ਪ੍ਰੀਖਿਆਵਾਂ ਬਣੀਆਂ ਮਜ਼ਾਕ, ਵਿਦਿਆਰਥੀਆਂ ਦਾ ਭਵਿੱਖ ਹੋ ਰਿਹਾ ਹਨੇਰੇ ਭਰਿਆ

03/07/2023 1:48:42 AM

ਪ੍ਰੀਖਿਆਵਾਂ ’ਚ ਸਿੱਖਿਆ ਵਿਭਾਗ ਅਤੇ ਪੁਲਸ ਦੇ ਪ੍ਰਬੰਧਾਂ ਦੇ ਬਾਵਜੂਦ ਹੋ ਰਹੀ ਸਮੂਹਿਕ ਨਕਲ ਅਤੇ ਪੇਪਰ ਲੀਕ ਦੇ ਮਾਮਲੇ ਜ਼ੋਰਾਂ ’ਤੇ ਹਨ ਅਤੇ ਵੱਖ-ਵੱਖ ਸੂਬਿਆਂ ’ਚ ਨਕਲ ਕਰਵਾਉਣ ਵਾਲੇ ਗਿਰੋਹ ਬਣ ਗਏ ਹਨ।

ਹੁਣੇ ਜਿਹੇ ਹੀ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ’ਚ ਯੂ.ਪੀ. ਬੋਰਡ ਦੀ ਪ੍ਰੀਖਿਆ ’ਚ ਨਕਲ ਕਰਵਾਉਣ ਵਾਲੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰ ਕੇ ਪੁਲਸ ਨੇ ਚਾਰ ਮੁਟਿਆਰਾਂ ਅਤੇ ਇਕ ਸਕੂਲ ਪ੍ਰਬੰਧਕ ਤੇ ਪ੍ਰਿੰਸੀਪਲ ਸਮੇਤ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਵੱਡੀ ਗਿਣਤੀ ’ਚ ਦਾਖਲਾ ਪੱਤਰ, ਆਧਾਰ ਕਾਰਡ ਆਦਿ ਜ਼ਬਤ ਕੀਤੇ।

ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਵੀ ਪ੍ਰੀਖਿਆਵਾਂ ’ਚ ਇਕ ਯਕੀਨੀ ਰਕਮ ਦੇ ਬਦਲੇ ਨਕਲ ਕਰਵਾਉਣ ਵਾਲੇ ਗਿਰੋਹ ਸਰਗਰਮ ਹਨ। ਨੂਹ ਜ਼ਿਲੇ ’ਚ ਪ੍ਰੀਖਿਆਵਾਂ ’ਚ 100 ਫੀਸਦੀ ਸਫਲਤਾ ਦਿਵਾਉਣ ਦਾ ਦਾਅਵਾ ਕਰਨ ਵਾਲੇ ਕਈ ਗਿਰੋਹਾਂ ਦਾ ਪਤਾ ਲੱਗਾ ਹੈ ਜੋ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ’ਚ ਸਫਲਤਾ ਦਿਵਾਉਣ ਦੇ ਕਾਂਟ੍ਰੈਕਟ ਤਕ ਸਾਈਨ ਕਰਵਾ ਰਹੇ ਹਨ।

ਸੀ. ਸੀ. ਟੀ. ਵੀ. ਕੈਮਰਿਆਂ ਦੀ ਪਕੜ ’ਚ ਆਉਣ ਤੋਂ ਬਚਣ ਲਈ ਇਨ੍ਹਾਂ ਗਿਰੋਹਾਂ ਦੇ ਮੈਂਬਰ ਆਪਣੇ ਚਿਹਰਿਆਂ ’ਤੇ ਮਾਸਕ ਲਾਉਂਦੇ ਹਨ ਅਤੇ ਆਉਣ-ਜਾਣ ਲਈ ਬਿਨਾਂ ਰਜਿਸਟ੍ਰੇਸ਼ਨ ਨੰਬਰਾਂ ਵਾਲੇ ਮੋਟਰਸਾਈਕਲਾਂ ਦੀ ਵਰਤੋਂ ਕਰਦੇ ਹਨ।

ਪ੍ਰੀਖਿਆ ਕੇਂਦਰਾਂ ’ਚ ਪਰਚੀਆਂ ਭਿਜਵਾਉਣ ’ਚ ਮਾਹਿਰ ਇਨ੍ਹਾਂ ਵਿਅਕਤੀਆਂ ਨੇ ਵੱਖ-ਵੱਖ ਜਮਾਤਾਂ ਅਤੇ ਵਿਸ਼ਿਆਂ ਦੀ ਨਕਲ ਕਰਵਾਉਣ ਲਈ ਬਾਕਾਇਦਾ ਰੇਟ ਤੈਅ ਕੀਤੇ ਹੋਏ ਹਨ।

ਇਸੇ ਦੌਰਾਨ ਪ੍ਰੀਖਿਆਵਾਂ ’ਚ ਨਕਲ ਦੇ ਮਾੜੇ ਰੁਝਾਨ ਨੂੰ ਧਿਆਨ ’ਚ ਰੱਖਦਿਆਂ ਭਿਵਾਨੀ ਜ਼ਿਲੇ ਦੇ ‘ਕਾਇਲਾ’ ਪਿੰਡ ਦੀ ਪੰਚਾਇਤ ਨੇ ਸਰਪੰਚ ਆਰਤੀ ਦੇਵੀ ਦੀ ਅਗਵਾਈ ’ਚ ਆਪਣੇ 8 ਮੈਂਬਰਾਂ ਦੀ ਡਿਊਟੀ ਪਿੰਡ ਦੇ ਪ੍ਰੀਖਿਆ ਕੇਂਦਰ ’ਤੇ ਨਿਗਰਾਨੀ ਲਈ ਲਾਈ ਹੈ।

ਪੰਚਾਇਤ ਨੇ ਚਿਤਾਵਨੀ ਦਿੱਤੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਨਕਲ ਕਰਨ ’ਚ ਮਦਦ ਕਰਦਾ ਪਾਏ ਜਾਣ ’ਤੇ ਪੰਚਾਇਤ ਉਸ ਨੂੰ ਫੜ ਕੇ ਅਧਿਕਾਰੀਆਂ ਦੇ ਹਵਾਲੇ ਕਰ ਦੇਵੇਗੀ।

ਨਕਲ ਕਾਰਨ ਜਿਥੇ ਸਿੱਖਿਆ ਦਾ ਪੱਧਰ ਡਿੱਗਦਾ ਹੈ, ਉਥੇ ਇਸ ਕਾਰਨ ਅਸਲ ਹੋਣਹਾਰ ਵਿਦਿਆਰਥੀਆਂ ਦੀ ਅਧਿਕਾਰ ਵੰਚਨਾ ਵੀ ਹੁੰਦੀ ਹੈ। ਲਿਹਾਜ਼ਾ ਜਿਥੇ ਪ੍ਰੀਖਿਆਵਾਂ ਦੇ ਢਾਂਚੇ ’ਚ ਪਾਈਆਂ ਜਾਂਦੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦੀ ਲੋੜ ਹੈ, ਉਥੇ ਨਕਲ ਕਰਵਾਉਣ ’ਚ ਸ਼ਾਮਲ ਪਾਏ ਜਾਣ ਵਾਲੇ ਗਿਰੋਹਾਂ ਅਤੇ ਲੋਕਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ।

-ਵਿਜੇ ਕੁਮਾਰ


Anmol Tagra

Content Editor

Related News