''ਪਾਕਿਸਤਾਨ ਆਪਣਾ ਘਰ ਦਰੁੱਸਤ ਕਰੇ ਨਹੀਂ ਤਾਂ ਇਸ ਨੂੰ ਅੱਲ੍ਹਾ ਹੀ ਬਚਾ ਸਕੇਗਾ''

09/08/2017 6:49:23 AM

ਭਾਰਤ ਵਲੋਂ ਤਾਂ ਸ਼ੁਰੂ ਤੋਂ ਹੀ ਪਾਕਿਸਤਾਨ 'ਤੇ ਭਾਰਤ ਵਿਚ ਅੱਤਵਾਦ ਨੂੰ ਸ਼ਹਿ ਦੇਣ ਅਤੇ ਇਥੋਂ ਦੀਆਂ ਹਿੰਸਕ ਵਾਰਦਾਤਾਂ ਲਈ ਕਸ਼ਮੀਰੀ ਵੱਖਵਾਦੀਆਂ ਅਤੇ ਅੱਤਵਾਦੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦੇ ਦੋਸ਼ ਲਾਏ ਜਾਂਦੇ ਰਹੇ ਹਨ ਪਰ ਹੁਣ ਤਾਂ ਅਮਰੀਕਾ ਨੇ ਵੀ ਇਸ 'ਤੇ ਸਹਿਮਤੀ ਪ੍ਰਗਟਾਉਂਦਿਆਂ ਉਸ ਨੂੰ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ 'ਚ ਭਾਰੀ ਕਟੌਤੀ ਕਰ ਦਿੱਤੀ ਹੈ। 
ਇਸੇ ਸਿਲਸਿਲੇ ਵਿਚ ਜਿਥੇ ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਹੱਕਾਨੀ ਨੈੱਟਵਰਕ ਵਰਗੇ ਅੱਤਵਾਦੀ ਸਮੂਹਾਂ ਨੂੰ 'ਪਨਾਹ' ਦੇਣ ਲਈ ਪਾਕਿ ਸਰਕਾਰ ਦੀ ਆਲੋਚਨਾ ਕੀਤੀ ਹੈ, ਉਥੇ ਹੀ ਸਲਾਹੂਦੀਨ 'ਤੇ ਪਾਬੰਦੀ ਲਾਉਂਦਿਆਂ ਪਾਕਿਸਤਾਨ ਨੂੰ ਆਪਣੇ ਦੇਸ਼ ਵਿਚ ਸਰਗਰਮ ਅੱਤਵਾਦੀ ਸੰਗਠਨਾਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਹੈ। 
ਅਮਰੀਕਾ ਨੇ ਪਾਕਿ ਸਰਕਾਰ ਨੂੰ ਸਾਫ ਤੌਰ 'ਤੇ ਚੌਕਸ ਕਰ ਦਿੱਤਾ ਹੈ ਕਿ ਅੱਤਵਾਦੀ ਸੰਗਠਨਾਂ ਵਿਰੁੱਧ ਉਸ ਨੂੰ ਆਪਣਾ ਰਵੱਈਆ ਬਦਲਣਾ ਪਵੇਗਾ ਅਤੇ ਆਪਣੀ ਜ਼ਮੀਨ ਉੱਤੇ ਮੌਜੂਦ ਅੱਤਵਾਦੀ ਸੰਗਠਨਾਂ ਵਿਰੁੱਧ ਸਖਤ ਕਦਮ ਚੁੱਕਣੇ ਹੀ ਪੈਣਗੇ। 
ਕਸ਼ਮੀਰੀ ਗਰਮਦਲੀਆਂ ਨੂੰ ਹੱਲਾਸ਼ੇਰੀ ਦੇਣ ਅਤੇ ਕਸ਼ਮੀਰ ਵਿਚ ਅੱਤਵਾਦ ਦੇ ਦੌਰ ਨੂੰ ਸ਼ਹਿ ਦੇਣ ਨੂੰ ਲੈ ਕੇ ਹੋ ਰਹੀ ਆਲੋਚਨਾ ਦਰਮਿਆਨ ਪਾਕਿਸਤਾਨ ਵਿਚ ਵੀ ਸੱਤਾ ਅਦਾਰੇ ਦੇ ਇਸ ਰਵੱਈਏ ਵਿਰੁੱਧ ਜ਼ੋਰ ਨਾਲ ਆਵਾਜ਼ਾਂ ਉੱਠਣ ਲੱਗੀਆਂ ਹਨ। 
ਇਸੇ ਸਿਲਸਿਲੇ 'ਚ 29 ਅਗਸਤ ਨੂੰ ਪਾਕਿਸਤਾਨ ਦੇ ਭਾਰਤ ਵਿਚ ਸਥਿਤ ਸਾਬਕਾ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਪਾਕਿਸਤਾਨ ਵਿਚ ਇਕ ਸੈਮੀਨਾਰ ਵਿਚ ਬੋਲਦਿਆਂ ਆਪਣੇ ਦੇਸ਼ ਦੇ ਸ਼ਾਸਕਾਂ ਨੂੰ ਚੌਕੰਨੇ ਕੀਤਾ ਕਿ ''ਪਾਕਿਸਤਾਨ ਦੀ ਕਸ਼ਮੀਰ ਨੀਤੀ ਅਸਫਲ ਹੋ ਚੁੱਕੀ ਹੈ, ਇਸ ਲਈ ਪਾਕਿ ਸਰਕਾਰ ਨੂੰ ਇਸ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।''
ਬਾਸਿਤ ਅਨੁਸਾਰ, ''9/11 ਦੇ ਹਮਲੇ ਤੋਂ ਬਾਅਦ ਭਾਰਤ ਪੂਰੀ ਦੁਨੀਆ ਨੂੰ ਇਹ ਸਮਝਾਉਣ ਵਿਚ ਸਫਲ ਰਿਹਾ ਹੈ ਕਿ ਕਸ਼ਮੀਰ ਵਿਚ ਆਜ਼ਾਦੀ ਦੀ ਲੜਾਈ ਨਹੀਂ, ਸਗੋਂ ਪਾਕਿਸਤਾਨ ਦੇ ਅੱਤਵਾਦ ਦੀ ਘਿਨਾਉਣੀ ਖੇਡ ਚੱਲ ਰਹੀ ਹੈ ਅਤੇ ਪਾਕਿਸਤਾਨ ਸਿਰਫ ਕਸ਼ਮੀਰ ਦਾ ਹੀ ਰਾਗ ਅਲਾਪ ਰਿਹਾ ਹੈ।''
ਬਾਸਿਤ ਨੇ ਨਾ ਸਿਰਫ ਇਹ ਕਿਹਾ ਕਿ ਭਾਰਤ ਦੀ ਕੂਟਨੀਤੀ ਅੱਗੇ ਪਾਕਿਸਤਾਨ ਫੇਲ ਹੋ ਗਿਆ ਹੈ, ਸਗੋਂ ਪਾਕਿਸਤਾਨ ਦੇ ਅਮਰੀਕਾ ਵਿਚ ਨਵ-ਨਿਯੁਕਤ ਰਾਜਦੂਤ ਏਜਾਜ਼ ਅਹਿਮਦ ਚੌਧਰੀ ਨੂੰ ਇਕ ਚਿੱਠੀ ਵਿਚ ਇਹ ਲਿਖ ਕੇ ਪੂਰੇ ਪਾਕਿਸਤਾਨ ਅੰਦਰ ਤਰਥੱਲੀ ਮਚਾ ਦਿੱਤੀ ਕਿ ''ਹੁਣ ਪਾਕਿਸਤਾਨ ਨੂੰ ਅੱਲ੍ਹਾ ਹੀ ਬਚਾ ਸਕਦਾ ਹੈ।''
ਅਜੇ ਅਬਦੁਲ ਬਾਸਿਤ ਦੇ ਉਕਤ ਬਿਆਨਾਂ ਨਾਲ ਪਾਕਿਸਤਾਨ ਵਿਚ ਉੱਠਿਆ ਤੂਫਾਨ ਸ਼ਾਂਤ ਵੀ ਨਹੀਂ ਹੋਇਆ ਸੀ ਕਿ 6 ਸਤੰਬਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਪਾਕਿ ਸਰਕਾਰ ਨੂੰ ਇਹ ਚਿਤਾਵਨੀ ਦੇ ਕੇ ਧਮਾਕਾ ਕਰ ਦਿੱਤਾ ਕਿ ''ਜੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ 'ਤੇ ਰੋਕ ਨਾ ਲਾਈ ਗਈ ਤਾਂ ਦੇਸ਼ ਸ਼ਰਮਿੰਦਗੀ ਦਾ ਸਾਹਮਣਾ ਕਰਦਾ ਰਹੇਗਾ।''
'ਬ੍ਰਿਕਸ' ਸੰਮੇਲਨ ਵਿਚ ਲਸ਼ਕਰ ਅਤੇ ਜੈਸ਼-ਏ-ਮੁਹੰਮਦ ਵਰਗੇ ਕੌਮਾਂਤਰੀ ਪਾਬੰਦੀਸ਼ੁਦਾ ਸੰਗਠਨਾਂ ਨੂੰ ਪਾਕਿਸਤਾਨ ਤੋਂ ਚਲਾਉਣ ਦਾ ਪਹਿਲੀ ਵਾਰ ਚੀਨ ਸਮੇਤ ਸਹਿਯੋਗੀ ਦੇਸ਼ਾਂ ਵਲੋਂ ਜ਼ਿਕਰ ਕੀਤੇ ਜਾਣ ਤੋਂ 2 ਦਿਨਾਂ ਬਾਅਦ ਆਏ ਇਸ ਬਿਆਨ ਵਿਚ ਜਿਥੇ ਖਵਾਜਾ ਆਸਿਫ ਨੇ ਉਕਤ ਅੱਤਵਾਦੀ ਸੰਗਠਨਾਂ ਦੀ ਪਾਕਿਸਤਾਨ ਵਿਚ ਹੋਂਦ ਕਬੂਲੀ, ਉਥੇ ਹੀ ਆਪਣੀ ਸਰਕਾਰ ਨੂੰ ਇਹ ਸਲਾਹ ਵੀ ਦਿੱਤੀ ਕਿ :
''ਸਾਨੂੰ ਆਪਣੇ ਮਿੱਤਰਾਂ ਨੂੰ ਇਹ ਕਹਿਣ ਦੀ ਲੋੜ ਹੈ ਕਿ ਅਸੀਂ ਆਪਣਾ ਰਵੱਈਆ ਸੁਧਾਰ ਲਿਆ ਹੈ। ਅਸੀਂ ਆਪਣੇ ਤੌਰ-ਤਰੀਕਿਆਂ ਵਿਚ ਸੁਧਾਰ ਕਰਨਾ ਹੈ। ਸਾਨੂੰ ਲਸ਼ਕਰ ਅਤੇ ਜੈਸ਼ ਦੀਆਂ ਸਰਗਰਮੀਆਂ 'ਤੇ ਕੁਝ ਰੋਕ ਲਾਉਣੀ ਪਵੇਗੀ ਤਾਂ ਕਿ ਵਿਸ਼ਵ ਭਾਈਚਾਰੇ ਨੂੰ ਦਿਖਾ ਸਕੀਏ ਕਿ ਅਸੀਂ ਆਪਣਾ ਘਰ ਦਰੁੱਸਤ ਕੀਤਾ ਹੈ।''
ਇੰਨਾ ਹੀ ਨਹੀਂ, 'ਬ੍ਰਿਕਸ' ਦੇ ਐਲਾਨਨਾਮੇ ਵਿਚ ਪਾਕਿਸਤਾਨ ਦੇ ਸਮਰਥਨ ਵਾਲੇ ਅੱਤਵਾਦੀ ਸੰਗਠਨਾਂ ਦਾ ਨਾਂ ਆਉਣ ਦੇ ਸੰਬੰਧ ਵਿਚ ਆਪਣੀ ਸਥਿਤੀ 'ਤੇ ਸਫਾਈ ਦੇਣ ਲਈ ਚੀਨ ਨੇ ਵੀ ਪਾਕਿਸਤਾਨੀ ਵਿਦੇਸ਼ ਮੰਤਰੀ ਨੂੰ ਬੀਜਿੰਗ ਬੁਲਾ ਲਿਆ ਹੈ, ਜੋ ਉਥੇ 8 ਸਤੰਬਰ ਨੂੰ ਜਾਣ ਵਾਲੇ ਹਨ। 
ਇਸ ਲਈ ਜੇਕਰ ਪਾਕਿਸਤਾਨੀ ਸ਼ਾਸਕਾਂ ਨੇ ਅੱਤਵਾਦ ਨੂੰ 'ਪੱਠੇ ਪਾਉਣੇ' ਬੰਦ ਨਾ ਕੀਤੇ ਤਾਂ ਫਿਰ ਅਬਦੁਲ ਬਾਸਿਤ ਦੀ ਭਵਿੱਖਬਾਣੀ ਸੱਚ ਹੋਣ 'ਚ ਬਹੁਤਾ ਸਮਾਂ ਨਹੀਂ ਲੱਗੇਗਾ ਕਿ ''ਹੁਣ ਤਾਂ ਪਾਕਿਸਤਾਨ ਨੂੰ ਅੱਲ੍ਹਾ ਹੀ ਬਚਾ ਸਕਦਾ ਹੈ।''
ਇਹ ਇਸ ਤੱਤ ਤੋਂ ਸਪੱਸ਼ਟ ਹੈ ਕਿ ਹੁਣ ਤਾਂ ਪਾਕਿਸਤਾਨ ਦੇ ਪਾਲ਼ੇ ਹੋਏ ਅੱਤਵਾਦੀ ਖ਼ੁਦ ਉਸ ਨੂੰ ਵੀ ਡੰਗਣਾ ਸ਼ੁਰੂ ਕਰ ਚੁੱਕੇ ਹਨ, ਜੋ ਉਥੇ ਰੋਜ਼-ਰੋਜ਼ ਹੋਣ ਵਾਲੇ ਧਮਾਕਿਆਂ ਵਿਚ ਹੋ ਰਹੀਆਂ ਬੇਕਸੂਰਾਂ ਦੀਆਂ ਮੌਤਾਂ ਤੋਂ ਜ਼ਾਹਿਰ ਹੈ।              
 —ਵਿਜੇ ਕੁਮਾਰ


Vijay Kumar Chopra

Chief Editor

Related News