ ਨੂੰ ਹਸਪਤਾਲ ਪਹੁੰਚਾਉਣ 'ਚ ਵੀ ਪੁਲਸ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ।
ਭੜਕੇ ਵਿਖਾਵਾਕਾਰੀਆਂ ਨੇ ਹਟਕੋਟੀ ਥਿਓਗ ਅਤੇ ਭਾਰਤ-ਤਿੱਬਤ ਰਾਜਮਾਰਗ 'ਤੇ ਕਈ ਘੰਟਿਆਂ ਤਕ ਜਾਮ ਵੀ ਲਾਇਆ, ਜਿਸ ਕਾਰਨ ਸੈਂਕੜੇ ਲੋਕ ਜਾਮ 'ਚ ਫਸ ਗਏ।
20 ਜੁਲਾਈ ਨੂੰ ਦੋਸ਼ੀ ਦੀ ਹੱਤਿਆ ਦੇ ਵਿਰੋਧ 'ਚ ਸ਼ਿਮਲਾ ਬੰਦ ਰਿਹਾ ਤੇ ਵੱਖ-ਵੱਖ ਜਗ੍ਹਾ ਮੁਜ਼ਾਹਰੇ, ਘਿਰਾਓ ਕੀਤੇ ਗਏ। ਇਸ ਕਾਂਡ ਵਿਰੁੱਧ ਕੋਟਖਾਈ, ਥਿਓਗ, ਗੁਮਾ ਅਤੇ ਸ਼ਿਮਲਾ ਆਦਿ 'ਚ ਭੜਕੇ ਲੋਕਾਂ ਵਲੋਂ ਰੋਜ਼ਾਨਾ ਮੁਜ਼ਾਹਰੇ ਕੀਤੇ ਜਾ ਰਹੇ ਹਨ ਅਤੇ ਅਸਲੀ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਸੂਬਾ ਸਰਕਾਰ ਨੇ ਪਹਿਲਾਂ ਹੀ ਸੀ. ਬੀ. ਆਈ. ਨੂੰ ਇਸ ਕੇਸ ਦੀ ਜਾਂਚ ਕਰਨ ਲਈ ਕਹਿ ਦਿੱਤਾ ਸੀ ਅਤੇ ਹੁਣ ਹਿਮਾਚਲ ਹਾਈਕੋਰਟ ਨੇ ਵੀ ਸੀ. ਬੀ. ਆਈ. ਨੂੰ ਇਸ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਕੁਲ ਮਿਲਾ ਕੇ ਇਸ ਸਮੇਂ ਅਪਰਾਧਾਂ ਦੀ ਗ੍ਰਿਫਤ 'ਚ ਆ ਕੇ ਹਿਮਾਚਲ ਪ੍ਰਦੇਸ਼ ਅਸ਼ਾਂਤ ਹੋ ਰਿਹਾ ਹੈ। ਹੁਣ ਜਦੋਂ ਇਸ ਵਰ੍ਹੇ ਦੇ ਅਖੀਰ ਤਕ ਸੂਬੇ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਸਰਕਾਰ ਅਜਿਹੀਆਂ ਘਟਨਾਵਾਂ ਨੂੰ ਫੌਲਾਦੀ ਹੱਥਾਂ ਨਾਲ ਰੋਕਣ ਦੀ ਕੋਸ਼ਿਸ਼ ਕਰੇ ਤਾਂ ਕਿ ਇਸ ਦੇ ਅਕਸ ਨੂੰ ਠੇਸ ਨਾ ਲੱਗੇ।   
—ਵਿਜੇ ਕੁਮਾਰ


Vijay Kumar Chopra

Chief Editor

Related News