ਨਹੀਂ ਰੁਕ ਰਹੇ ਹਰਿਆਣਾ ''ਚ ''ਔਰਤਾਂ ਵਿਰੁੱਧ ਅਪਰਾਧ''

08/27/2016 2:56:43 AM

ਦੇਸ਼ ''ਚ ਔਰਤਾਂ ਤੇ ਬੱਚਿਆਂ ਵਿਰੁੱਧ ਅਪਰਾਧਾਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਹਾਲਾਂਕਿ 2012 ਦੇ ''ਨਿਰਭਯਾ ਬਲਾਤਕਾਰ ਕਾਂਡ'' ਤੋਂ ਬਾਅਦ ਕੇਂਦਰ ਤੇ ਸੂਬਾ ਸਰਕਾਰਾਂ ਕੁਝ ਸਰਗਰਮ ਹੋਈਆਂ ਸਨ ਤੇ ਬਲਾਤਕਾਰ ਦੇ ਮਾਮਲੇ ਨਿਪਟਾਉਣ ਲਈ ''ਫਾਸਟ ਟਰੈਕ'' ਅਦਾਲਤਾਂ ਦਾ ਗਠਨ ਕਰਨ ਤੋਂ ਇਲਾਵਾ ਔਰਤਾਂ ਵਿਰੁੱਧ ਅਪਰਾਧਾਂ ਦੀ ਫੌਰੀ ਜਾਂਚ-ਪੜਤਾਲ ਲਈ ਮਹਿਲਾ ਥਾਣਿਆਂ ਦੀ ਸਥਾਪਨਾ ਵੀ ਕੀਤੀ ਗਈ ਪਰ ਨਤੀਜੇ ''ਪਰਨਾਲਾ ਉਥੇ ਦਾ ਉਥੇ'' ਵਾਲੇ ਹੀ ਹਨ।
ਹਰਿਆਣਾ ਦੀ ਕਹਾਣੀ ਵੀ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਵੱਖਰੀ ਨਹੀਂ ਹੈ। ਉਥੇ ਇਕ ਸਾਲ ਪਹਿਲਾਂ ਮਹਿਲਾ ਥਾਣਿਆਂ ਦੀ ਸਥਾਪਨਾ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਉਥੇ ਵੀ ਔਰਤਾਂ ਵਿਰੁੱਧ ਅਪਰਾਧ ਲਗਾਤਾਰ ਜਾਰੀ ਹਨ, ਜਿਨ੍ਹਾਂ ''ਚੋਂ ਕੁਝ ਹੇਠਾਂ ਦਰਜ ਹਨ :
* 01 ਅਗਸਤ ਨੂੰ ਰੋਹਤਕ ''ਚ ਆਪਣੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਇਕ ਵਿਆਹੁਤਾ ਨੇ ਅੱਗ ਲਾ ਕੇ ਖੁਦਕੁਸ਼ੀ ਕਰ ਲਈ।
* 04 ਅਗਸਤ ਨੂੰ ਗੁੜਗਾਓਂ ''ਚ ਇਕ ਔਰਤ ਦੇ ਯੌਨ ਸ਼ੋਸ਼ਣ ਦੇ ਦੋਸ਼ ਹੇਠ ਤਾਂਤਰਿਕ ਤੇ ਉਸ ਦੇ ਸਹਾਇਕ ਨੂੰ ਗ੍ਰਿਫਤਾਰ ਕੀਤਾ ਗਿਆ।
* 10 ਅਗਸਤ ਨੂੰ ਗੋਹਾਨਾ ''ਚ ਸਕੂਲ ਤੋਂ ਬਾਹਰ ਬੁਲਾ ਕੇ ਇਕ ਵਿਦਿਆਰਥਣ ਨਾਲ ਗੈਂਗਰੇਪ ਕੀਤਾ ਗਿਆ। ਇਸੇ ਦਿਨ ਇਕ ਅੱਲ੍ਹੜ ਕੁੜੀ ਨੂੰ ਨਸ਼ਾ ਦੇ ਕੇ ਉਸ ਨਾਲ ਗੈਂਗਰੇਪ ਹੋਇਆ।
* 11 ਅਗਸਤ ਨੂੰ ਸਫੀਦੋਂ ''ਚ ਨਸ਼ੀਲਾ ਪਦਾਰਥ ਪਿਲਾ ਕੇ ਇਕ ਔਰਤ ਨਾਲ ਬਲਾਤਕਾਰ ਕੀਤਾ ਗਿਆ ਤੇ ਇਸੇ ਦਿਨ ਗੋਹਾਨਾ ''ਚ ਆਪਣੀ ਧੀ ਨਾਲ ਬਲਾਤਕਾਰ ਦੇ ਦੋਸ਼ ''ਚ ਉਸ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ।
* 21 ਅਗਸਤ ਨੂੰ ਰਾਈ ''ਚ ਇਕ ਵਿਦਿਆਰਥਣ ਨਾਲ ਗੈਂਗਰੇਪ ਦੀ ਘਟਨਾ ਹੋਈ।
* 23 ਅਗਸਤ ਨੂੰ ਬਾਦਸ਼ਾਹਪੁਰ ''ਚ ਗੁਆਂਢੀਆਂ ਨੇ ਇਕ ਵਿਆਹੁਤਾ ਨਾਲ ਗੈਂਗਰੇਪ ਕੀਤਾ ਅਤੇ ਇਸੇ ਦਿਨ ਭਿਵਾਨੀ ''ਚ ਇਕ ਨਾਬਾਲਗਾ ਨਾਲ ਬਲਾਤਕਾਰ ਕੀਤਾ ਗਿਆ।
ਅਤੇ ਹੁਣ 24 ਅਗਸਤ ਨੂੰ ਮੇਵਾਤ ਜ਼ਿਲੇ ਦੇ ਢੀਂਗ ਰੇਹੜੀ ''ਚ ਪਿੰਡ ਦੇ ਕੇ. ਐੱਮ. ਪੀ. ਪੁਲ ਨੇੜੇ ਖੇਤਾਂ ''ਚ ਬਣੇ ਇਕ ਮਕਾਨ ''ਚ ਦੇਰ ਰਾਤ ਨੂੰ ਦੇਸੀ ਪਿਸਤੌਲਾਂ ਨਾਲ ਲੈਸ 4-5 ਡਕੈਤਾਂ ਨੇ ਹਮਲਾ ਕਰਕੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ ਤੇ ਇਕ ਨਾਬਾਲਗਾ ਸਮੇਤ ਦੋ ਮੁਟਿਆਰਾਂ ਨਾਲ ਸਮੂਹਿਕ ਬਲਾਤਕਾਰ ਕੀਤਾ।
ਧੀਆਂ ਦੇ ਪਿਤਾ ਵਲੋਂ ਬਲਾਤਕਾਰ ਦਾ ਵਿਰੋਧ ਕਰਨ ''ਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰਨ ਮਗਰੋਂ ਉਸ ਦੀ ਪਤਨੀ ਨੂੰ ਵੀ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਉਸ ਦੇ 11 ਸਾਲਾ ਬੇਟੇ ਤੇ ਬਜ਼ੁਰਗ ਪਿਤਾ ਸਮੇਤ 6 ਵਿਅਕਤੀਆਂ ਨੂੰ ਵੀ ਖੂਬ ਕੁੱਟ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। 
ਹਾਲਾਂਕਿ ਸੂਬੇ ''ਚ ਮਹਿਲਾ ਪੁਲਸ ਥਾਣਿਆਂ ਦੀ ਸਥਾਪਨਾ ਦੀ ਪਹਿਲੀ ਵਰ੍ਹੇਗੰਢ ਮੌਕੇ ਹਰਿਆਣਾ ਦੇ ਆਈ. ਜੀ. ਪੀ. (ਆਧੁਨਿਕੀਕਰਨ) ਸ਼੍ਰੀ ਅਜੈ ਸਿੰਘਲ ਨੇ 1 ਸਤੰਬਰ 2015 ਤੋਂ 30 ਜੂਨ 2016 ਦੀ ਮਿਆਦ ''ਚ 2014-15 ਦੀ ਇਸੇ ਮਿਆਦ ਦੇ ਮੁਕਾਬਲੇ ਬਲਾਤਕਾਰ, ਬਲਾਤਕਾਰ ਦੇ ਯਤਨ ਤੇ ਦਾਜ ਲਈ ਹੱਤਿਆਵਾਂ ਦੇ ਮਾਮਲਿਆਂ ''ਚ ਕਮੀ ਆਉਣ ਦੀ ਗੱਲ ਕਹੀ ਹੈ ਪਰ ਇਸ ਮਿਆਦ ''ਚ ਔਰਤਾਂ ਵਿਰੁੱਧ ਗੰਭੀਰ ਅਪਰਾਧਾਂ ''ਚ ਕਮੀ ਆਉਣ ਦੀ ਬਜਾਏ ਵਾਧਾ ਹੀ ਹੋਇਆ ਹੈ।
ਮਿਸਾਲ ਵਜੋਂ ਦਾਜ ਲਈ ਮੌਤਾਂ 199 ਤੋਂ ਵਧ ਕੇ 203, ਬਲਾਤਕਾਰ 842 ਤੋਂ ਵਧ ਕੇ 844, ਬਲਾਤਕਾਰ ਦੇ ਯਤਨਾਂ ਦੇ ਮਾਮਲੇ 70 ਤੋਂ ਵਧ ਕੇ 87 ਤੇ ਤੇਜ਼ਾਬ ਹਮਲਿਆਂ ਦੇ ਮਾਮਲੇ 2 ਤੋਂ ਵਧ ਕੇ 4 ਹੋ ਗਏ ਹਨ।
ਇਸੇ ਤਰ੍ਹਾਂ ਸੂਬੇ ''ਚ ''ਅਨੈਤਿਕ ਵਪਾਰ ਨਿਵਾਰਣ ਕਾਨੂੰਨ'' (ਇਮੋਰਲ ਟ੍ਰੈਫਿਕ ਪ੍ਰੀਵੈਂਸ਼ਨ ਐਕਟ-1956) ਦੇ ਤਹਿਤ ਦਰਜ ਮਾਮਲੇ 39 ਤੋਂ ਵਧ ਕੇ 64 ਹੋ ਗਏ। ਇਹੋ ਨਹੀਂ, ਘੋਰ ਲਿੰਗ ਨਾਬਰਾਬਰੀ ਨਾਲ ਜੂਝ ਰਹੇ ਇਸ ਮਰਦ ਬਹੁਲਤਾ ਵਾਲੇ ਸੂਬੇ ''ਚ ਲਿੰਗ ਜਾਂਚ ਦੇ ਫੜੇ ਗਏ ਮਾਮਲਿਆਂ ਦੀ ਗਿਣਤੀ ਵੀ 5 ਤੋਂ ਵਧ ਕੇ 49 ਹੋ ਗਈ ਹੈ।
ਹਾਲਾਂਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਮੇਵਾਤ ਦੀ ਘਟਨਾ ਨੂੰ ਬੇਹੱਦ ਨਿੰਦਣਯੋਗ ਤੇ ਘਿਨੌਣੀ ਦੱਸਦਿਆਂ ਇਸ ''ਚ ਸ਼ਾਮਿਲ ਕਿਸੇ ਵੀ ਦਰਿੰਦੇ ਨੂੰ ਨਾ ਬਖਸ਼ਣ ਦੀ ਗੱਲ ਕਹੀ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਵੀ ਕਰ ਦਿੱਤਾ ਹੈ ਪਰ ਅਜਿਹਾ ਤਾਂ ਲੱਗਭਗ ਹਰੇਕ ਘਟਨਾ ਤੋਂ ਬਾਅਦ ਕੀਤਾ ਜਾਂਦਾ ਹੈ ਅਤੇ ਸਰਕਾਰ ਦੇ ਬਿਆਨਾਂ, ਚਿਤਾਵਨੀਆਂ ਦੀ ਪ੍ਰਵਾਹ ਨਾ ਕਰਦਿਆਂ ਅਪਰਾਧੀ ਲਗਾਤਾਰ ਅਜਿਹੀਆਂ ਘਿਨੌਣੀਆਂ ਕਰਤੂਤਾਂ ਕਰਦੇ ਜਾਂਦੇ ਹਨ।
ਅਜਿਹੇ ਅਪਰਾਧਾਂ ''ਤੇ ਰੋਕ ਲਾਉਣ ਲਈ ਬਿਆਨਾਂ ਦੀ ਨਹੀਂ, ਕਾਨੂੰਨ-ਵਿਵਸਥਾ ਲਾਗੂ ਕਰਨ ਵਾਲੀ ਮਸ਼ੀਨਰੀ ਨੂੰ ਚੁਸਤ ਤੇ ਜਵਾਬਦੇਹ ਬਣਾਉਣ ਦੀ ਲੋੜ ਹੈ ਤਾਂ ਕਿ ਅਪਰਾਧੀਆਂ ਨੂੰ ਛੇਤੀ ਤੋਂ ਛੇਤੀ ਫੜ ਕੇ ਅਦਾਲਤ ਦੇ ਕਟਹਿਰੇ ''ਚ ਖੜ੍ਹੇ ਕੀਤਾ ਜਾ ਸਕੇ ਅਤੇ ਅਦਾਲਤਾਂ ਵੀ ਇਨ੍ਹਾਂ ਮਾਮਲਿਆਂ ਦੀ ਤੇਜ਼ੀ ਨਾਲ ਸੁਣਵਾਈ ਕਰ ਕੇ ਛੇਤੀ ਤੋਂ ਛੇਤੀ ਫੈਸਲਾ ਸੁਣਾ ਕੇ ਅਪਰਾਧੀਆਂ ਨੂੰ ਸਖਤ ਸਜ਼ਾ ਦੇਣ, ਜਿਸ ਨਾਲ ਦੂਜਿਆਂ ਨੂੰ ਵੀ ਨਸੀਹਤ ਮਿਲੇ।                                     
—ਵਿਜੇ ਕੁਮਾਰ


Vijay Kumar Chopra

Chief Editor

Related News