ਦੇਸ਼ ’ਚ ਤੇਜ਼ੀ ਨਾਲ ਵਧ ਰਹੀ ‘ਆਨਲਾਈਨ ਬੇਵਫਾਈ’
Saturday, Aug 19, 2023 - 02:59 AM (IST)
ਹਰ ਉਮਰ ਦੇ ਲੋਕਾਂ ਵੱਲੋਂ ਲੈਪਟਾਪ, ਟੈਬ ਅਤੇ ਮੋਬਾਈਲ ਫੋਨ ਰਾਹੀਂ ਦੇਖਿਆ ਜਾਣ ਵਾਲਾ ‘ਪੋਰਨ’ (ਅਸ਼ਲੀਲ ਸਮੱਗਰੀ) ਡਿਜੀਟਲ ਇੰਡਸਟਰੀ ਨਾਲ ਜੁੜੇ ਲੋਕਾਂ ਲਈ ਬੇਹਿਸਾਬ ਕਮਾਈ ਦਾ ਸਾਧਨ ਬਣ ਚੁੱਕਾ ਹੈ।
ਇਸ ’ਚ ਹਰ ਸਾਲ 14 ਤੋਂ 15 ਬਿਲੀਅਨ ਡਾਲਰ ਦਾ ਕਾਰੋਬਾਰ ਹੋ ਰਿਹਾ ਹੈ। ਇੰਟਰਨੈੱਟ ’ਤੇ ਸਭ ਤੋਂ ਵੱਧ ਮੁਨਾਫੇ ਵਾਲਾ ਇਹ ਧੰਦਾ ਜਿੱਥੇ ਇਸ ਨਾਲ ਜੁੜੇ ਲੋਕਾਂ ਦੀਆਂ ਤਿਜੌਰੀਆਂ ਭਰ ਰਿਹਾ ਹੈ, ਉੱਥੇ ਲੋਕਾਂ ਦੀ ਸਿਹਤ ਦੀ ਬਰਬਾਦੀ ਦਾ ਕਾਰਨ ਵੀ ਬਣ ਰਿਹਾ ਹੈ।
ਇਸ ਬਾਰੇ ਤਾਜ਼ਾ ਪ੍ਰਗਟਾਵੇ ਅਨੁਸਾਰ ਇਕਾਂਤ ’ਚ ਫੁਰਸਤ ਦੇ ਪਲਾਂ ਦੌਰਾਨ ਆਨਲਾਈਨ ਪੋਰਨੋਗ੍ਰਾਫੀ ਭਾਵ ਇੰਟਰਨੈੱਟ ਰਾਹੀਂ ਅਸ਼ਲੀਲ ਸਮੱਗਰੀ ਦੇਖਣ ਦੇ ਰੁਝਾਨ ’ਚ ਤੇਜ਼ੀ ਨਾਲ ਵਾਧੇ ਕਾਰਨ ਲੋਕਾਂ ਦੀ ਸੈਕਸ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ।
ਬੈਂਗਲੂਰੂ ਸਥਿਤ ‘ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼’ (‘ਨਿਮਹਾਂਸ’) ’ਚ ਕਲੀਨਿਕਲ ਸਾਇਕਾਲੋਜੀ ਦੇ ਪ੍ਰੋਫੈਸਰ ਡਾ. ਮਨੋਜ ਕੁਮਾਰ ਸ਼ਰਮਾ ਅਨੁਸਾਰ ‘‘ਰਿਸ਼ਤਿਆਂ ’ਚ ਬੱਝੇ ਕੰਮਕਾਜੀ ਲੋਕਾਂ ’ਚ ਇੰਟਰਨੈੱਟ ਰਾਹੀਂ ‘ਸੁਖ’ ਹਾਸਲ ਕਰਨ ਦਾ ਰੁਝਾਨ ਵਧਦਾ ਜਾ ਰਿਹਾ ਹੈ।’’
ਫੁਰਸਤ ਦੇ ਪਲਾਂ ’ਚ ਬੋਰੀਅਤ ਤੋਂ ਬਚਣ ਲਈ ਸਮਾਂ ਬਿਤਾਉਣ ਦੇ ਇਕ ਸਾਧਨ ਵਜੋਂ ਸ਼ੁਰੂ ਹੋਣ ਵਾਲੀ ਇਸ ਬੁਰਾਈ ਦਾ ਅੰਜਾਮ ਇਕ ਅਜਿਹੇ ਚੱਕਰਵਿਊ ਵਜੋਂ ਸਾਹਮਣੇ ਆਉਂਦਾ ਹੈ, ਜਿਸ ’ਚੋਂ ਬਾਹਰ ਨਿਕਲ ਸਕਣਾ ‘ਪੋਰਨ’ ਵੇਖਣ ਦੇ ਆਦੀ ਵਿਅਕਤੀ ਲਈ ਬੇਹੱਦ ਔਖਾ ਹੋ ਜਾਂਦਾ ਹੈ।
ਡਾ. ਮਨੋਜ ਕੁਮਾਰ ਸ਼ਰਮਾ ਅਨੁਸਾਰ ਉਨ੍ਹਾਂ ਕੋਲ ਅਜਿਹੀਆਂ ਕਈ ਨਿਰਾਸ਼ ਔਰਤਾਂ ਆਉਂਦੀਆਂ ਹਨ ਜਿਨ੍ਹਾਂ ਦਾ ਇਹ ਮੰਨਣਾ ਹੈ ਕਿ ‘‘ਲਗਾਤਾਰ ‘ਪੋਰਨ’ ਦੇਖਦੇ ਰਹਿਣ ਦੀ ਆਦਤ ਕਾਰਨ ਉਨ੍ਹਾਂ ਦੇ ਪਤੀ ਉਨ੍ਹਾਂ ਨਾਲ ਬੇਵਫਾਈ ਕਰਦੇ ਹੋਏ ਮਹਿਸੂਸ ਹੁੰਦੇ ਹਨ।’’
ਡਾ. ਮਨੋਜ ਕੁਮਾਰ ਸ਼ਰਮਾ ਦਾ ਇਹ ਵੀ ਕਹਿਣਾ ਹੈ ਕਿ ਇਹ ਸਥਿਤੀ ਸਿਰਫ ਵਿਆਹੇ ਜੋੜਿਆਂ ਨਾਲ ਹੀ ਨਹੀਂ ਸਗੋਂ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ’ਚ ਰਹਿਣ ਵਾਲੇ ਜੋੜੇ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਸ਼ਿਕਾਰ ਹਨ।
ਹਾਲਾਂਕਿ ਮਰਦ ਪਾਰਟਨਰ ਆਪਣੇ ਸਾਥੀ ਨਾਲ ਪਿਆਰ ਜਤਾਉਣਾ ਬੰਦ ਨਹੀਂ ਕਰਦਾ ਪਰ ਲੰਬੇ ਸਮੇਂ ਲਈ ਉਨ੍ਹਾਂ ਦੀ ‘ਪੋਰਨ’ ਸਮੱਗਰੀ ਵੇਖਣ ਦੀ ਆਦਤ ਉਸ ਦੇ ਸਾਥੀ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੰਦੀ ਹੈ ਕਿ ਉਸ ਦੇ ਪਾਰਟਨਰ ਦੀ ਇਹ ਆਦਤ ਕਿਸੇ ‘ਅਫੇਅਰ’ ਤੋਂ ਘੱਟ ਨਹੀਂ ਹੈ।
ਇਸ ਦਾ ਕਾਰਨ ਇਹ ਹੈ ਕਿ ਬਹੁਤ ਵਧੇਰੇ ‘ਪੋਰਨ’ ਵੇਖਣ ਦੇ ਸਿੱਟੇ ਵਜੋਂ ਮਰਦਾਂ ਨੂੰ ਆਨੰਦ ਪ੍ਰਦਾਨ ਕਰਨ ਵਾਲਾ ਹਾਰਮੋਨ ਇਸ ਹੱਦ ਤੱਕ ਰਿਲੀਜ਼ ਹੋਣ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੇ ਸਾਥੀ ਨਾਲ ਸਰੀਰਕ ਸਬੰਧ ਕਾਇਮ ਕਰਨ ਜਾਂ ਇਸ ’ਚ ਬਿਹਤਰੀ ਲਿਆਉਣ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ।
ਸਮਾਂ ਬੀਤਣ ਦੇ ਨਾਲ-ਨਾਲ ਇਹ ਆਦਤ ਇਸ ਹੱਦ ਤੱਕ ਗੰਭੀਰ ਰੂਪ ਧਾਰਨ ਕਰ ਜਾਂਦੀ ਹੈ ਕਿ ਵਿਆਹੇ ਮਰਦ ਆਪਣਾ ਫੁਰਸਤ ਦਾ ਸਮਾਂ ਆਪਣੀ ਪਤਨੀ ਨਾਲ ਬਿਤਾਉਣ ਦੀ ਬਜਾਏ ‘ਪੋਰਨ’ ਦੇਖਣ ’ਚ ਬਿਤਾਉਣ ਨੂੰ ਪਹਿਲ ਦੇਣ ਲੱਗਦੇ ਹਨ।
ਇਕ ਹੱਦ ਤੋਂ ਵੱਧ ਜਾਣ ਪਿੱਛੋਂ ‘ਪੋਰਨ’ ਦੇਖਣ ਦੀ ਆਦਤ ਦਾ ਸ਼ਿਕਾਰ ਵਿਅਕਤੀ ਦਾ ਅਸਲੀਅਤ ਨਾਲੋਂ ਨਾਤਾ ਟੁੱਟ ਜਾਂਦਾ ਹੈ ਅਤੇ ਉਹ ਆਨੰਦ ਪ੍ਰਦਾਨ ਕਰਨ ਵਾਲੇ ਹਾਰਮੋਨ ਦੇ ਰਿਲੀਜ਼ ਲਈ ‘ਪੋਰਨ’ ਦੇਖਣਾ ਜਾਰੀ ਰੱਖਦਾ ਹੈ।
ਇਸੇ ਦੌਰਾਨ ਇਕ ਹੋਰ ਕਲੀਨਿਕਲ ਸਾਇਕਾਲੋਜਿਸਟ ਡਾ. ਨਿਤਿਨ ਆਨੰਦ ਦਾ ਕਹਿਣਾ ਹੈ ਕਿ ‘‘ਪੋਰਨ ਵੇਖਣ ਵਾਲੇ 60 ਫੀਸਦੀ ਮਰਦ ‘ਲਿੰਗ ਸ਼ਿਥਿਲਤਾ’ (ਇਰੈਕਟਾਈਲ ਡਿਸਫੰਕਸ਼ਨ) ਦੀ ਸ਼ਿਕਾਇਤ ਕਰਦੇ ਹਨ ਪਰ ਇਹੀ ਲੋਕ ਜਦੋਂ ‘ਪੋਰਨ’ ਦੇਖਦੇ ਹਨ ਤਾਂ ਉਨ੍ਹਾਂ ਨੂੰ ਅਜਿਹੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਤੋਂ ਸਪੱਸ਼ਟ ਹੈ ਕਿ ਵਿਅਕਤੀ ਨੂੰ ‘ਪੋਰਨ’ ਸਮੱਗਰੀ ਕਿਸ ਹੱਦ ਤੱਕ ਜਕੜ ਲੈਂਦੀ ਹੈ।’’ ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤੋਂ ਦੂਰ ਰਹਿਣ ’ਚ ਹੀ ਭਲਾਈ ਹੈ।
ਜਿਨ੍ਹਾਂ ਲੋਕਾਂ ਨੂੰ ਇਹ ਬੁਰੀ ਆਦਤ ਹੈ, ਉਨ੍ਹਾਂ ਨੂੰ ਇਸ ਤੋਂ ਛੁਟਕਾਰਾ ਹਾਸਲ ਕਰਨ ਲਈ ਮਨੋਚਿਕਿਤਸਕ ਦੀ ਮਦਦ ਜ਼ਰੂਰ ਲੈਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਇਸ ਗਲਤ ਰੁਝਾਨ ਤੋਂ ਛੁਟਕਾਰਾ ਹਾਸਲ ਕਰ ਕੇ ਵਿਆਹੁਤਾ ਜੀਵਨ ’ਚ ਪੈਦਾ ਹੋਣ ਵਾਲੀਆਂ ਕਈ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
- ਵਿਜੇ ਕੁਮਾਰ