ਪੈਸਾ ਦਿਓ ਅਤੇ ਮਜ਼ਾ ਲਓ!’ ਅਪਰਾਧੀਆਂ ਲਈ ‘ਜੰਨਤ ਬਣ ਰਹੀਆਂ ਸਾਡੀਆਂ ਜੇਲਾਂ’

12/05/2019 1:00:10 AM

ਸਾਡੀਆਂ ਜੇਲਾਂ ਸਾਲਾਂ ਤੋਂ ਘੋਰ ਮਾੜੇ ਪ੍ਰਬੰਧਾਂ ਦੀਆਂ ਸ਼ਿਕਾਰ ਹਨ। ਇਹ ਕਿਰਿਆਤਮਕ ਤੌਰ ’ਤੇ ‘ਸੁਧਾਰ ਘਰ’ ਦੀ ਬਜਾਏ ‘ਵਿਗਾੜ ਘਰ’ ਅਤੇ ਅਪਰਾਧੀਆਂ ਵਲੋਂ ਆਪਣੀਆਂ ਨਾਜਾਇਜ਼ ਸਰਗਰਮੀਆਂ ਚਲਾਉਣ ਦੇ ‘ਸਰਕਾਰੀ ਹੈੱਡ ਕੁਆਰਟਰਾਂ’ ਵਿਚ ਤਬਦੀਲ ਹੋ ਗਈਆਂ ਹਨ।

ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜੇਲਾਂ ’ਚ ਬੰਦ ਦਬੰਗ ਨੇਤਾਵਾਂ ਨੂੰ ਆਪਣਾ ਦਰਬਾਰ ਤਕ ਲਗਾਉਣ ਅਤੇ ਆਪਣੀਆਂ ਰਾਤਾਂ ਰੰਗੀਨ ਕਰਨ ਦੀ ਸਹੂਲਤ ਮਿਲਦੀ ਹੈ। ਉਸੇ ਤਰ੍ਹਾਂ ਪੰਜਾਬ ਦੀਆਂ ਜੇਲਾਂ ’ਚ ਵੀ ਜੇਲ ਅਧਿਕਾਰੀਆਂ ਦੀ ਗੰਢਤੁੱਪ ਨਾਲ ਨਸ਼ੇ ਅਤੇ ਹੋਰ ਪਾਬੰਦੀ ਲੱਗੀਆਂ ਚੀਜ਼ਾਂ ਮੁਹੱਈਆ ਹੋਣ ਤੋਂ ਇਲਾਵਾ ਹੋਰ ਸਹੂਲਤਾਂ ਵੀ ਇਕ ਨਿਸ਼ਚਿਤ ਰਕਮ ਦੇ ਬਦਲੇ ’ਚ ਮੁਹੱਈਆ ਕੀਤੀਆਂ ਜਾ ਰਹੀਆਂ ਹਨ।

ਇਥੇ ਪੈਸੇ ਅਤੇ ਪਾਵਰ ਦੇ ਅੱਗੇ ਸਭ ਕੁਝ ਫਿੱਕਾ ਪੈ ਜਾਂਦਾ ਹੈ। ਅਕਤੂਬਰ 2018 ’ਚ ਸੰਗਰੂਰ ਜੇਲ ਦੀ ਇਕ ਕੋਠੜੀ ਤੋਂ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ’ਚ ਦਿਖਾਇਆ ਗਿਆ ਸੀ ਕਿ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਮੋਬਾਇਲ ਫੋਨ ਅਤੇ ਹੋਰ ਸਹੂਲਤਾਂ ਉਥੇ ਮੁਹੱਈਆ ਹਨ।

ਹਾਲ ਹੀ ’ਚ ਪੰਜਾਬ ਸਰਕਾਰ ਨੇ ਸੰਗਰੂਰ, ਰੋਪੜ, ਮਾਲੇਰਕੋਟਲਾ, ਨਾਭਾ ਦੇ 5 ਜੇਲ ਅਧਿਕਾਰੀਆਂ ਨੂੰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਰਿਪੋਰਟ ’ਤੇ ਮੁਅੱਤਲ ਕੀਤਾ ਹੈ।

ਸੰਗਰੂਰ ਜ਼ਿਲਾ ਜੇਲ ਵੀਡੀਓ ਸਕੈਂਡਲ ਦੇ ਅਨੁਸਾਰ ਕੈਦੀਆਂ ਦੇ ਇਕ ਸਮੂਹ ਨੂੰ 10 ਹਜ਼ਾਰ ਰੁਪਏ ਜਾਂ ਉਸ ਤੋਂ ਵੱਧ ਦੀ ਅਦਾਇਗੀ ’ਤੇ ਮੋਬਾਇਲ ਸੈੱਟ ਅਤੇ ਹੌਟ-ਸਪੌਟ ਜਾਂ ਡੋਂਗਲ ਮੁਹੱਈਆ ਕੀਤਾ ਜਾਂਦਾ ਸੀ ਜਿਸ ਨਾਲ 5 ਜਾਂ ਵੱਧ ਕੈਦੀ ਵਾਈਫਾਈ ਦੀ ਸਹੂਲਤ ਹਾਸਲ ਕਰ ਸਕਦੇ ਸਨ।

ਜਾਂਚ ਰਿਪੋਰਟ ਅਨੁਸਾਰ 25 ਹਜ਼ਾਰ ਰੁਪਏ ਤੋਂ ਇਕ ਲੱਖ ਰੁਪਏ ਮਹੀਨਾ ਤਕ ਦੇਣ ’ਤੇ ਜੇਲ ’ਚ ਰਹਿਣ ਦੀ ਆਰਾਮਦੇਹ ਅਤੇ ਸੁਰੱਖਿਅਤ ਚੰਗੀ ਜਗ੍ਹਾ, ਸਪੈਸ਼ਲ ਭੋਜਨ ਅਤੇ ਇਥੋਂ ਤਕ ਕਿ ਭੋਜਨ ਪਕਾਉਣ ਦੀ ਸਹੂਲਤ ਵੀ ਮੁਹੱਈਆ ਸੀ। ਇਸ ਦੇ ਉਲਟ ਮੰਗੀ ਗਈ ਰਾਸ਼ੀ ਦੇਣ ਦੇ ਅਸਮਰੱਥ ਰਹਿਣ ਵਾਲਿਆਂ ਨੂੰ ਦੋ-ਦੋ, ਤਿੰਨ-ਤਿੰਨ ਕੈਦੀਆਂ ਵਾਲੀਆਂ ਛੋਟੀਆਂ ਕੋਠੜੀਆਂ ’ਚ ਤੁੰਨ ਦਿੱਤਾ ਜਾਂਦਾ ਸੀ।

ਇਕ ਕੋਠੜੀ ’ਚ 7 ਕੈਦੀ ਰੱਖੇ ਗਏ ਜਦਕਿ 16 ਕੈਦੀਆਂ ਨੂੰ 5 ਕੋਠੜੀਆਂ ’ਚ ਰੱਖਿਆ ਗਿਆ। ਹਾਲਾਂਕਿ ਦੋ ਕੋਠੜੀਆਂ ਖਾਲੀ ਪਈਆਂ ਸਨ। ਜਾਂਚ ਰਿਪੋਰਟ ਅਨੁਸਾਰ ਅਜਿਹਾ ਕੈਦੀਆਂ ਤੋਂ ਰੁਪਏ ਵਸੂਲਣ ਲਈ ਕੀਤਾ ਗਿਆ।

ਉਕਤ ਰਿਪੋਰਟ ਤੋਂ ਸਪੱਸ਼ਟ ਹੈ ਕਿ ਸਾਡੀਆਂ ਜੇਲਾਂ ’ਚ ਭ੍ਰਿਸ਼ਟਾਚਾਰ ਕਿਸ ਕਦਰ ਵਧ ਗਿਆ ਹੈ। ਜਦੋਂ ਤਕ ਇਹ ਭ੍ਰਿਸ਼ਟਾਚਾਰ ਦੂਰ ਨਹੀਂ ਹੋਵੇਗਾ ਉਦੋਂ ਤਕ ਜੇਲਾਂ ਦੀ ਵਿਵਸਥਾ ਸੁਧਰਨ ਵਾਲੀ ਨਹੀਂ ਹੈ। ਉਨ੍ਹਾਂ ’ਚ ਬੰਦ ਦਬੰਗ ਕੈਦੀ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਰਹਿਣਗੇ ਅਤੇ ਜਨਤਾ ਉਨ੍ਹਾਂ ਦੇ ਮਾੜੇ ਕੰਮਾਂ ਦੀ ਚੱਕੀ ’ਚ ਪਿਸਦੀ ਰਹੇਗੀ।

–ਵਿਜੇ ਕੁਮਾਰ


Bharat Thapa

Content Editor

Related News