ਨੇਪਾਲ ਦੀਅਾਂ ਭਾਰਤ ਤੋਂ ਵੱਧ ਰਹੀਅਾਂ ਦੂਰੀਅਾਂ ਅਤੇ ਭਾਰਤ ਦੇ ਦੁਸ਼ਮਣਾਂ ਨਾਲ ਨਜ਼ਦੀਕੀਅਾਂ

05/22/2020 1:39:23 AM

ਜਿੱਥੇ ਭਾਰਤ ਸਰਕਾਰ ਵਿਸ਼ਵ ਦੇ ਅਨੇਕ ਦੇਸ਼ਾਂ ਨਾਲ ਦੋਸਤਾਨਾ ਸੰਬੰਧ ਵਧਾ ਰਹੀ ਹੈ, ਉਥੇ ਨੇਪਾਲ, ਚੀਨ, ਪਾਕਿਸਤਾਨ ਆਦਿ ਨੇੜਲੇ ਗੁਆਂਢੀਅਾਂ ਦੇ ਨਾਲ ਇਸ ਦੇ ਸੰਬੰਧ ਲਗਾਤਾਰ ਤਣਾਅਪੂਰਨ ਬਣੇ ਹੋਏ ਹਨ। ਜਿੱਥੋਂ ਤਕ ਨੇੜਲੇ ਗੁਆਂਢੀ ਨੇਪਾਲ ਦਾ ਸੰਬੰਧ ਹੈ, ਉਥੋਂ ਦੀ ਸਰਕਾਰ ਲਗਾਤਾਰ ਭਾਰਤ ਵਿਰੋਧੀ ਫੈਸਲੇ ਲੈ ਰਹੀ ਹੈ ਅਤੇ ਉਸ ਦੇ ਨੇਤਾ ਭਾਰਤ ਵਿਰੋਧੀ ਬਿਆਨ ਦੇ ਰਹੇ ਹਨ। 14 ਦਸੰਬਰ 2018 ਨੂੰ ਪਹਿਲਾਂ ਤਾਂ ਨੇਪਾਲ ਸਰਕਾਰ ਨੇ 500 ਰੁਪਏ ਅਤੇ 2000 ਰੁਪਏ ਅਤੇ ਫਿਰ 27 ਜੂਨ 2019 ਨੂੰ 200 ਰੁਪਏ ਮੁੱਲ ਵਾਲੇ ਭਾਰਤੀ ਨੋਟਾਂ ਦੀ ਵਰਤੋਂ ’ਤੇ ਪਾਬੰਦੀ ਲਗਾਈ ਅਤੇ ਉਸ ਤੋਂ ਬਾਅਦ ਭਾਰਤ ਤੋਂ ਬਰਾਮਦ ਹੋਣ ਵਾਲੇ ਡੱਬਾਬੰਦ ਦੁੱਧ ਅਤੇ ਐਨਰਜੀ ਡ੍ਰਿੰਕ ਦੀ ਬਰਾਮਦ ’ਤੇ ਵੀ ਮੁਕੰਮਲ ਪਾਬੰਦੀ ਲਗਾ ਦਿੱਤੀ। 4 ਅਗਸਤ 2019 ਨੂੰ ਨੇਪਾਲ ਸਰਕਾਰ ਨੇ ਇਕ ਹੋਰ ਭਾਰਤ ਵਿਰੋਧੀ ਕਦਮ ਚੁੱਕਦੇ ਹੋਏ ਭਾਰਤੀ ਮੂਲ ਦੇ 8 ਵਿਅਕਤੀਅਾਂ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ ਅਤੇ ਭਾਰਤ ਤੋਂ ਮੰਗਵਾਈਅਾਂ ਜਾਣ ਵਾਲੀਅਾਂ ਕਾਪੀਅਾਂ-ਕਿਤਾਬਾਂ ’ਤੇ 10 ਫੀਸਦੀ ਬਰਾਮਦ ਫੀਸ ਲਗਾ ਦਿੱਤੀ। 8 ਮਈ ਨੂੰ ਭਾਰਤ ਸਰਕਾਰ ਵਲੋਂ ਚੀਨ, ਨੇਪਾਲ ਅਤੇ ਭਾਰਤ ਦੀਅਾਂ ਸਰਹੱਦਾਂ ਨਾਲ ਲੱਗਣ ਵਾਲੇ ਉੱਤਰਾਖੰਡ ਦੇ ਲਿਪੁਲੇਖ ਦੱਰੇ ਤਕ ਭਾਰਤ ’ਤੇ ਸੜਕ ਵਿਛਾਉਣ ਦੀ ਸ਼ੁਰੂਆਤ ਕਰਨ ’ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਨੇਪਾਲ ਸਰਕਾਰ ਨੇ ਕਿਹਾ ਕਿ ਮਹਾਕਾਲੀ ਨਦੀ ਦੇ ਪੂਰਬ ਵੱਲ ਦਾ ਹਿੱਸਾ ਉਨ੍ਹਾਂ ਦਾ ਹੈ। ਇਸ ਲਈ ਭਾਰਤ ਵਲੋਂ ਤਿਆਰ ਇਹ 90 ਕਿਲੋਮੀਟਰ ਲੰਬੀ ਸੜਕ ਉਨ੍ਹਾਂ ਦੀ ਸਰਹੱਦ ਦਾ ਕਬਜ਼ਾ ਹੈ ਅਤੇ ਇਸ ’ਤੇ ਨੇਪਾਲ ਦਾ ਦਾਅਵਾ ਨਹੀਂ ਛੱਡਿਆ ਸਕਦਾ। ਰਣਨੀਤਿਕ ਮਾਹਿਰਾਂ ਦੇ ਅਨੁਸਾਰ ਇਸ ਸੜਕ ਦੇ ਬਣਨ ਤੋਂ ਬਾਅਦ ਭਾਰਤੀ ਫੌਜ ਦੀ ਪਹੁੰਚ ਇਸ ਇਲਾਕੇ ’ਚ ਆਸਾਨ ਹੋ ਜਾਵੇਗੀ। ਇਸੇ ਕਾਰਨ ਚੀਨ ਨੇਪਾਲ ਨੂੰ ਇਸ ਸੜਕ ਦਾ ਵਿਰੋਧ ਕਰਨ ਲਈ ਭੜਕਾ ਦਿੱਤਾ ਹੈ। ਕਿਉਂਕਿ ਨੇਪਾਲ ਚੀਨ ਨੂੰ ਅੱਜਕਲ ਜ਼ਿਆਦਾ ਹੀ ਚੰਗਾ ਲੱਗ ਰਿਹਾ ਹੈ ਇਸ ਲਈ ਇਸ ਵਿਵਾਦ ਦਾ ਜਨਮ ਹੋਇਆ ਹੈ ਅਤੇ ਨੇਪਾਲ ਨੇ ਪਹਿਲੀ ਵਾਰ ਮਹਾਕਾਲੀ ਨਦੀ ਨਾਲ ਲੱਗਦੇ ਸਰਹੱਦੀ ਇਲਾਕੇ ਅਤੇ ਕਾਲਾਪਾਣੀ ਨਾਲ ਲੱਗਦੇ ਛਾਂਗਰੂ ਪਿੰਡ ’ਚ ਪਹਿਲੀ ਵਾਰ ਆਪਣੀ ਹਥਿਆਰਬੰਦ ਪੁਲਸ ਦੀਅਾਂ ਟੁਕੜੀਅਾਂ ਤਾਇਨਾਤ ਕਰ ਦਿੱਤੀਅਾਂ ਹਨ। ਭਾਰਤ ਦੇ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਵੀ ਸਿੱਧੇ ਤੌਰ ’ਤੇ ਇਸ ਵਿਵਾਦ ਦੇ ਪਿੱਛੇ ਚੀਨ ਦੀ ਭੂਮਿਕਾ ਦਾ ਸੰਕੇਤ ਦਿੰਦੇ ਹੋਏ 15 ਮਈ ਨੂੰ ਕਿਹਾ :

‘‘ਇਹ ਮੰਨਣ ਦੇ ਕਾਰਨ ਮੌਜੂਦ ਹਨ ਕਿ ਉੱਤਰਾਖੰਡ ਦੇ ਲਿਪੂਲੇਖ ਦੱਰੇ ਤਕ ਭਾਰਤ ਦੇ ਸੜਕ ਵਿਛਾਉਣ ’ਤੇ ਨੇਪਾਲ ਕਿਸੇ ਹੋਰ ਦੇ ਕਹਿਣ ’ਤੇ ਇਤਰਾਜ਼ ਪ੍ਰਗਟਾ ਰਿਹਾ ਹੈ।’’ 16 ਮਈ ਨੂੰ ਨੇਪਾਲ ਦੀ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੇ ਨੇਪਾਲ ਸੰਸਦ ਨੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ : ‘‘ਅਸੀਂ ਦੇਸ਼ ਦਾ ਨਵਾਂ ਨਕਸ਼ਾ ਜਾਰੀ ਕਰਾਂਗੇ ਜਿਸ ’ਚ ਉਨ੍ਹਾਂ ਇਲਾਕਿਅਾਂ ਨੂੰ ਦਿਖਾਇਆ ਜਾਵੇਗਾ ਜਿਨ੍ਹਾਂ ਨੂੰ ਅਸੀਂ ਆਪਣਾ ਮੰਨਦੇ ਹਾਂ। ‘ਲਿਪੂਲੇਖ’, ‘ਕਾਲਾਪਾਣੀ’ ਅਤੇ ‘ਲਿੰਪਿਯਾਧੁਰਾ’ ਇਲਾਕੇ ਨੇਪਾਲ ’ਚ ਆਉਂਦੇ ਹਨ। ਇਨ੍ਹਾਂ ਨੂੰ ਦੁਬਾਰਾ ਆਬਾਦ ਕਰਨ ਲਈ ਠੋਸ ਕਦਮ ਚੁੱਕੇ ਜਾਣਗੇ ਅਤੇ ਨੇਪਾਲ ਦੇ ਨਵੇਂ ਅਧਿਕਾਰਤ ਨਕਸ਼ੇ ’ਚ ਇਨ੍ਹਾਂ ਸਾਰੇ ਇਲਾਕਿਅਾਂ ਨੂੰ ਸ਼ਾਮਲ ਕੀਤਾ ਜਾਵੇਗਾ।’’ 19 ਮਈ ਨੂੰ ਨੇਪਾਲ ਦੀ ਕੈਬਨਿਟ ਨੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਦੀ ਅਗਵਾਈ ’ਚ ਹੋਈ ਬੈਠਕ ’ਚ ਨੇਪਾਲ ਦੇ ਨਵੇਂ ਵਿਵਾਦਿਤ ਨਕਸ਼ੇ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ’ਚ ਭਾਰਤ ਦੇ ਤਿੰਨ ਇਲਾਕਿਅਾਂ ‘ਲਿਪੁਲੇਖ’, ‘ਕਾਲਾਪਾਣੀ’ ਅਤੇ ‘ਲਿੰਪਿਆਧੁਰਾ’ ਨੂੰ ਨੇਪਾਲੀ ਇਲਾਕੇ ’ਚ ਦਿਖਾਇਆ ਗਿਆ ਹੈ ਜਦਕਿ ਇਹ ਭਾਰਤ ਦਾ ਹਿੱਸਾ ਹਨ। ਓਲੀ ਨੇ ਕਿਹਾ ਕਿ, ‘‘ਨੇਪਾਲ ਕਿਸੇ ਵੀ ਕੀਮਤ ’ਤੇ ਇਨ੍ਹਾਂ ਨੂੰ ਵਾਪਸ ਲੈ ਕੇ ਰਹੇਗਾ।’’ ਇਸੇ ਦਿਨ ਓਲੀ ਨੇ ਨੇਪਾਲ ਦੀ ਸੰਸਦ ’ਚ ਭਾਰਤ ਦੇ ਵਿਰੁੱਧ ਇਕ ਇਤਰਾਜ਼ਯੋਗ ਬਿਆਨ ’ਚ ਡਿਪਲੋਮੈਟਿਕ ਮਰਿਆਦਾ ਲੰਘਦੇ ਹੋਏ ਨੇਪਾਲ ’ਚ ਕੋਰੋਨਾ ਵਾਇਰਸ ਦੇ ਪ੍ਰਸਾਰ ਲਈ ਭਾਰਤ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ, ‘‘ਚੀਨ ਅਤੇ ਇਤਾਲਵੀ ਦੀ ਤੁਲਨਾ ’ਚ ਭਾਰਤ ਦਾ ਵਾਇਰਸ ਵੱਧ ਜਾਨਲੇਵਾ ਜਾਪਦਾ ਹੈ।’’ ਓਲੀ ਨੇ ਅੱਗੇ ਕਿਹਾ : ‘‘ਦੇਸ਼ ’ਚ ਕੋਰੋਨਾ ਪਾਜ਼ੇਟਿਵ ਦੇ ਮਾਮਲੇ ਭਾਰਤ ਤੋਂ ਨਾਜਾਇਜ਼ ਢੰਗ ਨਾਲ ਨੇਪਾਲ ’ਚ ਦਾਖਲ ਹੋਣ ਵਾਲੇ ਲੋਕਾਂ ਦਾ ਕਾਰਨ ਵੱਧ ਰਹੇ ਹਨ। ਨੇਪਾਲ ’ਚ ਬਾਹਰ, ਖਾਸ ਕਰ ਕੇ ਭਾਰਤ ਤੋਂ ਚੋਰੀ-ਛਿਪੇ ਨੇਪਾਲ ਆਉਣ ਵਾਲੇ ਲੋਕਾਂ ਦੇ ਕਾਰਨ ਕੋਰੋਨਾ ਨੂੰ ਫੈਲਣ ਤੋਂ ਰੋਕਣਾ ਮੁਸ਼ਕਲ ਹੋ ਗਿਆ ਹੈ’’ ਉਕਤ ਘਟਨਾਵਾਂ ਅਤੇ ਓਲੀ ਦੇ ਉਕਤ ਬਿਆਨ ਨੇ ਪਹਿਲਾਂ ਤੋਂ ਹੀ ਜਾਰੀ ਦੋ ਦੇਸ਼ਾਂ ਦੇ ਰਿਸ਼ਤਿਅਾਂ ’ਚ ਨਫਰਤ ਪੈਦਾ ਕਰਨ ਅਤੇ ਦੋਵਾਂ ਦੇਸ਼ਾਂ ਦਰਮਿਆਨ ਮਤਭੇਦਾਂ ਦੀ ਤਰੇ਼ੜ ਨੂੰ ਹੋਰ ਵਧਾਉਣ ਦਾ ਕੰਮ ਹੀ ਕੀਤਾ ਹੈ। ਨੇਪਾਲ ਸਰਕਾਰ ਦੇ ਇਸ ਤਰ੍ਹਾਂ ਦੇ ਕਦਮਾਂ ਨਾਲ ਨਾ ਸਿਰਫ ਦੋਵਾਂ ਦੇਸ਼ਾਂ ਦਰਮਿਆਨ ਦੂਰੀਅਾਂ ਵੱਧਣ ਦਾ ਸੰਕੇਤ ਮਿਲ ਰਿਹਾ ਹੈ ਸਗੋਂ ਇਸ ਦਾ ਲਾਭ ਉਠਾਉਂਦੇ ਹੋਏ ਚੀਨ ਆਪਣਾ ਸਸਤਾ ਸਾਮਾਨ ਦੇ ਕੇ ਅਤੇ ਨੇਪਾਲ ’ਚ ਆਪਣੀ ਸਹਾਇਤਾ ਨਾਲ ਚੱਲ ਰਹੇ ਪ੍ਰਾਜੈਕਟਾਂ ਦੇ ਲਈ ਪੈਸੇ ਦੇ ਕੇ ਨੇਪਾਲ ’ਚ ਆਪਣੀ ਪੈਠ ਲਗਾਤਾਰ ਵਧਾ ਰਿਹਾ ਹੈ ਜੋ ਅਖੀਰ ਇਸ ਇਲਾਕੇ ਦੀ ਸ਼ਾਂਤੀ ਅਤੇ ਪ੍ਰਭੂਸੱਤਾ ਲਈ ਖਤਰਨਾਕ ਹੀ ਸਿੱਧ ਹੋਵੇਗੀ।

–ਵਿਜੇ ਕੁਮਾਰ


Bharat Thapa

Content Editor

Related News