ਕਾਂਗੜਾ (ਹਿਮਾਚਲ) ''ਚ ਇਕ ਦਿਨ
Saturday, Jun 25, 2016 - 04:24 AM (IST)
ਮੈਨੂੰ ਪਿਛਲੇ ਦਿਨੀਂ ਹਿਮਾਚਲ ''ਚ ਮਾਤਾ ਚਿੰਤਪੂਰਨੀ ਤੋਂ ਲੱਗਭਗ 30 ਕਿਲੋਮੀਟਰ ਅੱਗੇ ਬਿਆਸ ਨਦੀ, ਜਿਸ ''ਚ ਵਗਦਾ ਪਾਣੀ ਬਹੁਤ ਮਨਮੋਹਕ ਦ੍ਰਿਸ਼ ਪੇਸ਼ ਕਰ ਰਿਹਾ ਸੀ, ਦੇ ਕੰਢੇ ਸਥਿਤ ਦੇਹਰਾ ਗੋਪੀਪੁਰ ਜਾਣ ਦਾ ਮੌਕਾ ਮਿਲਿਆ। ਇਥੋਂ ਸਿੱਧੀ ਸੜਕ ਕਾਂਗੜਾ, ਧਰਮਸ਼ਾਲਾ ਅਤੇ ਸੱਜੇ ਪਾਸੇ ਮਾਤਾ ਜਵਾਲਾ ਜੀ ਵੱਲ ਚਲੀ ਜਾਂਦੀ ਹੈ।
ਦੇਹਰਾ ਗੋਪੀਪੁਰ ਦਾ ਬਾਜ਼ਾਰ ਬਹੁਤ ਵੱਡਾ ਤਾਂ ਨਹੀਂ ਹੈ ਪਰ ਬਹੁਤ ਹੀ ਸੁੰਦਰ ਹੈ ਅਤੇ ਇਥੇ ਵੱਡੇ ਸ਼ਹਿਰਾਂ ਵਰਗੀਆਂ ਸ਼ਾਨਦਾਰ ਦੁਕਾਨਾਂ ਹਨ, ਜਿਥੇ ਹਰ ਤਰ੍ਹਾਂ ਦਾ ਸਾਮਾਨ ਮੁਹੱਈਆ ਹੈ। ਦੇਹਰਾ ਗੋਪੀਪੁਰ ਦੇ ਅਧੀਨ ''ਪਰਾਗਪੁਰ'' ਇਕ ਛੋਟੀ ਜਿਹੀ ਸੁੰਦਰ ਬਸਤੀ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਨੇ ਭਾਰਤ ਦੇ ਇਕੋ-ਇਕ ''ਵਿਰਾਸਤੀ ਪਿੰਡ'' ਵਜੋਂ ਮਾਨਤਾ ਦਿੱਤੀ ਹੋਈ ਹੈ। ਗਰਲੀ, ਨਗਰੋਟਾ ਸੂਰੀਆਂ ਅਤੇ ਚੰਬਾ ਪੱਤਣ ਵੀ ਇਸ ਦੇ ਨੇੜੇ ਹੀ ਸਥਿਤ ਹਨ।
ਪੰਜਾਬ ''ਚ ਸਥਿਤ ਹੁਸ਼ਿਆਰਪੁਰ ਤੋਂ ਮੰਗੂਵਾਲ (ਹਿਮਾਚਲ) ਤਕ ਜਾਣ ਵਾਲੀ ਸੜਕ ਠੀਕ ਹਾਲਤ ''ਚ ਹੈ ਤੇ ਇਸ ਦੇ ਕਿਨਾਰਿਆਂ ''ਤੇ ਤਾਰਾਂ ਲੱਗ ਗਈਆਂ ਹਨ ਪਰ ਹਿਮਾਚਲ ਦੀਆਂ ਜ਼ਿਆਦਾਤਰ ਮੁੱਖ ਸੜਕਾਂ ਪੰਜਾਬ ਦੇ ਮੁਕਾਬਲੇ ਜ਼ਿਆਦਾ ਬਿਹਤਰ ਹਨ।
ਕਿਤੇ ਵੀ ਕੋਈ ਟੋਇਆ ਸੜਕਾਂ ''ਤੇ ਨਜ਼ਰ ਨਹੀਂ ਆਉਂਦਾ ਤੇ ਸੜਕਾਂ ਦੇ ਦੋਵੇਂ ਪਾਸੇ ਚੰਗੀ-ਖਾਸੀ ਗਿਣਤੀ ''ਚ ਦਰੱਖਤ ਹੋਣ ਕਰਕੇ ਇਥੋਂ ਦਾ ਕੁਦਰਤੀ ਦ੍ਰਿਸ਼ ਬਹੁਤ ਹੀ ਮਨਮੋਹਕ ਅਤੇ ਹਰਿਆਵਲ ਨਾਲ ਭਰਪੂਰ ਹੋ ਗਿਆ ਹੈ।
ਬਹੁਤੀਆਂ ਥਾਵਾਂ ''ਤੇ ਕਿਨਾਰਿਆਂ ਉਤੇ ਵਧੀਆ ਰੇਲਿੰਗ ਲਾਈ ਗਈ ਹੈ। ਸੜਕਾਂ ਦੇ ਵਿਚੋ-ਵਿਚ ਅਤੇ ਵਾਹਨ ਚਾਲਕਾਂ ਨੂੰ ਖਤਰੇ ਤੋਂ ਬਚਾਉਣ ਲਈ ਕਿਨਾਰਿਆਂ ''ਤੇ ਰਿਫਲੈਕਟਰ ਵੀ ਲਾ ਦਿੱਤੇ ਗਏ ਹਨ। ਕਈ ਜਗ੍ਹਾ ਪਹਾੜਾਂ ਨੂੰ ਕੱਟ ਕੇ ਸੜਕਾਂ ਵੀ ਚੌੜੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਹਿਮਾਚਲ ਸਰਕਾਰ ਦੇ ਇਨ੍ਹਾਂ ਸਾਰੇ ਯਤਨਾਂ ਨਾਲ ਸੂਬੇ ਦੀ ਨੁਹਾਰ ਬਦਲ ਰਹੀ ਹੈ ਅਤੇ ਵਾਹਨ ਚਾਲਕਾਂ ਨੂੰ ਵੀ ਸੌਖ ਹੋਈ ਹੈ। ਸੂਬੇ ''ਚ ਸਿਵਲ ਸੇਵਾਵਾਂ ਵਿਚ ਸੁਧਾਰ ਅਤੇ ਸ਼ਹਿਰਾਂ, ਕਸਬਿਆਂ ਦਾ ਵਿਸਤਾਰ ਹੋਇਆ ਹੈ।
ਨਗਰ-ਕਸਬੇ ਧੜਾਧੜ ਆਪਸ ''ਚ ਜੁੜਦੇ ਜਾ ਰਹੇ ਹਨ। ਚਿੰਤਪੂਰਨੀ, ਕਾਂਗੜਾ, ਧਰਮਸ਼ਾਲਾ, ਪਾਲਮਪੁਰ, ਮੁਬਾਰਕਪੁਰ ਅਤੇ ਗਗਰੇਟ ਆਦਿ ਪਹਿਲਾਂ ਨਾਲੋਂ ਕਾਫੀ ਫੈਲ ਗਏ ਹਨ। ਇਨ੍ਹਾਂ ਥਾਵਾਂ ''ਤੇ ਉਦਯੋਗ ਸਥਾਪਿਤ ਹੋਣ ਨਾਲ ਰੋਜ਼ਗਾਰ ਦੇ ਮੌਕੇ ਵੀ ਕੁਝ ਵਧੇ ਹਨ।
ਹਿਮਾਚਲ ਪ੍ਰਦੇਸ਼ ਦੇ ਮਿਹਨਤੀ ਲੋਕ ਜਾਂ ਤਾਂ ਜ਼ਿਆਦਾਤਰ ਫੌਜ ''ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਹੇ ਹਨ ਜਾਂ ਹੋਰਨਾਂ ਸੂਬਿਆਂ ''ਚ ਨੌਕਰੀਆਂ ਅਤੇ ਕਾਰੋਬਾਰਾਂ ''ਚ ਲੱਗੇ ਹੋਏ ਹਨ, ਜਿਸ ਨਾਲ ਇਥੋਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਉੱਠ ਰਿਹਾ ਹੈ।
ਇਸੇ ਕਰਕੇ ਜਦੋਂ ਕਦੇ ਵੀ ਮੈਂ ਹਿਮਾਚਲ ਜਾਂਦਾ ਹਾਂ ਤਾਂ ਮੈਨੂੰ ਉਥੇ ਪਹਿਲਾਂ ਦੀ ਬਜਾਏ ਬਹੁਤ ਕੁਝ ਬਦਲਿਆ ਨਜ਼ਰ ਆਉਂਦਾ ਹੈ। ਇਸ ਵਾਰ ਵੀ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਸੜਕਾਂ ਦੇ ਦੋਵੇਂ ਪਾਸੇ ਪਹਿਲਾਂ ਵਾਂਗ ਮਕਾਨ ਤੇ ਹੋਰ ਇਮਾਰਤਾਂ ਤੇਜ਼ੀ ਨਾਲ ਉੱਭਰ ਰਹੀਆਂ ਹਨ। ਸੜਕਾਂ ''ਤੇ ਪਹਿਲਾਂ ਨਾਲੋਂ ਜ਼ਿਆਦਾ ਗਿਣਤੀ ''ਚ ਸਕੂਟਰ, ਮੋਟਰਸਾਈਕਲ, ਕਾਰਾਂ ਤੇ ਹੋਰ ਗੱਡੀਆਂ ਦਿਖਾਈ ਦੇਣ ਲੱਗੀਆਂ ਹਨ।
ਪੰਜਾਬ ਤੋਂ ਹਿਮਾਚਲ ਵੱਲ ਜਾਂਦਿਆਂ ਰਸਤੇ ''ਚ ਗਗਰੇਟ ''ਚ ਦੋ ਨਵੇਂ ਪੁਲ ਵੀ ਬਣ ਰਹੇ ਹਨ। ਅਸੀਂ ਜਲੰਧਰ ਤੋਂ ਦੇਹਰਾ ਗੋਪੀਪੁਰ ਸਵਾ ਦੋ ਘੰਟਿਆਂ ''ਚ ਪਹੁੰਚੇ ਸੀ ਪਰ ਇਨ੍ਹਾਂ ਪੁਲਾਂ ਦੇ ਬਣ ਜਾਣ ਤੋਂ ਬਾਅਦ ਆਵਾਜਾਈ ਹੋਰ ਸੌਖੀ ਹੋ ਜਾਵੇਗੀ।
ਕੇਰਲਾ ਤੋਂ ਬਾਅਦ ਹਿਮਾਚਲ ਦੇਸ਼ ਦਾ ਦੂਜਾ ਪੂਰੀ ਤਰ੍ਹਾਂ ਸਾਖਰ ਸੂਬਾ ਬਣਨ ਨੇੜੇ ਪਹੁੰਚ ਚੁੱਕਾ ਹੈ। ਸੂਬੇ ਦੇ ਵਿਕਾਸ, ਸੁੰਦਰਤਾ, ਸਾਖਰਤਾ ਤੇ ਖੁਸ਼ਹਾਲੀ ਦਾ ਇਕ ਮੁੱਖ ਕਾਰਨ ਇਥੇ ਸਰਕਾਰਾਂ ਦਾ ਬਦਲ-ਬਦਲ ਕੇ ਆਉਣਾ ਵੀ ਹੈ ਕਿਉਂਕਿ ਹਰੇਕ ਨਵੀਂ ਸਰਕਾਰ ਸੂਬੇ ਦੀ ਪਿਛਲੀ ਸਰਕਾਰ ਨਾਲ ਮੁਕਾਬਲੇਬਾਜ਼ੀ ਦੀ ਭਾਵਨਾ ਨਾਲ ਬਿਹਤਰ ਕੰਮ ਕਰ ਕੇ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਨਾਲ ਸੂਬੇ ਦੇ ਵਿਕਾਸ ''ਚ ਤੇਜ਼ੀ ਆਈ ਹੈ ਪਰ ਅਜੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।
ਦੋ ਸਾਲ ਪਹਿਲਾਂ ਜਦੋਂ ਮੈਂ ਪਾਲਮਪੁਰ ਗਿਆ ਸੀ ਤਾਂ ਸੂਬੇ ਦੀਆਂ ਸੜਕਾਂ ਕਈ ਜਗ੍ਹਾ ਖਸਤਾ ਹਾਲਤ ''ਚ ਸਨ ਪਰ ਹੁਣ ਸੂਬੇ ''ਚ ਮੁੱਖ ਸੜਕਾਂ ਦੀ ਹਾਲਤ ਸੁਧਰ ਗਈ ਹੈ। ਉਥੇ ਰਿਫਲੈਕਟਰ ਅਤੇ ਸੰਵੇਦਨਸ਼ੀਲ ਥਾਵਾਂ ''ਤੇ ਖਤਰੇ ਦੇ ਨਿਸ਼ਾਨ ਲਾ ਕੇ ਯਾਤਰਾ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਪਰ ਲਿੰਕ ਸੜਕਾਂ ਦੀ ਹਾਲਤ ਅਜੇ ਵੀ ਠੀਕ ਨਹੀਂ ਤੇ ਕੁਝ ਜਗ੍ਹਾ ਤਾਂ ਇਹ ਬਹੁਤ ਮਾੜੀ ਹਾਲਤ ''ਚ ਹਨ।
ਇਹੋ ਨਹੀਂ, ਜਵਾਲਾ ਜੀ ਤੇ ਚਿੰਤਪੂਰਨੀ ਆਦਿ ਕੁਝ ਥਾਵਾਂ ''ਤੇ ਸੀਵਰੇਜ ਦਾ ਕੰਮ ਵੀ ਬਾਕੀ ਹੈ ਅਤੇ ਸੜਕਾਂ ਅਜੇ ਵੀ ਘੱਟ ਚੌੜੀਆਂ ਹਨ। ਇਸ ਲਈ ਲੋੜ ਇਸ ਗੱਲ ਦੀ ਹੈ ਕਿ ਜਿਹੜੀਆਂ ਥਾਵਾਂ ''ਤੇ ਸੜਕਾਂ ਦਾ ਨਿਰਮਾਣ, ਉਨ੍ਹਾਂ ਨੂੰ ਚੌੜੀਆਂ ਕਰਨਾ ਅਤੇ ਰਿਫਲੈਕਟਰ ਆਦਿ ਲਾਉਣਾ ਬਾਕੀ ਹੈ, ਉਸ ਨੂੰ ਵੀ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ।
ਹਿਮਾਚਲ ਕਿਉਂਕਿ ਪੰਜਾਬ ਅਤੇ ਹਰਿਆਣਾ ਦੋਹਾਂ ਦੇ ਨੇੜੇ ਹੈ, ਇਸ ਲਈ ਇਥੇ ਲੋਕਾਂ ਵਾਸਤੇ ਸਹੂਲਤਾਂ ਬਿਹਤਰ ਹੋਣ ਨਾਲ ਇਨ੍ਹਾਂ ਦੋਹਾਂ ਸੂਬਿਆਂ ਤੋਂ ਸੈਲਾਨੀਆਂ ਦੀ ਗਿਣਤੀ ਵੀ ਵਧੇਗੀ, ਜਿਸ ਨਾਲ ਹਿਮਾਚਲ ਪ੍ਰਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੋਵੇਗੀ।
—ਵਿਜੇ ਕੁਮਾਰ
