ਭਗਵਾਨ ਰਾਮ ਪ੍ਰਤੀ ਨੇਪਾਲੀ ਪ੍ਰਧਾਨ ਮੰਤਰੀ ‘ਓਲੀ’ ਦਾ ‘ਮੂਰਖਤਾਪੂਰਨ’ ਬਿਆਨ
Thursday, Jul 16, 2020 - 03:24 AM (IST)

ਵਿਸ਼ਵ ਦੇ ਇਕੋ-ਇਕ ਹਿੰਦੂ ਦੇਸ਼ ਅਤੇ ਨੇੜਲੇ ਗੁਆਂਢੀ ਨੇਪਾਲ ਦੇ ਨਾਲ ਸਾਡੇ ਸਦੀਅਾਂ ਤੋਂ ਡੂੰਘੇ ਸਬੰਧ ਹਨ। ਦੋਵਾਂ ਹੀ ਦੇਸ਼ਾਂ ਦੇ ਲੋਕਾਂ ’ਚ ਰੋਟੀ-ਬੇਟੀ ਦਾ ਰਿਸ਼ਤਾ ਹੈ। ਪ੍ਰਾਚੀਨ ਕਾਲ ਤੋਂ ਹੀ ਨੇਪਾਲ ’ਤੇ ਭਾਰਤੀ ਸਾਮਰਾਜਾਂ ਦਾ ਪ੍ਰਭਾਵ ਰਿਹਾ ਹੈ ਅਤੇ ਇਸ ਦੀ ਵਾਗਡੋਰ ਗੁਪਤਵੰਸ਼, ਲਿੱਛਵੀ, ਸੂਰਜਵੰਸ਼ੀ, ਸੋਮਵੰਸ਼ੀ ਅਤੇ ਕਿਰਾਤਵੰਸ਼ੀ ਆਦਿ ਰਾਜਿਆਂ ਦੇ ਹੱਥ ’ਚ ਰਹੀ ਹੈ। ਇਹੀ ਨਹੀਂ, 11ਵੀਂ ਸ਼ਤਾਬਦੀ ਦੇ ਦੂਜੇ ਹਿੱਸੇ ’ਚ ਦੱਖਣੀ ਭਾਰਤ ਤੋਂ ਆਏ ਚਾਲੁਕਯ ਸਾਮਰਾਜ ਦੇ ਪ੍ਰਭਾਵ ਅਧੀਨ ਤੱਤਕਾਲੀ ਨੇਪਾਲੀ ਰਾਜਿਆਂ ਨੇ ਬੁੱਧ ਧਰਮ ਨੂੰ ਛੱਡ ਕੇ ਹਿੰਦੂ ਧਰਮ ਦਾ ਸਮਰਥਨ ਕੀਤਾ। ਕੁਝ ਸਾਲ ਪਹਿਲਾਂ ਤਕ ਭਾਰਤ ਅਤੇ ਨੇਪਾਲ ਦਰਮਿਆਨ ਸਭ ਠੀਕ ਚੱਲ ਰਿਹਾ ਸੀ ਪਰ ਜਦੋਂ ਤੋਂ ਨੇਪਾਲ ’ਚ ਕਮਿਊਨਿਸਟ ਪਾਰਟੀ ਸੱਤਾ ’ਚ ਆਈ ਹੈ ਅਤੇ ਕੇ. ਪੀ. ਸ਼ਰਮਾ ਓਲੀ ਪ੍ਰਧਾਨ ਮੰਤਰੀ ਬਣੇ ਹਨ, ਉਨ੍ਹਾਂ ਨੇ ਚੀਨੀ ਨੇਤਾਵਾਂ ਦੀ ਚੁੱਕ ’ਚ ਆ ਕੇ ਭਾਰਤ ਵਿਰੋਧੀ ਸਰਗਰਮੀਅਾਂ ਤੇਜ਼ ਕਰ ਦਿੱਤੀਅਾਂ ਹਨ।
ਕਿਹਾ ਜਾਂਦਾ ਹੈ ਕਿ ਚੀਨ ਨੇ ਜੇਨੇਵਾ ’ਚ ਉਨ੍ਹਾਂ ਦੇ ਬੈਂਕ ਅਕਾਊਂਟ ’ਚ ਬੜੀ ਵੱਡੀ ਰਕਮ ਵੀ ਜਮ੍ਹਾ ਕਰਵਾਈ ਹੈ। ਚੀਨ ਦੀ ਚੁੱਕ ’ਤੇ ਹੀ ਓਲੀ ਨੇ ਭਾਰਤ ਦੇ 3 ਇਲਾਕਿਅਾਂ ‘ਲਿਪੁਲੇਖ’, ‘ਕਾਲਾਪਾਣੀ’ ਅਤੇ ‘ਲਿੰਪਿਯਾਧੁਰਾ’ ਉੱਤੇ ਆਪਣਾ ਦਾਅਵਾ ਜਤਾਉਣ ਤੋਂ ਇਲਾਵਾ ਵੀ ਕਈ ਭਾਰਤ ਵਿਰੋਧੀ ਕਦਮ ਚੁੱਕੇ ਹਨ, ਜਿਸ ਕਾਰਨ ਨੇਪਾਲ ਦੀ ਆਮ ਜਨਤਾ ਅਤੇ ਵਿਰੋਧੀ ਪਾਰਟੀ ਹੀ ਨਹੀਂ ਸਗੋਂ ਉਨ੍ਹਾਂ ਦੀ ਆਪਣੀ ਕਮਿਊਨਿਸਟ ਪਾਰਟੀ ’ਚ ਵੀ ਉਨ੍ਹਾਂ ਦੇ ਵਿਰੁੱਧ ਬਗਾਵਤ ਹੋ ਗਈ ਹੈ ਅਤੇ ਉਨ੍ਹਾਂ ਤੋਂ ਅਸਤੀਫਾ ਮੰਗਿਆ ਜਾ ਰਿਹਾ ਹੈ। ਇਸ ਸਮੇਂ ਜਦਕਿ ਉਨ੍ਹਾਂ ਦੀ ਆਪਣੀ ‘ਨੇਪਾਲ ਕਮਿਊਨਿਸਟ ਪਾਰਟੀ’ ਟੁੱਟਣ ਦੇ ਕੰਢੇ ਪਹੁੰਚ ਗਈ ਹੈ, ਓਲੀ ਨੇ ਇਹ ਮੂਰਖਤਾਪੂਰਨ ਦਾਅਵਾ ਕੀਤਾ ਹੈ ਕਿ, ‘‘ਅਸਲ ’ਚ ਭਗਵਾਨ ਰਾਮ ਨੇਪਾਲ ਦੇ ਰਾਜਕੁਮਾਰ ਸਨ ਅਤੇ ਅਯੁੱਧਿਆ ਅਸਲ ’ਚ ਦੱਖਣੀ ਨੇਪਾਲ ਦੇ ਬੀਰਗੰਜ ਜ਼ਿਲੇ ਦੇ ਪੱਛਮ ’ਚ ਸਥਿਤ ਇਕ ਪਿੰਡ ਹੈ।’’ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਵਾਲਮੀਕਿ ਆਸ਼ਰਮ ਨੇਪਾਲ ’ਚ ਹੈ ਅਤੇ ਕਿਹਾ ਕਿ, ‘‘ਭਾਰਤ ’ਚ ਅਯੁੱਧਿਆ ਨੂੰ ਲੈ ਕੇ ਭਾਰੀ ਵਿਵਾਦ ਹੈ ਪਰ ਨੇਪਾਲ ’ਚ ਨਹੀਂ ਹੈ।’’ ਆਪਣੇ ਇਸ ਬਿਆਨ ਨੂੰ ਲੈ ਕੇ ਓਲੀ ਆਪਣੇ ਹੀ ਦੇਸ਼ ’ਚ ਘਿਰ ਗਏ ਹਨ। ਲੋਕ ਨਾ ਸਿਰਫ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ ਸਗੋਂ ਇਸ ਨੂੰ ਮੂਰਖਤਾਪੂਰਨ ਵੀ ਦੱਸ ਰਹੇ ਹਨ।
* ਨੇਪਾਲ ਦੇ ਸਾਬਕਾ ਉਪ-ਪ੍ਰਧਾਨ ਮੰਤਰੀ ਕਮਲ ਥਾਪਾ ਨੇ ਕਿਹਾ ਹੈ ਕਿ ‘‘ਕਿਸੇ ਵੀ ਪ੍ਰਧਾਨ ਮੰਤਰੀ ਦੇ ਲਈ ਅਜਿਹਾ ਆਧਾਰਹੀਣ ਅਤੇ ਗੈਰ-ਪ੍ਰਮਾਣਿਤ ਬਿਆਨ ਦੇਣਾ ਉਚਿਤ ਨਹੀਂ। ਲੱਗਦਾ ਹੈ ਕਿ ਓਲੀ ਭਾਰਤ ਅਤੇ ਨੇਪਾਲ ਦੇ ਰਿਸ਼ਤੇ ਵਿਗਾੜਨਾ ਚਾਹੁੰਦੇ ਹਨ।’’
* ਨੇਪਾਲ ਦੇ ਸਾਬਕਾ ਵਿਦੇਸ਼ ਮੰਤਰੀ ਰਮੇਸ਼ ਨਾਥ ਪਾਂਡੇ ਦੇ ਅਨੁਸਾਰ, ‘‘ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾਲ ਤੁਸੀਂ ਸਿਰਫ ਸ਼ਰਮਿੰਦਗੀ ਮਹਿਸੂਸ ਕਰਵਾ ਸਕਦੇ ਹੋ। ਜੇਕਰ ਅਸਲੀ ਅਯੁੱਧਿਆ ਬੀਰਗੰਜ ਦੇ ਨੇੜੇ ਹੈ ਤਾਂ ਫਿਰ ਸਰਯੂ ਨਦੀ ਕਿੱਥੇ ਹੈ?’’
ਭਾਰਤ ’ਚ ਵੀ ਓਲੀ ਦੇ ਵਿਰੁੱਧ 14 ਜੁਲਾਈ ਨੂੰ ਦਿੱਲੀ ਸਥਿਤ ਨੇਪਾਲ ਦੂਤਘਰ ਦੇ ਬਾਹਰ ਨੇਪਾਲੀ ਮੂਲ ਦੇ ਲੋਕਾਂ ਨੇ ਰੋਸ ਵਿਖਾਵਾ ਕੀਤਾ ਅਤੇ ਕਿਹਾ, ‘‘ਭਾਰਤ ਹਮੇਸ਼ਾ ਚੀਨ ਦਾ ਮਿੱਤਰ ਰਿਹਾ ਹੈ ਅਤੇ ਜਦਕਿ ਚੀਨ ਹਮੇਸ਼ਾ ਦੁਸ਼ਮਣੀ ਨਿਭਾਉਂਦਾ ਰਿਹਾ ਹੈ। ਨੇਪਾਲ ਦੇ ਹਰ ਸੁੱਖ-ਦੁੱਖ ’ਚ ਭਾਰਤ ਸਰਕਾਰ ਹਮੇਸ਼ਾ ਖੜ੍ਹੀ ਰਹੀ ਹੈ। ਇਸ ਨੂੰ ਨੇਪਾਲ ਦੇ ਰਾਜਨੇਤਾ ਭਾਵੇਂ ਹੀ ਭੁੱਲ ਗਏ ਹੋਣ ਪਰ ਉਥੋਂ ਦੀ ਜਨਤਾ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਹੈ।’’
* ਰਾਮ ਮੰਦਿਰ ਟਰਸੱਟ ਦੇ ਮੈਂਬਰ ਮਹੰਤ ਦਿਨੇਂਦਰ ਦਾਸ ਦੇ ਅਨੁਸਾਰ, ‘‘ਚੀਨ ਦੇ ਦਬਾਅ ’ਚ ਓਲੀ ਨੇ ਅਜਿਹਾ ਬਿਆਨ ਦਿੱਤਾ ਹੈ।’’
* ਹਨੂੰਮਾਨਗੜ੍ਹੀ ਦੇ ਮਹੰਤ ਰਾਜੂ ਦਾਸ ਦਾ ਵੀ ਇਹੀ ਕਹਿਣਾ ਹੈ ਕਿ, ‘‘ਚੀਨ ਦੇ ਪ੍ਰਛਾਵੇਂ ’ਚ ਚੱਲ ਰਹੇ ਓਲੀ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ। ਇਸ ਲਈ ਉਹ ਊਲ-ਜਲੂਲ ਬੋਲ ਰਹੇ ਹਨ।’’
* ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਯ ਗੋਪਾਲ ਦਾਸ ਦੇ ਅਨੁਸਾਰ, ‘‘ਅਯੁੱਧਿਆ ਅਤੇ ਨੇਪਾਲ ਦਾ ਸਬੰਧ ਤੋੜਨ ਦੀ ਕੋਸ਼ਿਸ਼ ਮੰਦਭਾਗੀ ਹੈ।’’
* ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਨੁਸਾਰ, ‘‘ਓਲੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਸਮੇਂ ਨੇਪਾਲ ਵੀ ਭਾਰਤ ਦਾ ਹਿੱਸਾ ਰਿਹਾ ਹੈ।’’
* ਸ਼ਿਵ ਸੈਨਾ ਦੇ ਮੁੱਖ ਪੱਤਰ ਸਾਮਨਾ ਦੇ ਅਨੁਸਾਰ, ‘‘ਭਗਵਾਨ ਰਾਮ ਪੂਰੀ ਦੁਨੀਆ ਦੇ ਹਨ ਪਰ ਅਯੁੱਧਿਆ ਜਿਥੇ ਉਨ੍ਹਾਂ ਦਾ ਜਨਮ ਹੋਇਆ ਸੀ, ਸਿਰਫ ਭਾਰਤ ਦੀ ਹੈ। ਚੀਨੀ ਡ੍ਰੈਗਨ ਨਾਲ ਨੇੜਤਾ ਦੇ ਕਾਰਨ ਉਹ ਭਾਰਤ ਅਤੇ ਨੇਪਾਲ ਦੇ ਦਰਮਿਆਨ ਧਾਰਮਿਕ ਅਤੇ ਸੱੱਭਿਆਚਾਰਕ ਸਬੰਧਾਂ ਨੂੰ ਵੀ ਭੁੱਲ ਗਏ ਹਨ।’’
ਕੁਲ ਮਿਲਾ ਕੇ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਅਜਿਹਾ ਮੂਰਖਤਾਪੂਰਨ ਬਿਆਨ ਦੇ ਕੇ ਜਿਥੇ ਆਪਣਾ ਮਜ਼ਾਕ ਉਡਾਇਆ ਹੈ ਅਤੇ ਆਪਣੇ ਦੇਸ਼ ਦੀਅਾਂ ਸਮੱਸਿਆਵਾਂ ਵਲੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਹੈ, ਉਥੇ ਹੀ ਭਾਰਤ ਅਤੇ ਨੇਪਾਲ ਦੇ ਰਿਸ਼ਤਿਅਾਂ ’ਚ ਕੁੜੱਤਣ ਨੂੰ ਵਧਾਉਣ ਦਾ ਯਤਨ ਕੀਤਾ ਹੈ।
–ਵਿਜੇ ਕੁਮਾਰ