ਐਮਰਜੈਂਸੀ ਤੋਂ ਗੁਜਰਾਤ ਦੰਗਿਆਂ ਤੱਕ ਭਵਿੱਖ ਦੀਆਂ ਪਾਠ-ਪੁਸਤਕਾਂ ’ਚੋਂ ਅਤੀਤ ਦੇ ਪਾਠ ਹਟਾ ਦਿੱਤੇ ਗਏ

06/20/2022 1:22:32 AM

ਸਦੀਆਂ ਦੀ ਕਸੌਟੀ ’ਤੇ ਖਰੀ ਉਤਰਨ ਦੇ ਬਾਅਦ ਹੀ ਕੋਈ ਘਟਨਾ ਇਤਿਹਾਸ ਬਣ ਸਕਦੀ ਹੈ ਜਿਸ ਨੂੰ ਪਾਠ-ਪੁਸਤਕਾਂ ’ਚ ਦਰਜ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਪਾਠ-ਪੁਸਤਕਾਂ ’ਚ ਵਰਣਿਤ ਜਾਣਕਾਰੀ ਨੂੰ ਪ੍ਰਮਾਣਿਕ ਮੰਨਿਆ ਜਾਂਦਾ ਹੈ ਅਤੇ ਲੋੜ ਪੈਣ ’ਤੇ ਇਨ੍ਹਾਂ ’ਚੋਂ ਹੀ ਸੰਦਰਭ ਦਿੱਤੇ ਜਾਂਦੇ ਹਨ।
ਲੋਕਤੰਤਰਵਾਦੀਆਂ ਅਤੇ ਸਾਮਰਾਜਵਾਦੀਆਂ ’ਚ ਇਕ ਫਰਕ ਇਹ ਹੈ ਕਿ ਜਿੱਥੇ ਲੋਕਤੰਤਰਵਾਦੀ ਆਪਣੇ ਪ੍ਰਾਚੀਨ ਇਤਿਹਾਸ ਨੂੰ ਇਕ ਦਸਤਾਵੇਜ਼ ਦੇ ਰੂਪ ’ਚ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰਦੇ ਹਨ, ਓਧਰ ਦੂਸਰੇ ਆਪਣੇ ਅਨੁਸਾਰ ਨਾ ਪਾਉਣ ਦੇ ਕਾਰਨ ਉਸ ਨੂੰ ਆਪਣੇ ਅਨੁਸਾਰ ਢਾਲ ਕੇ ਨਵੇਂ ਰੂਪ ’ਚ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸੇ ਸਿਲਸਿਲੇ ’ਚ ਕੇਂਦਰ ਸਰਕਾਰ ਵੱਲੋਂ ਪਾਠ-ਪੁਸਤਕਾਂ ’ਚ ਵਰਣਿਤ ਇਤਿਹਾਸ ਦੇ ਕੁਝ ਅੰਸ਼ਾਂ ਨੂੰ ਬਦਲਣ ਅਤੇ ਕੁਝ ਵਿਸ਼ਿਆਂ ’ਤੇ ਸ਼ਾਮਲ ਕੀਤੇ ਗਏ ਪਾਠ ਹਟਾਉਣ ਦੀ ਮੁਹਿੰਮ ਜਾਰੀ ਹੈ। 2002 ਦੇ ਗੁਜਰਾਤ ਦੰਗਿਆਂ, ਲੋਕਾਂ ਅਤੇ ਸੰਸਥਾਨਾਂ ’ਤੇ ਐਮਰਜੈਂਸੀ ਦੇ ਸਖਤ ਅਸਰ ਨਾਲ ਨਜਿੱਠਣ ਵਾਲੇ ਅੰਸ਼ਾਂ, ਸੱਤਾ ਦੇ ਵਿਰੋਧ ਤੇ ਸਮਾਜਿਕ  ਅੰਦੋਲਨਾਂ ’ਤੇ ਅਧਿਆਇਆਂ, ਜਿਨ੍ਹਾਂ ’ਚ ਨਰਮਦਾ ਬਚਾਓ ਅੰਦੋਲਨ, ਦਲਿਤ ਪੈਂਥਰਸ ਅਤੇ ਭਾਰਤੀ ਕਿਸਾਨ ਸੰਘ ਦੀ ਅਗਵਾਈ ਵਾਲੇ ਸੰਦਰਭ ਸ਼ਾਮਲ ਸਨ, ਵਰਗੇ ਅਤੀਤ ਦੇ ਪਾਠਾਂ ਨੂੰ 2014 ’ਚ ਰਾਜਗ ਸਰਕਾਰ ਦੇ ਸੱਤਾ ’ਚ ਆਉਣ  ਦੇ ਬਾਅਦ ਤੋਂ 6ਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ ਦੀਆਂ ਪਾਠ-ਪੁਸਤਕਾਂ ’ਚੋਂ ਹਟਾ ਦਿੱਤਾ ਗਿਆ ਹੈ।

ਗੁਜਰਾਤ ਦੰਗਿਆਂ ਦਾ ਦੂਜਾ ਸੰਦਰਭ ਜਮਾਤ 12ਵੀਂ ਦੀ ਸਮਾਜ ਸ਼ਾਸਤਰ ਦੀ ਪਾਠ-ਪੁਸਤਕ ‘ਇੰਡੀਅਨ ਸੋਸਾਇਟੀ’ ’ਚੋਂ ਹਟਾ ਦਿੱਤਾ ਗਿਆ ਹੈ। ਇਸ ਦੇ ਇਲਾਵਾ ਇਸ ਪਾਠ ’ਚ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਉਸ ਚਰਚਿਤ ਬਿਆਨ ਨੂੰ ਵੀ  ਸ਼ਾਮਲ ਕੀਤਾ ਗਿਆ ਸੀ, ਜਿਸ ’ਚ ਉਨ੍ਹਾਂ ਨੇ ਰਾਜ ਧਰਮ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਸੀ। ਗੁਜਰਾਤ ਦੰਗਿਆਂ ਨੂੰ ਲੈ  ਕੇ ਇਕ ਵਿਸਤ੍ਰਿਤ ਪੈਰਾਗ੍ਰਾਫ ਹੈ ਜਿਸ ’ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ  ਹਿੰਸਾ ਹੋਈ।12ਵੀਂ ਜਮਾਤ ਦੀ ਰਾਜਨੀਤੀ ਵਿਗਿਆਨ ਦੀ ਪਾਠ-ਪੁਸਤਕ ’ਚੋਂ ਨਕਸਲੀ ਅੰਦੋਲਨ  ’ਤੇ ਪੂਰਾ ਪੇਜ ਹਟਾ ਦਿੱਤਾ ਗਿਆ। ਲੋਕਤੰਤਰ  ਅਤੇ ਭਾਰਤੀ ਲੋਕਤੰਤਰ ਦੇ ਨਿਰਮਾਣ ਦੇ ਬਾਰੇ ’ਚ ਚਾਰ ਅਧਿਆਏ ਇਸ ਆਧਾਰ ’ਤੇ ਹਟਾ ਦਿੱਤੇ ਗਏ ਹਨ ਕਿ ਇਸੇ ਤਰ੍ਹਾਂ ਦੇ ਵਿਸ਼ਿਆਂ ਨੂੰ ਹੋਰਨਾਂ ਵਰਗਾਂ ਦੀਆਂ ਰਾਜਨੀਤਕ ਵਿਗਿਆਨ ਦੀਆਂ ਪਾਠ-ਪੁਸਤਕਾਂ ’ਚ ਸ਼ਾਮਲ ਕੀਤਾ ਗਿਆ ਹੈ। ਜਮਾਤ 12ਵੀਂ ਦੀ ਰਾਜਨੀਤੀ ਵਿਗਿਆਨ ਦੀ ਪਾਠ-ਪੁਸਤਕ ’ਚ ਐਮਰਜੈਂਸੀ ’ਤੇ ਅਧਿਆਏ ‘ਸੁਤੰਤਰਤਾ ਦੇ ਬਾਅਦ ਤੋਂ ਭਾਰਤ ’ਚ ਸਿਆਸਤ’ ਨੂੰ 5 ਸਫਿਆਂ ਤੋਂ ਘੱਟ ਕੀਤਾ ਗਿਆ। ‘ਦਿ ਡਿਜ਼ਾਸਟਰ ਆਫ ਡੈਮੋਕ੍ਰੇਟਿਕ ਆਰਡਰ’ ਸਿਰਲੇਖ ਵਾਲੇ ਅਧਿਆਏ ’ਚ  ਹਟਾਈ ਗਈ ਸਮੱਗਰੀ ਉਸ ਸਮੇਂ ਦੇ ਦੌਰਾਨ ਇੰਦਰਾ ਗਾਂਧੀ ਸਰਕਾਰ ਵੱਲੋਂ ਸਮਰਥਿਤ ਅੰਦਰੂਨੀ ਐਮਰਜੈਂਸੀ ਅਤੇ ਸੱਤਾ ਦੀ ਦੁਰਵਰਤੋਂ ਅਤੇ ਕਦਾਚਾਰ ਨਾਲ ਸਬੰਧਤ ਵਿਵਾਦਾਂ ਨਾਲ ਸਬੰਧਤ ਹੈ।

ਇਸੇ ’ਚ ਸਿਆਸੀ ਵਰਕਰਾਂ ਦੀ ਗ੍ਰਿਫਤਾਰੀ, ਮੀਡੀਆ ’ਤੇ ਪਾਬੰਦੀ, ਤਸੀਹੇ ਅਤੇ ਹਿਰਾਸਤ ’ਚ ਹੋਣ ਵਾਲੀਆਂ ਮੌਤਾਂ,  ਜਬਰੀ ਨਸਬੰਦੀ ਅਤੇ ਗਰੀਬਾਂ ਦੇ ਵੱਡੇ ਪੱਧਰ ’ਤੇ ਉਜਾੜੇ ਵਰਗੀਆਂ ਧੱਕੇਸ਼ਾਹੀਆਂ ਨੂੰ ਸੂਚੀਬੱਧ  ਕੀਤਾ ਗਿਆ ਹੈ। ਇਸੇ ਤਰ੍ਹਾਂ  ਸਮਕਾਲੀਨ ਭਾਰਤ ’ਚ ਸਮਾਜ ਸੁਧਾਰ ਅਤੇ ਸਮਾਜਿਕ ਅੰਦੋਲਨਾਂ ਦਾ ਵੇਰਵਾ ਦੇਣ ਵਾਲੇ ਘੱਟ ਤੋਂ ਘੱਟ 3 ਅਧਿਆਇਆਂ ਨੂੰ ਜਮਾਤ 6ਵੀਂ ਤੋਂ 12ਵੀਂ ਤੱਕ ਦੀਆਂ ਰਾਜਨੀਤੀ ਵਿਗਿਆਨ ਦੀਆਂ ਪਾਠ-ਪੁਸਤਕਾਂ ’ਚੋਂ ਹਟਾ ਦਿੱਤਾ ਗਿਆ ਹੈ। ਉਦਾਹਰਣ ਦੇ  ਲਈ, ‘ਲੋਕਪ੍ਰਿਯ ਅੰਦੋਲਨਾਂ ਦੇ ਉਦੈ’ ’ਤੇ  ਇਕ ਅਧਿਆਏ ਨੂੰ 12ਵੀਂ ਦੀ ਪਾਠ-ਪੁਸਤਕ ’ਚੋਂ ਹਟਾ ਦਿੱਤਾ ਗਿਆ  ਹੈ। 6ਵੀਂ ਜਮਾਤ ਦੇ  ਰਾਜਨੀਤੀ ਵਿਗਿਆਨ ਦੀ ਪੁਸਤਕ ’ਚ ‘ਲੋਕਤੰਤਰਿਕ ਸਰਕਾਰ ਦੇ ਪ੍ਰਮੁੱਖ ਤੱਤ’ ਸਿਰਲੇਖ ਵਾਲੇ ਅਧਿਆਏ ਨੂੰ ਹਟਾ ਦਿੱਤਾ ਗਿਆ ਹੈ। ਨਕਸਲਵਾਦ ਅਤੇ ਨਕਸਲ ਅੰਦੋਲਨ ਦੇ ਲਗਭਗ ਸਾਰੇ ਸੰਦਰਭ ਸਮਾਜਿਕ ਵਿਗਿਆਨ ਦੀਆਂ ਪਾਠ-ਪੁਸਤਕਾਂ ’ਚੋਂ ਹਟਾ ਦਿੱਤੇ ਗਏ ਹਨ।

 ਭਾਖੜਾ ਨੰਗਲ ਡੈਮ ’ਤੇ ਨਹਿਰੂ ਦੀ ਟਿੱਪਣੀ ਜਮਾਤ 12 ਸਮਾਜ ਸ਼ਾਸਤਰ ਦੀ ਪਾਠ-ਪੁਸਤਕ (ਭਾਰਤ ’ਚ ਸਮਾਜਿਕ ਪਰਿਵਰਤਨ ਅਤੇ ਸੁਧਾਰ) ਦੇ ਅਧਿਆਏ ‘ਸੰਰਚਨਾਤਮਕ ਪਰਿਵਰਤਨ’ ਤੋਂ ਹਟਾ ਦਿੱਤੀ ਗਈ ਹੈ। ਐੱਨ. ਸੀ. ਈ. ਆਰ. ਟੀ. ਨੇ ਸਿਲੇਬਸ ਦੇ ਉਨ੍ਹਾਂ ਹਿੱਸਿਆਂ ਨੂੰ ਹਟਾਉਣ ਦੇ ਪਿੱਛੇ ਦੋਹਰਾਅ ਅਤੇ ਗੈਰ-ਪ੍ਰਾਸੰਗਿਕ ਹੋਣ ਦਾ ਹਵਾਲਾ ਦਿੱਤਾ ਹੈ।ਇਹ ਵੀ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਸਿੱਖਣ ’ਚ ਮਦਦ ਕਰਨ ਲਈ ਸਿਲੇਬਸ ਦਾ ਬੋਝ ਘੱਟ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੀ ਪੜ੍ਹਾਈ ਕੋਵਿਡ ਮਹਾਮਾਰੀ ਕਾਰਨ ਪ੍ਰਭਾਵਿਤ ਰਹੀ ਹੈ ਜੋ ਕਿ ਤਰਕਸ਼ੀਲ ਨਹੀਂ ਜਾਪਦਾ। ਇਨ੍ਹਾਂ ਯਤਨਾਂ ਨਾਲ ਸਭ ਤੋਂ ਵੱਧ ਨੁਕਸਾਨ ਪਾਠ-ਪੁਸਤਕਾਂ ਦੀ ਭਰੋਸੇਯੋਗਤਾ ਨੂੰ ਹੋਵੇਗਾ ਅਤੇ ਉਨ੍ਹਾਂ ’ਤੇ ਸਵਾਲੀਆ ਨਿਸ਼ਾਨ ਲੱਗ ਜਾਵੇਗਾ ਅਤੇ ਉਨ੍ਹਾਂ ’ਚ ਦਿੱਤੀ ਗੲੀ ਪਾਠ-ਸਮੱਗਰੀ ਦੀ ਪ੍ਰਮਾਣਿਕਤਾ ਖਤਮ ਹੋ ਜਾਵੇਗੀ, ਵਿਸ਼ੇਸ਼ ਤੌਰ ’ਤੇ ਹੁਣ ਜਦਕਿ ਇਸ ਸੂਚਨਾ ਯੁੱਗ ’ਚ ਸੂਚਨਾ ਸਿਰਫ ਇਕ ਕਲਿਕ ਦੂਰ ਹੈ। ਕੀ ਸਿੱਖਿਆ ਦਾ ਮਕਸਦ ਤੱਥਾਂ ਨੂੰ ਰਟਾਉਣਾ ਹੈ ਜਾਂ ਫਿਰ ਬੱਚਿਆਂ ਨੂੰ ਹਰ ਤਰ੍ਹਾਂ ਦੀ ਸੂਚਨਾ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਸੋਚਣ ਅਤੇ ਸਮਝਣ ਲਈ ਟ੍ਰੇਂਡ ਕਰਨਾ ਹੈ?  
 


Karan Kumar

Content Editor

Related News