''ਹਿਮਾਚਲ ਪ੍ਰਦੇਸ਼ ਵਿਚ ਇਕ ਦਿਨ''

03/04/2018 6:13:17 AM

ਪਿਛਲੇ ਦਿਨੀਂ ਮੈਨੂੰ ਹਿਮਾਚਲ ਪ੍ਰਦੇਸ਼ 'ਚ ਹਮੀਰਪੁਰ ਜ਼ਿਲੇ ਦੇ ਭੋਰੰਜ ਉਪਮੰਡਲ 'ਚ ਤਰਕਵਾੜੀ ਵਿਚ ਸਥਿਤ ਸਵਾਮੀ ਵਿਵੇਕਾਨੰਦ ਬੀ. ਐੱਡ. ਕਾਲਜ ਦੇ ਸਾਲਾਨਾ ਸਨਮਾਨ ਸਮਾਗਮ 'ਚ ਹਿੱਸਾ ਲੈਣ ਲਈ ਜਾਣ ਦਾ ਮੌਕਾ ਮਿਲਿਆ। 
ਇਸ 'ਚ ਭਵਿੱਖੀ ਅਧਿਆਪਕਾਂ ਤੋਂ ਇਲਾਵਾ 16 ਬਜ਼ੁਰਗਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ 'ਚੋਂ ਜ਼ਿਆਦਾਤਰ 80 ਸਾਲ ਦੇ ਲੱਗਭਗ ਅਤੇ 3-4 ਬਜ਼ੁਰਗ 90 ਸਾਲ ਤੋਂ ਜ਼ਿਆਦਾ ਉਮਰ ਦੇ ਸਨ।
ਪੰਜਾਬ ਤੋਂ ਹਿਮਾਚਲ ਦੀ ਸਰਹੱਦ 'ਚ ਦਾਖਲ ਹੋਣ 'ਤੇ ਵਿਕਾਸ ਤੇ ਤਬਦੀਲੀ ਦੀ ਸਪੱਸ਼ਟ ਝਲਕ ਦੇਖਣ ਨੂੰ ਮਿਲਣ ਲੱਗੀ। ਪਹਾੜੀ ਇਲਾਕਾ ਹੋਣ ਕਰਕੇ ਇਥੇ ਸੜਕਾਂ ਘੁਮਾਅਦਾਰ ਅਤੇ ਚੜ੍ਹਾਈ-ਉਤਰਾਈ ਵਾਲੀਆਂ ਹੋਣ ਦੇ ਬਾਵਜੂਦ ਬਹੁਤ ਵਧੀਆ ਹਨ।
ਜਿਥੋਂ ਤਕ ਅਸੀਂ ਗਏ, ਸਾਨੂੰ ਸੜਕ 'ਤੇ ਕਿਤੇ ਕੋਈ ਟੋਇਆ ਨਹੀਂ ਮਿਲਿਆ। ਸੜਕਾਂ ਦੇ ਦੋਵੇਂ ਪਾਸੇ ਰੇਲਿੰਗ ਅਤੇ ਕਿਨਾਰਿਆਂ 'ਤੇ ਚਿੱਟੇ ਨਿਸ਼ਾਨ ਵੀ ਲਾਏ ਹੋਏ ਸਨ। ਕਈ ਜਗ੍ਹਾ ਰਿਫਲੈਕਟਰ ਵੀ ਲੱਗੇ ਹੋਏ ਸਨ ਪਰ ਹੋਰ ਕਈ ਜਗ੍ਹਾ ਲਾਉਣ ਦੀ ਲੋੜ ਹੈ।
ਜਲੰਧਰ ਤੋਂ ਚੱਲ ਕੇ ਕਈ ਛੋਟੇ-ਵੱਡੇ ਕਸਬਿਆਂ 'ਚੋਂ ਹੋ ਕੇ ਲੰਘਣ ਤੋਂ ਬਾਅਦ ਅਸੀਂ ਸਾਢੇ ਤਿੰਨ ਘੰਟਿਆਂ 'ਚ ਤਰਕਵਾੜੀ ਪਹੁੰਚੇ। ਛੋਟੇ-ਛੋਟੇ ਪਿੰਡ ਅਤੇ ਕਸਬੇ ਵੱਡੇ ਹੋ ਰਹੇ ਹਨ। ਸਾਨੂੰ ਕਿਤੇ ਵੀ ਕੱਚੇ ਮਕਾਨ ਦੇਖਣ ਨੂੰ ਨਹੀਂ ਮਿਲੇ। ਹਰ ਪਾਸੇ ਨਵੇਂ ਤੋਂ ਨਵੇਂ ਡਿਜ਼ਾਈਨਾਂ ਤੇ ਗੇਟਾਂ ਵਾਲੀਆਂ ਇਮਾਰਤਾਂ ਹਨ।
ਲੱਗਭਗ ਹਰੇਕ ਮਕਾਨ ਉੱਪਰ ਪਾਣੀ ਦੀ ਟੈਂਕੀ ਲੱਗੀ ਹੋਈ ਹੈ ਅਤੇ ਕੁਝ ਮਕਾਨਾਂ 'ਤੇ ਤਾਂ ਸੋਲਰ ਪੈਨਲ (ਸੌਰ ਪੈਨਲ) ਵੀ ਲੱਗੇ ਹੋਏ ਹਨ, ਜਿਨ੍ਹਾਂ ਦੀ ਵਰਤੋਂ ਨੂੰ ਹੱਲਾਸ਼ੇਰੀ ਦੇ ਕੇ ਸੂਬੇ 'ਚ ਲੋਕਾਂ ਦਾ ਬਿਜਲੀ ਦਾ ਬਿੱਲ ਘਟਾਉਣ ਦੇ ਨਾਲ-ਨਾਲ ਬਿਜਲੀ ਦੀ ਖਪਤ ਵੀ ਘਟਾਈ ਜਾ ਸਕਦੀ ਹੈ। ਕੁਝ ਗਲੀਆਂ 'ਚ ਸੋਲਰ ਲਾਈਟਾਂ ਵੀ ਲੱਗੀਆਂ ਹੋਈਆਂ ਹਨ।
ਹਿਮਾਚਲ ਪ੍ਰਦੇਸ਼ 'ਚ ਪ੍ਰਾਈਵੇਟ ਸਕੂਲ, ਟੀਚਰਜ਼ ਟ੍ਰੇਨਿੰਗ ਅਤੇ ਹੋਰ ਉੱਚ ਵਿੱਦਿਅਕ ਅਦਾਰੇ, ਆਈਲੈਟਸ ਟ੍ਰੇਨਿੰਗ ਸੈਂਟਰ ਤੇ ਯੂਨੀਵਰਸਿਟੀਆਂ ਆਦਿ ਖੁੱਲ੍ਹ ਗਈਆਂ ਹਨ। ਜਿਸ ਜਗ੍ਹਾ ਕਿਸੇ ਸਮੇਂ 50 ਦੁਕਾਨਾਂ ਹੁੰਦੀਆਂ ਸਨ, ਉਥੇ ਹੁਣ 100-100 ਦੁਕਾਨਾਂ ਖੁੱਲ੍ਹ ਗਈਆਂ ਹਨ।
ਬਿਊਟੀ ਪਾਰਲਰ, ਜਿਮ, ਜਿਊਲਰੀ, ਜੁੱਤੀਆਂ, ਕੱਪੜੇ, ਦਵਾਈਆਂ ਭਾਵ ਇਹ ਕਿ ਸ਼ਹਿਰਾਂ 'ਚ ਮਿਲਣ ਵਾਲੀ ਸ਼ਾਇਦ ਹੀ ਕੋਈ ਅਜਿਹੀ ਸਹੂਲਤ ਜਾਂ ਚੀਜ਼ ਹੋਵੇਗੀ, ਜੋ ਉਥੇ ਨਾ ਮਿਲਦੀ ਹੋਵੇ। ਕਿਸੇ ਵੀ ਚੀਜ਼ ਲਈ ਸ਼ਹਿਰ ਵੱਲ ਦੌੜਨ ਦੀ ਲੋੜ ਨਹੀਂ।
ਸੜਕਾਂ 'ਤੇ ਇੰਨੀ ਵੱਡੀ ਗਿਣਤੀ 'ਚ ਸਕੂਟਰ ਤੇ ਕਾਰਾਂ ਦੌੜ ਰਹੀਆਂ ਹਨ ਕਿ ਲੱਗਦਾ ਹੈ ਜਿਵੇਂ ਆਉਣ ਵਾਲੇ 10 ਸਾਲਾਂ 'ਚ ਸ਼ਾਇਦ ਹੀ ਕੋਈ ਘਰ ਅਜਿਹਾ ਹੋਵੇਗਾ, ਜਿਥੇ ਕਾਰ ਨਹੀਂ ਹੋਵੇਗੀ। ਜਗ੍ਹਾ-ਜਗ੍ਹਾ ਕੁੜੀਆਂ ਨੂੰ ਸ਼ਹਿਰਾਂ ਵਾਂਗ ਸਕੂਟਰ ਚਲਾਉਂਦਿਆਂ ਦੇਖਿਆ ਜਾ ਸਕਦਾ ਹੈ। 
ਜੇ ਕਿਸੇ ਵਿਅਕਤੀ ਨੇ 'ਸਵੱਛ ਭਾਰਤ' ਦੀ ਮਿਸਾਲ ਦੇਖਣੀ ਹੋਵੇ ਤਾਂ ਉਹ ਹਿਮਾਚਲ 'ਚ ਆ ਕੇ ਦੇਖ ਸਕਦਾ ਹੈ। ਕਿਤੇ ਵੀ ਕੂੜੇ ਦੇ ਢੇਰ ਲੱਗੇ ਹੋਏ ਸਾਨੂੰ ਦੇਖਣ ਨੂੰ ਨਹੀਂ ਮਿਲੇ। ਜਿਹੜੀਆਂ ਥਾਵਾਂ 'ਤੇ ਇਮਾਰਤਾਂ ਬਣ ਰਹੀਆਂ ਹਨ, ਉਥੇ ਵੀ ਨਿਰਮਾਣ ਸਮੱਗਰੀ ਜਿਵੇਂ ਬਾਂਸ, ਰੇਤਾ-ਬੱਜਰੀ ਆਦਿ ਸਲੀਕੇ ਨਾਲ ਰੱਖੀ ਹੋਈ ਹੈ।
ਬਦਲ-ਬਦਲ ਕੇ ਸਰਕਾਰਾਂ ਆਉਣ ਦੇ ਸਿੱਟੇ ਵਜੋਂ ਇਥੇ ਕਾਫੀ ਵਿਕਾਸ ਹੋਇਆ ਹੈ। ਸੂਬੇ ਨੇ ਲੱਗਭਗ ਸੌ ਫੀਸਦੀ ਸਾਖਰਤਾ ਦਰ ਹਾਸਲ ਕਰ ਲਈ ਹੈ ਅਤੇ ਕੇਰਲਾ ਤੋਂ ਬਾਅਦ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਹਿਮਾਚਲ ਦੇਸ਼ 'ਚ ਦੂਜਾ ਸੂਬਾ ਬਣ ਗਿਆ ਹੈ। 
ਹੁਣ ਤੁਹਾਨੂੰ ਹਿਮਾਚਲ ਤੋਂ ਘਰਾਂ ਤੇ ਢਾਬਿਆਂ 'ਚ ਕੰਮ ਕਰਨ ਵਾਲੇ ਮੁੰਡੂ ਨਹੀਂ ਮਿਲਦੇ। ਕਾਲਜਾਂ 'ਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਜ਼ਿਆਦਾ ਹੈ। ਤਰਕਵਾੜੀ ਦੇ ਜਿਸ ਕਾਲਜ ਦੇ ਸਮਾਗਮ 'ਚ ਮੈਂ ਹਿੱਸਾ ਲੈਣ ਲਈ ਗਿਆ, ਉਥੇ ਹੀ 10 ਫੀਸਦੀ ਮੁੰਡਿਆਂ ਦੇ ਮੁਕਾਬਲੇ ਲੱਗਭਗ 90 ਫੀਸਦੀ ਕੁੜੀਆਂ ਹੀ ਸਿੱਖਿਆ ਹਾਸਲ ਕਰ ਰਹੀਆਂ ਹਨ।
ਮੈਂ ਸੂਬੇ ਦੇ ਮੁੱਖ ਮੰਤਰੀਆਂ ਨੂੰ ਸੜਕਾਂ ਦੇ ਦੋਵੇਂ ਪਾਸੇ ਸਿਰਫ ਛਾਂ ਦੇਣ ਵਾਲੇ ਰੁੱਖਾਂ ਦੀ ਥਾਂ ਫਲਾਂ ਅਤੇ ਦਵਾਈਆਂ ਵਾਲੇ ਰੁੱਖ ਉਗਾਉਣ ਦੀ ਸਲਾਹ ਦਿੰਦਾ ਰਿਹਾ ਹਾਂ। ਤਰਕਵਾੜੀ ਦੇ ਕਾਲਜ 'ਚ ਮੈਂ ਦੇਖਿਆ ਕਿ ਕਾਲਜ ਦੇ ਪ੍ਰਬੰਧਕਾਂ ਨੇ ਆਪਣੇ ਕੰਪਲੈਕਸ ਅੰਦਰ ਕਈ ਕਿਸਮਾਂ ਦੇ ਰੁੱਖ ਲਾਏ ਹੋਏ ਹਨ, ਜਿਨ੍ਹਾਂ 'ਚ ਹਰੜ, ਬਹੇੜਾ,  ਆਂਵਲਾ, ਅਰਜੁਨ ਸੱਕ, ਜਾਮਣ, ਕਪੂਰ, ਰੁਦਰਾਕਸ਼, ਚੰਦਨ, ਨਿੰਮ, ਖੈਰ ਅਤੇ ਬਿਲ ਆਦਿ ਸ਼ਾਮਿਲ ਹਨ।
ਇਹ ਰੁੱਖ ਸੜਕਾਂ ਕੰਢੇ ਲਾਉਣ ਨਾਲ ਸਰਕਾਰ ਅਤੇ ਲੋਕਾਂ ਨੂੰ ਆਰਥਿਕ ਲਾਭ ਹੋਵੇਗਾ। ਇਹੋ ਨਹੀਂ, ਇਥੋਂ ਦੀ ਸਾਫ-ਸਫਾਈ ਤੇ ਸੁੰਦਰਤਾ ਨੂੰ ਦੇਖਦਿਆਂ ਸੂਬੇ 'ਚ ਮਾਹਿਰਾਂ ਨੂੰ ਬੁਲਾ ਕੇ ਸੈਰ-ਸਪਾਟੇ ਨੂੰ ਉਤਸ਼ਾਹਿਤ ਵੀ ਕੀਤਾ ਜਾ ਸਕਦਾ ਹੈ। 
ਚੰਗੇ ਲੋਕ, ਚੰਗਾ ਮਾਹੌਲ ਅਤੇ ਇਥੋਂ ਦੀ ਕੁਦਰਤੀ ਸੁੰਦਰਤਾ ਦੇਖ ਕੇ ਮੈਨੂੰ ਇੰਨਾ ਚੰਗਾ ਲੱਗਾ ਕਿ ਮੇਰਾ ਉਥੋਂ ਆਉਣ ਨੂੰ ਦਿਲ ਨਹੀਂਕਰਦਾ ਸੀ। ਸੜਕਾਂ, ਆਵਾਜਾਈ, ਸਾਫ-ਸਫਾਈ ਤੇ ਸਾਖਰਤਾ 'ਚ ਹਿਮਾਚਲ ਦੀ ਤਰੱਕੀ ਬੇਮਿਸਾਲ ਹੈ, ਜਿਸ ਤੋਂ ਦੂਜੇ ਸੂਬਿਆਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਹਿਮਾਚਲ ਪ੍ਰਦੇਸ਼ ਦੀਆਂ ਇਹ ਪ੍ਰਾਪਤੀਆਂ ਇਥੇ ਬਦਲ-ਬਦਲ ਕੇ ਸਰਕਾਰਾਂ ਆਉਣ ਦਾ ਸਭ ਤੋਂ ਵੱਡਾ ਨਤੀਜਾ ਹਨ।
—ਵਿਜੇ ਕੁਮਾਰ


Vijay Kumar Chopra

Chief Editor

Related News