ਲੋਕਾਂ ਦੀ ਰੱਖਿਆ ਕਰਨ ਵਾਲੇ (ਪੁਲਸ) ਖੁਦ ਹੀ ਲੁੱਟ-ਮਾਰ ਦਾ ਹੋ ਰਹੇ ਸ਼ਿਕਾਰ
Saturday, Jan 07, 2023 - 02:20 AM (IST)

ਕੁਝ ਸਮੇਂ ਤੋਂ ਦੇਸ਼ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਵਿਗੜ ਰਹੀ ਹੈ। ਇਕ ਪਾਸੇ ਆਮ ਲੋਕਾਂ ਦੇ ਵਿਰੁੱਧ ਕਤਲ, ਲੁੱਟ-ਖੋਹ, ਜਬਰ-ਜ਼ਨਾਹ ਵਰਗੇ ਅਪਰਾਧ ਜ਼ੋਰਾਂ ’ਤੇ ਹਨ ਤਾਂ ਦੂਜੇ ਪਾਸੇ ਪੁਲਸ ਵਾਲੇ ਵੀ ਅਪਰਾਧੀ ਤੱਤਾਂ ਤੋਂ ਸੁਰੱਖਿਅਤ ਨਹੀਂ ਰਹੇ।
ਆਏ ਦਿਨ ਪੁਲਸ ਕੰਪਲੈਕਸਾਂ ’ਚ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ :
* 24 ਅਕਤੂਬਰ ਨੂੰ ਕੁਝ ਚੋਰ ਆਨੰਦ (ਗੁਜਰਾਤ) ’ਚ ‘ਵਿਰਸਾਦ’ ਪੁਲਸ ਥਾਣੇ ਦੇ ਕਸਟਡੀ ਰੂਮ ਦੀਆਂ ਖਿੜਕੀਅਾਂ ਦੀ ਗਰਿੱਲ ਤੋੜ ਕੇ ਉੱਥੇ ਰੱਖਿਆ 8.6 ਲੱਖ ਰੁਪਏ ਮੁੱਲ ਦਾ ਜ਼ਬਤਸ਼ੁਦਾ 140 ਕਿਲੋ ਗਾਂਜਾ ਚੋਰੀ ਕਰ ਕੇ ਲੈ ਗਏ।
* 24 ਨਵੰਬਰ ਨੂੰ ਚੋਰ ਪਟਨਾ (ਬਿਹਾਰ) ’ਚ ਸੀਨੀਅਰ ਪੁਲਸ ਅਧਿਕਾਰੀ ਆਈ. ਜੀ. ਵਿਕਾਸ ਵੈਭਵ ਦਾ ਸਰਕਾਰੀ 9 ਐੱਮ. ਐੱਮ. ਪਿਸਤੌਲ ਤੇ 25 ਕਾਰਤੂਸ ਉਨ੍ਹਾਂ ਦੀ ਪੁਲਸ ਲਾਈਨ ਸਥਿਤ ਰਿਹਾਇਸ਼ ’ਚੋਂ ਚੋਰੀ ਕਰ ਕੇ ਲੈ ਗਏ।
* 30 ਨਵੰਬਰ ਨੂੰ ਭਿੰਡ (ਮੱਧ ਪ੍ਰਦੇਸ਼) ’ਚ ਚੋਰਾਂ ਨੇ ਪੁਲਸ ਸੁਪਰਿੰਟੈਂਡੈਂਟ ਦਫਤਰ ਤੋਂ 500 ਮੀਟਰ ਦੂਰ ਸਥਿਤ ਪੁਲਸ ਲਾਈਨ, ਜਿੱਥੇ 24 ਘੰਟੇ ਪੁਲਸ ਦਾ ਪਹਿਰਾ ਰਹਿੰਦਾ ਹੈ, ’ਚ ਖੜ੍ਹੇ 6 ਵਾਹਨਾਂ ’ਚੋਂ 24,000 ਰੁਪਏ ਦਾ ਡੀਜ਼ਲ ਚੋਰੀ ਕਰ ਲਿਆ।
* 27 ਦਸੰਬਰ ਨੂੰ ਚੋਰ ਪਾਨੀਪਤ (ਹਰਿਆਣਾ) ਦੀ ਪੁਲਸ ਲਾਈਨ ’ਚ ਦੋ ਸਹਾਇਕ ਸਬ ਇੰਸਪੈਕਟਰਾਂ ਦੇ ਮਕਾਨਾਂ ਦੇ ਤਾਲੇ ਤੋੜ ਕੇ ਲਗਭਗ 60 ਤੋਲੇ ਸੋਨਾ ਤੇ 3.81 ਲੱਖ ਰੁਪਏ ਨਕਦ ਚੋਰੀ ਕਰ ਕੇ ਲੈ ਗਏ।
* ਅਤੇ ਹੁਣ 4 ਜਨਵਰੀ ਨੂੰ ਚੋਰਾਂ ਵੱਲੋਂ ਲੁਧਿਆਣਾ ’ਚ ਵਿਜੀਲੈਂਸ ਦਫਤਰ ਦੇ ਬਿਲਕੁਲ ਸਾਹਮਣੇ ਸੀ. ਆਈ. ਡੀ. ਵਿਭਾਗ ਦੀ ਪੁਰਾਣੀ ਇਮਾਰਤ ਨੂੰ ਹੀ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਬਿਲਡਿੰਗ ਦੀ ਦੇਖਭਾਲ ਕਰਨ ਵਾਲੇ ਮੁਲਾਜ਼ਮ ਨੇ ਕਿਹਾ ਕਿ ਚੋਰ ਕੰਧ ਤੋੜ ਦੇ ਅੰਦਰ ਵੜੇ ਅਤੇ ਉੱਥੋਂ 3 ਛੱਤ ਦੇ ਪੱਖੇ, 1 ਟੇਬਲ ਪੱਖਾ, ਇਕ ਟੁੱਲੂ ਪੰਪ ਤੇ ਲੋਹੇ ਦੀਆਂ ਪਾਈਪਾਂ ਆਦਿ ਚੋਰੀ ਕਰ ਕੇ ਲੈ ਗਏ।
ਉਕਤ ਉਦਾਹਰਣਾਂ ਨਾਲ ਜਿੱਥੇ ਪੁਲਸ ਦੀ ਕਾਰਜਸ਼ੈਲੀ ’ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ ਉੱਥੇ ਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਪੁਲਸ ਵਿਭਾਗ ਆਪਣੇ ਹੀ ਦਫਤਰਾਂ ਅਤੇ ਰਿਹਾਇਸ਼ੀ ਕੰਪਲੈਕਸਾਂ ਦੀ ਸੁਰੱਖਿਆ ਨਹੀਂ ਕਰ ਸਕਦਾ ਤਾਂ ਫਿਰ ਉਸ ਤੋਂ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਦੀ ਕਿਵੇਂ ਆਸ ਕੀਤੀ ਜਾ ਸਕਦੀ ਹੈ।
–ਵਿਜੇ ਕੁਮਾਰ