ਇਕ ਹੀ ਸਵਾਲ! 14 ਅਪ੍ਰੈਲ ਨੂੰ ਲਾਕਡਾਊਨ ਖਤਮ ਹੋਵੇਗਾ ਜਾਂ ਨਹੀਂ

Thursday, Apr 09, 2020 - 02:14 AM (IST)

ਇਕ ਹੀ ਸਵਾਲ! 14 ਅਪ੍ਰੈਲ ਨੂੰ ਲਾਕਡਾਊਨ ਖਤਮ ਹੋਵੇਗਾ ਜਾਂ ਨਹੀਂ

ਮੇਨ ਆਰਟੀਕਲ

‘ਕੋਰੋਨਾ’ ਦੇ ਮਹਾਸੰਕਟ ਤੋਂ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਮਾਰਚ ਤੋਂ 14 ਅਪ੍ਰੈਲ ਤਕ ਦੇਸ਼ ’ਚ 21 ਦਿਨਾਂ ਦਾ ਲਾਕਡਾਊਨ ਐਲਾਨਿਆ ਸੀ, ਜਿਸ ਦੇ ਅਧੀਨ ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਘਰ ’ਚ ਹੀ ਰਹਿਣ, ਸੋਸ਼ਲ ਡਿਸਟੈਂਸਿੰਗ ਅਤੇ ਹੋਰ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ ਸੀ। ਕੁਝ ਦਿਨ ਬਾਅਦ 29 ਮਾਰਚ ਨੂੰ ਖਬਰ ਆਈ ਕਿ ‘ਕੋਰੋਨਾ’ ਇਨਫੈਕਸ਼ਨ ਤੋਂ ਬਚਣ ਲਈ ਦੇਸ਼ ਨੂੰ ਲਾਕਡਾਊਨ ਦੇ ਇਕ ਹੋਰ ਦੌਰ ’ਚੋਂ ਲੰਘਣਾ ਪੈ ਸਕਦਾ ਹੈ। ਇਸ ਬਾਰੇ ਕੇਂਦਰ ਸਰਕਾਰ ਦੇ ਮਾਹਿਰਾਂ ਦੀ ਇਕ ਕਮੇਟੀ ਨੇ 18 ਅਪ੍ਰੈਲ ਤੋਂ 31 ਮਈ ਤਕ ਦੁਬਾਰਾ ਲਾਕਡਾਊਨ ਦੀ ਸਿਫਾਰਿਸ਼ ਵੀ ਕੀਤੀ ਸੀ ਪਰ ਅਗਲੇ ਹੀ ਦਿਨ 30 ਮਾਰਚ ਨੂੰ ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਲਾਕਡਾਊਨ ਅੱਗੇ ਨਹੀਂ ਵਧਾਇਆ ਜਾਵੇਗਾ, ਸਰਕਾਰ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ। ਇਸ ਐਲਾਨ ਤੋਂ ਬਾਅਦ ਰੇਲਵੇ ਅਤੇ ਹਵਾਈ ਸੇਵਾਵਾਂ ਨੇ 15 ਅਪ੍ਰੈਲ ਤੋਂ ਬਾਅਦ ਦੀ ਯਾਤਰਾ ਲਈ ਟਿਕਟਾਂ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਸੀ, ਜਿਸ ਦਾ ਮਤਲਬ ਇਹ ਸੀ ਕਿ 15 ਅਪ੍ਰੈਲ ਤੋਂ ਬਾਅਦ ਲੋਕ ਰੇਲਵੇ ਅਤੇ ਹਵਾਈ ਸਫਰ ਕਰ ਸਕਣਗੇ। ਇਸ ਦਰਮਿਆਨ ਵੱਖ-ਵੱਖ ਸੂਬਿਆਂ ਪੰਜਾਬ, ਹਰਿਆਣਾ, ਬਿਹਾਰ, ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਦੇ ਸਿੱਖਿਆ ਵਿਭਾਗਾਂ ਅਤੇ ਸੀ. ਬੀ. ਐੱਸ. ਈ. ਨੇ ਬਿਨਾਂ ਪ੍ਰੀਖਿਆ ਲਏ ਵੱਖ-ਵੱਖ ਕਲਾਸਾਂ ਦੇ ਬੱਚਿਆਂ ਨੂੰ ਅਗਲੀਆਂ ਕਲਾਸਾਂ ’ਚ ਭੇਜਣ ਦਾ ਫੈਸਲਾ ਕਰ ਦਿੱਤਾ। ਹੁਣ ਜਦਕਿ ਇਹ ਲਾਕਡਾਊਨ ਖਤਮ ਹੋਣ ’ਚ ਸਿਰਫ 6 ਦਿਨ ਬਾਕੀ ਰਹਿ ਗਏ ਹਨ, ਲੋਕਾਂ ’ਚ ਇਹ ਜਾਣਨ ਦੀ ਉਤਸੁਕਤਾ ਹੈ ਕਿ ਇਸ ਨੂੰ ਅੱਗੇ ਵਧਾਇਆ ਜਾਵੇਗਾ ਜਾਂ ਨਹੀਂ। ਹਾਲਾਂਕਿ ਇਸ ਬਾਰੇ ਫੈਸਲਾ ਤਾਂ ਸਾਰੇ ਹਾਲਾਤ ਦੇਖਦੇ ਹੋਏ ਕੇਂਦਰ ਸਰਕਾਰ ਹੀ ਕਰੇਗੀ ਪਰ ‘ਕੋਰੋਨਾ’ ਦੀ ਵਧਦੀ ਇਨਫੈਕਸ਼ਨ ਦੇਖਦੇ ਹੋਏ ਰੇਲਵੇ ਅਤੇ ਹਵਾਈ ਸੇਵਾਵਾਂ ਵਲੋਂ ਆਪਣੀ ਬੁਕਿੰਗ ਰੱਦ ਕਰ ਦੇਣ ਤੋਂ ਅਜਿਹੇ ਸੰਕੇਤ ਮਿਲ ਰਹੇ ਹਨ ਕਿ 14 ਅਪ੍ਰੈਲ ਨੂੰ ਖਤਮ ਹੋਣ ਵਾਲਾ ਲਾਕਡਾਊਨ ਕੁਝ ਦਿਨਾਂ ਲਈ ਤਾਂ ਜ਼ਰੂਰ ਅੱਗੇ ਵਧਾ ਹੀ ਦਿੱਤਾ ਜਾਵੇਗਾ। ਇਸ ਅੰਦਾਜ਼ੇ ਨੂੰ ਇਸ ਤੱਥ ਤੋਂ ਵੀ ਬਲ ਮਿਲਦਾ ਹੈ ਕਿ ਜਿਥੇ ਚੀਨ ’ਚ ਲਾਕਡਾਊਨ ਤੋਂ ਬਾਅਦ ਵੁਹਾਨ ਸ਼ਹਿਰ ਵਿਚ ‘ਕੋਰੋਨਾ’ ਵਾਇਰਸ ਵਾਪਸ ਪਰਤ ਆਇਆ ਹੈ, ਉਥੇ ਹੀ ਇਸ ਬਾਰੇ ਗਠਿਤ ਮੰਤਰੀ ਸਮੂਹ ਨੇ ਵੀ ਸਕੂਲ, ਕਾਲਜ, ਸ਼ਾਪਿੰਗ ਮਾਲ ਅਤੇ ਧਾਰਮਿਕ ਅਸਥਾਨ 15 ਮਈ ਤਕ ਬੰਦ ਰੱਖਣ ਦੀ ਸਿਫਾਰਿਸ਼ ਕਰ ਦਿੱਤੀ ਹੈ। ਲਿਹਾਜ਼ਾ ਜਿਸ ਤਰ੍ਹਾਂ ਲਾਕਡਾਊਨ-1 ਦੇ ਅੰਤਿਮ ਪੜਾਅ ’ਚ ਦਵਾਈਆਂ, ਸਬਜ਼ੀਆਂ ਆਦਿ ਦੀਆਂ ਦੁਕਾਨਾਂ ਨੂੰ ਇਕ ਨਿਸ਼ਚਿਤ ਮਿਆਦ ਲਈ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਹੋ ਸਕਦਾ ਹੈ ਕਿ ਅਗਲਾ ਲਾਕਡਾਊਨ ਕੁਝ ਬਦਲੇ ਹੋਏ ਰੂਪ ’ਚ ਲਾਗੂ ਕੀਤਾ ਜਾਵੇ। 7 ਅਪ੍ਰੈਲ ਨੂੰ ਆਪਣੀ ਬੈਠਕ ਵਿਚ ਮੰਤਰੀ ਸਮੂਹ ਨੇ ਕਿਹਾ ਹੈ ਕਿ ਲਾਕਡਾਊਨ 14 ਅਪ੍ਰੈਲ ਤੋਂ ਅੱਗੇ ਨਾ ਵਧਾਉਣ ਦੀ ਸਥਿਤੀ ਵਿਚ ਵੀ ਧਾਰਮਿਕ ਕੇਂਦਰਾਂ, ਸ਼ਾਪਿੰਗ ਮਾਲਜ਼ ਅਤੇ ਸਿੱਖਿਆ ਸੰਸਥਾਵਾਂ ਨੂੰ ਚਾਰ ਹਫਤਿਆਂ ਤਕ ਆਮ ਢੰਗ ਨਾਲ ਕੰਮਕਾਜ ਸ਼ੁਰੂ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਇਹੀ ਨਹੀਂ, 8 ਸੂਬੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ, ਝਾਰਖੰਡ, ਆਸਾਮ ਅਤੇ ਮਹਾਰਾਸ਼ਟਰ ਤਾਂ ਪਹਿਲਾਂ ਹੀ ਲਾਕਡਾਊਨ ਵਧਾਉਣ ਦੇ ਪੱਖ ਵਿਚ ਵਿਚਾਰ ਪ੍ਰਗਟ ਕਰ ਚੁੱਕੇ ਹਨ। ਪੰਜਾਬ ਸਰਕਾਰ ਨੇ ਵੀ ਅਜੇ ਹਾਲਾਤ ਅਨੁਕੁੂਲ ਨਾ ਹੋਣ ਕਾਰਣ ਸੂਬੇ ਵਿਚ ਲਾਗੂ ਕਰਫਿਊ ਅੱਗੇ ਵਧਾਉਣ ਦੇ ਸੰਕੇਤ ਦਿੱਤੇ ਹਨ, ਜਿਸ ਦਾ ਫੈਸਲਾ 10 ਅਪ੍ਰੈਲ ਨੂੰ ਕੀਤਾ ਜਾਵੇਗਾ। ਉਪ ਰਾਸ਼ਟਰਪਤੀ ਐੱਮ. ਵੈਂਕੱਈਆ ਨਾਇਡੂ ਨੇ ਵੀ 7 ਅਪ੍ਰੈਲ ਨੂੰ ਕਿਹਾ ਹੈ ਕਿ ਸਰਕਾਰ ਦਾ ਫੈਸਲਾ ‘ਕੋਰੋਨਾ’ ਵਾਇਰਸ ਦੇ ਪ੍ਰਸਾਰ ਨਾਲ ਜੁੜੇ ਅੰਕੜਿਆਂ ਦੇ ਅਧਿਐਨ ’ਤੇ ਨਿਰਭਰ ਹੋਣ ਕਾਰਣ ਲਾਕਡਾਊਨ ਦਾ ਅੰਤਿਮ ਹਫਤਾ ਇਸ ’ਚੋਂ ਬਾਹਰ ਨਿਕਲਣ ਦੀ ਰਣਨੀਤੀ ਬਣਾਉਣ ਲਈ ਬਹੁਤ ਹੀ ਮਹੱਤਵਪੂਰਨ ਹੈ।

ਇਸ ਦਰਮਿਆਨ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਆਪਣੇ ਨਾਲ ਜੁੜੇ ਹੋਏ ਸਕੂਲਾਂ ਦੇ ਪ੍ਰਬੰਧਕਾਂ ਨਾਲ ਵੀ ਆਮ ਤੌਰ ’ਤੇ ਮਈ ਤੋਂ ਜੂਨ ਦੇ ਦਰਮਿਆਨ ਹੋਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਇਸ ਵਾਰ ਸਮੇਂ ਤੋਂ ਪਹਿਲਾਂ ਕਰਨ ਬਾਰੇ ਚਰਚਾ ਕਰ ਰਿਹਾ ਹੈ। ਬੇਸ਼ੱਕ ਇਕ ਵਰਗ ਦਾ ਕਹਿਣਾ ਹੈ ਕਿ ਗਰਮੀ ਵਧਣ ਦੇ ਨਾਲ ਹੀ ਕੋਰੋਨਾ ਦਾ ਪ੍ਰਕੋਪ ਵੀ ਘਟ ਜਾਵੇਗਾ ਕਿਉਂਕਿ ਗਰਮੀ ਵਿਚ ਇਸ ਦੇ ਵਿਸ਼ਾਣੂ ਮਰ ਜਾਂਦੇ ਹਨ ਪਰ ਅਜੇ ਤਕ ਇਹ ਦਾਅਵਾ ਵਿਗਿਆਨ ਦੀ ਕਸੌਟੀ ’ਤੇ ਖਰਾ ਨਹੀਂ ਉਤਰਿਆ ਹੈ। ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਅਜਿਹਾ ਸੰਭਵ ਹੈ ਤਾਂ ਵੀ ਮੌਸਮ ਦਾ ਮੌਜੂਦਾ ਮਿਜ਼ਾਜ ਦੇਖਦੇ ਹੋਏ ਇਸ ਦੀ ਸੰਭਾਵਨਾ ਘੱਟ ਹੀ ਦਿਖਾਈ ਦਿੰਦੀ ਹੈ ਕਿਉਂਕਿ ਇਕ ਦਿਨ ਕੁਝ ਗਰਮੀ ਪੈਂਦੀ ਵੀ ਹੈ ਤਾਂ ਅਗਲੇ ਦਿਨ ਵਧੇਰੇ ਥਾਵਾਂ ’ਤੇ ਮੀਂਹ ਅਤੇ ਗੜੇਮਾਰੀ ਹੋ ਜਾਣ ਨਾਲ ਮੌਸਮ ਫਿਰ ਕੁਝ ਠੰਡਾ ਹੋ ਜਾਂਦਾ ਹੈ। ਇਨ੍ਹਾਂ ਹਾਲਾਤ ’ਚ ਅਜੇ ਤਕ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ 14 ਅਪ੍ਰੈਲ ਤੋਂ ਬਾਅਦ ਵੀ ਲਾਕਡਾਊਨ ਕਿਸੇ ਨਾ ਕਿਸੇ ਰੂਪ ’ਚ ਕੁਝ ਹੋਰ ਸਮੇਂ ਲਈ ਵਧਾਇਆ ਹੀ ਜਾਵੇਗਾ ਅਤੇ ਹੁਣ ਤਾਂ ਪੀ. ਐੱਮ. ਮੋਦੀ ਨੇ ਵੀ 8 ਅਪ੍ਰੈਲ ਨੂੰ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕਹਿ ਦਿੱਤਾ ਹੈ ਕਿ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਇਹ ਸੰਭਾਵਨਾ ਨਹੀਂ ਹੈ ਕਿ ਲਾਕਡਾਊਨ ਅਜੇ ਜਲਦੀ ਸਮਾਪਤ ਹੋਵੇਗਾ। ਇਸ ਲਈ ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਸਾਰੇ ਲੋਕ ਇਸ ਸਾਂਝੇ ਦੁਸ਼ਮਣ ਨਾਲ ਲੜਨ ਵਿਚ ਸਰਕਾਰ ਨੂੰ ਸਹਿਯੋਗ ਦੇਣ ਅਤੇ ਸਖਤੀ ਨਾਲ ਬਚਾਅ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਕੇ ਇਸ ਖਤਰੇ ਨੂੰ ਮਿਟਾਉਣ ’ਚ ਯੋਗਦਾਨ ਦੇਣ ਤਾਂ ਕਿ ਇਸ ਤੋਂ ਸਾਨੂੰ ਜਲਦੀ ਤੋਂ ਜਲਦੀ ਛੁਟਕਾਰਾ ਮਿਲ ਸਕੇ।

-ਵਿਜੇ ਕੁਮਾਰ\\\


author

Bharat Thapa

Content Editor

Related News