ਚੀਨ ਦੀ ਵਿਸਤਾਰਵਾਦੀ ਨੀਤੀ ਦੇ ਵਿਰੁੱਧ ਵਿਸ਼ਵ ਭਰ ’ਚ ਹੋ ਰਹੇ ਰੋਸ ਵਿਖਾਵੇ

07/09/2020 3:24:56 AM

ਕੁਝ ਸਾਲਾਂ ਤੋਂ ਚੀਨ ਦੇ ਇੱਛਾਵਾਦੀ ਹਾਕਮ ਜਾਪਾਨ, ਵੀਅਤਨਾਮ, ਫਿਲਪੀਨਜ਼, ਭਾਰਤ, ਭੂਟਾਨ, ਤਿੱਬਤ, ਨੇਪਾਲ ਆਦਿ ਦੇ ਇਲਾਕਿਅਾਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਰਹੇ ਹਨ। ਚੀਨ ਨੇ ਦੱਖਣੀ ਚੀਨ ਸਾਗਰ ਅਤੇ ਪੂਰਬੀ ਚੀਨ ਸਾਗਰ ’ਤੇ ਵੀ ਆਪਣਾ ਅਧਿਕਾਰ ਪ੍ਰਗਟਾਇਆ ਹੈ। ਨਿਹਿੱਤ ਸਵਾਰਥਾਂ ਲਈ ਦੂਸਰੇ ਦੇਸ਼ਾਂ ’ਚ ਲੱਤ ਅੜਾਉਣ ਦੀ ਚੀਨੀ ਹਾਕਮਾਂ ਦੀ ਨੀਤੀ ਕਾਰਣ ਅੱਜ ਭਾਰਤ ਸਮੇਤ ਦੁਨੀਆ ਦੇ ਘੱਟ ਤੋਂ ਘੱਟ 27 ਦੇਸ਼ਾਂ ਨਾਲ ਵਿਵਾਦ ਚੱਲ ਰਿਹਾ ਹੈ ਅਤੇ ਚੀਨ ਨੇ 6 ਦੇਸ਼ਾਂ ਦੀ 48 ਲੱਖ ਵਰਗ ਕਿਲੋਮੀਟਰ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।

ਚੀਨੀ ਹਾਕਮ ਪਹਿਲਾਂ ਤਾਂ ਛੋਟੇ ਦੇਸ਼ਾਂ ਨੂੰ ਆਪਣੇ ਕਰਜ਼ੇ ਦੇ ਜਾਲ ’ਚ ਫਸਾ ਕੇ ਉਥੇ ਆਪਣੀ ਦਖਲਅੰਦਾਜ਼ੀ ਵਧਾਉਂਦੇ ਹਨ ਅਤੇ ਫਿਰ ਉਨ੍ਹਾਂ ’ਤੇ ਆਪਣਾ ਅਧਿਕਾਰ ਪ੍ਰਗਟਾਉਣ ਲੱਗਦੇ ਹਨ। ਇਸੇ ਰਣਨੀਤੀ ਦੇ ਤਹਿਤ ਚੀਨ ਨੇ ਇਕ ਪਾਸੇ ਪਾਕਿਸਤਾਨ ਦੇ ਗਵਾਦਰ ’ਚ ਆਪਣੇ 5 ਲੱਖ ਨਾਗਰਿਕ ਵਸਾਉਣ ਲਈ ਸ਼ਹਿਰ ਬਣਾਉਣ ਦੀ ਯੋਜਨਾ ਬਣਾਈ ਹੈ ਤੇ ਦੂਜੇ ਪਾਸੇ ਆਪਣਾ ਕਰਜ਼ਾ ਮੋੜਨ ’ਚ ਅਸਮਰੱਥ ਸ਼੍ਰੀਲੰਕਾ ਸਰਕਾਰ ਕੋਲੋਂ ਉਥੋਂ ਦੇ ਸਰੋਤਾਂ ’ਤੇ ਮਾਲਕਾਨਾ ਹੱਕ ਮੰਗਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ ਨੇਪਾਲ ਨੂੰ ਆਪਣੇ ਲਾਲਚਾਂ ਦੇ ਜਾਲ ’ਚ ਫਸਾ ਕੇ ਚੀਨੀ ਸ਼ਾਸਕਾਂ ਨੇ ਉਥੋਂ ਦੀ ਸਿਆਸਤ ’ਚ ਦਖਲ ਦੇਣਾ ਅਤੇ ਉਸ ਨੂੰ ਭਾਰਤ ਦੇ ਵਿਰੁੱਧ ਉਕਸਾਉਣਾ ਵੀ ਸ਼ੁਰੂ ਹੀ ਨਹੀਂ ਕੀਤਾ ਸਗੋਂ ਨੇਪਾਲ ਦੀ 61 ਕਿਲੋਮੀਟਰ ਜ਼ਮੀਨ ’ਤੇ ਕਬਜ਼ਾ ਵੀ ਕਰ ਲਿਆ ਹੈ। ਚੀਨੀ ਹਾਕਮਾਂ ਦੀਅਾਂ ਅਜਿਹੀਅਾਂ ਕਰਤੂਤਾਂ ਕਾਰਣ ਉਹ ਕੌਮਾਂਤਰੀ ਪੱਧਰ ’ਤੇ ਘਿਰਦੇ ਜਾ ਰਹੇ ਹਨ ਅਤੇ ਉਨ੍ਹਾਂ ਵਿਰੁੱਧ ਰੋਸ ਵਿਖਾਵੇ ਸ਼ੁਰੂ ਹੋ ਗਏ ਹਨ :

* 4 ਜੁਲਾਈ ਨੂੰ ਫਿਲਪੀਨਜ਼ ਸਰਕਾਰ ਨੇ ਚੀਨ ਨੂੰ ਚਿਤਾਵਨੀ ਦਿੱਤੀ ਕਿ ਉਹ ਦੱਖਣੀ ਚੀਨ ਸਾਗਰ ’ਚ ਜੰਗੀ ਅਭਿਆਸ ਤੁਰੰਤ ਰੋਕੇ, ਨਹੀਂ ਤਾਂ ਗੰਭੀਰ ਨਤੀਜੇ ਝੱਲਣ ਲਈ ਤਿਆਰ ਰਹੇ।

* 4 ਜੁਲਾਈ ਨੂੰ ਅਮਰੀਕਾ ਵਿਚ ‘ਬਾਈਕਾਟ ਚਾਈਨਾ’ ਅਤੇ ‘ਸਟਾਪ ਚਾਈਨੀਜ਼ ਐਬਿਊਜ਼’ ਵਰਗੇ ਬੈਨਰ ਚੁੱਕੀ ਵੱਖ-ਵੱਖ ਦੇਸ਼ਾਂ ਦੇ ਨਾਗਰਿਕਾਂ ਨੇ ਚੀਨ ਵਿਰੁੱਧ ਰੋਸ ਵਿਖਾਵਾ ਕੀਤਾ।

* 7 ਜੁਲਾਈ ਨੂੰ ਚੀਨ ਵਲੋਂ ‘ਕੋਹਲਾ ਪਣਬਿਜਲੀ ਪ੍ਰਾਜੈਕਟ’ ਸਮੇਤ ਨੀਲਮ ਅਤੇ ਜੇਹਲਮ ਨਦੀਅਾਂ ’ਤੇ ਨਾਜਾਇਜ਼ ਬੰਨ੍ਹਾਂ ਦੀ ਉਸਾਰੀ ਦੇ ਵਿਰੁੱਧ ਪੀ. ਓ. ਕੇ. ਦੇ ਮੁਜ਼ੱਫਰਾਬਾਦ ’ਚ ਲੋਕਾਂ ਨੇ ਚੀਨ ਅਤੇ ਪਾਕਿਸਤਾਨ ਵਿਰੁੱਧ ਰੋਸ ਵਿਖਾਵਾ ਕੀਤਾ।

* 7 ਜੁਲਾਈ ਨੂੰ ਚੀਨ ’ਚ ਮੁਸਲਮਾਨਾਂ, ਖਾਸ ਕਰਕੇ ਉਈਗਰ ਭਾਈਚਾਰੇ ਦੇ ਵਿਰੁੱਧ ਜਾਰੀ ਮਨੁੱਖੀ ਹੱਕਾਂ ਦੀ ਉਲੰਘਣਾ ਅਤੇ ਸ਼ੋਸ਼ਣ ਦੇ ਵਿਰੁੱਧ ਉਈਗਰ ਮੁਸਲਮਾਨਾਂ ਦੀ ਸੰਸਥਾ ‘ਈਸਟ ਟਕਿਸ਼ ਗਵਰਨਮੈਂਟ’ ਅਤੇ ‘ਈਸਟ ਤੁਰਕਿਸਤਾਨ ਨੈਸ਼ਨਲ ਅਵੇਕਨਿੰਗ ਮੂਵਮੈਂਟ’ ਨੇ ਕੌਮਾਂਤਰੀ ਕ੍ਰਿਮੀਨਲ ਕੋਰਟ ਆਈ. ਸੀ. ਸੀ. ’ਚ ਮੁਕੱਦਮਾ ਵੀ ਦਰਜ ਕਰਵਾਇਆ ਹੈ।

* 7 ਜੁਲਾਈ ਨੂੰ ਹੀ ਨੇਪਾਲ ’ਚ ਚੀਨ ਦੀ ਰਾਜਦੂਤ ‘ਹੋਊ ਯਾਨਕੀ’ ਵਲੋਂ ਓਲੀ ਸਰਕਾਰ ਨੂੰ ਬਚਾਉਣ ਲਈ ‘ਨੇਪਾਲ ਕਮਿਊਨਿਸਟ ਪਾਰਟੀ’ ਦੇ ਵੱਖ-ਵੱਖ ਨੇਤਾਵਾਂ ਨਾਲ ਮੁਲਾਕਾਤ ਅਤੇ ਨੇਪਾਲ ਦੀ ਸਿਅਾਸਤ ’ਚ ਚੀਨ ਦੀ ਦਖਲਅੰਦਾਜ਼ੀ ਵਿਰੁੱਧ ਕਾਠਮੰਡੂ ’ਚ ਵਿਦਿਆਰਥੀਅਾਂ ਅਤੇ ਸਿਵਲ ਸੋਸਾਇਟੀ ਦੇ ਮੈਂਬਰਾਂ ਨੇ ਚੀਨੀ ਦੂਤਘਰ ਦੇ ਬਾਹਰ ਭਾਰੀ ਰੋਸ ਵਿਖਾਵਾ ਕਰਦੇ ਹੋਏ ਹੋਊ ਯਾਨਕੀ ਵਿਰੁੱਧ ਨਾਅਰੇ ਲਾਏ ਅਤੇ ਉਨ੍ਹਾਂ ਨੂੰ ਨੇਪਾਲ ਦੀ ਸਿਆਸਤ ਤੋਂ ਦੂਰ ਰਹਿਣ ਲਈ ਕਿਹਾ।

ਚੀਨ ਦੀ ਮੰਦਭਾਵਨਾ ਇਸੇ ਤੋਂ ਸਪੱਸ਼ਟ ਹੈ ਕਿ 8 ਜੁਲਾਈ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੇ ਅਖਬਾਰ ‘ਗਲੋਬਲ ਟਾਈਮਜ਼’ ਨੇ ਭਾਰਤ ਨੂੰ ਚੇਤਾਇਆ ਹੈ ਕਿ ‘‘ਤਿੱਬਤ ਚੀਨ ਦਾ ਅੰਦਰੂਨੀ ਮਾਮਲਾ ਹੈ ਅਤੇ ਭਾਰਤ ਨੂੰ ਉਸ ਨੂੰ ਛੂਹਣਾ ਨਹੀਂ ਚਾਹੀਦਾ, ਨਹੀਂ ਤਾਂ ਉਸ ਨੂੰ ਨੁਕਸਾਨ ਹੋਵੇਗਾ।’’ ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਵਿਸ਼ਵ ਭਾਈਚਾਰਾ ਚੀਨ ਦੇ ਹਮਲਾਵਰਪੁਣੇ ਅਤੇ ਨੀਤੀਅਾਂ ਤੋਂ ਕਿੰਨਾ ਤੰਗ ਆ ਚੁੱਕਾ ਹੈ। ਇਸ ਸਮੇਂ ਸੱਤਾ ਦੇ ਨਸ਼ੇ ’ਚ ਚੂਰ ਚੀਨੀ ਹਾਕਮਾਂ ਨੇ ਜੇਕਰ ਆਪਣੇ ਵਿਰੁੱਧ ਉੱਠ ਰਹੀਅਾਂ ਆਵਾਜ਼ਾਂ ਨੂੰ ਨਾ ਸੁਣਿਆ ਅਤੇ ਆਪਣੀਅਾਂ ਤਾਨਾਸ਼ਾਹੀ ਨੀਤੀਅਾਂ ਨੂੰ ਨਾ ਛੱਡਿਅਾ ਤਾਂ ਯਕੀਨਨ ਹੀ ਉਹ ਵਿਸ਼ਵ ਭਾਈਚਾਰੇ ’ਚ ਅਲੱਗ-ਥਲੱਗ ਹੋ ਕੇ ਰਹਿ ਜਾਣਗੇ।

–ਵਿਜੇ ਕੁਮਾਰ


Bharat Thapa

Content Editor

Related News