ਧਾਰਮਿਕ ਸਮਾਗਮਾਂ ’ਚ ਵੰਡੇ ਜਾ ਰਹੇ ‘ਪ੍ਰਸ਼ਾਦ’ ਨਾਲ ਲੋਕ ਹੋ ਰਹੇ ਬੀਮਾਰ

Friday, Feb 23, 2024 - 05:54 AM (IST)

ਧਾਰਮਿਕ ਸਮਾਗਮਾਂ ’ਚ ਵੰਡੇ ਜਾ ਰਹੇ ‘ਪ੍ਰਸ਼ਾਦ’ ਨਾਲ ਲੋਕ ਹੋ ਰਹੇ ਬੀਮਾਰ

ਦੇਸ਼ ’ਚ ਲੋਕਾਂ ਵੱਲੋਂ ਨਿੱਜੀ ਤੌਰ ’ਤੇ ਜਾਂ ਧਾਰਮਿਕ ਸਥਾਨਾਂ ’ਚ ਆਯੋਜਿਤ ਸਮਾਗਮਾਂ ’ਚ ਪ੍ਰਸ਼ਾਦ ਲੈਣ ਜਾਂ ਲੰਗਰ ਛਕਣ ਲਈ ਵੱਡੀ ਗਿਣਤੀ ’ਚ ਲੋਕ ਹਾਜ਼ਰ ਹੁੰਦੇ ਹਨ ਪਰ ਕਈ ਵਾਰ ਇਸ ਨੂੰ ਤਿਆਰ ਕਰਨ ਵਿਚ ਜਾਣੇ-ਅਣਜਾਣੇ ਵਰਤੀ ਗਈ ਲਾਪ੍ਰਵਾਹੀ ਨਾਲ ਉਸ ਵਿਚ ਜ਼ਹਿਰੀਲਾਪਨ ਆ ਜਾਂਦਾ ਹੈ ਜਿਸ ਨਾਲ ਇਸ ਦਾ ਸੇਵਨ ਕਰਨ ਵਾਲੇ ਬੀਮਾਰ ਹੋ ਜਾਂਦੇ ਹਨ। ਅਜਿਹੀਆਂ ਹੀ ਚੰਦ ਘਟਨਾਵਾਂ ਹੇਠਾਂ ਦਰਜ ਹਨ :

* 8 ਮਈ, 2023 ਨੂੰ ‘ਮਿਦਨਾਪੁਰ’ (ਪੱਛਮੀ ਬੰਗਾਲ) ’ਚ ਇਕ ਧਾਰਮਿਕ ਸਮਾਗਮ ’ਚ ਵੰਡਿਆ ਪ੍ਰਸ਼ਾਦ ਖਾ ਕੇ 59 ਲੋਕ ਬੀਮਾਰ ਹੋ ਗਏ ਅਤੇ 1 ਵਿਅਕਤੀ ਦੀ ਜਾਨ ਚਲੀ ਗਈ।

* 7 ਜੁਲਾਈ, 2023 ਨੂੰ ‘ਧੇਮਾਜੀ’ (ਆਸਾਮ) ਜ਼ਿਲੇ ’ਚ ਇਕ ਧਾਰਮਿਕ ਸਮਾਗਮ ’ਚ ਵੰਡੇ ਪ੍ਰਸ਼ਾਦ ਦੇ ਸੇਵਨ ਨਾਲ 80 ਔਰਤਾਂ ਅਤੇ ਬੱਚੇ ਬੀਮਾਰ ਹੋ ਗਏ।

* 1 ਅਗਸਤ, 2023 ਨੂੰ ‘ਆਗਰ ਮਾਲਵਾ’ (ਮੱਧ ਪ੍ਰਦੇਸ਼) ਦੇ ‘ਮੋਲਿਆਖੇੜੀ’ ’ਚ ਇਕ ਧਾਰਮਿਕ ਸਮਾਗਮ ’ਚ ਭੰਗ ਵਾਲਾ ਪ੍ਰਸ਼ਾਦ ਖਾ ਕੇ 40 ਸ਼ਰਧਾਲੂ ਬੀਮਾਰ ਹੋ ਗਏ।

* 31 ਅਗਸਤ, 2023 ਨੂੰ ‘ਦਰੰਗ’ (ਆਸਾਮ) ਜ਼ਿਲੇ ਦੇ ‘ਮੰਗਲਦੈ’ ਪਿੰਡ ’ਚ ਇਕ ਧਾਰਮਿਕ ਸਮਾਗਮ ’ਚ ‘ਮਹਾਪ੍ਰਸ਼ਾਦ’ ਦੇ ਸੇਵਨ ਦੇ ਤੁਰੰਤ ਪਿੱਛੋਂ ਲੋਕਾਂ ਨੂੰ ਉਲਟੀਆਂ, ਪੇਟ ਦਰਦ ਅਤੇ ਚੱਕਰ ਆਉਣ ਲੱਗੇ ਅਤੇ ਇਲਾਜ ਲਈ ਹਸਪਤਾਲ ਲਿਜਾਣਾ ਪਿਆ।

* 26 ਦਸੰਬਰ, 2023 ਨੂੰ ‘ਹੋਸਕੋਟੇ’ (ਕਰਨਾਟਕ) ’ਚ ਕੁਝ ਧਾਰਮਿਕ ਸਮਾਗਮਾਂ ’ਚ ਵੰਡਿਆ ਗਿਆ ਪ੍ਰਸ਼ਾਦ ਖਾਣ ਨਾਲ 50 ਲੋਕਾਂ ਦੀ ਤਬੀਅਤ ਖਰਾਬ ਹੋ ਗਈ ਅਤੇ ਇਕ ਔਰਤ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਵੀ ਹੋ ਗਈ।

* 30 ਦਸੰਬਰ, 2023 ਨੂੰ ‘ਕੂਚਬਿਹਾਰ’ (ਪੱਛਮੀ ਬੰਗਾਲ) ’ਚ ਇਕ ਧਾਰਮਿਕ ਸਮਾਗਮ ’ਚ ਭਗਤਾਂ ਨੂੰ ਪਰੋਸੀ ਗਈ ਖਿਚੜੀ ਖਾਣ ਨਾਲ 65 ਲੋਕ ਬੀਮਾਰ ਹੋ ਗਏ।

* 19 ਫਰਵਰੀ, 2024 ਨੂੰ ਸਮਸਤੀਪੁਰ (ਬਿਹਾਰ) ਦੇ ਪਿੰਡ ‘ਬੋਚਹਾ’ ਵਿਚ ਇਕ ਧਾਰਮਿਕ ਪ੍ਰੋਗਰਾਮ ’ਚ ਵੰਡੇ ਗਏ ਕੇਲਾ ਅਤੇ ਦੁੱਧ ਮਿਸ਼ਰਤ ਪ੍ਰਸ਼ਾਦ ਦਾ ਸੇਵਨ ਕਰਨ ਨਾਲ 100 ਤੋਂ ਵੱਧ ਲੋਕ ਬੀਮਾਰ ਹੋ ਗਏ।

* ਅਤੇ ਹੁਣ 20 ਫਰਵਰੀ, 2024 ਨੂੰ ‘ਨਾਂਦੇੜ’ (ਮਹਾਰਾਸ਼ਟਰ) ਜ਼ਿਲੇ ਦੇ ‘ਕੋਸ਼ਟਾਵਾੜੀ’ ’ਚ ਇਕ ਪਾਲਕੀ ਸਮਾਗਮ ’ਚ ਵੰਡਿਆ ਮਹਾਪ੍ਰਸ਼ਾਦ ਖਾ ਕੇ 1000 ਲੋਕ ਅਤੇ ਇਸੇ ਦਿਨ ਮਹਾਰਾਸ਼ਟਰ ’ਚ ਹੀ ‘ਪਰਭਣੀ’ ਜ਼ਿਲੇ ਦੇ ‘ਸੋਨਥਾਨਾ’ ਪਿੰਡ ’ਚ ਧਾਰਮਿਕ ਪ੍ਰੋਗਰਾਮ ਦੌਰਾਨ ਪ੍ਰਸ਼ਾਦ ਗ੍ਰਹਿਣ ਕਰ ਕੇ 500 ਲੋਕ ਬੀਮਾਰ ਹੋ ਗਏ।

ਇਹੀ ਨਹੀਂ, 14 ਫਰਵਰੀ, 2018 ਨੂੰ ‘ਚਾਮਰਾਜਨਗਰ’ (ਕਰਨਾਟਕ) ਜ਼ਿਲੇ ਦੇ ‘ਸੂਲੀਵਾਦੀ’ ਪਿੰਡ ’ਚ ਇਕ ਸਮਾਗਮ ਦੌਰਾਨ ਸਹਿਭੋਜ ਪਿੱਛੋਂ ਖਾਧ ਜ਼ਹਿਰੀਲੇਪਨ ਕਾਰਨ 11 ਲੋਕਾਂ ਦੀ ਮੌਤ ਅਤੇ 60 ਲੋਕ ਬੀਮਾਰ ਹੋ ਗਏ ਸਨ।

ਪਹਿਲਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਕਦੀ-ਕਦਾਈਂ ਹੀ ਹੁੰਦੀਆਂ ਸਨ ਪਰ ਹੁਣ ਇਨ੍ਹਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ।

ਇਸ ਲਈ ਅਜਿਹੇ ਸਮਾਗਮਾਂ ਦੇ ਆਯੋਜਕਾਂ ਵੱਲੋਂ ਸ਼ਰਧਾਲੂਆਂ ’ਚ ਵੰਡੇ ਜਾਣ ਵਾਲੇ ਪ੍ਰਸ਼ਾਦ ਅਤੇ ਸਹਿਭੋਜ ਸਮੱਗਰੀ ਦੇ ਨਿਰਮਾਣ ’ਚ ਸਫਾਈ ਅਤੇ ਸ਼ੁੱਧਤਾ ਦਾ ਵਿਸ਼ੇਸ਼ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਇਸ ਨੂੰ ਲੋਕ ਪ੍ਰਭੂ ਦਾ ਪ੍ਰਸ਼ਾਦ ਹੀ ਕਹਿੰਦੇ ਹਨ।

- ਵਿਜੇ ਕੁਮਾਰ


author

Anmol Tagra

Content Editor

Related News