‘ਤੇਜ਼ ਰਫਤਾਰ ਦਾ ਜਨੂੰਨ’ ‘ਸੜਕਾਂ ’ਤੇ ਵਗ ਰਿਹਾ ਖੂਨ’

03/26/2023 2:46:27 AM

ਇਨ੍ਹੀਂ ਦਿਨੀਂ ਲੋਕਾਂ ਦੀ ਜ਼ਿੰਦਗੀ ਬੜੀ ਹੀ ਰੁੱਝੀ ਹੋ ਜਾਣ ਦੇ ਕਾਰਨ ਸਮਾਂ ਬਚਾਉਣ ਦੇ ਲਈ ਤੇਜ਼ ਰਫਤਾਰ ਨਾਲ ਵਾਹਨ ਚਲਾਉਣ ਦਾ ਰੁਝਾਨ ਵਧ ਗਿਆ ਹੈ ਜਿਸ ਦੇ ਨਤੀਜੇ ਵਜੋਂ ਸੜਕ ਹਾਦਸਿਆਂ ’ਚ ਹਰ ਬੀਤਣ ਵਾਲੇ ਸਾਲ ਦੇ ਨਾਲ ਮੌਤਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ।

ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਦੀ ਸਾਲਾਨਾ ਰਿਪੋਰਟ ‘ਭਾਰਤ ’ਚ ਸੜਕ ਹਾਦਸੇ’ ਦੇ ਅਨੁਸਾਰ ਸਾਲ 2021 ’ਚ ਦੇਸ਼ ’ਚ ਸੜਕ ਹਾਦਸਿਆਂ ’ਚ ਲਗਭਗ 70 ਫੀਸਦੀ ਮੌਤਾਂ ਤੇਜ਼ ਰਫਤਾਰ ਦੇ ਕਾਰਨ ਹੋਈਆਂ ਜਿਨ੍ਹਾਂ ’ਚ 1,07,276 ਲੋਕਾਂ ਨੇ ਜਾਨਾਂ ਗਵਾਈਆਂ।

ਤੇਜ਼ ਰਫਤਾਰ ਵਾਹਨ ਚਲਾਉਣ ਨਾਲ ਹਾਦਸਿਆਂ ਦੀਆਂ ਇਸੇ ਮਹੀਨੇ ਦੀਆਂ ਉਦਾਹਰਣਾਂ :

* 6 ਮਾਰਚ ਨੂੰ ਬਾਲੋਦ (ਛੱਤੀਸਗੜ੍ਹ) ਦੇ ਪਿੰਡ ‘ਕੋਕਾਨ’ ਦੇ ਨੇੜੇ ਤੇਜ਼ ਰਫਤਾਰ ਵਾਹਨ ਦੇ ਰੁੱਖ ਨਾਲ ਟਕਰਾਅ ਜਾਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ।

* 8 ਮਾਰਚ ਨੂੰ ਬਸਤਰ (ਛੱਤੀਸਗੜ੍ਹ) ’ਚ ਤੇਜ਼ ਰਫਤਾਰ ਵਾਹਨਾਂ ਕਾਰਨ ਵੱਖ-ਵੱਖ ਥਾਵਾਂ ’ਤੇ ਹੋਏ 3 ਸੜਕ ਹਾਦਸਿਆਂ ’ਚ 5 ਵਿਅਕਤੀਆਂ ਦੀ ਜਾਨ ਚਲੀ ਗਈ। ਹਾਦਸੇ ਇੰਨੇ ਭਿਆਨਕ ਸਨ ਕਿ ਵਾਹਨਾਂ ’ਚ ਫਸੇ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ ਜਾ ਸਕਿਆ।

* 14 ਮਾਰਚ ਨੂੰ ਸ਼ਿਮਲਾ (ਹਿਮਾਚਲ) ’ਚ ਤੇਜ਼ ਰਫਤਾਰ ਕਾਰ ਨੇ ਪੈਦਲ ਜਾ ਰਹੇ ਇਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਘਟਨਾ ਵਾਲੀ ਥਾਂ ’ਤੇ ਹੀ ਉਸ ਦੀ ਮੌਤ ਹੋ ਗਈ।

* 19 ਮਾਰਚ ਨੂੰ ਸਵੇਰੇ-ਸਵੇਰੇ ਮੁੰਬਈ ਦੇ ‘ਵਰਲੀ ਸੀ ਫੇਸ’ ’ਤੇ ਜਾਗਿੰਗ ਕਰ ਰਹੀ ਔਰਤ ਨੂੰ ਇਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੀ ਜਾਨ ਚਲੀ ਗਈ।

* 21 ਮਾਰਚ ਨੂੰ ਭੋਪਾਲ (ਮੱਧ ਪ੍ਰਦੇਸ਼) ’ਚ ਇਕ ਤੇਜ਼ ਰਫਤਾਰ ਡੰਪਰ ਦੇ ਇਕ ਬਾਈਕ ਸਵਾਰ ਨੂੰ ਟੱਕਰ ਮਾਰ ਦੇਣ ਨਾਲ ਬਾਈਕ ਸਵਾਰ ਲਗਭਗ 2 ਫੁੱਟ ਹਵਾ ’ਚ ਬੁੜਕ ਕੇ ਹੇਠਾਂ ਡਿੱਗਿਆ। ਹੈਲਮੇਟ ਉਸ ਨੇ ਬਾਈਕ ਦੇ ਹੈਂਡਲ ’ਤੇ ਟੰਗਿਆ ਹੋਇਆ ਸੀ ਅਤੇ ਇਸ ਨੂੰ ਨਾ ਪਹਿਨਣ ਦੇ ਕਾਰਨ ਸਿਰ ’ਤੇ ਲੱਗੀ ਗੰਭੀਰ ਸੱਟ ਉਸ ਦੀ ਮੌਤ ਦਾ ਕਾਰਨ ਬਣੀ।

* 22 ਮਾਰਚ ਨੂੰ ਕੁੱਲੂ (ਹਿਮਾਚਲ) ਦੇ ‘ਸੇਨਥੁਆ’ ਪਿੰਡ ਦੇ ਨੇੜੇ ਇਕ ਕਾਰ ਬੇਕਾਬੂ ਹੋ ਕੇ ਖੱਡ ’ਚ ਜਾ ਡਿੱਗੀ ਜਿਸ ਨਾਲ ਉਸ ’ਚ ਸਵਾਰ ਇਕ ਵਿਅਕਤੀ ਦੀ ਮੌਤ ਅਤੇ ਉਸਦੀ ਪਤਨੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ।

* 22 ਮਾਰਚ ਨੂੰ ਹੀ ਅੰਬੇਡਕਰ ਨਗਰ (ਉੱਤਰ ਪ੍ਰਦੇਸ਼) ਤੋਂ ਬਸਤੀ ਵੱਲ ਆ ਰਹੀ ਇਕ ਵਿਆਹ ਪਾਰਟੀ ਦੀ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਇਕ ਟ੍ਰੈਕਟਰ ਅਤੇ ਬਾਈਕ ਨਾਲ ਜਾ ਭਿੜੀ ਜਿਸ ਦੇ ਨਤੀਜੇ ਵਜੋਂ 4 ਵਿਅਕਤੀਆਂ ਦੀ ਜਾਨ ਚਲੀ ਗਈ।

* 22 ਮਾਰਚ ਨੂੰ ਹੀ ਮੋਗਾ (ਪੰਜਾਬ) ’ਚ ਬੱਸ ਸਟੈਂਡ ਦੇ ਗੇਟ ਦੇ ਨੇੜੇ ਇਕ ਪ੍ਰਾਈਵੇਟ ਟ੍ਰਾਂਸਪੋਰਟ ਕੰਪਨੀ ਦੀ ਬੱਸ ਨੂੰ ਚਾਲੂ ਕਰਨ ਲਈ ਕੁਝ ਲੋਕ ਧੱਕਾ ਲਗਾ ਰਹੇ ਸਨ ਤਾਂ ਅਚਾਨਕ ਬੱਸ ਨੇ ਸਪੀਡ ਫੜ ਲਈ ਅਤੇ ਗੇਟ ਦੇ ਨੇੜੇ ਇਕ ਖੜ੍ਹੀ ਅਧਿਆਪਕਾ ਨੂੰ ਦਰੜ ਦਿੱਤਾ।

* 23 ਮਾਰਚ ਨੂੰ ਤਰਨਤਾਰਨ (ਪੰਜਾਬ) ਦੇ ‘ਪੰਡੋਰੀ ਸੰਧਵਾਂ’ ਪਿੰਡ ਤੋਂ ਤਰਨਤਾਰਨ ਜਾ ਰਹੇ ਇਕ ਨੌਜਵਾਨ ਦੀ ਬਾਈਕ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ।

* 23 ਮਾਰਚ ਨੂੰ ਹੀ ਟਨਕਪੁਰ (ਉੱਤਰਾਖੰਡ) ਦੇ ਪੁਰਣਾਗਿਰੀ ਮੇਲੇ ’ਚ ਇਕ ਬੇਕਾਬੂ ਬੱਸ ਨੇ 2 ਸਕੀਆਂ ਭੈਣਾਂ ਸਮੇਤ 5 ਸ਼ਰਧਾਲੂਆਂ ਨੂੰ ਦਰੜ ਦਿੱਤਾ।

* 24 ਮਾਰਚ ਨੂੰ ਜਲਾਲਾਬਾਦ (ਪੰਜਾਬ) ਦੇ ਪਿੰਡ ‘ਖਾਈ ਫੇਮੇਕੀ’ ਦੇ ਨੇੜੇ ਇਕ ‘ਟੈਂਪੋ ਟ੍ਰੈਕਸ’ ਗੱਡੀ ਤੇ ਪੰਜਾਬ ਰੋਡਵੇਜ਼ ਦੀ ਤੇਜ਼ ਰਫਤਾਰ ਬੱਸ ’ਚ ਸਿੱਧੀ ਟੱਕਰ ਨਾਲ ਗੱਡੀ ’ਚ ਸਵਾਰ ਚਾਰ ਵਿਅਕਤੀਆਂ ਦੀ ਮੌਤ ਅਤੇ 10 ਹੋਰ ਜ਼ਖਮੀ ਹੋ ਗਏ।

* 24 ਮਾਰਚ ਨੂੰ ਹੀ ਜ਼ੀਰਾ (ਪੰਜਾਬ) ਦੇ ਪਿੰਡ ‘ਸ਼ਾਹਵਾਲਾ’ ਦੇ ਨੇੜੇ ਸੜਕ ਦੇ ਕੰਢੇ ਖੜ੍ਹੀ 4 ਸਾਲਾ ਬੱਚੀ ਨੂੰ ਤੇਜ਼ ਰਫਤਾਰ ਕਾਰ ਨੇ ਦਰੜ ਦਿੱਤਾ।

* 24 ਮਾਰਚ ਨੂੰ ਹੀ ਗੁਰਦਾਸਪੁਰ (ਪੰਜਾਬ) ਦੇ ਪਿੰਡ ‘ਸਮੁਚੱਕ’ ਦੇ ਨੇੜੇ ਇਕ ਤੇਜ਼ ਰਫਤਾਰ ਵਾਹਨ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ।

ਅੱਜਕਲ ਵਾਹਨਾਂ ’ਚ ਤਕਨੀਕ ਬਦਲ ਗਈ ਹੈ। ਜ਼ਰਾ ਜਿੰਨੀ ਦੇਰ ’ਚ ਵਾਹਨ ਬੜੀ ਤੇਜ਼ ਰਫਤਾਰ ਫੜ ਲੈਂਦੇ ਹਨ ਅਤੇ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਹਾਦਸਾ ਹੋ ਗਿਆ।

ਆਮ ਤੌਰ ’ਤੇ ਲੋਕ ਮਿੱਟੀ-ਘੱਟੇ ਤੋਂ ਬਚਾਅ ਦੇ ਲਈ ਐਨਕ ਅਤੇ ਸਿਰ ਦੀ ਰੱਖਿਆ ਦੇ ਲਈ ਹੈਲਮੇਟ ਲਗਾਏ ਬਿਨਾਂ ਬਾਈਕ ਚਲਾਉਂਦੇ ਹਨ ਅਤੇ ਕਦੀ-ਕਦੀ ਬਾਈਕਾਂ ’ਤੇ ਸਵਾਰੀਆਂ ਵੀ 3-3, 4-4 ਬਿਠਾ ਲੈਂਦੇ ਹਨ।

ਅਜਿਹੇ ’ਚ ਸੜਕੀ ਆਵਾਜਾਈ ਵਿਭਾਗ ਵੱਲੋਂ ਲੋਕਾਂ ਨੂੰ ਤੇਜ਼ ਰਫਤਾਰ ਨਾਲ ਵਾਹਨ ਚਲਾਉਣ ਦੇ ਖਤਰਿਆਂ ਬਾਰੇ ਸੁਚੇਤ ਕਰਨ ਲਈ ਨਿਯਮਿਤ ਤੌਰ ’ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਉਣ ਤੇ ਦੋਸ਼ੀਆਂ ਨੂੰ ਫੜ ਕੇ ਸਜ਼ਾ ਦੇਣ ਦੇ ਲਈ ਲਗਾਤਾਰ ਚੈਕਿੰਗ ਕਰਨੀ ਜ਼ਰੂਰੀ ਹੈ।

ਹਾਲਾਂਕਿ ਹਾਦਸੇ ਰੋਕਣ ਦੇ ਲਈ ਅਦਾਲਤ ਨੇ ਵੱਡੇ ਵਾਹਨਾਂ ’ਤੇ ‘ਸਪੀਡ ਗਵਰਨਰ’ ਲਗਾਉਣ ਦੇ ਹੁਕਮ ਦਿੱਤੇ ਹੋਏ ਹਨ ਪਰ ਕੁਝ ਸੂਬਿਆਂ ’ਚ ਹੀ ਇਹ ਹੁਕਮ ਲਾਗੂ ਹੋ ਸਕਿਆ ਹੈ।

ਲੋਕਾਂ ਨੂੰ ਇਹ ਅਹਿਸਾਸ ਕਰਾਉਣਾ ਵੀ ਜ਼ਰੂਰੀ ਹੈ ਕਿ ਰਫਤਾਰ ਰੋਮਾਂਚਿਤ ਤਾਂ ਕਰਦੀ ਹੈ ਪਰ ਜਾਨ ਵੀ ਲੈਂਦੀ ਹੈ ਅਤੇ ਜਦੋਂ ਇਸ ਤਰ੍ਹਾਂ ਦੇ ਕਿਸੇ ਹਾਦਸੇ ਦੇ ਨਤੀਜੇ ਵਜੋਂ ਪਰਿਵਾਰ ਦਾ ਕੋਈ ਮੈਂਬਰ ਚਲਾ ਜਾਂਦਾ ਹੈ ਤਦ ਉਸ ਦੇ ਨਾਮਲੇਵਾ ਦੇ ਕੋਲ ਹੱਥ ਮਲਣ ਤੇ ਪਛਤਾਉਣ ਦੇ ਸਿਵਾਏ ਕੁਝ ਨਹੀਂ ਬਚਦਾ।

-ਵਿਜੇ ਕੁਮਾਰ


Anmol Tagra

Content Editor

Related News