ਪ੍ਰਭਾਵਸ਼ਾਲੀ ਅਤੇ ‘ਰੱਜੇ-ਪੁੱਜੇ’ ਲੋਕਾਂ ਦੇ ਜ਼ੁਲਮ ਦਾ ਸ਼ਿਕਾਰ ਨੌਕਰ ਤੇ ਨੌਕਰਾਣੀਆਂ

Thursday, Sep 01, 2022 - 02:48 AM (IST)

ਹਾਲਾਂਕਿ ਸਰਕਾਰ ਨੇ ਘਰੇਲੂ ਕਰਮਚਾਰੀਆਂ ਦੀ ਸੁਰੱਖਿਆ ਲਈ ਕੁਝ ਕਾਨੂੰਨੀ ਵਿਵਸਥਾ ਕੀਤੀ ਹੋਈ ਹੈ ਪਰ ਇਸ ਦੇ ਬਾਵਜੂਦ ਘਰੇਲੂ ਨੌਕਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਆਪਣੇ ਮਾਲਕਾਂ ਦੇ ਹੱਥੋਂ ਤਰ੍ਹਾਂ-ਤਰ੍ਹਾਂ ਦੇ ਤਸ਼ੱਦਦ ਅਤੇ ਜ਼ੁਲਮਾਂ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ। ਅਜਿਹੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ : 

* 24 ਮਾਰਚ ਨੂੰ ਕੋਚੀ (ਕੇਰਲ) ’ਚ ‘ਐਡਾਪੱਲੀ ਮਹਿਲਾ ਕਲਿਆਣ ਸਮਿਤੀ’ ਦੀ ਚੇਅਰਪਰਸਨ ‘ਸੇਲਿਨ ਪਾਲ’ ਦੇ ਪਤੀ ‘ਪਾਲ ਪਾਵੋਤੀਥਾਰਾ’ ਨੂੰ ਆਪਣੀ ਨਾਬਾਲਿਗ ਘਰੇਲੂ ਨੌਕਰਾਣੀ ਦਾ ਸੈਕਸ ਸ਼ੋਸ਼ਣ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। 
* 26 ਅਪ੍ਰੈਲ ਨੂੰ  ਜੈਪੁਰ ਦੀ ਸਾਂਗਾਨੇਰ ਪੁਲਸ ਨੇ ਇਕ 10 ਸਾਲਾ ਮਾਸੂਮ ਨੂੰ ਇਕ ਡਾਕਟਰ ਦੀ ਕੈਦ ਤੋਂ ਮੁਕਤ ਕਰਵਾਇਆ, ਜੋ ਉਸ ਕੋਲੋਂ ਦਿਨ ’ਚ 12-12 ਘੰਟੇ ਕੰਮ ਲੈਣ ਤੋਂ ਇਲਾਵਾ ਭੱਦੀਆਂ-ਭੱਦੀਆਂ ਗਾਲ੍ਹਾਂ ਕੱਢਦਾ ਅਤੇ ਕੁੱਟਮਾਰ ਕਰਦਾ ਸੀ।
* 11 ਮਈ ਨੂੰ ਗੁਰੂਗ੍ਰਾਮ ’ਚ ਇਕ ਵਿਅਕਤੀ ਦੇ ਘਰ ਕੰਮ ਕਰਨ ਵਾਲਾ ਨੇਪਾਲ ਵਾਸੀ ਨੌਕਰ ਆਪਣੇ ਮਾਲਕ ਤੋਂ ਛੁੱਟੀ ਲੈਣ ਦੇ ਬਾਵਜੂਦ ਟ੍ਰੇਨ ਲੰਘ ਜਾਣ ਦੇ ਕਾਰਨ ਜਦੋਂ  ਪਿੰਡ ਨਾ ਜਾ ਸਕਿਆ ਤਾਂ ਵਾਪਸ ਆਉਣ ’ਤੇ ਉਸ ਦੇ ਮਾਲਕ ਨੇ ਗੁੱਸੇ ’ਚ ਆ ਕੇ ਉਸ ਨੂੰ ਇੰਨਾ ਕੁੱਟਿਆ ਕਿ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ। 
* 17 ਮਈ ਨੂੰ ਦਿੱਲੀ ਦੇ ਰਾਜੌਰੀ ਗਾਰਡਨ ਸਥਿਤ ਇਕ ਫਲੈਟ ’ਚ ਕਿਰਾਏ ’ਤੇ ਰਹਿਣ ਵਾਲੇ ਪਤੀ-ਪਤਨੀ ਨੇ ਆਪਣੀ 41 ਸਾਲਾ ਘਰੇਲੂ ਨੌਕਰਾਣੀ ਦੇ ਸਿਰ ਦੇ ਵਾਲ ਕੱਟਣ ਤੋਂ ਇਲਾਵਾ ਉਸ ਨੂੰ ਕੁੱਟ-ਕੁੱਟ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ, ਜਿਸ ਦੇ ਕਾਰਨ ਉਹ ਚੱਲਣ-ਫਿਰਨ ’ਚ ਵੀ ਅਸਮਰੱਥ ਹੋ ਗਈ। ਇਸ ਦਾ ਪਤਾ ਲੱਗਣ ’ਤੇ ਦੂਜੇ ਘਰਾਂ ’ਚ ਕੰਮ ਕਰਨ ਵਾਲੀਆਂ ਔਰਤਾਂ ਨੇ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ। 
* 10 ਅਗਸਤ ਨੂੰ ਦੱਖਣੀ ਦਿੱਲੀ ਦੇ ਇਕ ਮਕਾਨ ’ਚ ਕੰਮ ਕਰਨ ਵਾਲੀ 43 ਸਾਲਾ ਘਰੇਲੂ ਸਹਾਇਕਾ ਨੂੰ ਚੋਰੀ ਦੇ ਸ਼ੱਕ ’ਚ ਉਸ ਦੇ ਘਰ ਦੇ ਮਾਲਕ ਇਕ ਕਮਰੇ ’ਚ ਬੰਦ ਕਰ ਕੇ ਉਸ ਦੇ ਹੱਥ-ਪੈਰ ਬੰਨ੍ਹ ਕੇ ਘੰਟਿਆਂ ਤੱਕ ਉਸ ਕੋਲੋਂ ਕਬੂਲਨਾਮੇ ਦੀ ਮੰਗ ਕਰਦੇ ਰਹੇ ਅਤੇ ਫਿਰ ਉਸ ਨੂੰ ਨਗਨ ਕਰਕੇ ਚੱਪਲਾਂ ਅਤੇ ਵੇਲਣੇ ਨਾਲ ਕੁੱਟਿਆ।  
* ਅਤੇ ਹੁਣ 31 ਅਗਸਤ, 2022 ਨੂੰ ਰਾਂਚੀ (ਝਾਰਖੰਡ) ’ਚ ਸਾਬਕਾ ਆਈ. ਏ. ਐੱਸ. ਅਧਿਕਾਰੀ ਬੀ. ਬੀ. ਪਾਤਰਾ ਦੀ ਪਤਨੀ ਸੀਮਾ ਪਾਤਰਾ ਨੂੰ ਆਪਣੀ 29 ਸਾਲਾ ਆਦਿਵਾਸੀ ਨੌਕਰਾਣੀ ਸੁਨੀਤਾ ਨੂੰ ਟਾਰਚਰ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਸੀਮਾ ਪਾਤਰਾ ਭਾਜਪਾ ਮਹਿਲਾ ਵਿੰਗ ਦੀ ਰਾਸ਼ਟਰੀ ਵਰਕਿੰਗ ਕਮੇਟੀ ਦੀ ਮੈਂਬਰ ਤੋਂ ਇਲਾਵਾ ਭਾਜਪਾ ਦੀ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਦੀ ਸੂਬਾ ਕਨਵੀਨਰ ਵੀ ਸੀ, ਜਿਸ ਨੂੰ ਹੁਣ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ।

ਫਿਲਹਾਲ ਪੀੜਤਾ ਨੂੰ ਸੀਮਾ ਪਾਤਰਾ ਦੀ ਕੈਦ ’ਚੋਂ ਮੁਕਤ ਕਰਵਾ ਕੇ ਇਲਾਜ ਲਈ ਰਾਂਚੀ ਦੇ ‘ਰਿਮਸ’ ’ਚ ਦਾਖਲ ਕਰਵਾਇਆ ਗਿਆ ਹੈ। ਸੁਨੀਤਾ ਦਾ ਦੋਸ਼ ਹੈ ਕਿ ਸਾਲਾਂ ਤੋਂ ਉਸ ਨੇ ਸੂਰਜ ਦੀ ਰੌਸ਼ਨੀ ਨਹੀਂ ਦੇਖੀ ਅਤੇ ਜਦੋਂ ਉਹ ਸੀਮਾ ਨੂੰ ਉਸ ਨੂੰ ਘਰ ਜਾਣ ਦੀ ਬੇਨਤੀ ਕਰਦੀ ਤਾਂ ਸੀਮਾ ਉਸ ਦੇ ਨਾਲ ਕੁੱਟਮਾਰ ਕਰਦੀ ਸੀ। ਸੁਨੀਤਾ ਨੇ ਕਿਹਾ ਕਿ ਸੀਮਾ ਪਾਤਰਾ ਉਸ ਨੂੰ ਕਈ-ਕਈ ਦਿਨਾਂ ਤੱਕ ਬਿਨਾਂ ਭੋਜਨ ਅਤੇ ਪਾਣੀ ਦਿੱਤੇ ਕਮਰੇ ’ਚ ਰੱਖਦੀ, ਲਗਾਤਾਰ ਉਸ ਦੀ ਕੁੱਟਮਾਰ ਕਰਦੀ ਅਤੇ ਉਸ ਦੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਗਰਮ ਤਵੇ ਅਤੇ ਬਰਤਨਾਂ ਨਾਲ ਸਾੜਦੀ ਸੀ।  

ਲਗਾਤਾਰ ਤਸ਼ੱਦਦ ਦੇ ਕਾਰਨ ਉਸ ਦੀ ਹਾਲਤ ਖਰਾਬ ਹੁੰਦੀ ਚਲੀ ਗਈ ਤੇ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਆਪਣੇ ਪੈਰਾਂ ’ਤੇ ਖੜ੍ਹੀ ਹੋ ਕੇ ਚੱਲਣ ਦੀ ਬਜਾਏ ਜ਼ਮੀਨ ’ਤੇ ਘਿਸੜ-ਘਿਸੜ ਕੇ ਚੱਲਣ ਲਈ ਮਜਬੂਰ ਹੋ ਗਈ। 
ਸੁਨੀਤਾ ਨੂੰ ਫਰਸ਼ ’ਤੇ ਖਿਲਰਿਆ ਹੋਇਆ ਪਿਸ਼ਾਬ ਚੱਟਣ ਲਈ ਮਜਬੂਰ ਕੀਤਾ ਜਾਂਦਾ ਅਤੇ ਉਸ ਦੇ ਸਾਹਮਣੇ ਦੇ 3-4 ਦੰਦ ਲੋਹੇ ਦੀ ਛੜੀ ਨਾਲ ਤੋੜ ਦਿੱਤੇ ਗਏ। ਇਸ ਬਦਨਸੀਬ ਮੁਟਿਆਰ ਦੇ ਸਬੰਧ ’ਚ ਪਾਤਰਾ ਜੋੜੇ ਦੇ ਇਕਲੌਤੇ ਬੇਟੇ ਆਯੁਸ਼ਮਾਨ ਨੇ ‘ਵਿਵੇਕ ਬਸਕੀ’ ਨਾਂ ਦੇ ਆਪਣੇ ਮਿੱਤਰ ਨੂੰ ਦੱਸਿਆ ਸੀ, ਜਿਸ ਦਾ ਇਨ੍ਹਾਂ ਦੇ ਘਰ ’ਚ ਆਉਣਾ-ਜਾਣਾ ਸੀ। ਸੁਨੀਤਾ ਦੀ ਦੁਰਦਸ਼ਾ ਦਾ ਪਤਾ ਲੱਗਣ ’ਤੇ ਵਿਵੇਕ ਨੇ ਹੀ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਉਸ ਦੀ ਮੁਕਤੀ ਸੰਭਵ ਹੋ ਸਕੀ।

ਪੁਲਸ ਦੇ ਅਨੁਸਾਰ ਇਸ ‘ਤਸੀਹਾਘਰ’ ’ਚ ਜੇਕਰ ਕੋਈ ਸੁਨੀਤਾ ਦੀ ਆਵਾਜ਼ ਸੁਣਨ ਵਾਲਾ ਸੀ ਤਾਂ ਉਹ ਆਯੁਸ਼ਮਾਨ ਹੀ ਸੀ ਅਤੇ ਉਸ ਨੂੰ ਵੀ ਸੀਮਾ ਨੇ ਦਿਮਾਗੀ ਰੋਗੀ ਕਰਾਰ ਦੇ ਕੇ ਦਿਮਾਗੀ ਰੋਗਾਂ ਦੇ ਹਸਪਤਾਲ ’ਚ ਦਾਖਲ ਕਰਵਾ ਦਿੱਤਾ। 
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਘਰਾਂ ’ਚ ਕੰਮ ਕਰਨ ਵਾਲੇ ਕੁਝ ਨੌਕਰ-ਨੌਕਰਾਣੀਆਂ ਆਪਣੇ ਮਾਲਕਾਂ ਦੇ ਹੱਥੋਂ ਕਿਸ ਕਦਰ ਅਸੁਰੱਖਿਅਤ ਹਨ ਅਤੇ ਰੱਜੇ-ਪੁੱਜੇ ਲੋਕ ਕਿਸ ਤਰ੍ਹਾਂ ਉਨ੍ਹਾਂ ਦੀ ਮਜਬੂਰੀ ਦਾ ਅਣਉਚਿਤ ਲਾਭ ਉਠਾ ਰਹੇ ਹਨ। ਇਹ ਲੋਕਾਂ ਦੀ ਬੀਮਾਰ ਮਾਨਸਿਕਤਾ, ਡੂੰਘੀ ਸਮਾਜਿਕ ਨਾਬਰਾਬਰੀ ਵਾਲੀ ਸੋਚ ਅਤੇ ਮਨੁੱਖਤਾ ਦੇ ਪ੍ਰਤੀ ਅਪਰਾਧ ਦਾ ਨਤੀਜਾ ਹੈ, ਜੋ ਉਹ ਆਪਣੇ ਨੌਕਰਾਂ ਦੇ ਨਾਲ ਇਨਸਾਨਾਂ ਵਰਗਾ ਸਲੂਕ ਹੀ ਨਹੀਂ ਕਰਦੇ। 

ਇਸ ਤਰ੍ਹਾਂ ਦੇ ਰੁਝਾਨ ’ਚ ਵਾਧੇ ਦਾ ਇਕ ਕਾਰਨ ਸਾਡੇ ਕਾਨੂੰਨਾਂ ਦਾ ਕਮਜ਼ੋਰ ਹੋਣਾ ਵੀ ਹੈ ਕਿਉਂਕਿ ਅਜਿਹਾ ਅਪਰਾਧ ਕਰਨ ਵਾਲਿਆਂ ਨੂੰ ਕੋਈ ਖਾਸ ਸਜ਼ਾ ਵੀ ਅਦਾਲਤ ਵੱਲੋਂ ਨਹੀਂ ਮਿਲਦੀ ਅਤੇ ਇਹ ਬੁਰਾਈ ਸਮਾਜ ਦੇ ਕਿਸੇ ਇਕ ਵਰਗ ’ਚ ਹੀ ਨਹੀਂ ਸਗੋਂ ਸਾਰੇ ਵਰਗਾਂ ’ਚ ਪਾਈ ਜਾਂਦੀ ਹੈ। ਕਿਉਂਕਿ ਅਜਿਹੇ ਸ਼ਕਤੀਸ਼ਾਲੀ ਤੇ ਰੱਜੇ-ਪੁੱਜੇ ਲੋਕਾਂ ਦੀ ਬੇਇਨਸਾਫੀ ਅਤੇ ਜ਼ੁਲਮਾਂ ਦੇ ਸ਼ਿਕਾਰ ਲੋਕ ਆਪਣੇ ਨਾਲ ਹੋਣ ਵਾਲੀ ਬੇਇਨਸਾਫੀ ਵਿਰੁੱਧ ਆਵਾਜ਼ ਚੁੱਕਣ ’ਚ ਸਮਰੱਥ ਨਹੀਂ ਹੁੰਦੇ। ਇਸ ਲਈ ਅਜਿਹੇ ਮਾਮਲੇ ਸਾਹਮਣੇ ਆਉਣ ’ਤੇ ਪੀੜਤਾਂ ਨੂੰ ਜਿੰਨੀ ਜਲਦੀ ਹੋ ਸਕੇ ਨਿਆਂ ਦਿਵਾਉਣਾ ਅਤੇ ਉਨ੍ਹਾਂ ਦਾ ਮੁੜ-ਵਸੇਬਾ ਕਰਨਾ ਹੋਰ ਵੀ ਜ਼ਰੂਰੀ ਹੈ।

–ਵਿਜੇ ਕੁਮਾਰ


Mukesh

Content Editor

Related News