‘ਸਿਆਸਤਦਾਨ ਪਤੀ-ਪਤਨੀ ਦਾ ਆਪਸੀ ਵਿਵਾਦ’ ‘ਮਤਭੇਦ ਕਾਰਨ ਹੋਣ ਲੱਗਾ ਤਲਾਕ’

12/23/2020 3:25:52 AM

ਸਿਆਸਤ ਦੇ ਰੰਗ ਨਿਆਰੇ ਹਨ। ਇਥੇ ਜ਼ਿਆਦਾਤਰ ਲੋਕਾਂ ਦਾ ਮਕਸਦ ਸੱਤਾ ਅਤੇ ਉਸ ਨਾਲ ਜੁੜੀਆਂ ਸਹੂਲਤਾਂ ਪ੍ਰਾਪਤ ਕਰਨਾ ਹੁੰਦਾ ਹੈ। ਇਸ ਲਈ ਅਜਿਹੀਆਂ ਉਦਾਹਰਣਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਦ ਇਕ ਹੀ ਪਰਿਵਾਰ ’ਚ ਰਹਿਣ ਵਾਲੇ ਸਕੇ ਵੱਖ-ਵੱਖ ਵਿਚਾਰਧਾਰਾਵਾਂ ਦੀਆਂ ਪਾਰਟੀਆਂ ਨਾਲ ਜੁੜ ਕੇ ਚੋਣ ਲੜਦੇ ਹਨ।

ਜਿਵੇਂ ਅੱਜਕਲ ਬੰਗਾਲ ’ਚ ਇਕ ਅਜਿਹੇ ਸਿਆਸਤਦਾਨ ਪਤੀ-ਪਤਨੀ ਦੀ ਜੋੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ’ਚ ਪਤਨੀ ਵਲੋਂ ਪਤੀ ਦੀ ਪਾਰਟੀ ਛੱਡ ਕੇ ਦੂਸਰੀ ਪਾਰਟੀ ਨਾਲ ਜੁੜ ਜਾਣ ’ਤੇ ਦੋਵਾਂ ਦੇ ਰਿਸ਼ਤਿਆਂ ’ਚ ਤਰੇੜ ਆ ਗਈ ਹੈ।

ਪੱਛਮੀ ਬੰਗਾਲ ’ਚ ‘ਪ੍ਰਦੇਸ਼ ਭਾਜਪਾ ਯੁਵਾ ਮੋਰਚਾ’ ਦੇ ਪ੍ਰਧਾਨ ਅਤੇ ਬਾਂਕੁੜਾ ਤੋਂ ਸੰਸਦ ਮੈਂਬਰ ‘ਸੌਮਿੱਤਰ ਖਾਂ’ ਦੀ ਪਤਨੀ ‘ਸੁਜਾਤਾ ਮੰਡਲ ਖਾਂ’ ਵਲੋਂ ਭਾਜਪਾ ਛੱਡ ਕੇ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋਣ ਨਾਲ ਉਨ੍ਹਾਂ ਦੇ ਪਤੀ ‘ਸੌਮਿੱਤਰ ਖਾਂ’ ਇੰਨੇ ਜ਼ਿਆਦਾ ਨਾਰਾਜ਼ ਹੋਏ ਕਿ ਗੱਲ ਰਿਸ਼ਤਾ ਟੁੱਟਣ ਤਕ ਪਹੁੰਚ ਗਈ ਹੈ।

ਨਮ ਅੱਖਾਂ ਨਾਲ ‘ਸੌਮਿੱਤਰ ਖਾਂ’ ਨੇ ਇਕ ਪੱਤਰਕਾਰ ਸੰਮੇਲਨ ’ਚ ਕਿਹਾ, ‘‘ਮੈਂ ਬਹੁਤ ਦੁਖੀ ਹਾਂ। ਮੇਰਾ ਦਿਲ ਟੁੱਟ ਗਿਆ ਹੈ ਅਤੇ ਤ੍ਰਿਣਮੂਲ ਕਾਂਗਰਸ ਨੇ ਮੇਰੇ ਪਰਿਵਾਰ ਦੀ ‘ਲਕਸ਼ਮੀ’ ਨੂੰ ਚੋਰੀ ਕਰ ਲਿਆ ਹੈ।’’

ਉਨ੍ਹਾਂ ਨੇ ‘ਸੁਜਾਤਾ ਮੰਡਲ’ ਨੂੰ ਤਲਾਕ ਦਾ ਨੋਟਿਸ ਭੇਜਦੇ ਹੋਏ ਲਿਖਿਆ, ‘‘ਕਿਰਪਾ ਕਰ ਕੇ ਹੁਣ ਮੇਰੇ ਸਰਨੇਮ ‘ਖਾਂ’ ਦਾ ਇਸਤੇਮਾਲ ਨਾ ਕਰਨਾ। ਤੂੰ ਭੁੱਲ ਗਈ ਏਂ ਕਿ ਤੂੰ ਉਨ੍ਹਾਂ ਲੋਕਾਂ ਨਾਲ ਜਾ ਮਿਲੀ ਏਂ ਜਿਨ੍ਹਾਂ ਨੇ ਮੇਰੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ 2019 ’ਚ ਤੇਰੇ ਮਾਤਾ-ਪਿਤਾ ਦੇ ਘਰ ’ਤੇ ਹਮਲਾ ਕੀਤਾ ਸੀ। 10 ਸਾਲਾਂ ਦਾ ਰਿਸ਼ਤਾ ਖਤਮ ਹੋਣ ਤੋਂ ਬਾਅਦ ਹੁਣ ਮੈਂ ਭਾਜਪਾ ਲਈ ਜ਼ਿਆਦਾ ਮਿਹਨਤ ਨਾਲ ਕੰਮ ਕਰਾਂਗਾ।’’

‘ਸੁਜਾਤਾ ਮੰਡਲ ਖਾਂ’ ਨੇ ‘ਸੌਮਿੱਤਰ ਖਾਂ’ ’ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ :

‘‘ਮੈਂ ਆਪਣੇ ਮਾਤਾ-ਪਿਤਾ ਦੀ ਇੱਛਾ ਦੇ ਵਿਰੁੱਧ ਸੌਮਿੱਤਰ ਨਾਲ ਵਿਆਹ ਕੀਤਾ ਸੀ। ਮੈਂ ਉਨ੍ਹਾਂ ਨੂੰ ਪਿਆਰ ਕਰਦੀ ਹਾਂ ਅਤੇ ਹਮੇਸ਼ਾ ਕਰਦੀ ਰਹਾਂਗੀ। ਮੈਂ ਅਜੇ ਵੀ ਆਪਣੀ ਮਾਂਗ ’ਚ ਉਨ੍ਹਾਂ ਦੇ ਨਾਂ ਦਾ ਸਿੰਧੂਰ ਭਰਦੀ ਹਾਂ ਪਰ ਕੀ ਇਕ ਨਿੱਜੀ ਰਿਸ਼ਤਾ ਵੀ ਸਿਆਸਤ ਦੇ ਕਾਰਨ ਤਲਾਕ ’ਚ ਬਦਲ ਸਕਦਾ ਹੈ? ਮੈਨੂੰ ਤਾਂ ਤ੍ਰਿਣਮੂਲ ਕਾਂਗਰਸ ਦੇ ਕਿਸੇ ਨੇਤਾ ਨੇ ਨਹੀਂ ਕਿਹਾ ਕਿ ਪਾਰਟੀ ’ਚ ਸ਼ਾਮਲ ਹੋਣ ਲਈ ਮੈਨੂੰ ਸੌਮਿੱਤਰ ਨੂੰ ਤਲਾਕ ਦੇਣਾ ਪਵੇਗਾ।’’

‘‘ਜੋ ਵਿਅਕਤੀ ਪਾਰਟੀ ਲਈ ਆਪਣੀ ਪਤਨੀ ਨੂੰ ਤਲਾਕ ਦੇ ਸਕਦਾ ਹੈ, ਆਪਣੇ 10 ਸਾਲਾਂ ਦੇ ਵਿਆਹੁਤਾ ਰਿਸ਼ਤੇ ਨੂੰ ਭੁੱਲ ਸਕਦਾ ਹੈ ਅਜਿਹੇ ਵਿਅਕਤੀ ਦੇ ‘ਤਿਆਗ’ ਨੂੰ ਉਸ ਦੀ ਪਾਰਟੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਇਸ ਲਈ ਭਾਜਪਾ ਜੇ ਬੰਗਾਲ ਦੀ ਚੋਣ ਜਿੱਤਣ ’ਤੇ ਮੇਰੇ ਪਤੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਂਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ ਪਰ ਬੰਗਾਲ ਜਿੱਤਣ ਦਾ ਭਾਜਪਾ ਦਾ ਇਹ ਸੁਪਨਾ ਸਿਰਫ ਸੁਪਨਾ ਹੀ ਰਹੇਗਾ।’’

‘‘ਭਾਜਪਾ ਲੁਭਾਉਣੇ ਸੁਪਨੇ ਦਿਖਾ ਕੇ ਦੂਜੀਅਾਂ ਪਾਰਟੀਅਾਂ ਦੇ ਨੇਤਾਵਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਕੁਝ ਨੇਤਾਵਾਂ ਨੂੰ ਚੰਗੀ ਪੋਸਟ ਦੇਣ ਅਤੇ ਕੁਝ ਨੇਤਾਵਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਉਥੇ 6 ਮੁੱਖ ਮੰਤਰੀ ਅਤੇ 13 ਡਿਪਟੀ ਸੀ. ਐੱਮ. ਦੇ ਚਿਹਰੇ ਹਨ।’’

‘‘ਭਾਜਪਾ ’ਚ ਉਨ੍ਹਾਂ ਲੋਕਾਂ ਦਾ ਸਨਮਾਨ ਨਹੀਂ ਹੋ ਰਿਹਾ ਹੈ ਜੋ ਸੱਚਮੁੱਚ ਇਸ ਦੇ ਯੋਗ ਹਨ। ਮੈਂ ਹੁਣ ਖੁੱਲ੍ਹਾ ਸਾਹ ਲੈਣਾ ਅਤੇ ਸਨਮਾਨ ਚਾਹੁੰਦੀ ਹਾਂ। ਆਪਣੀ ਪਿਆਰੀ ਦੀਦੀ (ਮਮਤਾ ਬੈਨਰਜੀ) ਅਤੇ ਦਾਦਾ (ਵੱਡੇ ਭਰਾ) ਅਭਿਸ਼ੇਕ ਬੈਨਰਜੀ (ਮਮਤਾ ਦੇ ਭਤੀਜੇ) ਦੇ ਨਾਲ ਕੰਮ ਕਰਨਾ ਚਾਹੁੰਦੀ ਹਾਂ। ਉਹੀ ਸੂਬੇ ਨੂੰ ਵੰਡਣ ਦੀ ਸਿਆਸਤ ਤੋਂ ਬਚਾ ਸਕਦੇ ਹਨ। ਭਾਜਪਾ ਦੀ ਗੰਦੀ ਸਿਆਸਤ ਦੇ ਕਾਰਨ ਮੈਂ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।’’

ਇਸ ਦੇ ਨਾਲ ਹੀ ਸੁਜਾਤਾ ਮੰਡਲ ਨੇ ਇਹ ਵੀ ਕਿਹਾ, ‘‘ਮੈਨੂੰ ਭਾਜਪਾ ’ਚ ਕੋਈ ਸਨਮਾਨ ਨਹੀਂ ਦਿੱਤਾ ਗਿਆ। ਹਾਲਾਂਕਿ ਮੈਂ ਇਸ ਲਈ ਬਹੁਤ ਮਿਹਨਤ ਕੀਤੀ। ਭਾਜਪਾ ’ਚ ਵਫਾਦਾਰ ਵਰਕਰਾਂ ਦੀ ਜਗ੍ਹਾ ’ਤੇ ਸਿਰਫ ਭ੍ਰਿਸ਼ਟ ਅਤੇ ਗਲੇ-ਸੜੇ ਮਿਸਫਿਟ ਨੇਤਾਵਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾ ਰਿਹਾ ਹੈ।’’

‘‘ਭਾਜਪਾ ਅਜਿਹੇ ਅਤੀ ਉਤਸ਼ਾਹੀ ਨੇਤਾਵਾਂ ਨੂੰ ਹੀ ਹਿੱਕ-ਹਿੱਕ ਕੇ ਆਪਣੇ ਪਾਲੇ ’ਚ ਲਿਆ ਰਹੀ ਹੈ। ‘ਸੌਮਿੱਤਰ ਖਾਂ’ ਹੁਣ ਕੀ ਕਰਨਗੇ? ਇਹ ਤਾਂ ਉਹੀ ਦੱਸਣਗੇ ਪਰ ਮੈਨੂੰ ਉਮੀਦ ਹੈ ਕਿ ‘ਸੌਮਿੱਤਰ ਖਾਂ’ ਨੂੰ ਸਦਬੁੱਧੀ ਆਏਗੀ ਅਤੇ ਉਹ ਦੇਰ-ਸਵੇਰ ਤ੍ਰਿਣਮੂਲ ਕਾਂਗਰਸ ’ਚ ਹੀ ਮੁੜ ਆਉਣਗੇ।’’

ਇਸ ਦੇ ਜਵਾਬ ’ਚ ‘ਸੌਮਿੱਤਰ ਖਾਂ’ ਨੇ ਕਿਹਾ, ‘‘ਭਾਜਪਾ ਨੇ ਸੁਜਾਤਾ ਨੂੰ ਘਰ ਦੀ ਧੀ ਵਰਗਾ ਸਨਮਾਨ ਦਿੱਤਾ ਹੈ। ਕੋਈ ਵੀ ਪਾਰਟੀ ਪਤੀ-ਪਤਨੀ ਦੋਵਾਂ ਨੂੰ ਨਾ ਤਾਂ ਇਕੱਠਿਅਾਂ ਸੰਸਦ ਮੈਂਬਰ ਬਣਾਉਂਦੀ ਹੈ ਅਤੇ ਨਾ ਹੀ ਪਾਰਟੀ ’ਚ ਕੋਈ ਅਹੁਦਾ ਦੇ ਸਕਦੀ ਹੈ। ਭਾਜਪਾ ’ਚ ਪਰਿਵਾਰਵਾਦ ਨਹੀਂ ਚੱਲਦਾ, ਤ੍ਰਿਣਮੂਲ ਕਾਂਗਰਸ ਉਨ੍ਹਾਂ ਨੂੰ ਕੀ ਦੇਵੇਗੀ! ਸੁਜਾਤਾ ਨੇ ਕਿਸੇ ਜੋਤਿਸ਼ੀ ਦੀ ਸਲਾਹ ’ਤੇ ਆਪਣੀਆਂ ਰਾਜਨੀਤਿਕ ਇੱਛਾਵਾਂ ਦੇ ਚੱਲਦਿਅਾਂ ਹੀ ਪਾਰਟੀ ਬਦਲਣ ਦਾ ਫੈਸਲਾ ਕੀਤਾ ਹੈ।’’

ਇਹ ਇਕ ਤ੍ਰਾਸਦੀ ਹੀ ਹੈ ਕਿ ਸਿਆਸੀ ਇੱਛਾਵਾਂ ਨੇ ਇਕ ਪਤੀ-ਪਤਨੀ ਵਿਚਾਲੇ ਦੂਰੀ ਪੈਦਾ ਕਰ ਦਿੱਤੀ ਹੈ। ‘ਸੌਮਿੱਤਰ ਖਾਂ’ ਅਤੇ ‘ਸੁਜਾਤਾ ਮੰਡਲ ਖਾਂ’ ਇਨ੍ਹਾਂ ਦੋਵਾਂ ਦੇ ਇਸ ਵਿਵਾਦ ’ਚ ਕੌਣ ਸਹੀ ਹੈ ਅਤੇ ਕੌਣ ਗਲਤ ਇਹ ਤਾਂ ਉਹੀ ਜਾਣਨ ਪਰ ਉਨ੍ਹਾਂ ਦੀ ਇਸ ਨੋਕ-ਝੋਕ ਨਾਲ ਪ੍ਰੈੱਸ ਅਤੇ ਮੀਡੀਆ ਨੂੰ ਚਰਚਾ ਦਾ ਇਕ ਮਜ਼ੇਦਾਰ ਵਿਸ਼ਾ ਜ਼ਰੂਰ ਮਿਲ ਗਿਆ ਹੈ।

–ਵਿਜੇ ਕੁਮਾਰ


Bharat Thapa

Content Editor

Related News