ਪੰਜਾਬ ਕੇਸਰੀ ਦਾ 58ਵੇਂ ਵਰ੍ਹੇ ’ਚ ਪ੍ਰਵੇਸ਼, ਪਾਠਕਾਂ ਅਤੇ ਸਰਪ੍ਰਸਤਾਂ ਦਾ ਹਾਰਦਿਕ ਧੰਨਵਾਦ

Monday, Jun 13, 2022 - 02:11 PM (IST)

ਪੰਜਾਬ ਕੇਸਰੀ ਦਾ 58ਵੇਂ ਵਰ੍ਹੇ ’ਚ ਪ੍ਰਵੇਸ਼, ਪਾਠਕਾਂ ਅਤੇ ਸਰਪ੍ਰਸਤਾਂ ਦਾ ਹਾਰਦਿਕ ਧੰਨਵਾਦ

13 ਜੂਨ, 1965 ਨੂੰ ਪੂਜਨੀਕ ਪਿਤਾ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੇ ਨਿਡਰ ਪੱਤਰਕਾਰਿਤਾ ਦੇ ਪ੍ਰਤੀਕ ‘ਪੰਜਾਬ ਕੇਸਰੀ’ ਰੂਪੀ ਜੋ ਬੂਟਾ ਲਾਇਆ ਸੀ, ਅੱਜ ਤੁਹਾਡਾ ਇਹ ਪਿਆਰਾ ਰੋਜ਼ਾਨਾ ਆਪਣੇ 58ਵੇਂ ਸਾਲ ’ਚ ਪ੍ਰਵੇਸ਼ ਕਰ ਗਿਆ ਹੈ। ਅਖਬਾਰ ਕੱਢਣਾ ਜਿੰਨਾ ਔਖਾ ਹੈ ਉਸ ਨਾਲੋਂ ਵੀ ਕਿਤੇ ਵੱਧ ਔਖਾ ਹੈ ਨਿਡਰ ਅਤੇ ਨਿਰਪੱਖ ਪੱਤਰਕਾਰਿਤਾ ਦੇ ਸਿਧਾਂਤ ’ਤੇ ਕਾਇਮ ਰਹਿ ਕੇ ਅਖਬਾਰ ਨੂੰ ਚਲਾਉਣਾ। ਇਸ ਦੇ ਲਈ ਲਗਾਤਾਰ ਮਿਹਨਤ, ਨਵੀਆਂ ਖਬਰਾਂ ਅਤੇ ਉਨ੍ਹਾਂ ਖਬਰਾਂ ਦੀ ਭਰੋਸੇਯੋਗਤਾ, ਪ੍ਰਮਾਣਿਕਤਾ ਅਤੇ ਪਾਠਕਾਂ ਦੀ ਰੁਚੀ ਦੇ ਅਨੁਸਾਰ ਗਿਆਨ ਵਧਾਊ ਸਮੱਗਰੀ ਮੁਹੱਈਆ ਕਰਨਾ ਜ਼ਰੂਰੀ ਹੁੰਦਾ ਹੈ।

-‘ਪੰਜਾਬ ਕੇਸਰੀ ਪੱਤਰ ਸਮੂਹ’ ਦੇ ਮੁੱਢਲੇ ਅਖਬਾਰ ‘ਹਿੰਦ ਸਮਾਚਾਰ’ (ਉਰਦੂ) ਦਾ ਪ੍ਰਕਾਸ਼ਨ 4 ਮਈ, 1948 ਨੂੰ 1800 ਕਾਪੀਆਂ ਨਾਲ ਆਰੰਭ ਹੋਇਆ ਸੀ। ਇਹ ਆਪਣੇ ਸਿਖਰ ਕਾਲ ’ਚ 101,475 ਕਾਪੀਆਂ ਤੱਕ ਪਹੁੰਚਿਆ ਅਤੇ ਉੱਤਰ ਭਾਰਤ ਦਾ ਸਭ ਤੋਂ ਵੱਧ ਪ੍ਰਸਾਰ ਗਿਣਤੀ ਵਾਲਾ ਉਰਦੂ ਰੋਜ਼ਾਨਾ ਬਣਿਆ ਪਰ ਸੂਬੇ ’ਚ ਉਰਦੂ ਦਾ ਰਿਵਾਜ ਘੱਟ ਹੋਣ ਦੇ ਕਾਰਨ ਹੁਣ ਉਰਦੂ ਜਾਣਨ ਵਾਲੇ ਹਰੇਕ ਬਜ਼ੁਰਗ ਦੇ ਜਾਣ ਦੇ ਨਾਲ ਹੀ ‘ਹਿੰਦ ਸਮਾਚਾਰ’ ਆਪਣਾ ਇਕ-ਇਕ ਪਾਠਕ ਗੁਆ ਰਿਹਾ ਹੈ।

-‘ਹਿੰਦ ਸਮਾਚਾਰ’ ਦੇ ਬਾਅਦ 13 ਜੂਨ, 1965 ਨੂੰ 6000 ਕਾਪੀਆਂ ਦੇ ਨਾਲ ‘ਪੰਜਾਬ ਕੇਸਰੀ’ ਦਾ ਪ੍ਰਕਾਸ਼ਨ ਸ਼ੁਰੂ ਹੋਇਆ। ਇਸ ਦੀ ਮੌਜੂਦਾ ਪ੍ਰਕਾਸ਼ਨ ਗਿਣਤੀ ਏ. ਬੀ. ਸੀ. ਦੇ ਅਨੁਸਾਰ 7,74,160 ਅਤੇ ਪਾਠਕ ਗਿਣਤੀ ‘ਇੰਡੀਅਨ ਰੀਡਰਸ਼ਿਪ ਸਰਵੇ’ (ਆਈ. ਆਰ. ਐੱਸ.) ਦੇ ਅਨੁਸਾਰ 1.17 ਕਰੋੜ ਤੋਂ ਵੱਧ ਹੈ।

-‘ਜਗ ਬਾਣੀ’ (ਪੰਜਾਬੀ) ਦਾ ਪ੍ਰਕਾਸ਼ਨ 21 ਜੁਲਾਈ, 1978 ਨੂੰ 8000 ਕਾਪੀਆਂ ਦੇ ਨਾਲ ਸ਼ੁਰੂ ਹੋਇਆ। ਇਸ ਦੀ ਪ੍ਰਸਾਰ ਗਿਣਤੀ ਏ. ਬੀ. ਸੀ. ਦੇ ਅਨੁਸਾਰ 2,57,725 ਕਾਪੀਆਂ ਅਤੇ ਪਾਠਕ ਗਿਣਤੀ ਆਈ. ਆਰ. ਐੱਸ. ਦੇ ਅਨੁਸਾਰ 39.77 ਲੱਖ ਹੈ।

-‘ਨਵੋਦਿਆ ਟਾਈਮਸ’ ਦਾ ਪ੍ਰਕਾਸ਼ਨ 6 ਅਗਸਤ, 2013 ਨੂੰ ਨਵੀਂ ਦਿੱਲੀ ਤੋਂ ਆਰੰਭ ਕੀਤਾ ਗਿਆ। ਇਸ ਦੀ ਸ਼ੁਰੂਆਤ 3700 ਕਾਪੀਆਂ ਨਾਲ ਕੀਤੀ ਗਈ ਸੀ ਜੋ ਇਸ ਸਮੇਂ ਵਧ ਕੇ ਏ. ਬੀ. ਸੀ. ਦੇ ਅਨੁਸਾਰ 1,46,688 ਹੋ ਗਈ ਹੈ।

-‘ਪੰਜਾਬ ਕੇਸਰੀ ਪੱਤਰ ਸਮੂਹ’ ਦੀ ਸਫਲਤਾ ’ਤੇ ਸਤਿਕਾਰਯੋਗ ਪਿਤਾ ਲਾਲਾ ਜਗਤ ਨਾਰਾਇਣ ਜੀ ਦੀ ਸੋਚ, ਸਿਧਾਂਤਪ੍ਰਿਅਤਾ, ਨਿਰਪੱਖਤਾ ਅਤੇ ਸੱਚ ’ਤੇ ਅਡੋਲ ਰਹਿਣ ਦੀ ਪ੍ਰਤੀਬੱਧਤਾ ਦਾ ਨਤੀਜਾ ਦਿਖਾਈ ਦਿੰਦਾ ਹੈ।

ਲਗਭਗ ਹਰ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਨ ’ਤੇ ਸਮੇਂ ਦੇ ਹਾਕਮਾਂ ਨੇ ਸਾਡੇ ਅਖਬਾਰਾਂ ਨੂੰ ਆਪਣੇ ਗੁੱਸੇ ਦਾ ਸ਼ਿਕਾਰ ਬਣਾਇਆ ਅਤੇ ਸਾਡੇ ਅਖਬਾਰਾਂ ਨੂੰ ਜਨਮ ਦੇ ਸਮੇਂ ਤੋਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਾਡੇ ’ਤੇ ਪਹਿਲਾ ਵਾਰ ਦੇਸ਼ ਦੀ ਆਜ਼ਾਦੀ ਦੇ ਕੁਝ ਹੀ ਸਮੇਂ ਬਾਅਦ ਹੋਇਆ ਸੀ ਜਦੋਂ ਲਾਲਾ ਜੀ ਨੂੰ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਨੇ ਬਿਨਾਂ ਕਿਸੇ ਕਾਰਨ ਹੀ ਜੇਲ ’ਚ ਬੰਦ ਕਰਵਾ ਦਿੱਤਾ। ਆਜ਼ਾਦ ਭਾਰਤ ਵਿਚ ਇਹ ਉਨ੍ਹਾਂ ਦੀ ਪਹਿਲੀ ਜੇਲ ਯਾਤਰਾ ਸੀ।

- ਪੰਜਾਬ ਵਿਚ 1952 ਵਿਚ ਜਦੋਂ ਪਹਿਲੀਆਂ ਚੋਣਾਂ ਹੋਈਆਂ ਤਾਂ ਲਾਲਾ ਜੀ ਮੰਤਰੀ ਬਣੇ। 1957 ਤੋਂ 1963 ਤੱਕ ਜਦੋਂ ਪੰਜਾਬ ਦੇ ਮੁੱਖ ਮੰਤਰੀ ਰਹੇ ਸ. ਪ੍ਰਤਾਪ ਸਿੰਘ ਕੈਰੋਂ ਦੇ ਪਰਿਵਾਰ ਦੇ ਕੁਝ ਮੈਂਬਰਾਂ ਵੱਲੋਂ ਗਲਤ ਕੰਮਾਂ ਦੇ ਕਾਰਨ ਕੈਰੋਂ ਦੇ ਨਾਲ ਉਨ੍ਹਾਂ ਦਾ ਵਿਵਾਦ ਹੋ ਗਿਆ ਅਤੇ ਜਿਸ ਦੇ ਬਾਅਦ ਉਨ੍ਹਾਂ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਅਤੇ ਇਸ ਸਬੰਧ ਵਿਚ ਬੈਠੇ ਦਾਸ ਕਮਿਸ਼ਨ ਵੱਲੋਂ ਦੋਸ਼ੀ ਸਿੱਧ ਹੋਣ ’ਤੇ ਕੈਰੋਂ ਨੂੰ ਅਸਤੀਫਾ ਦੇਣਾ ਪਿਆ।

-1974 ਵਿਚ ਜਦੋਂ ਗਿਆਨੀ ਜ਼ੈਲ ਸਿੰਘ ਨੇ ਸਾਡੀ ਆਵਾਜ਼ ਦਬਾਉਣ ਦੇ ਲਈ ਪਹਿਲਾਂ ‘ਹਿੰਦ ਸਮਾਚਾਰ’ ਅਤੇ ‘ਪੰਜਾਬ ਕੇਸਰੀ’ ਦੇ ਇਸ਼ਤਿਹਾਰ ਬੰਦ ਕੀਤੇ ਅਤੇ ਫਿਰ ਪ੍ਰੈੱਸ ਦੀ ਬਿਜਲੀ ਕੱਟ ਦਿੱਤੀ ਤਾਂ ਅਸੀਂ ਆਪਣੇ ਅਖਬਾਰ ਟ੍ਰੈਕਟਰ ਦੀ ਮਦਦ ਨਾਲ ਛਾਪ ਕੇ ਅਖਬਾਰ ਜਗਤ ’ਚ ਵਿਸ਼ਵ ਕੀਰਤੀਮਾਨ ਸਥਾਪਿਤ ਕੀਤਾ ਅਤੇ ਅਖਬਾਰ ਪਾਠਕਾਂ ਤੱਕ ਪਹੁੰਚਾਏ।

- ਇਸੇ ਤਰ੍ਹਾਂ ਹਰਿਆਣਾ ’ਚ ਬੰਸੀ ਲਾਲ ਦੀ ਸਰਕਾਰ ਨੇ ਸਾਡੇ ਅਖਬਾਰਾਂ ਦੇ ਇਸ਼ਤਿਹਾਰ ਬੰਦ ਕਰ ਦਿੱਤੇ ਅਤੇ ਫਿਰ ਜੰਮੂ-ਕਸ਼ਮੀਰ ’ਚ ਸ਼ੇਖ ਅਬਦੁੱਲਾ ਨੇ ਸੂਬੇ ’ਚ ਸਾਡੇ ਅਖਬਾਰਾਂ ਦੇ ਦਾਖਲੇ ’ਤੇ ਰੋਕ ਲਗਾ ਦਿੱਤੀ ਪਰ ਸੁਪਰੀਮ ਕੋਰਟ ਦੇ ਹੁਕਮ ’ਤੇ ਸ਼ੇਖ ਅਬਦੁੱਲਾ ਨੂੰ ਕੁਝ ਸਮੇਂ ’ਚ ਹੀ ਸਾਡੇ ’ਤੇ ਲਾਈਆਂ ਹੋਈਆਂ ਪਾਬੰਦੀਆਂ ਹਟਾਉਣੀਆਂ ਪਈਆਂ।

- 26 ਜੂਨ, 1975 ਤੋਂ 21 ਮਾਰਚ, 1977 ਤੱਕ ਭਾਰਤ ਵਿਚ ਲਾਗੂ ਐਮਰਜੈਂਸੀ ਦੇ ਦੌਰਾਨ ਪੂਜਨੀਕ ਪਿਤਾ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਪੂਰੇ 21 ਮਹੀਨਿਆਂ ਤੱਕ ਜਲੰਧਰ, ਫਿਰੋਜ਼ਪੁਰ, ਸੰਗਰੂਰ, ਨਾਭਾ ਅਤੇ ਪਟਿਆਲਾ ਦੀਆਂ ਜੇਲਾਂ ’ਚ ਬੰਦ ਰਹੇ।

- ਜੇਲ ’ਚ ਹੀ ਉਨ੍ਹਾਂ ਦੇ ਹਾਈਡ੍ਰੋਸੀਲ, ਮੋਢੇ ਤੇ ਅੱਖ ਦੇ ਆਪ੍ਰੇਸ਼ਨ ਵੀ ਹੋਏ। ਜਨਵਰੀ, 1977 ’ਚ ਉਨ੍ਹਾਂ ਨੂੰ ਪਟਿਆਲਾ ਜੇਲ ਵਿਚ ਦਿਲ ਦਾ ਦੌਰਾ ਵੀ ਪਿਆ ਪਰ ਉਨ੍ਹਾਂ ਨੇ ਹਾਰ ਨਾ ਮੰਨੀ ਅਤੇ ਅਖੀਰ ਪੰਜਾਬ ਸਰਕਾਰ ਨੂੰ ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨਾ ਪਿਆ।

- ‘ਪੰਜਾਬ ਕੇਸਰੀ ਗਰੁੱਪ’ ’ਤੇ ਕੁਝ ਹੋਰ ਖਤਰਨਾਕ ਵਾਰ ਉਸ ਸਮੇਂ ਹੋਏ ਜਦੋਂ ਪੰਜਾਬ ’ਚ ਅੱਤਵਾਦ ਦੇ ਸਿਖਰਕਾਲ ’ਚ 9 ਸਤੰਬਰ, 1981 ਨੂੰ ਪੂਜਨੀਕ ਪਿਤਾ ਜੀ ਅਤੇ ਫਿਰ 12 ਮਈ, 1984 ਨੂੰ ਮੇਰੇ ਵੱਡੇ ਭਰਾ ਸ਼੍ਰੀ ਰਮੇਸ਼ ਚੰਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਦੇ ਇਲਾਵਾ ਉਸ ਕਾਲੇ ਦੌਰ ’ਚ ਅਸੀਂ 2 ਨਿਊਜ਼ ਐਡੀਟਰ ਅਤੇ ਸਬ-ਐਡੀਟਰ ਅਤੇ 60 ਹੋਰ ਪੱਤਰਕਾਰ, ਫੋਟੋਗ੍ਰਾਫਰ, ਡਰਾਈਵਰ, ਏਜੰਟ ਅਤੇ ਹਾਕਰ ਵੀ ਗੁਆਏ।

ਸਤਿਕਾਰਯੋਗ ਪਿਤਾ ਜੀ ਅਤੇ ਰਮੇਸ਼ ਜੀ ਦੇ ਜਾਣ ਦੇ ਬਾਅਦ ਅਸੀਂ ਇਹ ਦ੍ਰਿੜ੍ਹ ਫੈਸਲਾ ਕੀਤਾ ਕਿ ਨਿਰਪੱਖਤਾ ਦੀ ਨੀਤੀ ’ਤੇ ਚੱਲਦੇ ਹੋਏ ਆਪਣੇ ਅਖਬਾਰਾਂ ਨੂੰ ਹਰ ਹਾਲਤ ਵਿਚ ਨਿਰਪੱਖ ਹੀ ਰੱਖਣਾ ਹੈ ਕਿਉਂਕਿ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜਨ ’ਤੇ ਅਖਬਾਰ ਦੀ ਵਿਚਾਰਧਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇਸ ਸਾਲ ‘ਪੰਜਾਬ ਕੇਸਰੀ ਪੱਤਰ ਸਮੂਹ ਜਲੰਧਰ’ ਦੇ ਐਡੀਸ਼ਨ ਵਧ ਕੇ 12 ਹੋ ਗਏ ਹਨ ਅਤੇ ਅਸੀਂ ਆਸ ਕਰਦੇ ਹਾਂ ਕਿ ਭਗਵਾਨ ਦੀ ਕਿਰਪਾ ਅਤੇ ਆਉਣ ਵਾਲੀ ਪੀੜ੍ਹੀ ਦੇ ਯਤਨਾਂ ਨਾਲ ਇਨ੍ਹਾਂ ਵਿਚ ਹੋਰ ਵਾਧਾ ਹੁੰਦਾ ਰਹੇਗਾ।

ਅਸੀਂ ਆਪਣੇ ਸੰਸਥਾਪਕਾਂ ਵੱਲੋਂ ਸਥਾਪਿਤ ਆਦਰਸ਼ਾਂ ’ਤੇ ਅਡੋਲ ਹਾਂ ਜਿਸ ਦੇ ਦਮ ’ਤੇ ਤੁਹਾਡੇ ਇਹ ਪਿਆਰੇ ਅਖਬਾਰ ਲਗਾਤਾਰ ਅੱਗੇ ਵਧ ਰਹੇ ਹਨ ਅਤੇ ਇਸ ਦੇ ਲਈ ਅਸੀਂ ਤੁਹਾਡਾ ਸਭ ਦਾ ਦਿਲੋਂ ਧੰਨਵਾਦ ਪ੍ਰਗਟ ਕਰਦੇ ਹਾਂ।

–ਵਿਜੇ ਕੁਮਾਰ


author

Anuradha

Content Editor

Related News