‘ਪੰਜਾਬ ਕੇਸਰੀ’ ਦਾ 57ਵੇਂ ਵਰ੍ਹੇ ’ਚ ਪ੍ਰਵੇਸ਼’ ‘ਮਹਾਨ ਨੇਤਾ ਲਾਲਾ ਲਾਜਪਤ ਰਾਏ ਨੂੰ ਸਮਰਪਿਤ’

06/13/2021 2:23:29 AM

ਅੱਜ ਤੁਹਾਡਾ ਪਿਆਰਾ ‘ਪੰਜਾਬ ਕੇਸਰੀ’ 57ਵੇਂ ਵਰ੍ਹੇ ’ਚ ਪ੍ਰਵੇਸ਼ ਕਰ ਰਿਹਾ ਹੈ। ਸਾਨੂੰ ਯਾਦ ਹੈ ਕਿ ਜਦੋਂ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਨੇ ‘ਹਿੰਦ ਸਮਾਚਾਰ’ (ਉਰਦੂ) ਦੇ ਬਾਅਦ ਹਿੰਦੀ ਦੈਨਿਕ ‘ਪੰਜਾਬ ਕੇਸਰੀ’ ਆਰੰਭ ਕਰਨ ਦਾ ਫੈਸਲਾ ਕਰ ਕੇ ਸਾਡੇ ਨਾਲ ਗੱਲ ਕੀਤੀ ਤਾਂ ਸ਼੍ਰੀ ਰਮੇਸ਼ ਜੀ ਅਤੇ ਮੈਂ ਸੋਚੀਂ ਪੈ ਗਏ।

ਧਨ ਦੇ ਇਲਾਵਾ ਸਾਡੀ ਚਿੰਤਾ ਸੀ ਕਿ ਸਾਨੂੰ ਸਟਾਫ ਕਿੱਥੋਂ ਮਿਲੇਗਾ ਅਤੇ ਛਪਾਈ ਕਿਵੇਂ ਹੋਵੇਗੀ। ਇਸ ਲਈ ਜਦੋਂ ਅਸੀਂ ਇਸ ਸਬੰਧ ’ਚ ਕੁਝ ਸਮਾਂ ਮੰਗਿਆ ਤਾਂ ਉਹ ਬੋਲੇ, ‘‘ਇਸ ਨੂੰ ਰੋਕਣਾ ਨਹੀਂ। ਪ੍ਰਭੂ ਦੀ ਕਿਰਪਾ ਨਾਲ ਸਭ ਠੀਕ ਹੋ ਜਾਵੇਗਾ।’’

ਪਿਤਾ ਜੀ ਦੇ ਕਥਨ ਅਨੁਸਾਰ ਸਟਾਫ ਵੀ ਆ ਗਿਆ ਅਤੇ 12 ਜੂਨ, 1965 ਨੂੰ 3000 ਕਾਪੀਆਂ ਦੇ ਨਾਲ ਪੰਜਾਬ ਕੇਸਰੀ ਦਾ ਪ੍ਰਕਾਸ਼ਨ ਸ਼ੁਰੂ ਹੋਇਆ ਜੋ ਅੱਜ ਸਫਲਤਾ ਦੀਆਂ ਬੁਲੰਦੀਆਂ ਛੂਹ ਰਿਹਾ ਹੈ। ਇਹ ਪੂਜਨੀਕ ਪਿਤਾ ਜੀ ਦੇ ਆਸ਼ੀਰਵਾਦ ਅਤੇ ਦ੍ਰਿੜ੍ਹ ਸੰਕਲਪ ਨਾਲ ਹੀ ਹੋਇਆ ਹੈ। ਇਸ ਮੌਕੇ ’ਤੇ ਅਸੀਂ ਪੂਜਨੀਕ ਪਿਤਾ ਜੀ ਵੱਲੋਂ ਲਿਖਤ 13 ਜੂਨ, 1965 ਦੇ ਪ੍ਰਵੇਸ਼ ਅੰਕ ’ਚ ਪ੍ਰਕਾਸ਼ਿਤ ਸੰਪਾਦਕੀ ਹੇਠਾਂ ਪੇਸ਼ ਕਰ ਰਹੇ ਹਾਂ :

‘ਮਹਾਨ ਨੇਤਾ ਦੀ ਯਾਦ ’ਚ’

‘‘ਦੈਨਿਕ ਪੰਜਾਬ ਕੇਸਰੀ’ ਦਾ ਪ੍ਰਵੇਸ਼ ਅੰਕ ਪਾਠਕਾਂ ਦੇ ਸਾਹਮਣੇ ਪੇਸ਼ ਕਰਨ ’ਚ ਮੈਨੂੰ ਜਿੰਨੀ ਖੁਸ਼ੀ ਹੋ ਰਹੀ ਹੈ ਉਸ ਦਾ ਅਨੁਮਾਨ ਪਾਠਕ ਨਹੀਂ ਲਗਾ ਸਕਦੇ। ਅੱਜ ਮੇਰੀਆਂ ਅੱਖਾਂ ਦੇ ਸਾਹਮਣੇ ਲਾਹੌਰ ਸੈਂਟਰਲ ਜੇਲ ਦੀ ਸੰਪੂਰਨ ਤਸਵੀਰ ਘੁੰਮ ਗਈ ਹੈ ਜਦੋਂ ਮੈਂ ਸਤਿਕਾਰਯੋਗ ਲਾਲਾ ਲਾਜਪਤ ਰਾਏ ਜੀ ਦੇ ਚਰਨਾਂ ’ਚ ਬੈਠ ਕੇ ਪ੍ਰਤਿੱਗਿਆ ਕੀਤੀ ਸੀ ਕਿ ਮੈਂ ਹਿੰਦੀ ’ਚ ਉਨ੍ਹਾਂ ਦੇ ਨਾਂ ’ਤੇ ਰੋਜ਼ਾਨਾ ਅਖਬਾਰ ਕੱਢਣ ਦੇ ਬਾਅਦ ਹੀ ਆਪਣੀ ਜ਼ਿੰਦਗੀ ਸਫਲ ਮੰਨਾਂਗਾ।’’

‘‘1920 ’ਚ ਜਦੋਂ ਮਹਾਤਮਾ ਗਾਂਧੀ ਜੀ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਕਾਲਜ ਅਤੇ ਸਕੂਲ ਛੱਡ ਕੇ ਆਜ਼ਾਦੀ ਸੰਗਰਾਮ ’ਚ ਜੁੱਟ ਜਾਣ ਦੇ ਲਈ ਭਾਰਤੀ ਵਿਦਿਆਰਥੀਆਂ ਨੂੰ ਲਲਕਾਰਿਆ ਸੀ ਤਾਂ ਉਸ ਸਮੇਂ ਮੈਂ ਲਾਅ ਕਾਲਜ ਦਾ ਤਿਆਗ ਕਰ ਦਿੱਤਾ।’’

‘‘ਮੇਰੇ ਪਿਤਾ ਉਨ੍ਹੀਂ ਦਿਨੀਂ ਲਾਇਲਪੁਰ ’ਚ ਇਕ ਮਾਣਯੋਗ ਵਕੀਲ ਦੇ ਮੁਨਸ਼ੀ ਸਨ। ਉਨ੍ਹਾਂ ਦੀ ਚੰਗੀ ਆਮਦਨ ਅਤੇ ਚੰਗੀ ਜਾਣ-ਪਛਾਣ ਸੀ। ਮੈਂ ਉਨ੍ਹਾਂ ਦੀ ਇਕਲੌਤੀ ਔਲਾਦ ਸੀ। ਉਨ੍ਹਾਂ ਦਾ ਇਹ ਦ੍ਰਿੜ੍ਹ ਵਿਚਾਰ ਸੀ ਕਿ ਮੈਂ ਵਕੀਲ ਬਣ ਕੇ ਲਾਇਲਪੁਰ ’ਚ ਚੰਗੀ ਪੁਜ਼ੀਸ਼ਨ ਹਾਸਲ ਕਰਾਂਗਾ ਅਤੇ ਉਨ੍ਹਾਂ ਦਾ ਨਾਂ ਵੀ ਰੌਸ਼ਨ ਕਰਾਂਗਾ ਅਤੇ ਆਰਥਿਕ ਸਥਿਤੀ ਵੀ ਚੰਗੀ ਹੋ ਜਾਵੇਗੀ।’’

‘‘ਪਰ ਜਦੋਂ ਉਨ੍ਹਾਂ ਨੇ ਪੜ੍ਹਾਈ ਅਧੂਰੀ ਛੱਡਣ ਦਾ ਮੇਰਾ ਫੈਸਲਾ ਸੁਣਿਆ ਤਾਂ ਸਾਡਾ ਪਰਿਵਾਰ ਬੇਚੈਨ ਅਤੇ ਮੇਰੇ ਮਾਤਾ-ਪਿਤਾ ਤਾਂ ਹੈਰਾਨ ਹੀ ਰਹਿ ਗਏ। ਉਨ੍ਹਾਂ ਨੇ ਅਤੇ ਪਰਿਵਾਰ ਦੇ ਹੋਰ ਬਜ਼ੁਰਗਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਜਦੋਂ ਮੈਂ ਆਪਣਾ ਇਰਾਦਾ ਅਟੱਲ ਰੱਖਿਆ ਤਾਂ ਸਭ ਮੌਨ ਹੋ ਗਏ।’’

‘‘ਮੈਂ ਲਾਹੌਰ ਕਾਂਗਰਸ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਵ. ਲਾਲਾ ਠਾਕੁਰ ਦਾਸ ਕਪੂਰ ਦੀ ਸਰਪ੍ਰਸਤੀ ’ਚ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਮੈਨੂੰ ਲਾਹੌਰ ਜ਼ਿਲਾ ਕਾਂਗਰਸ ਦਾ ਜਨਰਲ ਸਕੱਤਰ ਬਣਾ ਦਿੱਤਾ। ਮੈਂ ਕੁਝ ਸਮਾਂ ਕੰਮ ਕੀਤਾ ਅਤੇ ਕਾਂਗਰਸ ਦੇ ਸਵੈਮਸੇਵਕਾਂ ਨੂੰ ਕੰਬਲ ਅਤੇ ਰੋਟੀ ਆਦਿ ਹਵਾਲਾਤ ਤੇ ਜੇਲ ’ਚ ਦੇਣ ਦੇ ਦੋਸ਼ ’ਚ ਮੈਨੂੰ ਗ੍ਰਿਫਤਾਰ ਕਰ ਲਿਆ ਗਿਆ।’’

‘‘ਮੇਰੀ ਜ਼ਿੰਦਗੀ ’ਚ ਮੋੜ ਉਸ ਸਮੇਂ ਸ਼ੁਰੂ ਹੋਇਆ ਜਦੋਂ ਮੈਨੂੰ ਲਾਹੌਰ ਸੈਂਟਰਲ ਜੇਲ ਭੇਜਿਆ ਗਿਆ। ਇਹ ਮੇਰੀ ਪਹਿਲੀ ਜੇਲ ਯਾਤਰਾ ਸੀ। ਮੈਂ ਜਦੋਂ ਜੇਲ ਦੀ ਡਿਓੜੀ ’ਚ ਪਹੁੰਚਾਇਆ ਤਾਂ ਲਾਲਾ ਫਿਰੋਜ਼ ਚੰਦ, ਅਚਿੰਤ ਰਾਮ ਅਤੇ ਹੋਰ ਸੱਜਣ ਲਾਲਾ ਲਾਜਪਤ ਰਾਏ ਜੀ ਨਾਲ ਮੁਲਾਕਾਤ ਕਰ ਰਹੇ ਸਨ। ਇਨ੍ਹਾਂ ਭਰਾਵਾਂ ਨੇ ਸਤਿਕਾਰਯੋਗ ਲਾਲਾ ਜੀ ਨਾਲ ਮੇਰੀ ਪਛਾਣ ਕਰਵਾਈ ਕਿ ਮੈਂ ਉਨ੍ਹਾਂ ਦਾ ਸਾਥੀ ਹਾਂ।’’

‘‘ਮੇਰੇ ਮਾਮਾ ਸ਼੍ਰੀ ਲਾਲ ਚੰਦ ਜੀ, ਜੋ ਲਾਲਾ ਲਾਜਪਤ ਰਾਏ ਜੀ ਦੇ ਜਾਣੂ ਸਨ, ਉਹ ਵੀ ਮੈਨੂੰ ਜੇਲ ’ਚ ਛੱਡਣ ਆਏ ਹੋਏ ਸਨ। ਉਨ੍ਹਾਂ ਨੇ ਲਾਲਾ ਲਾਜਪਤ ਰਾਏ ਜੀ ਨੂੰ ਦੱਸਿਆ ਕਿ ਜਗਤ ਨਾਰਾਇਣ ਮੇਰਾ ਭਾਣਜਾ ਹੈ। ਇਹ ਪਹਿਲੀ ਵਾਰ ਜੇਲ ਆ ਰਿਹਾ ਹੈ ਅਤੇ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਹੈ। ਇਸ ਦੇ ਮਾਤਾ-ਪਿਤਾ ਬੜੇ ਘਬਰਾਏ ਹੋਏ ਹਨ। ਤੁਸੀਂ ਇਸ ਨੂੰ ਘਬਰਾਉਣ ਨਹੀਂ ਦੇਣਾ।’’

‘‘ਮੈਂ ਲਾਲਾ ਲਾਜਪਤ ਰਾਏ ਜੀ ਦੇ ਪਹਿਲੀ ਵਾਰ ਦਰਸ਼ਨ ਕੀਤੇ ਸਨ। ਮੈਨੂੰ ਜੇਲ ਦਾ ਕੋਈ ਅਨੁਭਵ ਨਹੀਂ ਸੀ। ਇਕ ਘੰਟੇ ਦੇ ਬਾਅਦ ਜਦੋਂ ਮੈਨੂੰ ਉਸ ਵਾਰਡ ’ਚ ਪਹੁੰਚਾਇਆ ਗਿਆ ਜਿੱਥੇ ਲਾਲਾ ਜੀ ਬੈਠੇ ਸਨ ਤਾਂ ਮੇਰਾ ਬੜੇ ਉਤਸ਼ਾਹ ਤੇ ਪਿਆਰ ਨਾਲ ਸਵਾਗਤ ਕੀਤਾ ਗਿਆ। ਸਤਿਕਾਰਯੋਗ ਲਾਲਾ ਲਾਜਪਤ ਰਾਏ ਜੀ ਦੇ ਨਾਲ ਪੰਜਾਬ ਦੇ ਸਾਰੇ ਨੇਤਾ ਮੈਨੂੰ ਦਰਵਾਜ਼ੇ ’ਤੇ ਲੈਣ ਆਏ। ਜਦੋਂ ਮੇਰੇ ਨਾਂ ਦੇ ਨਾਅਰੇ ਲੱਗੇ ਤਾਂ ਮੈਨੂੰ ਜਾਪਿਆ ਜਿਵੇਂ ਉਨ੍ਹਾਂ ਨੇ ਮੇਰੀ ਉਦਾਸੀ ਦੂਰ ਕਰਨ ਦੇ ਲਈ ਇਹ ਸਭ ਕੀਤਾ ਹੈ।’’

‘‘ਲਾਲਾ ਲਾਜਪਤ ਰਾਏ ਜੀ ਨੇ ਮੇਰੇ ਲਈ ਆਪਣੇ ਕੋਲ ਹੀ ਕੋਠੜੀ ਖਾਲੀ ਕਰਵਾਈ ਸੀ ਜਿੱਥੇ ਸਿਰਫ ਨੇਤਾ ਰਹਿੰਦੇ ਸਨ। ਜਦੋਂ ਨੇਤਾਵਾਂ ਨੇ ਇਕ ਦੁਬਲੇ-ਪਤਲੇ 21 ਸਾਲ ਦੇ ਨੌਜਵਾਨ ਨੂੰ ਦੇਖਿਆ ਤਾਂ ਉਨ੍ਹਾਂ ਨੂੰ ਪ੍ਰੇਸ਼ਾਨੀ ਹੋਈ ਕਿ ਲਾਲਾ ਜੀ ਨੇ ਮੇਰਾ ਇੰਨਾ ਸਵਾਗਤ ਕਿਉਂ ਕੀਤਾ।’’

‘‘ਸਤਿਕਾਰਯੋਗ ਲਾਲਾ ਲਾਜਪਤ ਰਾਏ ਜੀ ਨੇ ਮੈਨੂੰ ਆਪਣੇ ਪੁੱਤਰ ਦੇ ਸਮਾਨ ਜੇਲ ’ਚ ਰੱਖਿਆ ਅਤੇ ਉਨ੍ਹਾਂ ਦੇ ਸੰਪਰਕ ’ਚ ਜੇਲ ਪ੍ਰਵਾਸ ਦੇ ਦੌਰਾਨ ਮੇਰੇ ਮਨ ’ਚ ਵਿਚਾਰ ਆਇਆ ਕਿ ਕੀ ਮੈਨੂੰ ਇਨ੍ਹਾਂ ਦੀ ਯਾਦ ’ਚ ਕੋਈ ਵਿਸ਼ੇਸ਼ ਕਾਰਜ ਕਰਨ ਦਾ ਮੌਕਾ ਮਿਲੇਗਾ।’’

‘‘ਉਸ ਸਮੇਂ ਜੇਲ ’ਚ ਲਾਲਾ ਲਾਜਪਤ ਰਾਏ ਜੀ ਦੇ ਨਾਲ ਪੰਜਾਬ ਦੇ ਵੱਡੇ-ਵੱਡੇ ਨੇਤਾ ਸਨ ਅਤੇ ਉਨ੍ਹਾਂ ਦੇ ਨਾਲ ਰੋਜ਼ਾਨਾ ‘ਵੰਦੇ ਮਾਤਰਮ’ ਦੇ 6-7 ਸੰਪਾਦਕ ਸਨ ਜਿਨ੍ਹਾਂ ਨੂੰ ਵਾਰੀ-ਵਾਰੀ ਅੰਗਰੇਜ਼ ਸਰਕਾਰ ਬੰਦੀ ਬਣਾ ਕਿ ਲਿਆਈ ਸੀ ਉਨ੍ਹਾਂ ’ਚ ਬਾਬੂ ਰਾਮ ਪ੍ਰਸਾਦ, ਰਾਏਜ਼ਾਦਾ ਸ਼ਾਂਤੀ ਨਾਰਾਇਣ ਅਤੇ ਸ਼੍ਰੀ ਕਰਮਚੰਦ ਸ਼ੁਕਲਾ ਦੇ ਨਾਂ ਵਰਨਣਯੋਗ ਹਨ।

ਇਸ ਦੇ ਨਾਲ ਹੀ ਮੌਲਾਨਾ ਜ਼ਫਰ ਅਲੀ, ਉਨ੍ਹਾਂ ਦੇ ਸਪੁੱਤਰ ਅਤੇ ਹੋਰ ਸੰਪਾਦਕ ‘ਜ਼ਮੀਂਦਾਰ’ ਅਖਬਾਰ ਦੇ ਸਨ। ਸਈਅਦ ਹਬੀਬ ਵੀ ਜੇਲ ’ਚ ਸਾਡੇ ਨਾਲ ਸਨ। ਉਸ ਜੇਲ ’ਚ ਸਾਰਾ ਵਾਤਾਵਰਣ ਪੱਤਰਕਾਰਾਂ ਦਾ ਸੀ ਜਿੱਥੇ ਮੈਨੂੰ ਢਾਈ ਸਾਲ ਰਹਿਣ ਦਾ ਮੌਕਾ ਮਿਲਿਆ। ਤਦ ਹੀ ਮੈਂ ਫੈਸਲਾ ਕੀਤਾ ਸੀ ਕਿ ਮੈਂ ਰਿਹਾਅ ਹੋ ਕੇ ਅਖਬਾਰ ’ਚ ਹੀ ਕੰਮ ਕਰਾਂਗਾ।’’

‘‘ਮੇਰੇ ਰਿਹਾਅ ਹੋਣ ’ਤੇ ਮੇਰੇ ਪਿਤਾ ਜੀ ਮੈਨੂੰ ‘ਸਰਵੈਂਟਸ ਆਫ ਪੀਪੁਲਸ ਸੁਸਾਇਟੀ’ ਦਾ ਮੈਂਬਰ ਬਣਾਉਣਾ ਚਾਹੁੰਦੇ ਸਨ ਪਰ ਮੈਂ ਸੁਤੰਤਰ ਕੰਮ ਕਰਨਾ ਚਾਹੁੰਦਾ ਸੀ। ਪੂਜਨੀਕ ਭਾਈ ਪਰਮਾਨੰਦ ਜੀ ਉਨ੍ਹੀਂ ਦਿਨੀਂ ਇਸ ਦੇ ਪ੍ਰਧਾਨ ਸਨ। ਉਨ੍ਹਾਂ ਨੇ ਮੈਨੂੰ ਆਪਣੇ ਹਿੰਦੀ ਸਪਤਾਹਿਕ ‘ਆਕਾਸ਼ਵਾਣੀ’ ਦਾ ਸੰਪਾਦਕ ਬਣਾ ਕੇ ਵਿਰਜਾਨੰਦ ਪ੍ਰੈੱਸ ’ਚੋਂ ਮਾਸਿਕ ਤਨਖਾਹ ਦੇਣ ਦਾ ਵੀ ਪ੍ਰਬੰਧ ਕਰ ਦਿੱਤਾ।’’

‘‘ਕਈ ਕਾਰਨਾਂ ਨਾਲ ਮੈਨੂੰ ‘ਆਕਾਸ਼ਵਾਣੀ’ ਨੂੰ ਛੱਡਣਾ ਪਿਆ ਪਰ ਕੁਝ ਸਮੇਂ ਦੇ ਬਾਅਦ ਭਾਈ ਜੀ ਨੇ ‘ਆਕਾਸ਼ਵਾਣੀ’ ਅਤੇ ‘ਵਿਰਜਾਨੰਦ ਪ੍ਰੈੱਸ’ ਮੈਨੂੰ ਵੇਚ ਦਿੱਤੇ। ਮੈਂ ‘ਆਕਾਸ਼ਵਾਣੀ’ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ’ਚ ਸਫਲ ਨਾ ਹੋਇਆ। ਕੁਝ ਸਮੇਂ ਦੇ ਲਈ ਇਸ ਨੂੰ ਰੋਜ਼ਾਨਾ ਵੀ ਕੀਤਾ ਪਰ ਕਾਫੀ ਘਾਟਾ ਪੈਣ ’ਤੇ ਬੰਦ ਕਰ ਦਿੱਤਾ।’’

‘‘ਇਸ ਦੇ ਬਾਅਦ ਸਵ. ਬਾਬੂ ਪੁਰਸ਼ੋਤਮ ਦਾਸ ਟੰਡਨ ਜੀ ਨੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੀ ਪਵਿੱਤਰ ਯਾਦ ’ਚ ‘ਪੰਜਾਬ ਕੇਸਰੀ’ ਨਾਂ ਦਾ ਹਿੰਦੀ ਸਪਤਾਹਿਕ ਕੱਢਿਆ। ਮੈਂ ਵੀ ਉਸ ਨਾਲ ਸਬੰਧਤ ਸੀ। ਸਵ. ਪੰਡਿਤ ਭੀਮ ਸੇਨ ਜੀ ਉਸ ਦੇ ਪਹਿਲੇ ਸੰਪਾਦਕ ਸਨ।’’

‘‘ਉਨ੍ਹਾਂ ਦੇ ਬਾਅਦ ਪੰ. ਅਮਰਨਾਥ ਵਿਧਿਆਲੰਕਾਰ ਇਸ ਦੇ ਸੰਪਾਦਕ ਬਣੇ। ਬ੍ਰਿਟਿਸ਼ ਸਰਕਾਰ ਨੇ ਸਾਡੇ ਦੋਵਾਂ ’ਤੇ ਮੁਕੱਦਮਾ ਬਣਾ ਦਿੱਤਾ। ਅਸੀਂ ਜੇਲ ਚਲੇ ਗਏ ਅਤੇ ਪੱਤਰ ਬੰਦ ਹੋ ਗਿਆ। ਰਿਹਾਅ ਹੋਣ ’ਤੇ ਮੁੜ ‘ਪੰਜਾਬ ਕੇਸਰੀ’ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ।’’

‘‘1942 ’ਚ ਜਦੋਂ ਅੰਗਰੇਜ਼ਾਂ ਨੇ ਗਾਂਧੀ ਜੀ ਦੇ ਸੱਤਿਆਗ੍ਰਹਿ ਅੰਦੋਲਨ ’ਚ ਸਾਰੇ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਮੈਨੂੰ ਵੀ ਸਿਆਲਕੋਟ ਜੇਲ ’ਚ ਪੰਜਾਬ ਦੇ ਸਾਰੇ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ। ਤਦ ਹੀ ਮੈਂ ਹਿੰਦੀ ਅਤੇ ਉਰਦੂ ਰੋਜ਼ਾਨਾ ਕੱਢਣ ਦੀ ਗੱਲ ਸਾਰੇ ਨੇਤਾਵਾਂ ਨਾਲ ਕੀਤੀ ਪਰ ਉਤਸ਼ਾਹ ਨਾ ਮਿਲ ਸਕਿਆ। ਮੇਰੇ ਆਪਣੇ ਮਨ ’ਚ ਇਹ ਸੰਕਲਪ ਜ਼ਰੂਰ ਸੀ ਕਿ ਕਿਸੇ ਸਮੇਂ ਰੋਜ਼ਾਨਾ ਅਖਬਾਰ ਕੱਢਣਾ ਹੀ ਹੈ।’’

‘‘ਇਹ ਸੰਕਲਪ ਦੇਸ਼ ਦੀ ਵੰਡ ਤੋਂ ਬਾਅਦ ਪੂਰਾ ਹੋਇਆ ਜਦੋਂ ਜਲੰਧਰ ’ਚ ‘ਦੈਨਿਕ ਜੈ ਹਿੰਦ’ ਸ਼ੁਰੂ ਕੀਤਾ ਗਿਆ। ਸ਼੍ਰੀ ਵੀਰੇਂਦਰ ਜੀ ਲਾਹੌਰ ’ਚ ਇਸ ਨੂੰ ਕੱਢਦੇ ਸਨ। ਮੈਂ ਉਨ੍ਹਾਂ ਦੀ ਗੈਰ-ਹਾਜ਼ਰੀ ’ਚ ਉਸ ਨੂੰ ਕੱਢਿਆ ਅਤੇ ਉਨ੍ਹਾਂ ਨੇ ਮੇਰੇ ਨਾਲ ਰਲ ਕੇ ਇਸ ਨੂੰ ਚਾਲੂ ਰੱਖਣ ਦਾ ਨਿਸ਼ਚੈ ਕੀਤਾ। ਅਸੀਂ ਇਕੱਠੇ ਚੱਲ ਨਾ ਸਕੇ ਤਾਂ ਫਿਰ ਮੈਂ ‘ਹਿੰਦ ਸਮਾਚਾਰ’ (ਉਰਦੂ) ਕੱਢਿਆ। ਕਾਫੀ ਔਕੜਾਂ ਦੇ ਬਾਅਦ ਇਹ ਆਪਣੇ ਪੈਰਾਂ ’ਤੇ ਖੜ੍ਹਾ ਹੋ ਗਿਆ ਹੈ। ਪ੍ਰਭੂ ਨੇ ਹੀ ਇਸ ਪੱਤਰ ਨੂੰ ਪੰਜਾਬ ਦੇ ਰੋਜ਼ਾਨਾ ਅਖਬਾਰਾਂ ’ਚ ਚੋਟੀ ’ਤੇ ਪਹੁੰਚਾਇਆ ਹੈ।’’

‘‘ਅੱਜ ਮਹਾਨ ਨੇਤਾ ਲਾਲਾ ਲਾਜਪਤ ਰਾਏ ਜੀ ਦੀ ਪਿਆਰੀ ਯਾਦ ’ਚ ਹਿੰਦੀ ਦੈਨਿਕ ‘ਪੰਜਾਬ ਕੇਸਰੀ’ ਪਾਠਕਾਂ ਦੀ ਸੇਵਾ ’ਚ ਪੇਸ਼ ਕੀਤਾ ਜਾ ਰਿਹਾ ਹੈ। ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪੰਜਾਬ ’ਚ ਹਿੰਦੀ ਅਖਬਾਰ ਚਲਾਉਣਾ ਬਹੁਤ ਔਖਾ ਹੈ। ਹਜ਼ਾਰਾਂ ਰੁਪਏ ਮਾਸਿਕ ਦਾ ਘਾਟਾ ਕਈ ਸਾਲਾਂ ਤੱਕ ਸਹਿਣ ਕਰਨਾ ਪਵੇਗਾ ਪਰ ਜੋ ਸੰਕਲਪ 1923 ਅਤੇ 1924 ’ਚ ਪੂਜਨੀਕ ਲਾਲਾ ਲਾਜਪਤ ਰਾਏ ਜੀ ਦੇ ਚਰਨਾਂ ’ਚ ਜੇਲ ’ਚ ਬੈਠ ਕੇ ਕੀਤਾ ਸੀ ਉਹ ਅੱਜ ਪੂਰਾ ਹੋਇਆ ਹੈ।’’

‘‘ਮੈਂ ਸਤਿਕਾਰਯੋਗ ਲਾਲਾ ਲਾਜਪਤ ਰਾਏ ਜੀ ਦੇ ਚਰਨਾਂ ਦੀ ਧੂੜ ਦਾ ਨਿੱਕਾ ਜਿਹਾ ਕਣ ਵੀ ਨਹੀਂ ਹਾਂ ਪਰ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਮੈਂ ਜੋ ਖੁਦ ’ਚ ਥੋੜ੍ਹੀ-ਬਹੁਤ ਨਿਡਰਤਾ ਹਾਸਲ ਕੀਤੀ ਹੈ ਉਹ ਮੈਂ ਲਾਲਾ ਜੀ ਦੇ ਚਰਨਾਂ ’ਚ ਬੈਠ ਕੇ ਹੀ ਸਿੱਖੀ ਸੀ।’’

‘‘ਪ੍ਰਭੂ ਦੇ ਦਰਬਾਰ ’ਚ ਮੇਰੀ ਇਹ ਪ੍ਰਾਰਥਨਾ ਹੈ ਕਿ ਅੱਜ ਜਦੋਂ ਅਸੀਂ ਸਤਿਕਾਰਯੋਗ ਲਾਲਾ ਲਾਜਪਤ ਰਾਏ ਜੀ ਦੀ ਯਾਦ ’ਚ ‘ਪੰਜਾਬ ਕੇਸਰੀ’ ਆਰੰਭ ਕਰ ਰਹੇ ਹਾਂ ਤਾਂ ਸਾਡੇ ਪਰਿਵਾਰ ਨੂੰ ਪ੍ਰਭੂ ਉਹ ਬਲ ਦੇਣ ਕਿ ਅਸੀਂ ਲਾਲਾ ਲਾਜਪਤ ਰਾਏ ਜੀ ਦੇ ਪਵਿੱਤਰ ਨਾਂ ਨੂੰ ਇਸ ਪੱਤਰ ’ਚ ਉੱਜਵਲ ਕਰੀਏ ਅਤੇ ਉਨ੍ਹਾਂ ਦੇ ਦੱਸੇ ਮਾਰਗ ’ਤੇ ਚੱਲ ਕੇ ਪੰਜਾਬ ਅਤੇ ਭਾਰਤਵਰਸ਼ ਦੀ ਸੇਵਾ ਪੂਰੀ ਨਿਡਰਤਾ ਨਾਲ ਕਰੀਏ ਤਾਂ ਕਿ ਸਾਡਾ ਸੂਬਾ ਅਤੇ ਦੇਸ਼ ਪੂਰੀ ਤਰ੍ਹਾਂ ਪਨਪ ਸਕੇ।’’

‘ਪ੍ਰਮਾਤਮਾ ਸਾਨੂੰ ਬਲ ਦੇਵੇ ਕਿ ਅਸੀਂ ਇਸ ਦੇ ਦੁਆਰਾ ਜਨਤਾ ਦੀ ਸੇਵਾ ਨਿੱਜੀ ਹਿੱਤਾਂ ਤੋਂ ਉਪਰ ਉੱਠ ਕੇ ਕਰੀਏ ਤੇ ਸੱਚ ਦੇ ਮਾਰਗ ’ਤੇ ਮਾਯੂਸ ਨਾ ਹੋਈਏ। ਮੈਨੂੰ ਪੂਰੀ ਆਸ ਹ ੈ ਕਿ ਪਾਠਕ ਵੀ ਇਸ ਕੋਸ਼ਿਸ਼ ’ਚ ਪੂਰਾ ਸਹਿਯੋਗ ਕਰ ਕੇ ‘ਹਿੰਦ ਸਮਾਚਾਰ’ ਦੇ ਵਾਂਗ ‘ਪੰਜਾਬ ਕੇਸਰੀ’ ਨੂੰ ਵੀ ਸਫਲਤਾ ਦ ੇ ਸਿਖਰ ’ਤੇ ਪਹੁੰਚਾ ਦੇਣਗੇ ਤਾਂ ਕਿ ‘ਹਿੰਦ ਸਮਾਚਾਰ ਪਰਿਵਾਰ’ ਜਨਤਾ ਦੇ ਦਰਬਾਰ ’ਚ ਸੁਰਖਰੂ ਹੋ ਸਕੇ ਕਿ ਭਾਰਤ ਦੀ ਰਾਸ਼ਟਰ ਭਾਸ਼ਾ ’ਚ ਅਖਬਾਰ ਜਾਰੀ ਕਰ ਕੇ ਉਨ੍ਹਾਂ ਨੇ ਆਪਣਾ ਫਰਜ਼ ਨਿਭਾਉਣ ਦਾ ਯਤਨ ਕੀਤਾ ਹੈ। -ਜਗਤ ਨਾਰਾਇਣ’’

ਜਿਹੜੇ ਆਦਰਸ਼ਾਂ ਅਤੇ ਸੰਕਲਪਾਂ ਨੂੰ ਲੈ ਕੇ ਪੂਜਨੀਕ ਪਿਤਾ ਜੀ ਨੇ ‘ਪੰਜਾਬ ਕੇਸਰੀ’ ਦਾ ਪ੍ਰਕਾਸ਼ਨ ਸ਼ੁਰੂ ਕੀਤਾ ਸੀ, ‘ਪੰਜਾਬ ਕੇਸਰੀ’ ਦੇ 57ਵੇਂ ਵਰ੍ਹੇ ’ਚ ਪ੍ਰਵੇਸ਼ ਕਰਦੇ ਹੋਏ ‘ਪੰਜਾਬ ਕੇਸਰੀ ਪਰਿਵਾਰ’ ਉਨ੍ਹਾਂ ’ਤੇ ਚੱਲਣ ਦੇ ਲਈ ਯਤਨਸ਼ੀਲ ਹੈ ਅਤੇ ਰਹੇਗਾ।

-ਵਿਜੇ ਕੁਮਾਰ


Bharat Thapa

Content Editor

Related News