ਭਾਰਤੀ ਫ਼ੌਜੀਆਂ ਨੂੰ ਆਪਣੇ ਰੂਪ ਜਾਲ ’ਚ ਫਸਾਉਂਦੀਆਂ ਪਾਕਿਸਤਾਨੀ ਜਾਸੂਸ ਔਰਤਾਂ
Monday, May 16, 2022 - 11:06 AM (IST)

ਪੁਰਾਣੇ ਜ਼ਮਾਨੇ ’ਚ ਭਾਰਤ ਦੇ ਹਾਕਮ ਦੁਸ਼ਮਣਾਂ ਦੀਆਂ ਸਰਗਰਮੀਆਂ ਦਾ ਪਤਾ ਲਗਾਉਣ ਲਈ ਰੂਪਵਾਨ ਔਰਤਾਂ ਦੀ ਵਰਤੋਂ ਕਰਦੇ ਸਨ, ਜਿਨ੍ਹਾਂ ਨੂੰ ‘ਵਿਸ਼ ਕੰਨਿਆ’ ਕਿਹਾ ਜਾਂਦਾ ਸੀ। ਸ਼ਾਇਦ ਮੌਜੂਦਾ ਸਮੇਂ ’ਚ ਪ੍ਰਚੱਲਿਤ ‘ਹਨੀ ਟ੍ਰੈਪ’ ਉਸੇ ਦਾ ਬਦਲਿਆ ਹੋਇਆ ਰੂਪ ਹੈ। ਦੂਸਰੇ ਦੇਸ਼ਾਂ ਦੀ ਫ਼ੌਜੀ ਜਾਣਕਾਰੀ, ਗੁਪਤ ਦਸਤਾਵੇਜ਼, ਨਕਸ਼ੇ ਆਦਿ ਪ੍ਰਾਪਤ ਕਰਨ ਲਈ ਖ਼ੁਫ਼ੀਆ ਏਜੰਸੀਆਂ ਸੁੰਦਰ ਔਰਤਾਂ ਨੂੰ ਜਾਸੂਸ ਬਣਾ ਕੇ ਹਥਿਆਰ ਦੇ ਰੂਪ ’ਚ ਵਰਤਣ ਦੀ ਕੋਸ਼ਿਸ਼ ਕਰਦੀਆਂ ਹਨ।
ਪਹਿਲੀ ਵਿਸ਼ਵ ਜੰਗ ’ਚ ਮਾਤਾਹਾਰੀ ਨੂੰ ਹਥਿਆਰ ਬਣਾ ਕੇ ਫਰਾਂਸ ਸਰਕਾਰ ਨੇ ਜਰਮਨੀ ਦੇ ਫ਼ੌਜੀ ਅਧਿਕਾਰੀਆਂ ਦੀਆਂ ਕਈ ਜਾਣਕਾਰੀਆਂ ਹਾਸਲ ਕੀਤੀਆਂ ਅਤੇ ਪਹਿਲੀ ਅਤੇ ਦੂਜੀ ਸੰਸਾਰ ਜੰਗਾਂ ਦੇ ਦੌਰਾਨ ਅਮਰੀਕਾ, ਰੂਸ, ਫਰਾਂਸ ਅਤੇ ਜਰਮਨੀ ਆਦਿ ਨੇ ਆਪਣੇ ਦੁਸ਼ਮਣਾਂ ਵਿਰੁੱਧ ਇਸ ਵਿਧੀ (ਹਨੀ ਟ੍ਰੈਪ) ਦੀ ਬੜੀ ਜ਼ਿਆਦਾ ਵਰਤੋਂ ਕੀਤੀ ਸੀ ਅਤੇ ਇਨ੍ਹੀਂ ਦਿਨੀਂ ਪਾਕਿਸਤਾਨ ਦੀ ਬਦਨਾਮ ਜਾਸੂਸੀ ਏਜੰਸੀ ਆਈ. ਐੱਸ. ਆਈ. ਇਸ ਦੀ ਵੱਡੇ ਪੱਧਰ ’ਤੇ ਭਾਰਤ ਦੇ ਵਿਰੁੱਧ ਵਰਤੋਂ ਕਰ ਰਹੀ ਹੈ। ਮਿਹਨਤਾਨੇ ਦੇ ਤੌਰ ’ਤੇ ਭਾਰੀ ਰਕਮ ਲੈਣ ਵਾਲੀਆਂ ਇਹ ਔਰਤਾਂ ਆਪਣੇ ਸ਼ਿਕਾਰ ਨੂੰ ਫਸਾਉਣ ਲਈ ਆਪਣੇ ਰੂਪ, ਜੋਬਨ, ਅਦਾਵਾਂ ਅਤੇ ਕਾਮੁਕਤਾ ਭਰੀ ਆਵਾਜ਼ ਦੀ ਬੇਹੱਦ ਨਿਪੁੰਨਤਾਪੂਰਵਕ ਵਰਤੋਂ ਕਰਦੀਆਂ ਹਨ। ਇਸ ਦੀ ਸ਼ੁਰੂਆਤ ਉਹ ਸੋਸ਼ਲ ਮੀਡੀਆ ’ਤੇ ਫੇਕ ਆਈ. ਡੀ. ਬਣਾ ਕੇ ਆਪਣੇ ਸ਼ਿਕਾਰ ਨਾਲ ਪ੍ਰੇਮ ਦਾ ਢੋਂਗ ਰਚਾ ਕੇ ਅਸ਼ਲੀਲ ਚੈਟਿੰਗ ਨਾਲ ਕਰਦੀਆਂ ਹਨ ਅਤੇ ਫਿਰ ਆਪਣੇ ਸ਼ਿਕਾਰ ਨੂੰ ਭਰਮਾ ਕੇ ਉਸ ਕੋਲੋਂ ਫ਼ੌਜ ਸਬੰਧੀ ਮਹੱਤਵਪੂਰਨ ਗੁਪਤ ਜਾਣਕਾਰੀਆਂ ਹਾਸਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਪਿਛਲੇ ਕੁਝ ਸਮੇਂ ਦੇ ਦੌਰਾਨ ਇਨ੍ਹਾਂ ਦੇ ਜਾਲ ’ਚ ਭਾਰਤੀ ਫੌਜ ਦੇ ਕਈ ਅਧਿਕਾਰੀ ਫਸ ਚੁੱਕੇ ਹਨ।
* 6 ਅਗਸਤ, 2014 ਨੂੰ ਇਕ ਪਾਕਿਸਤਾਨੀ ਔਰਤ ਜਾਸੂਸ ਨੇ ਖ਼ੁਦ ਨੂੰ ਅਨੁਸ਼ਕਾ ਅਗਰਵਾਲ ਨਾਮਕ ਝਾਂਸੀ ਦੀ ਰਹਿਣ ਵਾਲੀ ਦੱਸ ਕੇ ਫੇਸਬੁੱਕ ਦੇ ਰਾਹੀਂ ਦੋਸਤੀ ਕਰਨ ਦੇ ਬਾਅਦ ਸੂਬੇਦਾਰ ਪਾਟਨ ਕੁਮਾਰ ਨੂੰ ਕੁਝ ਰਕਮ ਦੇ ਕੇ ਉਸ ਕੋਲੋਂ ਸਿਕੰਦਰਾਬਾਦ ਛਾਉਣੀ ਨਾਲ ਸਬੰਧਤ ਕਈ ਰਹੱਸ ਤੇ ਜਾਣਕਾਰੀਆਂ ਹਾਸਲ ਕਰ ਲਈਆਂ।
* 29 ਦਸੰਬਰ, 2015 ਨੂੰ ਬਠਿੰਡਾ ਏਅਰਫੋਰਸ ਸਟੇਸ਼ਨ ’ਤੇ ਤਾਇਨਾਤ ਰਣਜੀਤ ਕੇ. ਕੇ. ਨਾਮਕ ਕਰਮਚਾਰੀ ਨੇ ਸੋਸ਼ਲ ਮੀਡੀਆ ’ਤੇ ਖੁਦ ਨੂੰ ‘ਦਾਮਿਨੀ ਮੈਕਨਾਟ’ ਦੱਸਣ ਵਾਲੀ ਪਾਕਿਸਤਾਨੀ ਜਾਸੂਸ ਦੇ ਝਾਂਸੇ ’ਚ ਆ ਕੇ ਉਸ ਨੂੰ ਕਈ ਗੁਪਤ ਜਾਣਕਾਰੀਆਂ ਦੇ ਦਿੱਤੀਆਂ। ਇਸ ਦੇ ਬਦਲੇ ’ਚ ਦਾਮਿਨੀ ਨੇ ਉਸ ਦੇ ਖਾਤੇ ’ਚ ਇਕ ਨਿਯਮਿਤ ਰਕਮ ਟ੍ਰਾਂਸਫਰ ਕੀਤੀ ਸੀ।
* 13 ਜਨਵਰੀ, 2021 ਨੂੰ ਰਾਜਸਥਾਨ ਪੁਲਸ ਨੇ ਹਨੀ ਟ੍ਰੈਪਿੰਗ ਦੇ ਇਕ ਮਾਮਲੇ ’ਚ ਸੋਮਵੀਰ ਸਿੰਘ ਨਾਮਕ ਇਕ ਫੌਜੀ ਨੂੰ ਫੇਸਬੁੱਕ ’ਤੇ ਨਕਲੀ ਪ੍ਰੋਫਾਈਲ ਵਾਲੀ ਜਾਸੂਸ ਮੁਟਿਆਰ ਨੂੰ ਸੂਚਨਾ ਤੇ ਫੋਟੋ ਦਿੰਦੇ ਹੋਏ ਫੜਿਆ।
* 14 ਅਕਤੂਬਰ, 2021 ਨੂੰ ਜੋਧਪੁਰ ’ਚ ਮਿਲਟਰੀ ਇੰਜੀਨੀਅਰਿੰਗ ਸਰਵਿਸ ’ਚ ਫ਼ੌਜ ਦੀਆਂ ਫਾਈਲਾਂ ਅਫਸਰਾਂ ਨੂੰ ਪਹੁੰਚਾਉਣ ਅਤੇ ਲਿਆਉਣ ਦਾ ਕੰਮ ਕਰਨ ਵਾਲੇ ਚੌਥੀ ਸ਼੍ਰੇਣੀ ਕਰਮਚਾਰੀ ਰਾਮ ਸਿੰਘ ਨੂੰ ਆਪਣੀਆਂ ਤਸਵੀਰਾਂ ਦੇ ਰਾਹੀਂ ਰੂਪ ਜਾਲ ’ਚ ਫਸਾ ਕੇ ਖੁਦ ਨੂੰ ਨੇਹਾ ਦੱਸਣ ਵਾਲੀ ਪਾਕਿਸਤਾਨੀ ਜਾਸੂਸ ਨੇ ਉਸ ਕੋਲੋਂ ਕਈ ਜਾਣਕਾਰੀਆਂ ਹਾਸਲ ਕਰ ਲਈਆਂ।
* 15 ਅਕਤੂਬਰ, 2021 ਨੂੰ ਭੋਪਾਲ ਵਿਚ ਆਈ. ਐੱਸ. ਆਈ. ਦੀ ਜਾਸੂਸ ਦੇ ਹਨੀ ਟ੍ਰੈਪ ’ਚ ਫਸ ਕੇ ਪਾਕਿਸਤਾਨ ਨੂੰ ਮਹੱਤਵਪੂਰਨ ਸੂਚਨਾਵਾਂ ਦੇਣ ਦੇ ਦੋਸ਼ ’ਚ ਰੋਹਿਤ ਕੁਮਾਰ ਨਾਮਕ ਇਕ ਫੌਜੀ ਨੂੰ ਫੜਿਆ ਗਿਆ।
* 23 ਅਕਤੂਬਰ, 2021 ਨੂੰ ਫਿਰੋਜ਼ਪੁਰ ’ਚ ਤਾਇਨਾਤ ਭਾਰਤੀ ਫੌਜ ਦੇ ਜਵਾਨ ਕੁਣਾਲ ਕੁਮਾਰ ਬਾਰਿਆ ਨੂੰ ਪਾਕਿਸਤਾਨ ਦੀ ਔਰਤ ਖੁਫੀਆ ਅਧਿਕਾਰੀ ਸਿਦਰਾ ਖਾਨ ਦੇ ਜਾਲ ’ਚ ਫਸ ਕੇ ਪੈਸਿਆਂ ਦੇ ਬਦਲੇ ’ਚ ਖ਼ੁਫ਼ੀਆ ਜਾਣਕਾਰੀ ਦੇਣ ਦੇ ਦੋਸ਼ ’ਚ ਫੜਿਆ ਗਿਆ।
* 15 ਨਵੰਬਰ, 2021 ਨੂੰ ਪੁਲਸ ਨੇ ਗਣੇਸ਼ ਕੁਮਾਰ ਨਾਮਕ ਫੌਜ ਦੇ ਇਕ ਜਵਾਨ ਨੂੰ ਬੀਤੇ 2 ਸਾਲਾਂ ਦੇ ਦੌਰਾਨ ਪਾਕਿਸਤਾਨ ਦੀ ਖੁਫੀਆ ਏਜੰਸੀ ਦੀ ਔਰਤ ਜਾਸੂਸ ਦੇ ਨਾਲ ਸੈਂਕੜੇ ਵਾਰ ਵ੍ਹਟਸਐਪ ’ਤੇ ਗੱਲਬਾਤ ਅਤੇ ਚੈਟਿੰਗ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਅਤੇ ਉਸ ਦੇ ਮੋਬਾਇਲ ਫੋਨ ਤੋਂ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ।
* ਅਤੇ ਹੁਣ 6 ਮਈ, 2022 ਨੂੰ ਪੁਲਸ ਨੇ ਹਨੀ ਟ੍ਰੈਪ ’ਚ ਫਸਾਏ ਗਏ ਭਾਰਤੀ ਹਵਾਈ ਫੌਜ ਦੇ ਰਿਕਾਰਡ ਦਫਤਰ ’ਚ ਤਾਇਨਾਤ ਪ੍ਰਸ਼ਾਸਨਿਕ ਸਹਾਇਕ (ਜੀ. ਡੀ.) ਸਾਰਜੈਂਟ ਦੇਵੇਂਦਰ ਨਾਰਾਇਣ ਸ਼ਰਮਾ ਨੂੰ ਰੱਖਿਆ ਸੰਸਥਾਨਾਂ ਬਾਰੇ ਖੁਫੀਆ ਤੇ ਨਾਜ਼ੁਕ ਸੂਚਨਾ ਇਕ ਪਾਕਿਸਤਾਨੀ ਔਰਤ ਏਜੰਟ ਨੂੰ ਲੀਕ ਕਰਨ ਦੇ ਦੋਸ਼ ’ਚ ਫੜਿਆ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ‘ਆਨਲਾਈਨ ਹਨੀ ਟ੍ਰੈਪ’ ਵਿਛਾ ਕੇ ਫੌਜ ਦੇ ਅਧਿਕਾਰੀਆਂ ਕੋਲੋਂ ‘ਮਹੱਤਵਪੂਰਨ ਜਾਣਕਾਰੀਆਂ’ ਕਢਵਾ ਰਿਹਾ ਹੈ। ਯਕੀਨਨ ਹੀ ਰਾਸ਼ਟਰੀ ਸੁਰੱਖਿਆ ਲਈ ਆਨਲਾਈਨ ਹਨੀ ਟ੍ਰੈਪ ਬਹੁਤ ਵੱਡਾ ਖਤਰਾ ਬਣਦਾ ਜਾ ਰਿਹਾ ਹੈ, ਇਸ ਲਈ ਇਸ ਨੂੰ ਰੋਕਣ ਲਈ ਭਾਰਤੀ ਸੁਰੱਖਿਆ ਸੰਸਥਾਨਾਂ ਦੀ ਖੁਫੀਅਤਾ ਅਤੇ ਖੁਫੀਆ ਪ੍ਰਣਾਲੀ ਮਜ਼ਬੂਤ ਕਰਨ ਅਤੇ ਸੈਕਸ ਸੁਖ ਪਾਉਣ ਦੀ ਲਾਲਸਾ ’ਚ ਹਨੀ ਟ੍ਰੈਪ ਦਾ ਸ਼ਿਕਾਰ ਹੋਣ ਅਤੇ ਪੈਸਿਆਂ ਲਈ ਵਿਕ ਜਾਣ ਵਾਲੇ ਸੁਰੱਖਿਆ ਮੁਲਾਜ਼ਮਾਂ ਦੇ ਵਿਰੁੱਧ ਤੇਜ਼ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਉਣ ਦੀ ਲੋੜ ਹੈ।
-ਵਿਜੇ ਕੁਮਾਰ